ਸਮਾਜ ਨੂੰ ਚੇਤੰਨ ਕਰਦੀ ਸ਼ਾਇਰੀ -ਮਘਦਾ ਸੂਰਜ


 
                                                                               ਡਾ. ਸਰਦੂਲ ਸਿੰਘ ਔਜਲਾ

   
ਮਹਿੰਦਰ ਸਿੰਘ ਮਾਨ ਪੰਜਾਬੀ ਕਾਵਿ ਖੇਤਰ ਦਾ ਅਜਿਹਾ ਨਾਂ ਹੈ, ਜੋ ਪੂਰੀ ਨਿਰੰਤਰਤਾ ਨਾਲ ਪੰਜਾਬੀ ਕਵਿਤਾ ਦੀ ਰਚਨਾਤਮਕ ਜ਼ਮੀਨ ਨਾਲ ਜੁੜਿਆ ਹੋਇਆ ਹੈ । ਮਘਦਾ ਸੂਰਜ ਮਹਿੰਦਰ ਮਾਨ ਦੀਆਂ ਗ਼ਜ਼ਲਾਂ ਦਾ ਸੰਗ੍ਰਹਿ ਹੈ । ਇਸ ਗ਼ਜ਼ਲ ਸੰਗ੍ਰਹਿ ਤੋਂ ਪਹਿਲਾਂ ਉਹ ਪੰਜ ਕਾਵਿ ਸੰਗ੍ਰਹਿ ‘ਚੜ੍ਹਿਆ ਸੂਰਜ’, ‘ਫੁੱਲ ਅਤੇ ਖ਼ਾਰ’,‘ਸੂਰਜ ਦੀਆਂ ਕਿਰਨਾਂ’,‘ਖ਼ਜ਼ਾਨਾ’ ਅਤੇ ‘ਸੂਰਜ ਹਾਲੇ ਡੁੱਬਿਆ ਨਹੀਂ’ਪੰਜਾਬੀ ਪਾਠਕਾਂ ਦੀ ਨਜ਼ਰ ਕਰ ਚੁੱਕਾ ਹੈ ।
 ਜਦੋਂ ਅਸੀਂ ਉਸ ਦੀ ਸ਼ਾਇਰੀ ਦੀ ਯਾਤਰਾ ਤੇ ਨਜ਼ਰਸਾਨੀ ਕਰਦੇ ਹਾਂ ਤਾਂ ਇਹ ਗੱਲ ਉਭਰਵੇਂ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਉਹ ਪ੍ਰਤੀਬੱਧ ਰੂਪ ਵਿੱਚ ਪ੍ਰਗਤੀਵਾਦੀ ਸ਼ਾਇਰ ਹੈ ਜੋ ਸਮਾਜ ਵਿੱਚੋਂ ਹਰੇਕ ਪ੍ਰਕਾਰ ਦੀ ਬੁਰਿਆਈ ਅਤੇ ਮਾਨਵ ਵਿਰੋਧੀ ਸ਼ਕਤੀਆਂ ਦਾ ਅੰਤ ਚਾਹੁੰਦਾ ਹੈ ਤਾਂ ਕਿ ਸਮਾਜ ਸੁਖੀ ਵਸੇ । ਇਸੇ ਕਰਕੇ ਹੀ ਉਸ ਦੀ ਸ਼ਾਇਰੀ ਵੀ ਬਹੁਤ ਗੁੰਝਲਦਾਰ ਨਹੀਂ । ਉਹ ਸਾਦੇ ਸ਼ਬਦਾਂ ਵਿੱਚ ਅਜਿਹੀ ਗੱਲ ਕਰਦਾ ਹੈ ਜੋ ਪਾਠਕ ਦੇ ਧੁਰ ਅੰਦਰ ਜਾ ਅਸਰ-ਅੰਦਾਜ਼ ਹੁੰਦੀ ਹੈ। ਉਹ ਗ਼ਜ਼ਲ ਰਚਨਾ ਨੂੰ ਸਾਦਗੀ, ਸਰਲਤਾ ਅਤੇ ਸੰਜੀਦਗੀ ਨਾਲ ਰਚਨਾਤਮਕ ਤੋਰ ਪ੍ਰਦਾਨ ਕਰਦਾ ਹੈ ਜੋ ਪਾਠਕ ਨੂੰ ਪ੍ਰਭਾਵਿਤ ਵੀ ਕਰਦੀ ਹੈ ਅਤੇ ਉਸ ਦੀ ਸੁਹਜ ਭੁੱਖ ਦੀ ਤ੍ਰਿਪਤੀ ਵੀ ਕਰਦੀ ਹੈ। ਉਸ ਦੀ ਸ਼ਾਇਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਸੱਤਾ ਦੀ ਚਾਪਲੂਸੀ ਨਹੀਂ । ਉਹ ਤਾਂ ਦੱਬਿਆਂ, ਲਤਾੜਿਆਂ ਦਾ ਹਮਦਰਦ ਸ਼ਾਇਰ ਹੈ। ਉਨ੍ਹਾਂ ਦਾ ਹੀ ਦਰਦ ਉਸਦੀਆਂ ਗ਼ਜ਼ਲਾਂ ਵਿੱਚ ਭਰਿਆ ਹੋਇਆ ਹੈ ਪਰ ਉਹ ਇਸ ਗੱਲੋਂ ਵੀ ਸੁਚੇਤ ਹੈ ਕਿ ਵਿਹਲੇ ਅਤੇ ਲਾਪ੍ਰਵਾਹ ਜੇ ਕਰ ਦੁੱਖ ਭੋਗਦੇ ਹਨ, ਇਸ ਵਿੱਚ ਸਮਾਜ ਉੱਨਾ ਜ਼ਿੰਮੇਵਾਰ ਨਹੀਂ ਜਿੰਨੇ ਕਿ ਉਹ ਲੋਕ ਖ਼ੁਦ ਹਨ । ਸ਼ਾਇਰ ਤਾਂ ਸਿਰਫ ਕਿਰਤੀ ਤੇ ਮਿਹਨਤੀ ਲੋਕਾਂ ਦੀ ਹਾਮੀ ਭਰਦਾ ਹੈ :
-ਮੰਗ ਕੇ ਖਾਂਦੇ ਨੇ ਕੇਵਲ ਬੇਗੈਰਤੇ,
 ਕੰਮ ਕਰਕੇ ਖਾਣ ਵਿੱਚ ਸਾਡੀ ਸ਼ਾਨ ਹੈ।
ਸ਼ਾਇਰ ਤਾਂ ਕਿਰਤ ਨੂੰ ਆਪਣਾ ਮਿਸ਼ਨ ਅਤੇ ਇਸ਼ਟ ਮੰਨਦਾ ਹੈ। ਜ਼ਿੰਦਗੀ ਦੀ ਕਰਮਸ਼ੀਲਤਾ ਵਿੱਚ ਉਸ ਦਾ ਅਟੁੱਟ ਵਿਸ਼ਵਾਸ ਹੈ :
-ਸਿਰੜ ਤੇ ਸਬਰ ਬੰਦੇ ਕੋਲ ਚਾਹੀਦੈ,
 ਉਹ ਕਿਹੜਾ ਕੰਮ ਹੈ, ਜੋ ਉਹ ਕਰ ਨਹੀਂ ਸਕਦਾ।
-ਜਿਸ ਦੇ ਪੱਲੇ ਹਿੰਮਤ ਤੇ ਤਦਬੀਰਾਂ ਨੇ,
 ਜੀਵਨ ਦੇ ਵਿੱਚ ਹੁੰਦੀ ਉਸ ਦੀ ਹਾਰ ਨਹੀਂ।
-ਐਵੇਂ ਨਾ ਬੈਠੇ ਰਹੋ ਬਣ ਕੇ ਨਿਕੰਮੇ,
 ਕੋਸ਼ਿਸ਼ਾਂ ਦੇ ਹੱਥ ਹੈ ਕਿਸਮਤ ਦੀ ਵਾਗ।
ਮਹਿੰਦਰ ਸਿੰਘ ਮਾਨ ਨੂੰ ਇਹ ਵੀ ਪਤਾ ਹੈ ਕਿ ਸਮਾਜ ਵਿੱਚ ਨਾਂਹਵਾਦੀ ਤਾਕਤਾਂ ਦੇ ਹੱਥ ਬੜੇ ਲੰਬੇ ਹਨ। ਇਸੇ ਕਰਕੇ ਹੀ ਗਰੀਬਾਂ, ਮਜ਼ਦੂਰਾਂ, ਕਿਰਤੀਆਂ, ਮਿਹਨਤੀਆਂ ਦੇ ਹੱਕਾਂ ‘ਤੇ ਡਾਕੇ ਮਾਰ ਕੇ ਉਹ ਲੋਕ ਐਸ਼ ਪ੍ਰਸਤੀ ਵਾਲਾ ਜੀਵਨ ਬਤੀਤ ਕਰ ਰਹੇ ਹਨ। ਉਸ ਦੀ ਗ਼ਜ਼ਲ ਹਰੇਕ ਉਸ ਮਿਹਨਤਕਸ਼ ਨੂੰ ਇਸ ਸੋਸ਼ਣ ਪ੍ਰਤੀ ਸੁਚੇਤ ਕਰਦੀ ਹੈ, ਜੋ ਸੁੱਤੇ ਸਿੱਧ ਆਪਣੀ ਰੋਜ਼ੀ ਰੋਟੀ ਕਮਾਉਂਦਾ ਤਾਂ ਹੈ ਪਰ ਮਿਹਨਤ ਦਾ ਮੁੱਲ ਉਸ ਨੂੰ ਮਿਲਦਾ ਨਹੀਂ। ਉਸ ਦੀ ਮਿਹਨਤ ਉੱਤੇ ਸਾਧਨ ਸੰਪੰਨ ਲੋਕ ਐਸ਼ ਪ੍ਰਸਤੀ ਕਰਦੇ ਹਨ। ਇਸੇ ਕਰਕੇ ਉਸ ਦੇ ਸ਼ਿਅਰਾਂ ਦੇ ਪਾਤਰ ਮਿਹਨਤੀ, ਕਿਰਤੀ, ਮਜ਼ਦੂਰ, ਕਾਮੇ ਹਨ ਜੋ ਜਾਗ੍ਰਿਤ ਅਵਸਥਾ ਵਿੱਚ ਨਹੀਂ। ਇਸੇ ਕਰਕੇ ਵਿਵਸਥਾ ਉਨ੍ਹਾਂ ਦੀ ਲੁੱਟ-ਘਸੁੱਟ ਕਰ ਰਹੀ ਹੈ :
-ਖੋਰੇ ਗਰੀਬਾਂ ਨੂੰ ਸਮਝ ਕਦੋਂ ਹੈ ਆਣੀ,
 ਉਨ੍ਹਾਂ ਵਿੱਚ ਫੁੱਟ ਪਾਣ ਦੀ ਚਾਲ ਅਮੀਰਾਂ ਦੀ।
-ਪਾ ਕੇ ਜੇਬਾਂ ਵਿੱਚ ਕਮਾਈ ਕਾਮਿਆਂ ਦੀ,
 ਹੋ ਗਏ ਨੇ ਥੋੜ੍ਹੇ ਚਿਰ ਵਿੱਚ ਮੋਟੇ ਲੋਕ।
-ਪੱਕੇ ਬਣਾਵਣ ਵਾਲੇ ਥੱਲੇ ਸੌਣ,
 ਪਰ ਪੱਕਿਆਂ ਵਿੱਚ ਐਸ਼ਾਂ ਕਰਨ ਦਲਾਲ।
ਮਿਹਨਤ ਕਰਨ ਵਾਲਿਆਂ ਦੇ ਸੋਸ਼ਣ ਦੀ ਸ਼ਾਇਰ ਕੇਵਲ ਕਹਾਣੀ ਹੀ ਨਹੀਂ ਸੁਣਾਉਂਦਾ ਸਗੋਂ ਇਕ ਲੋਕ ਸੰਘਰਸ਼ ਕਰਕੇ ਆਪਣੇ ਹੱਕਾਂ ਦੀ ਰਖਵਾਲੀ ਕਰਨ ਅਤੇ ਆਪਣੇ ਹੱਕ ਖੋਹਣ ਦਾ ਹੋਕਾ ਵੀ ਦਿੰਦਾ ਹੈ । ਉਹ ਇਸ ਗੱਲੋਂ ਸੁਚੇਤ ਹੈ ਕਿ ਕੇਵਲ ਗੱਲ਼ਾਂ ਕਰਨ, ਫੋਕੀ ਭਾਸ਼ਨਬਾਜ਼ੀ ਕਰਨ ਦਾ ਉੱਨਾ ਚਿਰ ਕੋਈ ਲਾਭ ਨਹੀਂ, ਜਦੋਂ ਤੱਕ ਲੋਕ ਕਿਸੇ ਲੋਕ ਲਹਿਰ ਦਾ ਰੂਪ ਧਾਰ ਕੇ ਆਪਣੇ ਹੋ ਰਹੇ ਸੋਸ਼ਣ ਦਾ ਵਿਰੋਧ ਨਹੀਂ ਕਰਦੇ ਅਤੇ ਆਪਣੀ ਕਿਰਤ ਦੀ ਮਿਹਨਤ ਦਾ ਮੁੱਲ ਨਹੀਂ ਪੁਆਉਂਦੇ:
-ਜੋ ਖੜੇ ਨੇ ਮੇਰੀਆਂ ਰਾਹਵਾਂ ਦੇ ਵਿੱਚ ਚੱਟਾਨ ਬਣ ਕੇ ,
 ਮਿੱਟੀ ਵਿੱਚ ਉਹਨਾਂ ਨੂੰ ਦੇਵਾਂਗਾ ਮਿਲਾ ਤੂਫਾਨ ਬਣ ਕੇ।
-ਦੇਸ਼ ਦੇ ਵਿੱਚੋਂ ਉਦੋਂ ਹੀ ਵੰਡ ਕਾਣੀ ਖਤਮ ਹੋਣੀ,
 ਜਦ ਹਰਿਕ ਕਮਜ਼ੋਰ ਵੀ ਜਾਏਗਾ ਖੜ ਬਲਵਾਨ ਬਣ ਕੇ।

ਇਹ ਗੱਲ ਪੂਰੇ ਵਿਸ਼ਵਾਸ ਨਾਲ ਆਖੀ ਜਾ ਸਕਦੀ ਹੈ ਕਿ ਗ਼ਜ਼ਲ-ਰਚਨਾ ਮਹਿੰਦਰ ਸਿੰਘ ਮਾਨ ਦੀ ਸਿਰਜਨਾਤਮਕ ਅਤੇ ਜਰਖੇਜ਼ ਪ੍ਰਤਿਭਾਸ਼ਾਲੀ ਸ਼ਖਸੀਅਤ ਲਈ ਕੋਈ ਰੱਬੀ ਇਲਹਾਮ ਨਹੀਂ ਹੈ ਅਤੇ ਨਾ ਹੀ ਉਸ ਦੀ ਗ਼ਜ਼ਲ ਕਿਸੇ ਹੋਰ ਧਰਤੀ ਦੇ ਲੋਕਾਂ ਦੀ ਬਾਤ ਪਾੳਂੁਦੀ ਹੈ, ਪਰ ਉਹ ਤਾਂ ਆਮ ਜੀਵਨ ਵਰਤਾਰੇ ਵਿੱਚੋਂ ਹੀ ਆਪਣਾ ਗ਼ਜ਼ਲ-ਅਨੁਭਵ ਗ੍ਰਹਿਣ ਕਰਦਾ ਹੈ ਅਤੇ ਫਿਰ ਉਸ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਕੇ ਗ਼ਜ਼ਲਾਂ ਦੇ ਰੂਪ ਵਿੱਚ ਪਾਠਕਾਂ ਅੱਗੇ ਪੇਸ਼ ਕਰਦਾ ਹੈ। ਇਸ ਸੰਗi੍ਰਹ ਵਿਚਲੀਆਂ ਉਸ ਦੀਆਂ ਬਹੁਤ ਸਾਰੀਆਂ ਗ਼ਜ਼ਲਾਂ ਵਿੱਚੋਂ ਅਜਿਹੇ ਸ਼ਿਅਰ ਮਿਸਾਲ ਵਜੋਂ ਦੇਖੇ ਜਾ ਸਕਦੇ ਹਨ:
-‘ਮਾਨ’ ਮਹਿੰਗੇ ਨਸ਼ਿਆਂ ਨੂੰ ਜੋ ਲੱਗ ਗਏ,
  ਉਹ ਗੁਆ ਬੈਠੇ ਜ਼ਮੀਨਾਂ ਘਰ ਦੀਆਂ।
-ਬਾਪ ਆਪਣੇ ਪੁੱਤ ਨੂੰ ਬਾਹਰ ਕਦੇ ਨਾ ਭੇਜਦਾ,
 ਉਸ ਨੂੰ ਜੇ ਕਰ ਫਿਕਰ ਹੁੰਦਾ ਨਾ ਉਦ੍ਹੇ ਰੁਜ਼ਗਾਰ ਦਾ।
-ਉਸ ਬੁੱਢੇ ਦੇ ਨਾਂ ਤੇ ਖੂਬ ਪਕੌੜੇ ਤੇ ਰਸਗੁੱਲੇ ਚੱਲੇ,
 ਜਿਸ ਨੇ ਭੁੱਖਾ ਤੇ ਪਿਆਸਾ ਰਹਿ ਕੇ ਆਪਣੀ ਆਯੂ ਸੀ ਭੋਗੀ।
-ਘਿਉ, ਆਟਾ, ਦਾਲਾਂ ਤੇ ਖੰਡ ਦੇ ਭਾਅ ਵਧਦੇ ਜਾਂਦੇ ਤੇਜ਼ੀ ਨਾ’ ,
 ਅੱਜ ਕਲ੍ਹ ਭੁੱਖੇ ਰਹਿਣਾ ਸਿੱਧ ਹੋ ਸਕਦੈ ਹੱਦੋਂ ਵੱਧ ਉਪਯੋਗੀ ।
-ਅੱਜ ਕਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ,
 ਜਿਹਨਾਂ ਕਾਪੀ ਤੇ ਕਦੇ ਮਾਰੀ ਹੁੰਦੀ ਲੀਕ ਨਹੀਂ।
ਪਰ ਸ਼ਾਇਰ ਇਸ ਗੱਲੋਂ ਦ੍ਰਿੜ੍ਹ ਵਿਸ਼ਵਾਸ ਦਾ ਧਾਰਨੀ ਹੈ ਕਿ ਭਾਵੇਂ ਸਮਾਜ ਵਿੱਚ ਵਿਸੰਗਤੀਆਂ ਬਹੁਤ ਹਨ, ਪਰ ਹਿੰਮਤ, ਹੌਸਲੇ ਅਤੇ ਵਿਸ਼ਵਾਸ ਸਦਕਾ ਮਨੁੱਖ ਚਿੱਕੜ ਵਿੱਚ ਵੀ ਕੰਵਲ ਦੇ ਫੁੱਲ ਦੀ ਤਰ੍ਹਾਂ ਖਿੜਿਆ ਰਹਿ ਸਕਦਾ ਹੈ ਅਤੇ ਸਮਾਜ ਨੂੰ ਖੁਸ਼ੀ ਅਤੇ ਖੇੜਾ ਦੇ ਕੇ ਸੁਹਣਾ ਬਣਾ ਸਕਦਾ ਹੈ। ਹਿੰਮਤ, ਹੌਸਲਾ, ਦਲੇਰੀ ਅਤੇ ਹਾਂ-ਵਾਦੀ ਧੁਨ ਦੀ ਪਕਿਆਈ ਮਨੁੱਖ ਨੂੰ ਜਿੱਥੇ ਚੰਗੇ ਤੋਂ ਚੰਗੇਰਾ ਬਣਾ ਸਕਦੀ ਹੈ, ਉੱਥੇ ਆਪਣੀ ਮੰਜ਼ਿਲ ਦੀ ਪ੍ਰਾਪਤੀ ਵੀ ਆਸਾਨੀ ਨਾਲ ਕਰਨ ਵਾਲੇ ਸਫਰ ਦਾ ਪਾਂਧੀ ਬਣਾ ਸਕਦੀ ਹੈ:
-ਦਿਲ ਨਾ ਛੱਡ ਤੂੰ ਚਾਰੇ ਪਾਸੇ ਵੇਖ ਕੇ ਗੂੜ੍ਹੇ ਹਨੇਰੇ,
 ਦੀਵੇ ਤੇਰੇ ਵਾਸਤੇ ਬਲ ਪੈਣਗੇ ਇਕ ਦਿਨ ਬਥੇਰੇ।
-ਮੈਂ ਤਾਂ ਮੰਜ਼ਿਲ ਪਾਣ ਦਾ ਨਿਸਚਾ ਕੀਤਾ ਹੋਇਆ ਹੈ,
 ਇਸ ਨੂੰ ਪਾਣ ਲਈ ਹਰ ਚੀਜ਼ ਮਸਲ ਜਾਵਾਂਗਾ ਮੈਂ।
-ਇਸ ਦੇ ਵਿੱਚ ਵੀ ਸੋਹਣਾ ਕੰਵਲ ਖਿੜ ਪਏ,
 ਹੁੰਦਾ ਏਨਾ ਮਾੜਾ ਵੀ ਚਿੱਕੜ ਨਹੀਂ।
ਮਹਿੰਦਰ ਸਿੰਘ ਮਾਨ ਦੀ ਸ਼ਾਇਰੀ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਕਿਸੇ ਵੀ ਟੀਚੇ ਨੂੰ ਪਾਣ ਲਈ ਆਪਣੀ ਸ਼ਾਇਰੀ ਵਿੱਚ ਹਾਂ-ਵਾਦੀ ਅਤੇ ਉਸਾਰੂ ਕਦਰਾਂ-ਕੀਮਤਾਂ ਧਾਰਨ ਲਈ ਹੀ ਅਪੀਲ ਕਰਦਾ ਹੈ ਕਿਉਂ ਕਿ ਠੀਕ ਰਸਤੇ ਤੇ ਤੁਰਨ ਨਾਲ ਹੀ ਉਹ ਦੂਜਿਆਂ ਲਈ ਚਾਨਣ ਮੁਨਾਰਾ ਬਣਨ ਦੀ ਕਾਮਨਾ ਕਰਦਾ ਹੈ। ਮੰਜ਼ਿਲ ਦੀ ਪ੍ਰਾਪਤੀ ਲਈ ਹੱਥ ਕੰਡੇ ਵਰਤਣ, ਸਵਾਰਥ ਦੀ ਜ਼ਿੰਦਗੀ ਜਿਉਣ ਅਤੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਛੱਡ ਕੇ ਨਿੱਜੀ ਹਿੱਤਾਂ ਲਈ ਜਿਉਣਾ ਉਸ ਦੀ ਸੰਵੇਦਨਸ਼ੀਲ ਤਬੀਅਤ ਨੂੰ ਗਵਾਰਾ ਨਹੀਂ । ਇਸੇ ਲਈ ਉਹ ਲਿਖਦਾ ਹੈ :
-ਤੂੰ ਗਲਤ ਰਸਤੇ ਤੇ ਭੁੱਲ ਕੇ ਵੀ ਤੁਰੀਂ ਨਾ ਯਾਰਾ,
 ਸੁਣ ਕੇ ਸਲਾਹ ਮੇਰੀ, ਐਵੇਂ ਨਾ ਘੂਰ ਮੈਨੂੰ।
ਭਾਵੇਂ ਕਿ ਪਦਾਰਥਵਾਦੀ ਪਹੁੰਚ ਅਤੇ ਸੋਚ ਨੇ ਸਾਡੇ ਸਮਾਜ ਨੂੰ ਆਪਣੀ ਪਕੜ ਵਿੱਚ ਲਿਆ ਹੋਇਆ ਹੈ,ਰਿਸ਼ਤਿਆਂ ਵਿੱਚ ਵੀ ਪੈਸਾਵਾਦੀ ਕਦਰਾਂ ਕੀਮਤਾਂ ਭਾਰੂ ਹੋ ਰਹੀਆਂ ਹਨ, ਪਰ ਮਹਿੰਦਰ ਸਿੰਘ ਮਾਨ ਵਰਗੇ ਸ਼ਾਇਰ ਜੋ ਸ਼ਬਦਾਂ ਦੀ ਖੇਤੀ ਕਰਦੇ ਹਨ, ਉਨ੍ਹਾਂ ਨੂੰ ਮਾਣ ਹੈ ਕਿ ਉਹ ਸ਼ਬਦ ਹੀ ਹਨ ਜੋ ਮਰਨ ਤੋਂ ਬਾਅਦ ਵੀ ਜਿਉਂਦੇ ਰਹਿੰਦੇ ਹਨ। ਇਨ੍ਹਾਂ ਨਾਲ ਪਾਇਆ ਹੋਇਆ ਮੋਹ ਵੀ ਸਦੀਵੀ ਹੈ। ਮਹਿੰਦਰ ਸਿੰਘ ਮਾਨ ਦਾ ਇਹ ਗ਼ਜ਼ਲ ਸੰਗ੍ਰਹਿ  ਉਸ ਦੀ ਸ਼ਬਦਾਂ ਨਾਲ ਸਾਂਝ ਨੂੰ ਹੋਰ ਵੀ ਪੀਡੀ ਕਰ ਰਿਹਾ ਹੈ। ਉਸ ਦੇ ਸ਼ਬਦਾਂ ਵਿੱਚ:
-ਜੇ ਕਰ ਕੋਲ ਮੇਰੇ ਧਨ ਦੌਲਤ ਨ੍ਹੀ, ਤਾਂ ਕੀ ਹੋਇਆ,
 ਗ਼ਜ਼ਲਾਂ ਰਾਹੀਂ ਆਪਣਾ ਨਾਂ ਰੋਸ਼ਨ ਕਰ ਜਾਵਾਂਗਾ।
120 ਪੰਨਿਆਂ ਦੀ ਇਸ ਪੁਸਤਕ ਨੂੰ ਨਵਰੰਗ ਪਬਲੀਕੇਸ਼ਨਜ਼ ਸਮਾਣਾ ਨੇ ਪ੍ਰਕਾਸ਼ਿਤ ਕੀਤਾ ਹੈ ਅਤੇ ਇਸ ਦੀ ਕੀਮਤ 150/ ਰੁਪਏ ਹੈ ।

                                                                                                      ਮੁਖੀ ,   ਪੋਸਟ ਗਰੈਜੂਏਟ ਪੰਜਾਬੀ ਵਿਭਾਗ
                                                                                                          ਡਿਪਸ ਕਾਲਜ ਢਿਲਵਾਂ ( ਕਪੂਰਥਲਾ )
                                                                                                              ਮੋਬਾਈਲ- 9814168611
                                                                                   
                                                               
                                                                                                               

Post a Comment

0 Comments