ਪਰਮ ਜਸਪਾਲ ਮਾਨ ਦਾ ਨਾਟਕ ਸੰਗ੍ਰਹਿ ਕਿਵ ਸਚਿਆਰਾ ਹੋਈਐ

                                                                                                ਸਰਬਜੀਤ ਧੀਰ



                                                                              

ਪਰਮ ਜਸਪਾਲ ਮਾਨ ਦਾ ਨਾਟਕ ਸੰਗ੍ਰਹਿ ‘‘ਕਿਵ ਸਚਿਆਰਾ ਹੋਈਐ‘’ ਸਾਲ 2012 ਵਿੱਚ ਪ੍ਰਕਾਸ਼ਿਤ ਹੋਇਆ ਹੈਜਿਸ ਵਿੱਚ ਉਸ ਦੇ ਪੰਜ ਨਾਟਕ ਸ਼ਾਮਿਲ ਹਨ । ਇਨ੍ਹਾਂ ਵਿੱਚੋਂ ਇੱਕ ਨਾਟਕ ਮਹਾਂਭਾਰਤ ਦੇ ਪ੍ਰਸੰਗ ਨੂੰ ਲੈਕੇ ਕਾਵਿ ਰੂਪ ਵਿਚ ਰਚਿਆ ਗਿਆ ਹੈ ।
 ਇਸ ਸੰਗ੍ਰਹਿ ਦਾ  ਪਹਿਲਾ ਨਾਟਕ ਪਰਮ ਜਸਪਾਲ ਮਾਨ ਦੀ ਆਪਣੀ ਲਿਖੀ ਕਹਾਣੀ ਦਹਿਸ਼ਤ ਦਾ ਨਾਟਕੀ ਰੂਪ ਹੈ ਅਤੇ ਤੀਜਾ ਹਿੱਸਾ ਨਾਮ ਦਾ  ਨਾਟਕ ਵਰਿਆਮ ਸੰਧੂ ਦੀ ਚਰਚਿਤ ਕਹਾਣੀ ਆਪਣਾ ਆਪਣਾ ਹਿੱਸਾ ਨਾਲ ਕਾਫ਼ੀ ਮੇਲ ਖਾਂਦਾ ਹੈ । ਇਹ ਦੋਵੇਂ ਨਾਟਕ ਪੜ੍ਹਦਿਆਂ ਕਿਧਰੇ ਵੀ ਇਹ ਅਹਿਸਾਸ ਨਹੀਂ ਹੁੰਦਾ ਕਿ ਇਹ ਕਿਸੇ ਕਹਾਣੀ ਦਾ ਨਾਟਕੀ ਰੂਪ ਹਨ ਅਤੇ ਨਾ ਹੀ ਕਿਧਰੇ ਇਹ ਲੱਗਦਾ ਹੈ ਕਿ ਇਹ ਕਿਸੇ ਨਾਟਕਕਾਰ ਵੱਲੋਂ ਰਚੀ ਗਈ ਪਲੇਠੀ ਨਾਟਕੀ ਰਚਨਾ ਹੈ । ਨਾਟਕ ਦੀ ਸ਼ੈਲੀ , ਪਾਤਰਾਂ ਦੇ ਚੁਸਤ ਵਾਰਤਾਲਾਪ ਅਤੇ ਇੱਕ ਖਾਸ ਇਲਾਕੇ ਦੀ ਬੋਲੀ ਦੀ ਵਰਤੋਂ ਬਹੁਤ ਹੀ ਸੁਚੱਜੇ ਰੂਪ ਵਿੱਚ ਕੀਤੀ ਗਈ ਹੈ । ਖਾਸ ਗੱਲ ਇਹ ਹੈ ਕਿ ਪਰਮ ਜਸਪਾਲ ਮਾਨ ਨੇ ਦਹਿਸ਼ਤ ਨਾਮ ਦੇ ਆਪਣੇ  ਨਾਟਕ ਰਾਹੀਂ ਪੰਜਾਬ ਦੇ ਉਨ੍ਹਾਂ ਕਾਲੇ ਦਿਨਾਂ ਦੀ ਦਹਿਸ਼ਤ ਨੂੰ ਇੰਨੀ ਸ਼ਿੱਦਤ ਨਾਲ ਪੇਸ਼ ਕੀਤਾ ਹੈ ਕਿ ਨਾਟਕ ਵਿੱਚ ਵਾਪਰ ਰਹੀਆਂ ਘਟਨਾਵਾਂ  ਪਾਠਕ ਦੇ ਦਿਲ-ਦਿਮਾਗ ਤੇ ਵੀ ਡੂੰਘਾ ਅਸਰ ਪਾਉਂਦੀਆਂ ਹਨ । ਅੱਤਵਾਦ ਦੇ ਦੌਰ ਵਿੱਚ ਜਿਸ ਤਰ੍ਹਾਂ ਮਨੁੱਖਤਾ ਦਾ ਘਾਣ ਹੋਇਆ , ਖਾਸਕਰ ਪੰਜਾਬ ਦੀ ਨੌਜਵਾਨੀ ਦਾ ਉਹ ਇਸ ਨਾਟਕ ਵਿੱਚੋਂ ਵੇਖਿਆ ਸਮਝਿਆ ਜਾ ਸਕਦਾ ਹੈ ।  ਇਸ ਦੌਰ ਵਿੱਚ ਗੁੰਮ-ਗਵਾਚ ਗਈ ਜਵਾਨੀ ਦਾ ਸੰਤਾਪ ਬਜੁਰਗ ਮਾਪਿਆਂ ਨੂੰ ਤਾਂ ਹੰਢਾਉਂਣਾ ਹੀ ਪਿਆ ਸਗੋਂ  ਜਿਨ੍ਹਾਂ ਦੇ ਜਿਉਂਦੇ ਜਾਗਦੇ ਦਿਸਦੇ ਸਨ ਉਨ੍ਹਾਂ ਦੀ ਸਲਾਮਤੀ  ਦਾ ਫਿਕਰ ਪਰਿਵਾਰ ਵਾਲਿਆਂ ਨੂੰ ਦਿਨ ਰਾਤ ਸਤਾਉਂਦਾ ਸੀ । ਅੱਤਵਾਦ ਦੇ ਦੌਰ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲੇ ਕੁੱਝ ਲੋਕਪੱਖੀ ਨੇਤਾਵਾਂ ਦੇ ਨਾਵਾਂ  ਅਤੇ ਥਾਵਾਂ ਦਾ ਵਰਨਣ ਕਰਕੇ ਪਰਮ ਜਸਪਾਲ ਮਾਨ ਨੇ ਇਸ ਨੂੰ ਇਤਿਹਾਸਕ ਮਹੱਤਵ ਵੀ ਪ੍ਰਦਾਨ ਕੀਤਾ  ਹੈ   ਨਾਟਕ ਦੀ ਖਾਸੀਅਤ  ਇਹ ਹੈ ਕਿ  ਨਾਟਕਕਾਰ ਨੇ ਕਿਸੇ ਵੀ ਇੱਕ ਧਿਰ ਨੂੰ ਉਭਾਰਨ ਦਾ ਯਤਨ ਨਹੀਂ ਕੀਤਾ ,  ਸਗੋਂ ਸਮਾਜ ਅਤੇ ਸਾਡੀਆਂ ਸਰਕਾਰਾਂ ਅੱਗੇ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ  ਹਨ । ਖਾਲੀ ਖਾਨਾ ਨਾਮ ਦਾ ਇੱਕ ਹੋਰ ਨਾਟਕ ਵੀ ਇਸੇ ਦੌਰ ਦੀ ਤਸਵੀਰ ਪੇਸ਼ ਕਰਦਾ ਹੈ । ਜਿਸ ਰਾਹੀਂ ਅੱਤਵਾਦ ਦੌਰਾਨ  ਪੁਲਸ  ਵੱਲੋਂ ਕੀਤੀਆਂ ਵਧੀਕੀਆਂ ਤੇ ਅੱਤਵਾਦ ਦੀ ਆੜ ਵਿੱਚ ਹੋਰ ਲੋਕਾਂ ਵੱਲੋਂ ਕੀਤੇ ਗਏ ਗੈਰ ਕਾਨੂੰਨੀ ਧੰਦਿਆਂ ਅਤੇ ਅਜਿਹੇ ਕਾਰਨਾਮਿਆਂ ਵਿੱਚ ਸਿਆਸਤਦਾਨਾਂ ਦੀ ਸ਼ਹਿ ਅਤੇ ਹੱਲਾਸ਼ੇਰੀ  ਨੂੰ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ । ਇਸ ਦੇ ਨਾਲ ਹੀ ਅੱਤਵਾਦ ਦੀ ਦਹਿਸ਼ਤ ਦਾ  ਜਿਹੜਾ ਅਸਰ ਪੁਲਸ ਮੁਲਾਜਮਾਂ ਤੇ ਪਿਆ ਉਹ ਵੀ ਪੂਰੀ ਤਰ੍ਹਾਂ ਉਜਾਗਰ ਹੁੰਦਾ ਹੈ ਪਰ ਇਹ ਨਾਟਕ ਪਹਿਲੇ ਦੇ ਮੁਕਾਬਲੇ ਹਾਸਰਸ ਰੰਗ ਵਿੱਚ ਵਧੇਰੇ ਰੰਗਿਆ ਹੋਣ ਕਾਰਨ ਬਹੁਤਾ ਗੰਭੀਰ ਪ੍ਰਭਾਵ ਨਹੀਂ ਪਾਉਂਦਾ । ਇਸ ਦੀ ਪੇਸ਼ਕਾਰੀ ਆਮ ਸਕਿਟਾਂ ਵਰਗੀ ਜਾਪਦੀ ਹੈ ।
  ਇਸ ਸੰਗ੍ਰਹਿ ਦੇ ਤਿੰਨ ਨਾਟਕ ਸਾਡੇ ਸਮਾਜਿਕ ਰਿਸ਼ਤਿਆਂ ਦੀ ਤਹਿ ਹੇਠ ਲੁਕੇ ਯਥਾਰਥ ਨੂੰ ਬਾਖੂਬੀ ਪੇਸ਼ ਕਰਦੇ ਹਨ । ਭਾਰਤੀ ਸਮਾਜ ਵਿੱਚ ਮਨੁੱਖੀ ਰਿਸ਼ਤਿਆਂ ਅਤੇ ਕਦਰਾਂ-ਕੀਮਤਾਂ ਦੀਆਂ ਗੱਲਾਂ ਨੂੰ ਵਧੇਰੇ ਉਭਾਰਿਆ ਜਾਂਦਾ ਹੈ । ਜਦੋਂ ਕਦੀ ਰਿਸ਼ਤਿਆਂ ਦੀ ਟੁੱਟ-ਭੱਜ ਹੁੰਦੀ ਹੈ ਤਾਂ ਅਸੀਂ ਇਸ ਨੂੰ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਦੱਸਦੇ ਹਾਂ । ਸਾਡਾ ਸਾਰਾ ਜ਼ੋਰ ਸਰਮਾਏਦਾਰੀ ਅਤੇ ਪੂੰਜੀਵਾਦੀ ਸੋਚ ਨੂੰ ਨਿੰਦਣ ਤੇ ਲੱਗਿਆ ਰਹਿੰਦਾ ਹੈ ਪਰ ਹਕੀਕਤ ਇਹ ਹੈ ਕਿ ਸਾਡੇ ਆਪਣੇ ਸਮਾਜਿਕ ਰਿਸ਼ਤਿਆਂ ਦਾ ਆਧਾਰ ਵੀ ਪੂਰੀ ਤਰ੍ਹਾਂ ਆਰਥਿਕਤਾ ਤੇ ਨਿਰਭਰ ਕਰਦਾ ਹੈ । ਜ਼ਮੀਨ ਜਾਇਦਾਦ ਦੀ ਲਾਲਸਾ ਹਮੇਸ਼ਾ ਹੀ ਸਾਡੇ ਪਰਿਵਾਰਕ ਰਿਸ਼ਤਿਆਂ ਨੂੰ ਪ੍ਰਭਾਵਿਤ ਕਰਦੀ ਆਈ ਹੈ । ਰਾਮਾਇਣ ਦੇ ਨਾਇਕ ਰਾਮ  ਦਾ ਬਣਵਾਸ ਹੋਵੇ ਜਾਂ ਮਹਾਂਭਾਰਤ ਦਾ ਯੁੱਧ ; ਇਨ੍ਹਾਂ ਪਿੱਛੇ ਇਹੀ ਲਾਲਸਾ ਉੱਭਰ ਕੇ ਆਉਂਦੀ ਹੈ ।   ਪਿੰਡਾਂ ਵਿੱਚੋਂ ਨੌਕਰੀ ਪੇਸ਼ਾ ਲੋਕਾਂ ਦਾ ਸ਼ਹਿਰਾਂ ਵਿੱਚ ਵਸਣਾ ਅਤੇ ਪਿੱਛੇ ਪਿੰਡ ਵਿੱਚ ਰਹਿ ਗਏ ਪਰਿਵਾਰ ਦੇ ਹੋਰ ਮੈਂਬਰਾਂ ਦਾ ਇੱਕ ਦੂਜੇ ਦੇ ਜੀਵਨ ਨਿਰਬਾਹ ਬਾਰੇ ਤੁਲਨਾ ਕਰਨਾ ਸਮਾਜਿਕ ਰਿਸ਼ਤਿਆਂ ਵਿੱਚ ਤਣਾ ਦਾ ਪਹਿਲਾ ਕਾਰਨ ਬਣਦਾ ਹੈ । ਉਸ ਤੋਂ ਬਾਦ ਸ਼ਹਿਰਾਂ ਵਿੱਚ ਨੌਕਰੀ ਕਰਨ ਵਾਲਿਆਂ ਵੱਲੋਂ ਪਿੱਛੇ ਰਹਿ ਗਈ ਆਪਣੀ ਜ਼ਮੀਨ ਦੀ ਲਾਲਸਾ ਦੂਜਾ ਕਾਰਨ ਬਣ ਜਾਂਦਾ ਹੈ । ਇਸ ਪੁਸਤਕ ਦੇ ਦੋ ਨਾਟਕ ਤੀਜਾ ਹਿੱਸਾ ਅਤੇ ਹੱਕ ਇਸੇ ਤਰ੍ਹਾਂ ਦੇ ਤਣਾ ਦੀ ਪੇਸ਼ਕਾਰੀ ਕਰਦੇ ਹਨ । ਨਾਟਕ ਤੀਜਾ ਹਿੱਸਾ ਵਿੱਚ ਸ਼ਹਿਰ ਅਤੇ ਪਿੰਡ ਵਿੱਚ ਵਸਣ ਵਾਲੇ ਭਰਾਵਾਂ ਵਿਚਕਾਰ ਆਪਣੀ ਮਾਂ ਦੇ ਭੋਗ ਤੇ ਹੋਣ ਵਾਲੇ ਖਰਚ ਦੀ ਵੰਡ ਤੋਂ ਪੈਦਾ ਹੋਈ ਤਲਖੀ ਜ਼ਮੀਨ ਦੀ  ਵੰਡ ਤੱਕ ਜਾ ਪਹੁੰਚਦੀ ਹੈ । ਇਸ ਝਗੜੇ ਦਾ ਸਿਖਰ ਉਦੋਂ ਹੁੰਦਾ ਹੈ ਜਦੋਂ ਪਿਓ ਦੁਖੀ ਹੋ ਕੇ ਮੁੰਡਿਆਂ ਨੂੰ ਕਹਿੰਦਾ ਹੈ ਕਿ ਉਹ ਆਪਣੀ ਮਾਂ ਦੀ ਸਵਾਹ ਦੇ ਵੀ ਤਿੰਨ  ਹਿੱਸੇ ਵੰਡ ਲੈਣ ਤੇ ਜੇ ਕਸਰ ਰਹਿ ਜਾਏ ਤਾਂ ਪਿਓ ਦੇ ਵੀ ਹੱਢ ਵੰਡ ਲੈਣ ।  ਹੱਕ ਨਾਮ ਦਾ ਨਾਟਕ ਵੀ ਇਸੇ ਤਰ੍ਹਾਂ ਦੀ ਕਹਾਣੀ  ਹੈ ਪਰ ਇਸ ਵਿੱਚ ਇੱਕ ਭਰਾ ਦਾ ਆਪਣੀ ਭੈਣ ਨਾਲ ਜ਼ਮੀਨ ਵਿੱਚੋਂ ਹਿੱਸੇ ਸੰਬੰਧੀ ਅਦਾਲਤੀ ਕੇਸ ਚੱਲਦਾ ਹੈ । ਦੋਵੇਂ ਧਿਰਾਂ ਕੇਸ ਉਪਰ ਹੋ ਰਹੇ ਖਰਚੇ ਅਤੇ ਖੱਜਲ-ਖੁਆਰੀ ਤੋਂ ਪ੍ਰੇਸ਼ਾਨ ਹਨ । ਦੋਵੇਂ ਪਰਿਵਾਰ ਖੂਨ ਦੇ ਰਿਸ਼ਤਿਆਂ ਦੀਆਂ ਗੱਲਾਂ ਵੀ ਕਰਦੇ ਹਨ ਪਰ ਜ਼ਮੀਨ ਦਾ ਹਿੱਸਾ ਦੇਣ ਲੈਣ ਦੇ ਮਾਮਲੇ ਵਿੱਚ ਝੁਕਣ ਲਈ ਤਿਆਰ ਨਹੀਂ । ਭੈਣ ਆਪਣੇ ਭਰਾ ਦੇ ਘਰ  ਮਾਣ-ਤਾਣ ਨਾ ਕੀਤੇ ਜਾਣ ਦਾ ਤਾਣਾ ਮਾਰਦੀ  ਹੈ ਤੇ ਭਰਾ ਆਪਣੇ ਭਣੌਈਏ ਦੀ ਲਾਲਚੀ ਨੀਤ ਦੀਆਂ ਗੱਲਾਂ ਕਰਦਾ ਹੈ ਇਸ ਝਗੜੇ ਨੇ ਪਰਿਵਾਰ ਦੀ ਆਰਥਿਕ ਹਾਲਤ ਤਾਂ ਖਰਾਬ ਕੀਤੀ ਹੀ ਹੈ ਨਾਲ ਹੀ ਇਸ ਕਾਰਨ ਪੈਦਾ ਹੋਏ ਤਣਾ ਨੇ ਪਰਿਵਾਰਿਕ ਮੈਂਬਰਾਂ ਦੇ ਸੁਭਾ ਚਿੜਚਿੜੇ ਕਰ ਦਿੱਤੇ ਹਨ । ਮੁੰਡੇ ਆਪਣੇ ਪਿਓ ਨੂੰ ਇਸ ਸਭ ਦਾ ਜਿੰਮੇਵਾਰ ਮੰਨਦੇ ਹਨ । ਉਸ ਦੀ ਇਜ਼ਤ ਨਹੀਂ ਕਰਦੇ ,ਬਲਕਿ ਉਸ ਦੇ ਗਲ ਪੈਂਦੇ ਹਨ । ਦੋ ਕੁੜੀਆਂ ਹਨ ਜੋ ਆਪਣੇ ਪਿਓ ਦਾ ਦੁੱਖ ਸਮਝਦੀਆਂ ਹਨ । ਛੋਟੀ ਕੁੜੀ ਆਪਣੇ ਪਿਓ ਦੀ ਲੜਾਈ ਵਿੱਚ ਉਸ ਦੇ ਬਰਾਬਰ ਖੜ੍ਹਣ ਦੀ ਕੋਸ਼ਿਸ਼ ਕਰਦੀ ਹੈ । ਨਾਟਕ ਵਿੱਚ ਮੌੜ ਉਦੋਂ ਆਉਂਦਾ ਹੈ ਜਦੋਂ ਕੁੜੀਆਂ ਸੋਚਦੀਆਂ ਹਨ ਕਿ ਜਦੋਂ ਉਨ੍ਹਾਂ ਦੇ ਵਿਆਹ ਹੋ ਗਏ ਤਾਂ ਕੀ ਸਾਡੇ ਭਰਾ ਵੀ ਸਾਡੇ ਨਾਲ ਇਸ ਤਰ੍ਹਾਂ ਹੀ ਵਰਤਣਗੇ ਜਿਵੇਂ ਭੂਆ ਬਾਪੂ ਬਾਰੇ ਕਹਿੰਦੀ ਹੈ ਇਹ ਨਾਟਕ ਜ਼ਮੀਨ ਵਿੱਚ ਧੀ ਦੇ ਹੱਕ ਬਾਰੇ ਚਰਚਾ ਛੇੜਦਾ ਹੈ । ਪਿਓ ਮੁੰਡਿਆਂ ਲਈ ਸਭ ਕੁੱਝ ਕਰ ਰਿਹਾ ਹੈ ਪਰ  ਅਖੀਰ ਮੁੰਡਾ ਜਦੋਂ ਆਪਣੇ ਪਿਓ ਤੇ ਹੱਥ ਚੁੱਕਦਾ ਹੈ ਤਾਂ ਕੁੜੀਆਂ ਪਿਓ ਨੂੰ ਦਿਲਾਸਾ ਦਿੰਦੀਆਂ ਹਨ ਤੇ ਨਾਲ ਹੀ  ਛੋਟੀ ਕੁੜੀ ਪਿਓ ਦੀਆਂ ਅੱਖਾਂ ਚੁੰਨੀ ਨਾਲ ਪੂੰਝਦੀ ਹੋਈ ਗੁੱਸੇ ਵਿੱਚ ਕਹਿੰਦੀ ਹੈ ; ਕੋਈ ਨਾ ਜਦੋਂ ਇਨ੍ਹਾਂ ਤੇ ਪਈ ਤਾਂ ਫੇਰ ਪਤਾ ਲੱਗੂ ਬੀ ਕਿਹੜੇ ਭਾਅ ਵਿਕਦੀ ਐ । ਸਾਡਾ ਕਿਹੜਾ ਹੱਕ ਨੀ !
ਪਿਓ ਦਾ ਜਵਾਬ ਸਭ ਨੂੰ ਹੈਰਾਨ ਕਰ ਦਿੰਦਾ ਹੈ , ਜਦੋਂ ਉਹ ਕਹਿੰਦਾ ਹੈ ; ਧੀਆਂ ਦਾ ਕਾਹਦਾ ਹੱਕ ਹੁੰਦਾ ਹੈ ਭਾਈ ।
ਨਾਟਕ ਦੁੱਖ ਦਾਰੂ ਸੁੱਖ ਰੋਗ ਮਹਾਭਾਰਤ ਦੇ ਯੁੱਧ ਦੇ ਪ੍ਰਸੰਗ ਨੂੰ ਲੈ ਕੇ ਲਿਖਿਆ ਗਿਆ ਹੈ । ਇਹ ਨਾਟਕ ਵੀ ਮੂਲ ਰੂਪ ਵਿੱਚ  ਰਾਜ ਭਾਗ ਦੀ ਲਾਲਸਾ ਦੀ ਲੜਾਈ ਹੀ ਪੇਸ਼ ਕਰਦਾ ਹੈ ਪਰ ਇਸ ਵਿਚ ਸਾਡੀਆਂ ਮਾਨਤਾਵਾਂ , ਪਰੰਪਰਾਵਾਂ ਅਤੇ ਜੀਵਨ ਦੇ ਸਿਧਾਂਤਾਂਤੇ ਸਵਾਲ ਖੜ੍ਹੇ ਕੀਤੇ ਗਏ ਹਨ । ਜਿਹੜੇ ਜੀਵਨ ਆਦਰਸ਼ਾਂ ਤੇ ਕਦਰਾਂ ਕੀਮਤਾਂ ਦੀ ਅਸੀਂ ਦੁਹਾਈ ਦਿੰਦੇ ਹਾਂ ਮਹਾਂਭਾਰਤ ਵਿੱਚ ਉਨ੍ਹਾਂ ਦੀਆਂ ਜੋ ਧੱਜੀਆਂ ਉਡਾਈਆਂ ਗਈਆਂ ਹਨ ; ਖਾਸਕਰ ਸਮਾਜ ਲਈ ਆਦਰਸ਼ ਮੰਨੇ ਜਾਣ ਵਾਲੇ ਲੋਕਾਂ ( ਮਹਾਂਪੁਰਖਾਂ ) ਵੱਲੋਂ ; ਮਹਾਂਭਾਰਤ ਦੀ ਕਹਾਣੀ ਵਿੱਚ ਇਨ੍ਹਾਂ ਤੇ ਸਵਾਲ ਖੜੇ ਕੀਤੇ ਗਏ ਹਨ । ਪਰਮ ਜਸਪਾਲ ਮਾਨ ਨੇ ਇਸ ਕਾਵਿ ਰਚਨਾ ਨੂੰ ਇੰਨੀ ਸਫ਼ਲਤਾ ਨਾਲ ਪੇਸ਼ ਕੀਤਾ ਹੈ ਕਿ  ਕਵਿਤਾ ਪ੍ਰਤੀ ਉਸ ਦੀ ਸੂਝ ਦਾ ਇਹ ਸਿਖਰ ਹੈ । ਇਓਂ ਲੱਗਦਾ ਹੈ ਕਿ ਵਾਰਤਕ ਨਾਲੋਂ ਉਸਦੀ ਕਵਿਤਾ ਦਾ ਪੱਧਰ ਹੋਰ ਵੀ ਵਧੇਰੇ ਉੱਚਾ ਹੈ ਕਿਉਂਕਿ ਜਿਸ ਤਰ੍ਹਾਂ ਮਹਾਭਾਰਤ ਦੇ ਇਸ ਪ੍ਰਸੰਗ ਨੂੰ ਉਸ ਨੇ ਕਾਵਿ ਰੂਪ ਵਿੱਚ ਪੇਸ਼ ਕੀਤਾ ਹੈ ਇਹ ਬਹੁਤ ਹੀ ਔਖਾ ਕਾਰਜ ਹੈ । ਦਰੋਪਤੀ ਅਤੇ ਕਰਨ ਵੱਲੋਂ ਖੜ੍ਹੇ ਕੀਤੇ ਸਵਾਲ ਉਸ ਨੇ ਬਹੁਤ  ਪ੍ਰਭਾਵਸ਼ਾਲੀ ਦਲੀਲਾਂ ਨਾਲ ਪੇਸ਼ ਕੀਤੇ ਹਨ । ਕਰਨ ਦਾ ਕੁੰਤੀ ਨਾਲ ਸੰਵਾਦ ਤਾਂ ਕਮਾਲ ਦਾ ਹੈ । ਮੈਨੂੰ ਇਸ ਪੁਸਤਕ ਵਿੱਚੋਂ ਸਭ ਤੋਂ ਵੱਧ ਇਸ ਰਚਨਾ ਨੇ ਪ੍ਰਭਾਵਿਤ ਕੀਤਾ ਹੈ । ਦੂਜੇ ਨਾਟਕਾਂ ਵਿੱਚੋਂ ਸਭ ਤੋਂ ਵਧੀਆ ਪੇਸ਼ਕਾਰੀ ਹੱਕ ਨਾਮ ਦੇ ਨਾਟਕ ਦੀ ਹੈ ।
ਪੰਜਾਬ ਦੇ ਸੰਗਰੂਰ ਅਤੇ ਪਟਿਆਲਾ ਵਿਚਕਾਰ ਪੈਂਦੇ ਕੁੱਝ ਇਲਾਕੇ ਦੀ ਭਾਸ਼ਾ ਦੀ ਵਰਤੋਂ ਕਰਕੇ ਇਨ੍ਹਾਂ ਨਾਟਕਾਂ ਨੂੰ ਪਰਮ ਜਸਪਾਲ ਮਾਨ ਨੇ ਹੋਰ ਵੀ ਵਿਲੱਖਣਤਾ ਪ੍ਰਦਾਨ ਕੀਤੀ ਹੈ ।
ਇਸ ਨਾਟਕ ਸੰਗ੍ਰਹਿ ਨੂੰ ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ ਨੇ ਪ੍ਰਕਾਸ਼ਿਤ ਕੀਤਾ ਹੈ ਅਤੇ 136 ਪੰਨਿਆਂ ਦੀ ਇਸ ਪੁਸਤਕ ਦੀ ਕੀਮਤ 150/-ਰੁਪਏ ਹੈ ।  
      




Post a Comment

0 Comments