ਚੇਤਿਆਂ ਦੀ ਚੰਗੇਰ / ਲੋਕ ਮਨਾਂ ਵਿੱਚ ਵਸਿਆ ਸਰਪੰਚ ਗੁਰਨਾਮ ਸਿੰਘ


ਜਿਸ ਨੇ ਦੋ ਸੌ ਰੁਪਏ ਰਿਸ਼ਵਤ ਨਹੀਂ ਦਿੱਤੀ  ਪੰਜਾਹ ਹਜ਼ਾਰ ਦੀ ਗ੍ਰਾਂਟ ਨੂੰ ਲੱਤ ਮਾਰ ਦਿੱਤੀ

ਤਰਲੋਚਨ ਸਮਾਧਵੀ ( ਲੇਖਕ )

 

ਸੱਤਰਵਿਆਂ ਦੀ ਗੱਲ ਹੈ ਪਿੰਡ ਦੇ ਸਰਪੰਚ ਗੁਰਨਾਮ ਸਿੰਘ ਸਨ ਜੋ ਲਗਾਤਾਰ ਪੱਚੀ ਸਾਲ ਪਿੰਡ ਦੇ ਸਰਪੰਚ ਰਹੇ ਲੰਮਾ ਕੱਦ, ਤੇੜ ਸਾਰੀ ਉਮਰ ਚਾਦਰਾ ਬੰਨ੍ਹਿਆ, ਸੋਹਣੇ ਨੈਣ-ਨਕਸ਼, ਪ੍ਰਭਾਵਸ਼ਾਲੀ ਸ਼ਖਸੀਅਤ ਕੁਝ ਸੰਨਿਆਸੀਆਂ ਦੀ ਸੰਗਤ ਵਿਚ ਬਹੁਤ ਉੱਘਾ ਹਕੀਮ ਬਣ ਗਿਆ । ਫਰੀ ਦਵਾਖਾਣਾ ਚਲਾਇਆ ਜਿੱਥੇ ਅੜ ਗਿਆ ਸੋ ਅੜ ਗਿਆ ਗੁਰਮੁਖੀ ਨਹੀਂ ਸੀ ਆਉਂਦੀ , ਉਰਦੂ ਫਾਰਸੀ ਪੜ੍ਹ ਲੈਂਦਾ ਸੀ ਕੰਮ ਕਰਨ ਨੂੰ ਹਨ੍ਹੇਰੀ ਡੀਸੀ ਨੂੰ ਚਿੱਠੀ, ਬੀਡੀਪੀਓ ਨੂੰ, ਐਸਐਸਪੀ, ਮੁੱਖ ਮੰਤਰੀ ਨੂੰ ਚਿੱਠੀ ਮੈਂ ਪੰਜਾਬੀ ਵਿਚ ਲਿਖਦਾ ਤੇ ਸਬਜੈਕਟ ਉਹ ਦੱਸਦਾ । ਮੈਂ ਦਸ ਪੰਦਰਾਂ ਸਾਲ ਪੰਚਾਇਤ ਦੀ ਡਾਕ ਲਿਖੀ ਤੇ ਪੜ੍ਹੀ ਬਾਘਾ ਪੁਰਾਣਾ ਬਲਾਕ ਦੇ ਬੀਡੀਪੀਓ ਬਲਬੀਰ ਸਿੰਘ ਸਨ ਜੋ ਪੰਜਾਬੀ ਦੇ ਲੇਖਕ ਵੀ ਸਨ । ਮੈਂ ਵੀ ਅਖਬਾਰਾਂ 'ਚ ਲਿਖਦਾ ਸੀ । ਲੰਡੇ ਨੂੰ ਖੁੰਡਾ ਵਲ ਪਾ ਕੇ ਮਿਲ ਗਿਆ । ਮਿੱਤਰਤਾ ਹੋ ਗਈ ਇਕ ਦਿਨ ਬੀਡੀਓ ਕਹਿੰਦਾ, “ਥੋਡੇ ਪਿੰਡ ਦਾ ਚਾਦਰੇ ਜੇ ਵਾਲਾ ਸਰਪੰਚ ਯਾਰ ਬੜਾ ਅੜਬ ਆ । ਰੋਜ ਕੋਈ ਨਾ ਕੋਈ ਸ਼ਿਕਾਇਤ ਕਰ ਦਿੰਦੈ ! ਸਾਡੀ ਝਾੜ ਝੰਬ ਜੋ ਜਾਂਦੀ ਆ
 ਸ਼ਿਕਾਇਤਾਂ ਝੂਠੀਆਂ ਹੁੰਦੀਐਂ ?” ਮੈਂ ਪੁਛਿਆ
ਹੁੰਦੀ ਤਾਂ ਠੀਕ ਹੈ ਪਰ ਅਸੀਂ ਅਪਣੇ ਹਿਸਾਬ ਨਾਲ ਚੱਲਣਾ ਹੁੰਦੈ “ ਬੀਡੀਪੀਓ ਨੇ ਕਿਹਾ ।
ਉਹ ਸ਼ਿਕਾਇਤਾਂ ਮੇਰੀਆਂ ਹੀ ਲਿਖੀਆਂ ਹੁੰਦੀਐਂ,  ਤੁਸੀਂ ਉਸ ਦੇ ਕੰਮ ਕਰ ਦਿਆ ਕਰੋ, ਆਪੇ ਹਟਜੂ “ ਮੈਂ ਕਿਹਾ।
 ਬੀਡੀਓ ਨੇ ਪਿੰਡ ਦੀਆਂ ਗਲੀਆਂ ਨਾਲੀਆਂ ਲਈ ਪੰਜਾਹ ਹਜ਼ਾਰ ਰੁਪਏ ਦੀ ਗਰਾਂਟ ਸੈਂਕਸ਼ਨ ਕਰ ਦਿੱਤੀ । 
ਸਰਪੰਚ ਗੁਰਨਾਮ ਸਿੰਘ ਤੇ ਉਨ੍ਹਾਂ ਦਾ  ਇੰਗਲੈਂਡ ਵਾਸੀ ਸਵ. ਬੇਟਾ ਸੁਰਜੀਤ ਸਿੰਘ
ਉਸ ਸਮੇਂ ਪੰਜਾਹ ਹਜ਼ਾਰ ਰੁਪਏ ਕਾਫੀ ਵੱਡੀ ਰਕਮ ਹੁੰਦੀ ਸੀ ਤੇ ਕਿਹਾ ਕਿ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਦੋ ਸੌ ਰੁਪਿਆ ਦੇ ਕੇ ਸੁਪਰਡੈਂਟ ਦਾ ਮੱਥਾ ਡੰਮ ਦੇਣਾ । ਐਵੇਂ ਅਬਜੈਕਸ਼ਨ ਲਾ ਲਾ ਭੇਜੀ ਜਾਊਗਾ ਮੈਂ ਸਰਪੰਚ ਨੂੰ ਕਿਹਾ ਤਾਂ ਉਹ ਅੜ ਗਿਆ ।  ਕਹਿੰਦਾ ਰਿਸ਼ਵਤ ਦਾ ਇਕ ਰੁਪਿਆ ਨਹੀਂ ਦੇਣਾ ਸੁਪਰਡੈਂਟ ਨਾਲ ਗੱਲ ਕੀਤੀ, ਉਹ ਸਿਰੇ ਦਾ ਕੱਬਾ ਤੇ ਅੜਬ ਕੁੱਕੜ ਕਹਿੰਦਾ  ਮਿਣਤੀ ਕਰਵਾਓ, ਐਸਟੀਮੇਟ ਬਣਵਾਓ, ਪਟਵਾਰੀ ਤੋਂ ਲਿਖਾ ਕੇ ਲਿਆਓ, ਕੋਟੇਸ਼ਨਾਂ ਬਣਵਾਓ, ਠੇਕੇਦਾਰ ਤੇ ਇੱਟਾਂ ਦੇ ਰੇਟ ਲਿਆਓ, ਤਿੰਨ ਮਹੀਨੇ ਘੀਸੀਆਂ ਕਰਾਤੀਆਂ ਏਨੇ ਨੂੰ ਬੀਡੀਪੀਓ ਬਦਲ ਗਿਆ
 ਆਸੇ ਪਾਸੇ ਦੇ ਸਰਪੰਚਾਂ ਨਾਲ ਗੱਲ ਕੀਤੀ ਤਾਂ ਸੁਪਰਡੈਂਟ ਦੇ ਕਈ ਖੁਲਾਸੇ ਸਾਹਮਣੇ ਆਏ । ਲਿਖ ਕੇ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤੇ । ਇਨਕੁਆਇਰੀ ਹੋਈ ਤਾਂ ਉਹ ਸਸਪੈਂਡ ਹੋ ਗਿਆ ਇਸ ਪਿੱਛੋਂ ਦਫਤਰਾਂ ਵਿਚ ਚਾਦਰੇ ਵਾਲਾ ਸਰਪੰਚ , ਚਾਦਰੇ ਵਾਲਾ ਸਰਪੰਚ ਹੋਣ ਲੱਗੀ ਨਵੇਂ ਸੁਪਰਡੈਂਟ ਨੇ ਬੈਠਦੇ ਸਾਰ ਪੰਜਾਹ ਹਜ਼ਾਰ ਦਾ ਚੈਕ ਪੰਚਾਇਤ ਦੇ ਖਾਤੇ ਵਿਚ ਭੇਜ ਦਿੱਤਾ ਕਹਿੰਦੇ ਹਨ ਕਿ ਜੇ ਜਨੂੰਨੀ ਆਦਮੀ ਸਿੱਧੇ ਰਾਹ ਤੁਰ ਪਵੇ ਤਾਂ ਫਰਿਸ਼ਤਾ ਬਣ ਜਾਂਦਾ ਹੈ ਫੇਰ ਤਾਂ ਉਸ ਨੇ ਵਿਕਾਸ ਕੰਮਾਂ ਦੀ ਹਨ੍ਹੇਰੀ ਲਿਆ ਦਿੱਤੀ । ਸਾਈਕਲ ਪਿੱਛੇ ਪਾਣੀ ਦੇ ਘੜੇ ਢੋਹ ਕੇ ਸਿਵਲ ਹਸਪਤਾਲ ਦੀ ਉਸਾਰੀ ਕਰਵਾਈ । ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਵਾਈਆਂ, ਡਾਕਖਾਨਾ ਰਿਹਾਇਸ਼ੀ ਕੁਆਟਰ ਸਮੇਤ ਦੋ ਮੰਜਿਲਾ ਬਣਵਾਇਆ, ਪਸ਼ੂ ਹਸਪਤਾਲ, ਪੰਚਾਇਤ ਘਰ, ਪਾਵਰ ਗਰਿੱਡ, ਪਟਵਾਰਖਾਨਾ, ਬੱਸ ਅੱਡਿਆਂ ਦੀ ਉਸਰੀ ਕਰਵਾਈ, ਸਕੂਲਾਂ ਵਿਚ ਕਮਰੇ ਬਣਵਾਏ । ਕੋਈ ਝਗੜਾ ਥਾਣੇ ਨਹੀਂ ਜਾਣ ਦਿੱਤਾ  ਤੇ ਸਭ ਤੋਂ ਵੱਡੀ ਗੱਲ ਕਿਸੇ ਦੀ ਧੌਂਸ ਨਹੀਂ ਮੰਨੀ । ਅੱਜ ਵੀ ਪਿੰਡ ਵਿਚ ਉਸ ਦੀਆਂ ਲੋਕ ਕਥਾਵਾਂ ਚੱਲਦੀਆਂ ਹਨ

                                                                                    ਮੋਬਾਈਲ ਤੇ ਵਟਸਐਪ - 9417612287

Post a Comment

0 Comments