ਸਾਰੇ ਹੱਦ ਬੰਨੇ ਟੱਪਦਾ ਜਾ ਰਿਹੈ ਸਾਂਸਕ੍ਰਿਤਕ- ਸਭਿਆਚਾਰਕ ਪ੍ਰਦੂਸ਼ਣ
ਡਾ. ਧਰਮਪਾਲ ਸਾਹਿਲ (ਰਿਟਾ. ਪ੍ਰਿੰਸੀਪਲ, ਰਾਸ਼ਟਰਪਤੀ ਵੱਲੋਂ ਸਨਮਾਨਿਤ) |
ਮਨੁੱਖ ਦਾ ਭੋਤਿਕ ਵਿਕਾਸ ਉਦਯੋਗਿਕ ਤਕਨਾਲੋਜੀ ਦੀ ਦੇਣ ਹੈ।ਇਸ ਵਿਕਾਸ ਨਾਲ ਜਿੱਥੇ ਹਵਾ,ਪਾਣੀ,ਭੂਮੀ ਅਤੇ ਸ਼ੋਰ ਵਰਗੇ ਪ੍ਰਦੂਸ਼ਣਾਂ ਨੇ ਸਮੂਚੀ ਕਾਇਨਾਤ ਨੂੰ ਆਪਣੇ ਨਾਗਵਲ ਵਿਚ ਕਸ ਲਿਆ ,ਉਥੇ ਮਨੁੱਖੀ ਸੰਸਕ੍ਰਿਤੀ –ਸਭਿਆਚਾਰ ਵੀ ਖਤਰੇ ਦੀ ਹੱਦ ਤੱਕ ਪ੍ਰਦੂਸ਼ਤ ਹੋ ਗਿਆ ਹੈ।ਇਹ ਵਖੱਰੀ ਗੱਲ ਹੈ ਕਿ ਅਸੀਂ ਇਸ ਪ੍ਰਦੂਸ਼ਣ ਨਾਲ ਪਲ ਪਲ ਦੋ ਚਾਰ ਹੋ ਕੇ ਵੀ ਇਸ ਪਾਸਿਓਂ ਅਵੇਸਲੇ ਰਹੇ ਹਾਂ। ਅਸੀਂ ਬਾਕੀ ਦੇ ਚਾਰ ਕਿਸਮਾਂ ਦੇ ਪ੍ਰਦੂਸ਼ਣਾਂ ਤੋਂ ਆਪਣਾ ਵਾਤਾਵਰਨ ਬਚਾਉਣ ਲਈ ਵਿਸ਼ਵ ਪੱਧਰ 'ਤੇ ੳਪਰਾਲੇ ਅਰੰਭੇ ਹਨ ਪਰ ਆਪਣੀ ਸੰਸਕ੍ਰਿਤੀ/ਸਭਿਆਚਾਰ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਸਾਡੇ ਸਮਾਜ ਸ਼ਾਸ਼ਤਰੀਆਂ, ਮਨੋਵਿਗਿਆਨੀਆਂ,ਬੁੱਧੀਜੀਵੀਆਂ ਅਤੇ ਸਮਾਜ ਸੁਧਾਰਕਾਂ ਦਾ ਧਿਆਨ ਬਹੁਤ ਹੀ ਘੱਟ ਗਿਆ ਹੈ।ਸਾਡੇ ਇਸ ਅਵੇਸਲੇਪਣ ਨੇ ਇਸ ਪ੍ਰਦੂਸ਼ਣ ਨੂੰ ਖਤਰਨਾਕ ਸਥਿਤੀ ਤੱਕ ਪਹੁੰਚਾ ਦਿੱਤਾ ਹੈ।
ਦਰਅਸਲ ਸਾਡੀ ਬੋਲੀ-ਭਾਸਾ,ਖਾਣ-ਪਾਣ,ਪਹਿਰਾਵਾ,ਰਹਿਣ ਸਹਿਣ,ਗੀਤ-ਸੰਗੀਤ,ਤਿੳਹਾਰ,ਨਿਰਤਕਲਾ,ਰਸਮੋ ਰਿਵਾਜ,ਪਰੰਪਰਾਵਾਂ,ਨੈਤਿਕ ਕਦਰਾਂ ਕੀਮਤਾਂ,ਸ਼ਿਸ਼ਟਾਚਾਰ,ਸਾਹਿਤ,ਵਾਸਤੂਕਲਾ ( ਭਵਨ ਨਿਰਮਾਣ),ਪਾਕ ਕਲਾ (ਭੋਜਣ ਬਣਾੳਣਾ),ਮੂਰਤੀਕਲਾ,ਚਿਤੱਰਕਲਾ,ਗਹਿਣੇ,ਬਰਤਨ,ਘਰੇਲੂ ਸਜਾਵਟ,ਖੇਤੀ,ਜਨਮ,ਮੁੰਡਨ,ਵਿਆਹ,ਮੌਤ ਦੇ ਸੰਸਕਾਰ,ਸਮਾਜਕ,ਧਾਰਮਕ,ਰਾਜਨੀਤਕ,ਆਰਥਕ,ਅਧਿਆਤਮਕ ਪੱਧਤੀਆਂ ਤੇ ਪਰੰਪਰਾਵਾਂ ਆਦਿ ਇਹ ਸਾਰੇ ਅੰਗ ਮਿਲ ਕੇ ਕਿਸੇ ਦੇਸ਼ ਦੀ ਸੰਸਕ੍ਰਿਤੀ –ਸਭਿਆਚਾਰ ਸਿਰਜਦੇ ਹਨ।
ਆਪਣੀ ਸੰਸਕ੍ਰਿਤੀ-ਸਭਿਆਚਾਰ ਤੋਂ ਪਰਹੇਜ,ਮਨੁੱਖੀ ਨੈਤਿਕ ਕਦਰਾਂ ਕੀਮਤਾਂ ਵਿੱਚ ਨਿਘਾਰ,ਧਾਰਮਕ ਕੱਟੜਤਾ,ਅਸਹਿਣਸ਼ੀਲਤਾ,ਆਪਣੀ ਬੋਲੀ-ਭਾਸ਼ਾ,ਗੀਤ-ਸੰਗੀਤ,ਨਾਚ-ਗਾਨ,ਆਪਣਾ ਪਹਿਰਾਵਾ,ਆਪਣੇ ਰਸਮੋ ਰਿਵਾਜ,ਪਰੰਪਰਾਵਾਂ ਆਦਿ ਛੱਡ ਪਛੱਮੀ ਤੌਰ ਤਰੀਕਿਆਂ ਦੀ ਅੰਨ੍ਹੀ ਨਕਲ ਕਰਨਾ ਹੀ ਸਾਂਸਕ੍ਰਿਤਕ-ਸਭਿਆਚਾਰਕ ਪ੍ਰਦੂਸ਼ਣ ਦੇ ਲੱਛਣ ਹਨ।ਅਧੁਨਿਕਤਾ ਦੀ ਦੌੜ ਵਿੱਚ ਆਪਣੇ ਆਪ ਨੂੰ ਪੱਛਮੀ ਵਸਤੂਆਂ,ਵਿਚਾਰ ਅਤੇ ਵਿਚਾਰਧਾਰਾ ਦੇ ਰੰਗ ਵਿੱਚ ਰੰਗ ਲੈਣਾ ਹੀ ਇਸ ਪ੍ਰਦੂਸ਼ਣ ਦੀਆਂ ਅਲਾਮਤਾਂ ਹਨ।(ਅਜਿਹਾ ਨਹੀ ਹੈ ਕਿ ਪੱਛਮੀ ਕਲਚਰ ਵਿੱਚ ਸਭ ਕੁਝ ਮਾੜਾ ਹੀ ਮਾੜਾ ਹੈ। ਪਰ ਉਨ੍ਹਾਂ ਦੀ ਅਨੁਸ਼ਾਸਨ,ਇਮਾਨਦਾਰੀ ,ਆਪਣੇ ਕੰਮ ਪ੍ਰਤੀ ਜਿੰਮੇਦਾਰੀ ਦੀ ਭਾਵਨਾ ਅਤੇ ਆਪਣੇ ਮੁਲਕ ਪ੍ਰਤੀ ਵਫਾਦਾਰੀ ਵਰਗੇ ਗੁਣਾ ਨੂੰ ਅਸੀਂ ਨਜ਼ਰੰਦਾਜ ਕੀਤਾ ਹੈ।)
ਸਾਡੀ ਵੱਡਮੁੱਲੀ ਸੰਸਕ੍ਰਿਤੀ ਅਤੇ ਸਭਿਆਚਾਰ ਨੂੰ ਪ੍ਰਦੂਸ਼ਤ ਕਰਨ ਵਾਲੇ ਕਾਰਕ ਹਨ,ਪ੍ਰਾਈਵੇਟ ਦੇਸੀ ਵਿਦੇਸ਼ੀ ਟੀ ਵੀ ਚੈਨਲ,ਇੰਟਰਨੈਟ,ਮੁਬਾਈਲ,ਲੈਪਟਾਪ,ਕੰਪਿਊਟਰ ਆਦਿ ਦੀ ਗ਼ੈਰਜਰੂਰੀ ਵਰਤੋਂ,ਇੰਟਰਨੈਟ ਅਤੇ ਪ੍ਰਿੰਟ ਮੀਡੀਆ ਵਿੱਚ ਉਪਲਭਧ ਅਸ਼ਲੀਲ ਸਮਗਰੀ,ਉਸਦਾ ਆਦਾਨ ਪ੍ਰਦਾਨ,ਆਪਣੇ ਕਲਚਰ ਦੀ ਥਾਂ ਵਿਦੇਸ਼ੀ ਕਾਮੁਕ ਗੀਤ- ਸੰਗੀਤ,ਨਾਚਗਾਨ,ਫੈਸ਼ਨ ਸ਼ੋਅ,ਸੁੰਦਰਤਾ ਮੁਕਾਬਲੇ,ਹਿੰਸਾ ਅਤੇ ਅਨੈਤਿਕ ਇਸਤਰੀ ਮਰਦ ਸੰਬੰਧਾ ਵਾਲੀਆਂ ਫਿਲਮਾਂ ਅਤੇ ਸੀਰੀਅਲ ਆਦਿ। ਇਂਨ੍ਹਾਂ ਫਿਲਮਾਂ-ਸੀਰੀਅਲਾਂ ਵਿੱਚ ਨੰਗੇਜ,ਵਿਆਹ ਪਹਿਲੋਂ ਮਾਂ ਬਣ ਜਾਣਾ, ਲਿਵ ਇਨ ਰਿਲੇਸ਼ਨਸ਼ਿਪ,ਬਲੈਕ ਮੇਲਿੰਗ,ਆਨਰ ਕਿਲਿੰਗ,ਮਾਬ ਲੀਚਿੰਗ,ਰੋਡ ਰੇਜਿੰਗ,ਸਟਰੀਟ ਸਨੈਚਿੰਗ ਦੀ ਵਧ ਰਹੀ ਪਰਵਿਰਤੀ ਇਸੇ ਪ੍ਰਦੂਸ਼ਣ ਦੀ ਦੇਣ ਹੈ।ਖਾਸ ਕਰਕੇ ਪੰਜਾਬੀ ਗੀਤਾਂ ਦੀਆਂ ਐਲਬਮਾਂ ਵਿੱਚ ਹੱਥਾਂ 'ਚ ਸ਼ਰਾਬ ਦੀ ਬੋਤਲ,ਸਿਗਰਟ,ਤੇ ਹਥਿਆਰਾਂ ਦਾ ਖੁਲ੍ਹਾ ਪ੍ਰਦਰਸ਼ਨ ਨਵੀਂ ਪੀੜ੍ਹੀ ਨੂੰ ਗੁਮਰਾਹ ਕਰ ਰਿਹਾ ਹੈ।ਪੰਜਾਬ ਵਿੱਚ ਵਧੇਰੇ ਸਭਿਆਚਾਰਕ ਮੇਲਿਆਂ ਦੇ ਨਾਂ 'ਤੇ ਲੋਕਾਂ ਨੂੰ ਕੀ ਪਰੋਸਿਆ ਜਾ ਰਿਹਾ ਹੈ।ਇਹ ਕਿਸੇ ਤੋਂ ਵੀ ਗੁੱਝਾ ਨਹੀਂ ਹੈ।ਜਿਸ ਕਰਕੇ ਸਮਾਜ ਵਿੱਚ ਲੜਕੀਆਂ ਨਾਲ ਛੇੜਖਾਨੀਆਂ,ਬਲਾਤਕਾਰ,ਵਿਭਚਾਰ,ਭਰਿਸ਼ਟਾਚਾਰ,ਕਦਰਾਂ ਕੀਮਤਾਂ ਵਿੱਚ ਨਿਘਾਰ ਅਤੇ ਅਸੰਵੇਦਨਸ਼ੀਲਤਾ ਅਦਿ ਅਲਾਮਤਾਂ ਭਿਆਨਕ ਰੂਪ ਵਿੱਚ ਸਾਡੇ ਸਾਹਮਣੇ ਆਈਆਂ ਹਨ।ਏਡਜ਼ ਵਰਗੀ ਲਾਇਲਾਜ ਬਿਮਾਰੀ ਵੀ ਤਾਂ ਨੈਤਿਕ ਪ੍ਰਦੂਸ਼ਣ ਦੀ ਹੀ ਦੇਣ ਹੈ।
ਇਸ ਸਾਂਸਕ੍ਰਿਤਕ-ਸਭਿਆਚਾਰਕ ਪ੍ਰਦੂਸ਼ਣ ਕਰਕੇ ਹੀ ਵਿਅਕਤੀਗਤ ਤੌਰ ਤੇ ਆਪਸੀ ਰਿਸ਼ਤਿਆਂ ਵਿੱਚੋ ਇੱਕ ਦੂਸਰੇ ਦਾ ਸਨਮਾਨ,ਇਮਾਨਦਾਰੀ,ਸੱਚਾਈ, ਸਨੇਹ,ਸਮਰਪਣ,ਮਮਤਾ,ਪਿਆਰ,ਹਮਦਰਦੀ,ਅਪਨੱਤ ਦਾ ਬੋਧ ਖਤਮ ਹੁੰਦਾ ਜਾ ਰਿਹਾ ਹੈ।ਸਾਡੇ ਤੇ ਨਿਜਤਾ,ਸਵਾਰਥ ਅਤੇ ਅਹੰਕਾਰ ਹਾਵੀ ਹੁੰਦਾ ਜਾ ਰਿਹਾ ਹੈ।ਸਾਂਝੇ ਪਰਿਵਾਰ ਟੁੱਟਣ ਨਾਲ ਪਰਿਵਾਰਕ ਪੱਧਰ ਤੇ ਜਿੰਮੇਦਾਰੀ ਦੀ ਭਾਵਨਾ ਘਟੀ ਹੈ। ਪਤੀ-ਪਤਨੀ,ਮਾਤਾ-ਪਿਤਾ,ਭੈਣ-ਭਰਾ,ਆਦਿ ਰਿਸ਼ਤੇ ਟੁੱਟ ਕੇ ਖਿੰਡ ਰਹੇ ਹਨ।ਰਿਸ਼ਤਿਆਂ ਵਿਚਾਲੇ ਕ੍ਰੋਧ,ਰੋਹ,ਕੁੰਠਾ(ਫਰਸ਼ਟ੍ਰੇਸ਼ਨ),ਵਿਦਰੋਹ,ਘੁਟਨ,ਨਿਰਾਸ਼ਾ,ਇੱਕਲਤਾ,ਅਜਨਬੀਪਣ ਦੀ ਪਰਵਿਰਤੀ ਵਧਦੀ ਜਾ ਰਹੀ ਹੈ।ਪਰਿਵਾਰ ਪੱਧਰ 'ਤੇ ਫੈਲੇ ਇਸ ਪ੍ਰਦੂਸ਼ਣ ਕਰਕੇ ਹੀ ਰਿਸ਼ਤਿਆਂ ਦੀ ਟੁੱਟ ਭੱਜ,ਕਲਾ ਕਲੇਸ਼ ਅਤੇ ਆਤਮਹਤਿਆਵਾਂ ਵਿੱਚ ਢੇਰ ਸਾਰਾ ਵਾਧਾ ਹੋਇਆ ਹੈ।
ਸਮਾਜਕ ਪੱਧਰ 'ਤੇ ਘੁਸਪੈਠ ਕਰ ਚੁੱਕੇ ਸੰਸਕ੍ਰਿਤੀ/ਸਭਿਆਚਾਰਕ ਪ੍ਰਦੂਸ਼ਣ ਕਰਕੇ ਆਪਸੀ ਸਦਭਾਵ ਮਨਫੀ ਹੋ ਰਿਹਾ ਹੈ।ਅਨਿਆ,ਅਤਿਆਚਾਰ,ਕਦਾਚਾਰ,ਭਰਿਸ਼ਟਾਚਾਰ,ਜਾਤੀਵਾਦ,ਖੇਤਰੀਵਾਦ,ਮਾਨਸਿਕ ਤੇ ਸ਼ਰੀਰਕ ਸ਼ੋਸ਼ਣ ਦਾ ਗ੍ਰਾਫ ਨਿਤ ਦਿਨ ਉੱਚਾ ਹੁੰਦਾ ਜਾ ਰਿਹਾ ਹੈ।ਪਹਿਲੋਂ ਸਾਂਝੇ ਪਰਿਵਾਰ ਟੁੱਟੇ, ਹੁਣ ਸਮਾਜ ਵਿਚਲੀ ਸਾਂਝ ਟੁੱਟ ਰਹੀ ਹੈ।ਸਮਾਜ ਖੇਰੂੰ ਖੇਰੂੰ ਹੋਣ ਦੇ ਕੰਢੇ 'ਤੇ ਪੁੱਜ ਗਿਆ ਹੈ।ਰਾਜਨੀਤੀ ਵੀ ਇਸ ਪ੍ਰਦੂਸ਼ਣ ਦੇ ਮਾਰੂ ਪ੍ਰਭਾਵ ਤੋ ਨਹੀਂ ਬਚ ਸਕੀ ਹੈ।ਰਾਜਨੀਤੀ ਵਿੱਚ ਨੀਤੀ ਦੀ ਥਾਂ ਨੀਅਤ ਦਾ ਹਾਵੀ ਹੋਣਾ,ਅਪਰਾਧੀਕਰਨ,ਭਾਈ ਭਤੀਜਾਵਾਦ,ਪਰਿਵਾਰਵਾਦ,ਖੇਤਰੀਵਾਦ,ਜਾਤਿਵਾਦ,ਧਾਰਮਕ ਕਟੱੜਤਾ,ਵੱਖਵਾਦ,ਫਿਰਕਾਪਰਸਤੀ ਤੇ ਭਰਿਸ਼ਟਾਚਾਰ ਸ਼ਿਖਰਾਂ ਤੇ ਪੁਜ ਗਿਆ ਹੈ।ਰਾਜਨੀਤੀ ਅੱਜ ਘੁਟਾਲੇਬਾਜਾਂ,ਬਦਮਾਂਸ਼ਾ,ਗੁੰਡਿਆਂ,ਮਵਾਲੀਆਂ,ਬਾਹੂਬਲੀਆਂ ਅਤੇ ਅਪਰਾਧੀਆਂ ਦੀ ਰਖੇਲ ਬਣ ਕੇ ਰਹਿ ਗਈ ਹੈ।ਵਿਧਾਨ ਸਭਾਵਾਂ,ਰਾਜ ਸਭਾ ਅਤੇ ਸੰਸਦ ਅੱਜ ਅਪਰਾਧੀਆ ਦਾ ਅੱਡਾ ਬਣ ਕੇ ਰਹਿ ਗਈ ਹੈ।ਦਾਗ਼ੀ,ਅਪਰਾਧੀ, ਦਲਬਦਲੂਆਂ ਨੂੰ ਪਾਰਟੀਆਂ ਵਲੋਂ ਟਿਕਟ ਦੇਣ ਨਾਲ ਵੀ ਦਹਿਸ਼ਤਗਰਦੀ ਨੂੰ ਸ਼ਹਿ ਮਿਲੀ ਹੈ।ਜੇਲ੍ਹ ਵਿੱਚ ਬੈਠ ਕੇ ਚੋਣ ਲੜਨ, ਜਿੱਤ ਕੇ ਲੋਕਾਂ ਵਿੱਚ ਹੀਰੋ ਬਣ ਜਾਣਾ,ਰਾਤੋ ਰਾਤ ਅਰਬਪਤੀ ਬਣ ਜਾਣਾ ਆਦਿ ਅਤੇ ਜੰਗਲ,ਜਮੀਨ,ਮਾਈਨਜ ਆਦਿ ਦੇ ਮਾਫੀਏ ਨੇ ਆਰਥਕ ਪ੍ਰਦੂਸ਼ਣ ਨੂੰ ਜਨਮ ਦਿੱਤਾ ਹੈ।ਹਰ ਹਥਕੰਡਾ ਅਪਣਾ ਕੇ ਹਰ ਹੀਲੇ ਸੱਤਾ ਪ੍ਰਾਪਤ ਕਰਨ ਦੀ ਭੁੱਖ ਨੇ ਇਸ ਲੋਕ ਸੇਵਾ ਦੇ ਕਾਰਜ ਨੂੰ ਵੋਟ ਦੀ ਰਾਜਨੀਤੀ ਬਣਾ ਕੇ ਰੱਖ ਦਿੱਤਾ ਹੈ।ਆਮ ਜਨਤਾ ਉਨ੍ਹਾਂ ਲਈ ਮਹਿਜ ਵੋਟ ਬੈਂਕ ਤੋਂ ਵਧ ਕੇ ਕੁਝ ਵੀ ਨਹੀਂ ਹੈ।
ਕਈ ਧਾਰਮਿਕ ਧਾਰਨਾਵਾਂ ਅਤੇ ਅਧਿਆਤਮਕ ਪਰੰਪਰਾਵਾਂ ਤੇ ਮਾਨਤਾਵਾਂ ਦੀ ਦ੍ਰਿਸ਼ਟੀ ਤੋਂ ਅਮੀਰ ਇਸ ਦੇਸ਼ ਨੂੰ ਇਸ ਸਾਂਸਕ੍ਰਿਤਕ ਪ੍ਰਦੂਸ਼ਣ ਨੇ ਲੀਹੋਂ ਲਾਹ ਕੇ ਇਸ ਦੀ ਵਿਸ਼ਵ ਵਿਆਪੀ ਛਵੀ ਨੂੰ ਵਿਕਰਤ ਕਰਕੇ ਰੱਖ ਦਿੱਤਾ ਹੈ।ਭਾਰਤੀ ਰਾਜਨੀਤੀ ਅਣਗਿਣਤ ਧਰਮ ਗੂਰੂਆਂ,ਸੰਤਾ-ਮਹੰਤਾਂ,ਡੇਰਾ ਸੰਚਾਲਕਾਂ ਅਤੇ ਸੈਲਫਮੇਡ ਭਗਵਾਨਾਂ ਦੇ ਗਿਰਦ ਘੁੰਮਣ ਲੱਗ ਪਈ ਹੈ।ਧਰਮ ਦੀ ਆੜ ਵਿੱਚ ਜਹਾਨ ਦੇ ਸਭ ਤੋਂ ਭੈੜੇ ਕੁਕਰਮ ਕਰਨ ਵਾਲੇ,ਲੋਕਾਂ ਨੂੰ ਠੱਗਣ ਤੇ ਸ਼ੋਸ਼ਣ ਕਰਨ ਵਾਲੇ ,ਹਰੇਕ ਬੁਰਾ ਕੰਮ ਕਰਕੇ ਵੀ ਅੱਜ ਸਤਕਾਰੇ ਜਾ ਰਹੇ ਹਨ।ਕਈ ਧਰਮ ਗੂਰੂ ਅਤੇ ਡੇਰਾ ਸੰਚਾਲਕ ਤਾਂ ਬਾਕਾਇਦਾ ਤੌਰ ਤੇ ਫਤਵਾ ਜਾਰੀ ਕਰਕੇ ,ਆਪਣੇ ਭਗਤਾਂ ਨੂੰ ਕਿਸੇ ਖਾਸ ਸਿਆਸੀ ਪਾਰਟੀ ਨੂੰ ਵੋਟ ਪਾਉਣ ਦਾ ਆਦੇਸ਼ ਜਾਰੀ ਕਰਦੇ ਹਨ।ਇਹ ਲੋਕ ਅਸਲ ਧਰਮ ਧਰੋਹੀ,ਰਾਜ ਧਰੋਹੀ , ਦੇਸ਼ ਧਰੋਹੀ ਅਤੇ ਮਨੁੱਖਤਾ ਧਰੋਹੀ ਹਨ।ਅਜਿਹੀਆਂ ਗੱਲਾਂ ਕਰਕੇ ਹੀ ਫਿਰਕੂ ਦੰਗੇ-ਫਸਾਦ,ਹੜਤਾਲਾਂ ਅਤੇ ਸਮਾਜਕ ਤਨਾਅ ਪੈਦਾ ਹੁੰਦਾ ਹੈ। ਜਿਸ ਨਾਲ ਅਰਬਾਂ ਰੁਪਿਆਂ ਦੀ ਰਾਸ਼ਟਰੀ ਅਤੇ ਨਿਜੀ ਸੰਪੱਤੀ ਦਾ ਵਿਨਾਸ਼ ਹੁੰਦਾ ਹੈ। ਧਾਰਮਕ ਅੱਤਵਾਦ ਬਹੁਤ ਤੇਜੀ ਨਾਲ ਫੈਲ ਰਿਹਾ ਹੈ।ਇੰਜ ਵਿਅਕਤੀ,ਪਰਿਵਾਰ,ਸਮਾਜ,ਦੇਸ਼ ਅਤੇ ਕੌਮਾਂਤਰੀ ਭਾਈਚਾਰਾ ਵੀ ਇਸ ਸਾਂਸਕ੍ਰਿਤਕ-ਸਭਿਆਚਾਰਕ ਪ੍ਰਦੂਸ਼ਣ ਦੇ ਮਾਰੂ ਪ੍ਰਭਾਵ ਤੋਂ ਬਚ ਨਹੀਂ ਸਕਿਆ ਹੈ।
ਸਾਡੀਆਂ ਜੜ੍ਹਾਂ ਤੀਕ ਘੁਸਪੈਠ ਕਰ ਚੁੱਕੇ ਇਸ ਸਾਂਸਕ੍ਰਿਤਕ-ਸਭਿਆਚਾਰਕ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਨੂੰ “ ਸਾਂਸਕ੍ਰਿਤਕ ਪ੍ਰਦੂਸ਼ਣ ਕੰਟਰੋਲ ਬੋਰਡ “ਦਾ ਗਠਨ ਕਰਕੇ ਸਖਤ ਕਨੂੰਨ ਬਣਾ ਦੇਣਾ ਚਾਹੀਦਾ ਹੈ।ਇਨ੍ਹਾਂ ਨੀਤੀਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜਾ ਦੇਣੀ ਚਾਹੀਦੀ ਹੈ।(ਪਰ ਕਿਹੜੀ ਸਰਕਾਰ ਤੋਂ ਅਜਿਹੀ ਆਸ ਰਖੀਏ।ਸਾਰੇ ਤਾਂ ਇਸ ਹਮਾਮ ਵਿੱਚ ਨੰਗੇ ਹਨ)ਸਾਰੇ ਪਰਿਵਾਰ ਰੋਜ਼ਾਨਾ ਕੁਝ ਸਮਾਂ ਕੱਢ ਕੇ ਆਪਣੇ ਬਚਿੱਆਂ ਨਾਲ ਬਿਤਾਇਆ ਕਰਨ।ਪਰਿਵਾਰਾਂ ਦਾ ਵਾਤਾਵਰਨ ਅਧਿਆਤਮਕ,ਸਭਿਆਚਾਰਕ ਅਤੇ ਪ੍ਰੇਮ ਭਾਵਨਾ ਵਾਲਾ ਹੋਵੇ।ਆਪਣੀ ਬੋਲਚਾਲ ਮਾਤ ਭਾਸ਼ਾ ਵਿੱਚ ਹੋਵੇ।ਆਪਣੀਆਂ ਸਾਂਸਕ੍ਰਿਤਕ ਤੇ ਸਭਿਆਚਾਰਕ ਪਰੰਪਰਾਵਾਂ ਤੇ ਮਾਨਤਾਵਾਂ ਵਿੱਚ ਆਸਥਾ ਹੋਣੀ ਚਾਹੀਦੀ ਹੈ।ਸਮਾਜਕ ਤੇ ਧਾਰਮਿਕ ਸੰਸਥਾਵਾਂ ਵਿੱਚ ਪਰਿਵਾਰਕ ਮਿਲਣ ਅਤੇ ਸਹਿਭੋਜ ਦੀ ਵਿਵਸਥਾ ਹੋਣੀ ਚਾਹੀਦੀ ਹੈ।ਸਕੂਲਾਂ ਕਾਲਜਾਂ ਅਤੇ ਸੰਸਥਾਵਾਂ ਵਿੱਚ ਮਹਾਨ ਲੋਕਾਂ,ਗੁਰੂਆਂ,ਸ਼ਹੀਦਾਂ,ਦੇਸ਼ਭਗਤਾਂ ਦੇ ਜਨਮ ਜਾਂ ਸ਼ਹੀਦੀ ਦਿਵਸਾਂ ਤੇ ਛੁਟੀ ਕਰਨ ਦੀ ਬਜਾਏ ਇਹ ਦਿਨ ਲਾਜਮੀ ਤੌਰ ਤੇ ਮਨਾਏ ਜਾਣੇ ਚਾਹੀਦੇ ਹਨ ਤਾਂ ਜੋ ਸਾਡੀ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਦਾ ਗਿਆਨ ਹੋ ਸਕੇ ਅਤੇ ਉਹ ਆਪਣੇ ਮਹਾਨ ਲੋਕਾਂ ਤੋਂ ਪ੍ਰੇਰਣਾ ਲੈ ਸਕਣ।ਆਪਣੀ ਅਮੀਰ ਸੰਸਕ੍ਰਿਤੀ ਅਤੇ ਸਭਿਆਚਾਰ ਨੂੰ ਬਚਾਉਣਾ ਹਰੇਕ ਨਾਗਰਿਕ ਦਾ ਫਰਜ਼ ਹੈ। ਵਰਨਾ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਅਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਸਾਡੇ ਕੋਲੋਂ ਉਹ ਚੀਜ ਵੀ ਖੁਸ ਜਾਵੇਗੀ ,ਬਕੌਲ ਅਲਾਮਾ ਇਕਬਾਲ ,ਜਿਸ ਕਰਕੇ ਅਜੇ ਸਾਡੀ ਹਸਤੀ ਬਚੀ ਹੋਈ ਹੈ।
ਮੋਬਾਈਲ-9876156964
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.