ਬੱਚਿਆਂ ਦੇ ਫੋਨ ਨੰਬਰ ਦੇਣ ਵਾਲੇ ਅਧਿਆਪਕਾਂ ਖਿਲਾਫ ਕਾਰਵਾਈ ਹੋਵੇ

ਸਕੂਲਾਂ ਵਿੱਚ ਬੱਚਿਆਂ ਦੇ ਘਰ ਦੇ ਫੋਨ ਨੰਬਰ ਇਸ ਲਈ ਨੋਟ ਕੀਤੇ ਜਾਂਦੇ ਹਨ ਤਾਂ ਜੋ ਕੋਈ ਜ਼ਰੂਰੀ ਸੂਚਨਾ ਦਿੱਤੀ ਜਾ ਸਕੇ । ਬੱਚੇ ਦੇ ਮਾਤਾ ਪਿਤਾ ਤੱਕ ਪਹੁੰਚ ਕਰਨੀ ਆਸਾਨ ਰਹੇ । ਪਰ ਬੀਤੇ ਕੁੱਝ ਸਾਲਾਂ ਤੋਂ ਜਦੋਂ ਦਸਵੀਂ ਜਾਂ ਪਲੱਸ ਟੂ ਦੇ ਪੇਪਰ ਸ਼ੁਰੂ ਹੁੰਦੇ ਹਨ ਉਦੋਂ ਹੀ ਮਾਂ ਬਾਪ ਨੂੰ ਵੱਖ ਵੱਖ ਕਾਲਜਾਂ,ਅਕੈਡਮੀਆਂ ਤੇ ਦੁਕਾਨਾਂ ਤੋਂ ਫੋਨ ਆਉਣੇ ਸ਼ੁਰੂ ਹੋ ਜਾਂਦੇ ਹਨ । ਕਹਿਣਗੇ ਫਲਾਣੇ ਬੱਚੇ ਨਾਲ ਗੱਲ ਕਰਵਾ ਦਿਓ। ਬੱਚਾ ਅੱਗੇ ਕੀ ਕਰਨਾ ਚਾਹੁੰਦਾ ਹੈ । ਕਈ ਤਰਾਂ ਦੇ ਸਵਾਲ ਪੁੱਛੇ ਜਾਂਦੇ ਹਨ । ਸਕੀਮਾਂ ਸਲਾਹਾਂ ਦੇਣ ਲਈ ਘਰ ਪਹੁੰਚ ਕਰਨਗੇ । ਸੈਮੀਨਾਰ ਦੇ ਬਹਾਨੇ ਬੁਲਾਉਣਗੇ । ਦੁਕਾਨਦਾਰੀ ਲਈ ਗਾਹਕ ਖਿੱਚਣ ਦੀ ਹਰ ਕੋਸ਼ਿਸ਼ ਕੀਤੀ ਜਾਂਦੀ ਹੈ । ਸਵਾਲ ਉੱਠਦਾ ਹੈ ਇਹਨਾਂ ਕੋਲ ਫੋਨ ਨੰਬਰ ਅਤੇ ਬੱਚੇ ਦਾ ਨਾਮ ਕਿਵੇਂ ਆਉਂਦਾ ਹੈ । ਇਹ ਸਭ ਸਕੂਲ ਦਾ ਕੋਈ ਇਕ ਅਧਿਆਪਕ ਕਰਦਾ ਹੈ । ਇੰਨੇ ਬੰਦਿਆਂ ਨੂੰ ਜਾਣਕਾਰੀ ਦੇਣ ਲਈ ਵਕਤ ਚਾਹੀਦਾ ਹੈ । ਇਸ ਲਈ ਇਹ ਜਾਣਕਾਰੀ ਮੁਫਤ ਨਹੀਂ ਹੋ ਸਕਦੀ । ਇਸ ਪਿੱਛੇ ਪੂਰਾ ਮਾਫੀਆ ਕੰਮ ਕਰਦਾ ਹੈ । ਬੱਚੀਆਂ ਦੇ ਨਿੱਜੀ ਫੋਨ ਨੰਬਰ ਹੋਰ ਲੋਕਾਂ ਤੱਕ ਪਹੁੰਚਾਉਣ ਵਾਲੇ ਇਹਨਾਂ ਅਧਿਆਪਕਾਂ ਤੇ ਅਧਿਕਾਰੀਆਂ ਖਿਲਾਫ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ।
                                                                                                                -ਸਰਬਜੀਤ ਧੀਰ

Post a Comment

0 Comments