ਸਤਨਾਮ ਚੌਹਾਨ ਦਾ ਕਾਵਿ ਸੰਗ੍ਰਹਿ ਕਹੋ ਤਿਤਲੀਆਂ ਨੂੰ

                                                                                                                       - ਸਰਬਜੀਤ ਧੀਰ



ਕਹੋ ਤਿਤਲੀਆਂ ਨੂੰ ਇਹ ਨਾਮ ਹੈ ਸਤਨਾਮ ਚੌਹਾਨ ਦੇ ਪਲੇਠੇ ਕਾਵਿ ਸੰਗ੍ਰਹਿ ਦਾ । ਤਿਤਲੀਆਂ ਪ੍ਰਤੀਕ ਹਨ ਕੋਮਲਤਾ ਦਾ , ਨਾਜੁਕਤਾ ਦਾ ਤੇ ਅਹਿਸਾਸ ਹੈ ਸੁੰਦਰਤਾ ਦਾ । ਆਮ ਤੌਰ ਤੇ ਜਦੋਂ ਕਿਸੇ ਸ਼ਾਇਰਾ ਦੀ ਕਿਤਾਬ ਅਸੀਂ ਹੱਥ ਵਿੱਚ ਲੈਂਦੇ ਹਾਂ ਤਾਂ ਸਭ ਤੋਂ ਪਹਿਲਾ ਖਿਆਲ ਇਹ ਹੀ ਹੁੰਦਾ ਹੈ ਕਿ ਇਸ ਪੁਸਤਕ ਵਿੱਚ ਨਾਰੀ ਵੇਦਨਾ ਦੀਆਂ ਕਵਿਤਾਵਾਂ ਹੀ ਹੋਣਗੀਆਂ । ਪਰ ਕਹੋ ਤਿਤਲੀਆਂ ਨੂੰ ਪੁਸਤਕ ਵਿੱਚ ਦਰਜ ਕਵਿਤਾਵਾਂ ਨੂੰ ਮਾਣਦਿਆਂ ਸਾਫ਼ ਹੁੰਦਾ ਹੈ ਕਿ ਪੰਜਾਬੀ ਦੀਆਂ ਕਵਿਤਰੀਆਂ ਹੁਣ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸਮੱਸਿਆਵਾਂ ਪ੍ਰਤੀ ਵੀ ਜਾਗਰੂਕ ਹੋ ਰਹੀਆਂ ਹਨ ।
ਸਤਨਾਮ ਚੌਹਾਨ ਨੇ ਆਪਣੀ ਕਵਿਤਾ ਦੇ ਕਲਾਵੇ ਵਿੱਚ ਬਚਪਨ ਅਤੇ ਜਵਾਨੀ ਦੀ ਅਵਸਥਾ ਵਿਚ ਪੈਦਾ ਹੋਣ ਵਾਲੀਆਂ ਰੀਝਾਂ ਅਤੇ ਉਮੰਗਾਂ ਨੂੰ  ਲਿਆ ਕੇ ਸਾਡੇ ਰੁਬਰੂ ਤਾਂ ਕੀਤਾ ਹੀ ਹੈ ਨਾਲ ਹੀ ਸਮਾਜਿਕ ,ਆਰਥਿਕ ਅਤੇ ਰਾਜਨੀਤਕ ਮਸਲਿਆਂ ਨੂੰ ਵੀ ਆਪਣੀ ਸਮਝ ਅਨੁਸਾਰ ਪੇਸ਼ ਕਰਨ ਦਾ ਯਤਨ ਕੀਤਾ ਹੈ । ਪਹਿਲੀ ਹੀ ਕਵਿਤਾ ਮਾਂ ਰਾਹੀ ਉਸ ਨੇ ਹਰ ਉਸ ਵਿਅਕਤੀ ਦੇ ਮਨ ਦੀ ਗੱਲ ਕੀਤੀ ਹੈ ਜਿਸ ਨੂੰ ਆਪਣੀ ਮਾਂ ਦਾ ਪਿਆਰ ਨਸੀਬ ਨਹੀਂ ਹੋਇਆ । ਔਰਤ ਮਨ ਦੀਆਂ ਤਹਿਆਂ ਫਰੋਲਦਿਆਂ ਜਿੱਥੇ ਉਸ ਨੇ ਜੋਬਨ ਰੁੱਤੇ ਪੁੰਗਰਣ ਵਾਲੇ ਵਲਵਲਿਆਂ ਨੂੰ ਬਾਖੂਬੀ ਪੇਸ਼ ਕੀਤਾ ਹੈ  ਉੱਥੇ ਨਾਰੀ ਦੁਆਲੇ ਉਸਰੀਆਂ  ਸਮਾਜਿਕ ਦੀਵਾਰਾਂ ਨੂੰ ਵੀ ਉਸ ਦੀ ਕਵਿਤਾ ਵਿੱਚ ਦੇਖਿਆ ਜਾ ਸਕਦਾ ਹੈ । ਪਿਆਰ ਦੀਆਂ ਰੁੱਤਾਂ ਅਤੇ ਸਮਾਜਿਕ ਦੀਵਾਰਾਂ ਦਾ ਸੰਬੰਧ ਸਦੀਆਂ ਤੋਂ ਚੱਲਿਆ ਆ ਰਿਹਾ ਹੈ ;
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ
ਪਿਆ ਅੰਬਾਂ ਤੇ ਬੂਰ—
ਕੋਇਲਾਂ ਕੂਕੀਆਂ
ਗਾਏ ਮਿੱਠੇ ਗੀਤ
ਮੈਂ ਫੇਰ ਚਾਹਿਆ ਤੈਨੂੰ
ਇਸ ਬਹਾਰ ਰੁੱਤੇ ।
ਇਹ ਰੁੱਤ ਵਾਰ -ਵਾਰ ਆਉਂਦੀ ਹੈ ਤੇ ਗੀਤ ਗਾਉਣ ਵਾਲੇ ਵੀ ਵਾਰ ਵਾਰ ਨਵੇਂ ਰੂਪ ਵਿੱਚ ਪੇਸ਼ ਹੁੰਦੇ ਰਹਿੰਦੇ ਹਨ । ਸਤਨਾਮ ਚੌਹਾਨ ਨੇ ਔਰਤ ਦੀ ਤਰਾਸਦੀ ਆਪਣੀ ਕਵਿਤਾ ਬੇੜੀਆਂ ਰਾਹੀਂ ਪੇਸ਼ ਕੀਤੀ ਹੈ ;
ਮੈਂ ਜਦ ਵੀ ਤੁਰਨਾ ਚਾਹਿਆ
ਮੇਰੇ ਪੈਰੀਂ ਪੈ ਗਈਆਂ ਬੇੜੀਆਂ
ਕਦੇ ਸਮਾਜ ਦੀਆਂ ਸ਼ਰਮਾਂ ਦੀਆਂ
ਕਦੇ ਉਨ੍ਹਾਂ ਵਾਅਦਿਆਂ ਦੀਆਂ
ਜੋ ਕੀਤੇ ਸਨ
ਕਦੇ ਮਮਤਾ ਵਾਜਾਂ ਮਾਰਦੀ
ਰੋਕ ਲੈਂਦੇ ਇਹ ਸਾਰੇ ਰਲਕੇ
ਮੇਰਾ ਰਸਤਾ ਤੇ—ਤੇ
ਮੈਂ ਫਿਰ ਨਿੱਤ ਦੀ ਤਰ੍ਹਾਂ
ਹੌਲੀ ਹੌਲੀ ਵਹਿਣਾ
ਸ਼ੁਰੂ ਕਰ ਦਿੰਦੀ ਹਾਂ
ਇੱਕ ਸ਼ਾਂਤ ਨਦੀ ਦੀ ਤਰ੍ਹਾਂ ।
ਸਮਾਜਿਕ ਬੁਰਾਈਆਂ ਅਤੇ ਲੋਕ ਮਸਲਿਆਂ ਪ੍ਰਤੀ ਵੀ ਉਹ ਜਾਗਰੂਕ ਹੈ  ਪ੍ਰਦੂਸ਼ਿਤ ਹੋ ਰਹੇ ਵਾਤਾਵਰਨ , ਖੇਤੀ ਸੰਕਟ , ਨਸ਼ਿਆਂ ਦਾ ਸ਼ਿਕਾਰ ਹੋ ਰਹੀ ਜਵਾਨੀ ,ਕਿਰਤ ਦੀ ਲੁੱਟ ਤੇ ਢਿੱਡੋਂ ਭੁੱਖੇ ਬੰਦੇ ਦੀ ਹੋਣੀ ਸਤਨਾਮ ਚੌਹਾਨ ਦੀਆਂ ਕਵਿਤਾਵਾਂ ਵਿੱਚ ਰੂਪਮਾਨ ਹੁੰਦੀ ਹੈ  ਪਾਣੀ ਦਾ ਗੀਤ ਨਾਮ ਦੀ ਆਪਣੀ ਰਚਨਾ ਰਾਹੀਂ ਉਸ ਨੇ ਪੰਜਾਬ ਵਿੱਚ ਝੋਨੇ ਦੀ ਵਧੇਰੇ ਬਿਜਾਈ ਕਾਰਨ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਦਾ ਹੱਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਉਦਾਸ ਦਿਲ ਕਵਿਤਾ ਵਿੱਚ ਖੇਤੀ ਅਤੇ ਨਸ਼ਿਆਂ ਦੀ ਸਮੱਸਿਆ ਕਾਰਨ ਪੈਦਾ ਹੋ ਰਹੇ ਸਮਾਜਿਕ ਦੁਖਾਂਤ ਦਾ ਵਰਨਣ ਹੈ ਢਿੱਡੋਂ ਭੁੱਖੇ ਬੰਦੇ ਦਾ ਇੱਕੋ ਹੀ ਧਰਮ ਹੁੰਦਾ ਹੈ ਰੋਟੀ , ਤੇ ਇਸ ਦੀ ਪ੍ਰਾਪਤੀ ਹੀ ਉਸ ਲਈ ਸਭ ਤੋਂ ਵੱਡੀ ਖ਼ੁਸ਼ੀ ਹੁੰਦੀ ਹੈ ਕਿਸੇ ਲਈ ਕੋਈ  ਕਲਾ ਰੋਟੀ ਖਾਤਰ  ਮਜਬੂਰੀ ਵਿੱਚ ਅਖਤਿਆਰ ਕੀਤਾ ਕਿੱਤਾ ਬਣ ਜਾਂਦੀ ਹੈ ਤੇ ਕਿਸੇ ਲਈ ਮਨੋਰੰਜਨ ਦਾ ਸਾਧਨ ਇਸ ਸੰਬੰਧ ਵਿੱਚ ਆਰਕੈਸਟਰਾ ਵਾਲੀਆਂ ਕੁੜੀਆਂ ਅਤੇ ਘਰ ਘਰ ਨੱਚਣ ਵਾਲੀ ਕੁੜੀ ਨਾਮ ਦੀਆਂ ਦੋ ਕਵਿਤਾਵਾਂ ਵਰਨਣਯੋਗ ਹਨ । ਆਰਕੈਸਟਰਾ ਵਾਲੀਆਂ ਜਵਾਨ ਕੁੜੀਆਂ ਦੀ ਮਜਬੂਰੀ ਉਨ੍ਹਾਂ ਨੂੰ ਸਟੇਜ ਤੇ ਚੱਲ ਰਹੇ ਲੱਚਰ ਗੀਤਾਂ  ਤੇ ਨਚਾਉਂਦੀ ਹੈ ਤੇ ਇਸੇ ਤਰ੍ਹਾਂ ਦੀ ਮਜਬੂਰੀ ਇੱਕ ਮਰਦ ਅਤੇ ਕੁੜੀ ਨੂੰ ਵੀ ਲੋਕਾਂ ਦੇ ਘਰਾਂ ਵਿੱਚ ਨਚਾਉਂਦੀ ਹੈ । ਇਸ ਕਵਿਤਾ ਦੀ ਖ਼ੂਬਸੂਰਤੀ ਇਸ ਗੱਲ ਵਿੱਚ ਹੈ ਕਿ ਕੁੜੀ ਨਾਲ ਜੋ ਮਰਦ ਢੋਲਕੀ ਤੇ ਬੋਲੀਆਂ ਪਾ ਰਿਹਾ ਹੈ ; ਉਸ ਕੁੜੀ ਦਾ ਉਸ ਨਾਲ ਕੀ ਰਿਸ਼ਤਾ ਹੈ ਇਹ ਨਹੀਂ ਜਾਹਰ ਕੀਤਾ ਗਿਆ । ਇੱਕ ਰਿਸ਼ਤਾ ਜੋ ਸਮਝ ਸਕਦੇ ਹਾਂ, ਉਹ ਹੈ ਰੋਟੀ ਦਾ ;

                                              ਕਿਸੇ ਦੇ ਘਰ ਕੋਈ ਖ਼ੁਸ਼ੀ ਹੋਵੇ
ਕੋਈ ਵਿਆਹ ਜਾਂ ਪਾਠ ਦਾ ਭੋਗ
ਲੋਹੜੀ ਜਾਂ ਵਿਆਹ---
ਆ ਬਹਿੰਦੇ ਉਹ ਲੈ ਢੋਲਕੀ
ਮਰਦ ਬੋਲੀਆਂ ਪਾਉਂਦਾ
ਤੇ ਕੁੜੀ ਨਚਦੀ ---
ਲੱਕ ਹਿਲਾ ਹਿਲਾ ਕੇ
ਬਿਨਾ ਕਿਸੇ ਚਾਅ ਜਾਂ
ਹੁਲਾਸ ਦੇ---
ਉਹ ਤਾਂ ਵੇਖਦੀ ਸਿਰਫ
ਹੱਥਾਂ ਵੱਲ
ਕੌਣ ਦੇਵੇਗਾ ਪੈਸੇ
ਢਿਡ ਲਈ ਕਰਦੀ ਘਰ ਘਰ
ਨਾਚ
ਜੋ ਬੇਤਾਲ ਜਿਹਾ ਹੁੰਦਾ
ਕੋਈ ਥਿਰਕਣ ਨਹੀਂ ।
  ਉਸ ਦੀ ਕਵਿਤਾ ਵਿੱਚ ਪੇਸ਼ਕਾਰੀ ਪੱਖੋਂ ਕੁੱਝ ਖਾਮੀਆਂ ਹੋ ਸਕਦੀਆਂ ਹਨ ਪਰ ਇਹ ਤਸੱਲੀ ਵਾਲੀ ਗੱਲ ਹੈ ਕਿ ਉਸ ਦੀ ਕਵਿਤਾ ਵਿੱਚੋਂ ਚੇਤਨ ਹੋ ਰਹੀ ਨਾਰੀ ਸੋਚ ਦਾ ਅਹਿਸਾਸ ਹੁੰਦਾ ਹੈ । ਬੇਸ਼ਕ ਨਾਰੀ ਚੇਤਨ ਹੋ ਰਹੀ ਹੈ ਅਤੇ ਘਰਾਂ ਤੋਂ ਬਾਹਰ  ਕਈ ਖੇਤਰਾਂ ਵਿੱਚ ਉਸ ਨੇ ਬਹੁਤ ਅਹਿਮ ਪ੍ਰਾਪਤੀਆਂ ਕੀਤੀਆਂ ਹਨ ; ਮਰਦ ਦੀ ਬਰਾਬਰੀ ਦੀਆਂ ਗੱਲਾਂ  ਵੀ ਹੁੰਦੀਆਂ ਹਨ ਬਲਕਿ ਕਈ ਖੇਤਰਾਂ ਵਿੱਚ ਔਰਤਾਂ , ਮਰਦਾਂ ਨੂੰ ਪਛਾੜ ਰਹੀਆਂ ਹਨ ਪਰ ਮਾਨਸਿਕ ਤੌਰ ਤੇ ਭਾਰਤੀ ਨਾਰੀ ਹਾਲੇ ਵੀ ਬਹੁਤ ਕਮਜ਼ੋਰ ਵਿਖਾਈ ਦਿੰਦੀ ਹੈ । ਇਸੇ ਗੱਲ ਨੂੰ ਰੂਪਮਾਨ ਕਰਦੀ ਹੈ ਉਸ ਦੀ ਕਵਿਤਾ ਕਹੋ ਤਿਤਲੀਆਂ ਨੂੰ ਤੇ ਇਸ ਕਵਿਤਾ ਤੇ ਆਧਾਰਿਤ ਹੈ ਇਸ ਕਾਵਿ ਸੰਗ੍ਰਹਿ ਦਾ ਸਿਰਲੇਖ ਵੀ । ਇਹ ਕਵਿਤਾ ਵੀ ਵੇਖੋ ;
ਕਹੋ ਤਿਤਲੀਆਂ ਨੂੰ
ਕਿ ਮੌਸਮ ਗਰਮ ਨੇ
ਝੱਖੜ ਤੇ ਹਨੇਰੀਆਂ
ਚਲਦੀਆਂ----
ਕਹੋ ਤਿਤਲੀਆਂ ਨੂੰ
ਆਪਣੇ ਨਾਜ਼ੁਕ
ਖੰਭ ਸਮੇਟ
ਲੁਕ ਜਾਣ ਫ਼ੁੱਲਾਂ
ਕਿਉਂਕਿ ਚਾਰੋਂ ਪਾਸੇ
ਵਰਤ ਰਹੀ
ਦਰਿੰਦਗੀ---
ਲੋਕਾਂ ਦੀ ਸੋਚ
ਗਿਰਗਟ ਦੀ ਤਰ੍ਹਾਂ
ਹਰ ਪਲ ਬਦਲਦੀ
ਇਨ੍ਹਾਂ ਖ਼ੂਬਸੂਰਤ
ਰੰਗ ਬਰੰਗੀਆਂ
ਤੇ ਸ਼ੋਖ਼ ਤਿਤਲੀਆਂ ਨੂੰ ਰੋਕੋ
ਨਾ ਜਾਣ—ਸਿਖਰ
ਦੁਪਹਿਰਾਂ ਚ ਤਪਦੇ ਰਾਹਾਂ ਵੱਲ
ਇਥੇ ਮਨੁੱਖਾਂ ਦੀ ਸੋਚ
ਜ਼ਹਿਰੀਲੀ ਨਾਗਾਂ ਦੀ  ਤਰ੍ਹਾਂ
ਪਤਾ ਨਹੀਂ ਕਦ ਡੰਗ ਮਾਰ ਦੇਵੇ
ਕਹੋ ਤਿਤਲੀਆਂ ਨੂੰ
ਕਿ ਮੌਸਮ ਗਰਮ ਨੇ ----
ਇਸ ਕਵਿਤਾ ਵਿੱਚੋਂ ਅਜੌਕੀ ਨਾਰੀ ਦੇ ਉਨ੍ਹਾਂ ਦਾਅਵਿਆਂ ਦੀ ਹਕੀਕਤ ਨੂੰ ਦੇਖਿਆ ਜਾਣਾ ਚਾਹੀਦਾ ਹੈ ਜਿਹੜੇ ਅੱਜ ਕੀਤੇ ਜਾ ਰਹੇ ਹਨ ।
ਪ੍ਰਤੀਕ ਪਬਲੀਕੇਸ਼ਨਜ ਪਟਿਆਲਾ ਵੱਲੋਂ ਪ੍ਰਕਾਸ਼ਿਤ 88 ਪੰਨਿਆਂ ਦੀ ਇਸ ਪੁਸਤਕ ਦੀ ਕੀਮਤ 200/ ਰੁਪਏ ਹੈ ।  


Post a Comment

0 Comments