ਬਿਰਧ ਘਰਾਂ ਵਿੱਚ
ਬਿਰਧ ਘਰਾਂ ਵਿੱਚ ਛੱਡ ਕੇ ਬੁੱਢੇ ਮਾਂ ਤੇ ਬਾਪ ,
ਬੱਚੇ ਬੈਠ ਘਰਾਂ ਵਿੱਚ ਐਸ਼ਾਂ ਕਰਦੇ ਆਪ ।
ਵੱਡਿਆਂ ਦਾ ਆਦਰ ਕਰਨਾ ਭੁੱਲ ਗਏ ਨੇ ਬੱਚੇ ,
ਖੋਰੇ ਇਹਨਾਂ ਨੂੰ ਕਿਸ ਨੇ ਦੇ ਦਿੱਤਾ ਸਰਾਪ ।
ਥੋੜ੍ਹੀ ਬਹੁਤ ਉਨ੍ਹਾਂ ‘ਚ ਹਲੀਮੀ ਆ ਜਾਂਦੀ ਹੈ ,
ਜੋ ਤੜਕੇ ਉੱਠ ਕਰਦੇ ਰੱਬ ਦੇ ਨਾਂ ਦਾ ਜਾਪ ।
ਜੇ ਗੁਆਂਢੀ ਅੱਗੇ ਵਧਦਾ ਹੈ, ਤਾਂ ਖੁਸ਼ ਹੋਵੋ ,
ਉਸ ਨੂੰ ਅੱਗੇ ਵਧਦਾ ਤੱਕ ਨਾ ਚੜ੍ਹਾਓ ਤਾਪ ।
ਪੰਡਤ ਜੀ, ਚੁੱਪ ਕਰਕੇ ਇੱਥੋਂ ਚਲਦੇ ਹੋਵੋ ,
ਮੈਂ ਆਪਣੀ ਤਕਦੀਰ ਸੁਆਰ ਲਵਾਂਗਾ ਆਪ ।
ਜੇ ਕਰ ਲੋਕਾਂ ਨੂੰ ਇਹ ਸਾਧੂ ਕੁਝ ਦੇ ਸਕਦਾ ,
ਦਰ ਦਰ ਜਾ ਕੇ ਉਨ੍ਹਾਂ ਤੋਂ ਇਹ ਕਿਉਂ ਮੰਗੇ ਆਪ ?
ਅੱਜ ਕਲ੍ਹ ਲੋਕੀਂ ਦਾਰੂ ਪੀਂਦੇ ਪਾਣੀ ਵਾਂਗ ,
ਚਾਹੇ ਥਾਂ ਥਾਂ ਲਿਖਿਐ,ਦਾਰੂ ਪੀਣਾ ਪਾਪ ।
ਮਹਿੰਦਰ ਮਾਨ |
ਜੇ ਕਰ ਆਪਣੇ ਹੱਥੀਂ ਯਾਰਾ, ਲਾਏ ਨਾ ਤੂੰ ਰੁੱਖ ,
ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਢੀ ਛਾਂ ਦਾ ਸੁੱਖ ?
ਜਿਦ੍ਹੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ ,
ਅੱਜ ਅੱਖਾਂ ਤਰਸਣ ਵੇਖਣ ਲਈ ਉਸ ਦਾ ਸੋਹਣਾ ਮੁੱਖ ।
ਮਾਂ-ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ ,
ਖਬਰੇ ਬੁਢਾਪੇ ‘ਚ ਉਨ੍ਹਾਂ ਨੂੰ ਮਿਲ ਜਾਏ ਉਨ੍ਹਾਂ ਤੋਂ ਸੁੱਖ ।
ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੈਆਂ ਦੁੱਖੜੇ ਸਹਿ ਕੇ ,
ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ ।
ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ ?
ਸੱਭ ਨੇ ਰਲ ਕੇ ਉਜਾੜੀ ਹੈ ਯਾਰੋ, ਜਿਸ ਮਾਂ ਦੀ ਕੁੱਖ ।
ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ,
ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ ।
ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ ‘ਚ ਮਿਲਾ ਦਿੰਦੇ ,
ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ ।
ਜਿਸ ਬੰਦੇ ਨੇ
ਜਿਸ ਬੰਦੇ ਨੇ ਸਵੇਰੇ ਹੀ ਪੀ ਲਈ ਹੈ ਭੰਗ ,
ਉਸ ਨੇ ਸਾਰਾ ਟੱਬਰ ਕਰ ਸੁੱਟਿਆ ਹੈ ਤੰਗ ।
ਉਸ ਵਰਗਾ ਮੂਰਖ ਨਾ ਇੱਥੇ ਕੋਈ ਹੋਰ ,
ਜਿਸ ਨੇ ਹੁਣ ਤਕ ਸਿੱਖਿਆ ਨ੍ਹੀ ਬੋਲਣ ਦਾ ਢੰਗ ।
ਕੰਮ ਕਰਕੇ ਹੀ ਅੱਜ ਕਲ੍ਹ ਰੋਟੀ ਯਾਰਾ ਮਿਲਦੀ ,
ਐਵੇਂ ਦੇਖੀ ਨਾ ਜਾ ਆਪਣਾ ਗੋਰਾ ਰੰਗ ।
ਰੱਬ ਵੀ ਉਹਨਾਂ ਅੱਗੇ ਬੇਵੱਸ ਹੋ ਜਾਂਦਾ ਹੈ ,
ਏਨਾ ਕੁਝ ਉਸ ਤੋਂ ਲੋਕੀਂ ਲੈਂਦੇ ਨੇ ਮੰਗ ।
ਕਲ੍ਹ ਤੱਕ ਜੋ ਕਹਿੰਦਾ ਸੀ, ‘ਮੈਂ ਨ੍ਹੀ ਤੈਨੂੰ ਮਿਲਣਾ’ ,
ਅੱਜ ਮੇਰੇ ਘਰ ਆ ਗਿਆ ਰੋਸੇ ਛਿੱਕੇ ਟੰਗ ।
ਉਹ ਜੀਵਨ ਦੇ ਵਿੱਚ ਤਰੱਕੀ ਕਰਦਾ ਜਾਵੇ ,
ਜਿਸ ਨੂੰ ਮਿਲ ਜਾਵੇ ਚੱਜ ਦੇ ਬੰਦੇ ਦਾ ਸੰਗ ।
ਆਓ ਕਰੀਏ ਸਜਦਾ ਉਹਨਾਂ ਸੂਰਮਿਆਂ ਨੂੰ ,
ਜੋ ਸਾਡੀ ਰਾਖੀ ਕਰਨ ਹੋ ਕੇ ਡਾਢੇ ਤੰਗ ।
ਆ ਖ਼ੁਦਾ ਅੱਗੇ
ਆ ਖ਼ੁਦਾ ਦੇ ਅੱਗੇ ਕੱਠੇ ਰਹਿਣ ਦੀ ਫਰਿਆਦ ਕਰੀਏ,
ਰਹਿ ਕੇ ਕੱਲੇ, ਕੱਲੇ ਨਾ ਇਕ ਦੂਜੇ ਨੂੰ ਬਰਬਾਦ ਕਰੀਏ।
ਸਾਡੇ ਵਰਗਾ ਬੇਅਕਲ ਨ੍ਹੀ ਹੋਣਾ ਕੋਈ ਜੱਗ ਉੱਤੇ,
ਜਿਸ ਨੇ ਪੱਲੇ ਕੱਖ ਨਾ ਛੱਡਿਆ, ਉਸੇ ਨੂੰ ਯਾਦ ਕਰੀਏ।
ਪੰਛੀਆਂ ਨੂੰ ਹੱਕ ਹੈ ਖੁੱਲ੍ਹੀ ਹਵਾ ਦੇ ਵਿੱਚ ਉੱਡਣ ਦਾ,
ਕੱਢ ਕੇ ਪਿੰਜਰਿਆਂ ਦੇ ਵਿੱਚੋਂ ਉਹਨਾਂ ਨੂੰ ਆਜ਼ਾਦ ਕਰੀਏ।
ਝੁੱਗੀਆਂ ਜਿਹਨਾਂ ਦੀਆਂ ਨ੍ਹੇਰੀ ਉਡਾ ਕੇ ਲੈ ਗਈ ਹੈ,
ਝੁੱਗੀਆਂ ਨਵੀਆਂ ਬਣਾ ਕੇ ਉਹਨਾਂ ਨੂੰ ਆਬਾਦ ਕਰੀਏ।
ਹਰ ਤਰੀਕੇ ਨਾਲ ਪਹੁੰਚੇ ਪਾਠਕਾਂ ਤੱਕ ਵਧੀਆ ਸਾਹਿਤ,
ਦੂਜੀ ਭਾਸ਼ਾ ਚੋਂ ਇਦ੍ਹਾ ਪੰਜਾਬੀ ਵਿੱਚ ਅਨੁਵਾਦ ਕਰੀਏ।
ਕਰਦੇ ਰਹੀਏ ਕੰਮ ਕੋਈ ਨਾ ਕੋਈ ਹਰ ਵੇਲੇ ਯਾਰੋ,
ਘੁੰਮ ਕੇ ਆਲੇ ਦੁਆਲੇ ਨਾ ਸਮਾਂ ਬਰਬਾਦ ਕਰੀਏ।
ਜਿਸ ਨੂੰ ਮਿਲਦਾ ਨਹੀਂ
ਜਿਸ ਨੂੰ ਮਿਲਦਾ ਨਹੀਂ ਚੱਜਦਾ ਰਹਿਬਰ ,
ਉਹ ਮੰਜ਼ਲ ਤੱਕ ਪੁੱਜਦਾ ਨਾ ਅਕਸਰ ।
ਉਹ ਸਾਰੀ ਉਮਰ ਰਹੇ ਨਿਆਣਾ ਹੀ ,
ਜਿਸ ਨੂੰ ਜੀਵਨ ‘ਚ ਨਾ ਲੱਗੇ ਠੋਕਰ ।
ਦੁਨੀਆ ਵਿੱਚ ਆ ਜਾਏਗੀ ਪਰਲੋ ,
ਜੇ ਕਰ ਸੁੱਕ ਗਏ ਸਾਰੇ ਸਾਗਰ ।
ਸਭ ਨੂੰ ਉੱਥੇ ਜਾਣ ਦਿਓ ਯਾਰੋ ,
ਸਾਂਝੇ ਹੁੰਦੇ ਨੇ ਸਭ ਲਈ ਮੰਦਰ ।
ਸੀਨੇ ਨੂੰ ਕਰ ਲੈ ਪੱਥਰ ਯਾਰਾ ,
ਤੈਨੂੰ ਲੈ ਬੈਠੂ ਗ਼ਮ ਦਾ ਖੰਜ਼ਰ ।
ਕੋਸ਼ਿਸ਼ ਕਰਨ ਤੇ ਵੀ ਪੱਥਰ ਦਿਲ ਵਿੱਚ ,
ਪਿਆਰ ਦਾ ਬੀਜ ਨਹੀਂ ਸਕਦਾ ਪੁੰਗਰ ।
ਉਹ ਲੋਕਾਂ ਦੇ ਮਨਾਂ ਵਿੱਚ ਬੈਠ ਗਏ ,
ਜੋ ਸਭ ਕੁਝ ਛੱਡ ਗਏ ਉਹਨਾਂ ਖਾਤਰ ।
ਜੀਵਨ ਬਣ ਜਾਏ ਸਵਰਗ ਯਾਰੋ ,
ਜੇ ਕਰ ਮਿਲ ਜਾਏ ਚੱਜਦਾ ਮਿੱਤਰ ।
ਪਿੰਡ ਤੇ ਡਾਕ ਰੱਕੜਾਂ ਢਾਹਾ
(ਸਹੀਦ ਭਗਤ ਸਿੰਘ ਨਗਰ) ਮੋਬਾਈਲ- 9915803554
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.