ਰਾਜਵੰਤ ਬਾਜਵਾ ਦੀ ਫੇਅਰ ਐਂਡ ਲਵਲੀ


ਕਿਤਾਬਾਂ ਪੜ੍ਹਦਿਆਂ
----------------

ਫੇਅਰ ਐਂਡ ਲਵਲੀ ਰਾਜਵੰਤ ਬਾਜਵਾ ਦਾ ਪਲੇਠਾ ਮਿੰਨੀ ਕਹਾਣੀ ਸੰਗ੍ਰਹਿ ਹੈ। ਜਿਸ ਵਿੱਚ ਉਸ ਦੀਆਂ 64 ਮਿੰਨੀ ਕਹਾਣੀਆਂ ਦਰਜ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਕਹਾਣੀਆਂ ਔਰਤਾਂ ਦੇ ਦੁੱਖ ਸੁੱਖ ਦੀ ਗੱਲ ਕਰਦੀਆਂ ਹਨ ਪਰ ਲੇਖਿਕਾ ਦਾ ਨਜ਼ਰੀਆ ਸਾਡੇ ਸਾਹਮਣੇ ਮੌਜੂਦ ਹੋਰ ਸਮੱਸਿਆਵਾਂ ਅਤੇ ਚੁਣੌਤੀਆਂ ਪ੍ਰਤੀ ਵੀ ਇਸ ਪੁਸਤਕ ਦੀਆਂ ਕਹਾਣੀਆਂ ਰਾਹੀਂ ਉਜਾਗਰ ਹੁੰਦਾ ਹੈ।
ਰਾਜਵੰਤ ਬਾਜਵਾ
 ਉਸ ਦੀਆਂ ਕਹਾਣੀਆਂ ਮਨੁੱਖੀ ਸੰਵੇਦਨਾ ਦੀ ਪੇਸ਼ਕਾਰੀ ਤਾਂ ਕਰਦੀਆਂ ਹੀ ਹਨ ਨਾਲ ਹੀ ਉਹ ਮਨੁੱਖ ਅੰਦਰਲੇ ਦੰਭ ਤੋਂ ਵੀ ਪਰਦਾ ਚੁੱਕਦੀਆਂ ਹਨ। ਠੇਕੇਦਾਰਨੀ, ਖਚਰਾ ਬਾਪੂ, ਕੰਜਕਾਂ ਮਨੁੱਖ ਦੇ ਅੰਦਰ ਬੈਠੇ ਹੋਰ ਮਨੁੱਖ ਦੇ ਦਰਸ਼ਨ ਕਰਵਾਉਂਦੀਆਂ ਹਨ।

 ਰਾਜਵੰਤ ਬਾਜਵਾ ਨੇ ਨਸ਼ਿਆਂ ਅਤੇ ਰਿਸ਼ਵਤਖੋਰੀ ਵਰਗੇ ਵਿਸ਼ੇ ਵੀ ਆਪਣੀਆਂ ਕਹਾਣੀਆਂ ‘ਚ ਪੇਸ਼ ਕੀਤੇ ਹਨ। ਉਹ ਰਾਜਨੀਤੀ ਦੀਆਂ ਲੂੰਬੜ ਚਾਲਾਂ ਨੂੰ ਵੀ ਉਜਾਗਰ ਕਰਦੀ ਹੈ ਤੇ ਕਿਸਾਨੀ ਦਾ ਸੰਕਟ ਵੀ ਉਸ ਦੀਆਂ ਕਹਾਣੀਆਂ ਰਾਹੀਂ ਪੇਸ਼ ਹੁੰਦਾ ਹੈ। ਪੁਸਤਕ ਵਿੱਚ ਵਿਸ਼ਿਆਂ ਦੀ ਵੰਨ ਸੁਵੰਨਤਾ ਉਸ ਦੀ ਸਮਜਿਕ ਚੇਤਨਾ ਦਾ ਅਹਿਸਾਸ ਕਰਵਾਉਂਦੀ ਹੈਇਸ ਪੁਸਤਕ ਵਿੱਚ ਦਰਜ ਕਹਾਣੀਆਂ ਵਿੱਚੋਂ ; ਨਵੀਂ,ਇਮਾਨਦਾਰ ਪੁਲਿਸ ਅਫ਼ਸਰ,ਸ਼ਿਮਲੇ ਦਾ ਸੇਬ ,ਅਫ਼ਸੋਸ ਤੇ ਚੌਂਘਿਆਂ ਵਾਲੇ ਪਰਾਉਂਠੇ ਵਧੀਆ ਕਹਾਣੀਆਂ ਹਨ। ਰਾਜਵੰਤ ਬਾਜਵਾ ਦਾ ਕਹਾਣੀ ਲਿਖਣ ਦਾ ਆਪਣਾ ਅੰਦਾਜ ਹੈ । ਉਸ ਨੇ ਕਈ ਕਹਾਣੀਆਂ ਬਿਆਨ ਕਰਨ ਲੱਗਿਆਂ ਕਹਾਣੀ ਰਸ ਦੀ ਵੀ ਪ੍ਰਵਾਹ ਨਹੀਂ ਕੀਤੀ। ਉਸ ਲਈ ਘਟਨਾ ਮਹੱਤਵਪੂਰਨ ਰਹੀ ਹੈ। ਕੁੱਝ ਕਹਾਣੀਆਂ ਨਾਟਕੀ ਸ਼ੈਲੀ ਵਿੱਚ ਪੇਸ਼ ਹੋਈਆਂ ਹਨ। ਇਨ੍ਹਾਂ ਨੂੰ ਥੋੜ੍ਹੀ ਮਿਹਨਤ ਕਰਕੇ ਲਘੂ ਨਾਟਕਾਂ ਦੇ ਰੂਪ ‘ਚ ਪੇਸ਼ ਕੀਤਾ ਜਾ ਸਕਦਾ ਹੈ। ਕਿਤਾਬ ਵਿੱਚ ਅੱਖਰਾਂ ‘ਤੇ ਅਧਕ (ਅੱ) ਪਾਉਣ ਵੇਲੇ ਖੁੱਲ੍ਹੇ ਦਿਲ ਨਾਲ ਵਰਤੋਂ ਕੀਤੀ ਗਈ ਹੈ। ਤਿੰਨ ਵਿਦਵਾਨਾਂ ਨੇ ਕਿਤਾਬ ਵਿੱਚ ਆਪਣੇ ਵਿਚਾਰ ਦਿੱਤੇ ਹਨ ਪਰ ਕਿਸੇ ਨੇ ਭਾਸ਼ਾ ਬਾਰੇ ਸੁਝਾਅ ਦੇਕੇ ਗਲਤੀਆਂ ਠੀਕ ਕਰਵਾਉਣ ਦੀ ਜ਼ਰੂਰਤ ਨਹੀਂ ਸਮਝੀ। ਪ੍ਰਕਾਸ਼ਕ ਦੀ ਵੀ ਜਿੰਮੇਵਾਰੀ ਹੁੰਦੀ ਹੈ ਕਿ ਉਹ ਪੁਸਤਕ ਨੂੰ ਸੁਚੱਜੇ ਢੰਗ ਨਾਲ ਪੇਸ਼ ਕਰੇ । 120 ਪੰਨਿਆਂ ਦੀ ਇਸ ਪੁਸਤਕ ਦੀ ਕੀਮਤ ਵੀ 120 ਰੁਪਏ ਹੈ। ਪੁਸਤਕ ਨੂੰ ਪ੍ਰਕਾਸ਼ਿਤ ਕੀਤਾ ਹੈ ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ ਨੇ। ਰਾਜਵੰਤ ਬਾਜਵਾ ਦੀ ਮਿੰਨੀ ਕਹਾਣੀਆਂ ਦੀ ਇਸ ਪੁਸਤਕ ਦਾ ਸਵਾਗਤ ਹੈ। ਇਸ ਉਮੀਦ ਨਾਲ ਕਿ ਰਹਿ ਗਈਆਂ ਕਮੀਆਂ ਦੂਜੇ ਐਡੀਸ਼ਨ ਵਿੱਚ ਦੂਰ ਕਰ ਲਈਆਂ ਜਾਣਗੀਆਂ।
                                         ਸਰਬਜੀਤ ਧੀਰ
                                        88722-18418

Post a Comment

0 Comments