ਬਿੱਕਰ ਮਾਣਕ ਦੀਆਂ ਗ਼ਜ਼ਲਾਂ

 ਬਿੱਕਰ ਮਾਣਕ ਦੀਆਂ ਛੇ ਗ਼ਜ਼ਲਾਂ


ਗ਼ਜ਼ਲ 1

ਆਉ ਬਹਿਕੇ ਸੋਚੀਏ, ਠੰਡੇ ਦਿਮਾਗ ਨਾਲ ,

ਘਰ ਨੂੰ ਲੱਗੀ ਏ ਅੱਗ ਕਿਉ ,ਘਰ ਦੇ ਚਿਰਾਗ ਨਾਲ।

 

ਮਨੁੱਖਤਾ ਨੂੰ ਬਦਲ ਦੇਵੇਗਾ , ਸੁਆਹ ਦੇ ਢੇਰ ਵਿੱਚ ,

ਖੇਡਣ ਦੀ ਲੋੜ ਕੀ ਏ ,ਨਫਰਤ ਦੇ ਨਾਗ ਨਾਲ।

 

ਬੀਤੇ ਦੇ ਖੰਡਰਾਂ ਵਿੱਚ ,ਦਫਨਾ ਦਿਉ ਦਵੇਸ਼ ,

ਇਨਸਾਨੀਅਤ ਜਗਾਈਏ ,ਪ੍ਰੀਤਾਂ ਦੇ ਰਾਗ ਨਾਲ।

 

''ਵਾਹ '' ਆਦਮੀ ਨੇ ਕੀਤੀਆਂ ,ਕਿੰਨੀਆਂ ਤਰੱਕੀਆਂ ,

ਸੁਹਾਗਣ ਦਾ ਨਾਤਾ ਟੁੱਟ ਰਿਹੈ ,ਆਪਣੇ ਸੁਹਾਗ ਨਾਲ।

 

ਲਾਲਚ ,ਹੰਕਾਰ ,ਸਵਾਰਥ ,ਦਾਗੀ ਬੰਦੇ ਨੂੰ ਕੀਤੈ ,

ਬੰਦਾ ਨਜ਼ਰ ਨਾ ਆਵੇ ,ਜੀਵਨ ਬੇਦਾਗ ਨਾਲ।

 

ਇਨਸਾਨ ਨਾਲ ਰਿਸ਼ਤੇ ,ਗੰਢਣ ਦੀ ਲੋੜ ਹੈ ,

ਫੁੱਲਾਂ ਦੇ ਜਿਵੇਂ ਦੋਸਤੋ ,ਹੁੰਦੇ ਪਰਾਗ ਨਾਲ।

 

ਜਦ ਵੀ ਕਿਸੇ ਨੂੰ ਮਿਲੀਏ ,ਆਪਣਾ ਬਣਾਕੇ ਮਿਲੀਏ ,

ਮਿਲਦੇ ਨੇ ਵੀਰ ''ਮਾਣਕ '' ਜਿੱਦਾਂ ਵਿਰਾਗ ਨਾਲ।

 ਗ਼ਜ਼ਲ 2

ਜਿੱਥੇ ਮਿਲਦੈ ਪਿਆਰ ,ਆਉਣ ਨੂੰ ਜੀਅ ਕਰਦੈ।

ਬਹਿਕੇ ਵਿੱਚ ਬਹਾਰ ,ਗਾਉਣ ਨੂੰ ਜੀਅ ਕਰਦੈ।

 

ਸੱਜਣਾ ਬਾਝੋਂ ਮਹਿਫ਼ਲ  ,ਕਾਹਦੀ ਮਹਿਫ਼ਲ  ਹੈ ,

ਹੋਵੇ ਤਾਂ ਧਮਕਾਰ, ਪਾਉਣ ਨੂੰ ਜੀਅ ਕਰਦੈ।

 

ਵਿਹੜੇ ਸਾਡੇ ਆਣ ,ਬਿਰਾਜੋ ਮਹਿਰਮ ਜੀ ,

ਫੁੱਲਾਂ ਦੇ ਗਲ ਹਾਰ ,ਪਾਉਣ ਨੂੰ ਜੀਅ ਕਰਦੈ।

 

ਵਗਦਾ ਹੋਵੇ ਤੇਰੇ ,ਮਿੱਠੜੇ ਬੋਲਾਂ ਦਾ ,

ਝਰਨਾ ਠੰਡਾ-ਠਾਰ ,ਨ੍ਹਾਉਣ ਨੂੰ ਜੀਅ ਕਰਦੈ।

 

ਹਾੜ ਮਹੀਨੇ ਅੱਗ ,ਵਰ੍ਹੇ ਜਦ ਸੂਰਜ ਦੀ ,

ਰੁੱਖ ਹੋਵੇ ਛਾਂ -ਦਾਰ ,ਸੌਂਣ ਨੂੰ ਜੀਅ ਕਰਦੈ।

 

''ਮਾਣਕ '' ਤਾਰੇ ਚਮਕਣ ,ਜਦ ਵੀ ਸੱਧਰਾਂ ਦੇ ,

ਚਾਵਾਂ ਦੇ ਚੰਨ ਚਾਰ ,ਲਾਉਣ ਨੂੰ ਜੀਅ ਕਰਦੈ।


ਗ਼ਜ਼ਲ 3

ਅਮਨ ਤੇ ਪਿਆਰ ਨੇ ਹੀ ,ਜੱਗ ਦਾ ਸੁਧਾਰ ਕਰਨੈ।

ਮਨੁੱਖਤਾ ਦੇ ਵਿਗੜੇ ਰੂਪ ਦਾ ,ਮਿਲਕੇ ਸਿੰਗਾਰ ਕਰਨੈ।

 

ਇੱਕ ਤੰਦ ਦੀ ਗੱਲ ਨਹੀਂ ਏ ,ਉਲਝੀ ਹੋਈ ਏ ਤਾਣੀ ,

ਸੁਲਝੇਗੀ ਕਿਸ ਤਰ੍ਹਾਂ ਇਹ,ਬਹਿਕੇ ਵਿਚਾਰ ਕਰਨੈ।

 

ਕੱਚ ਦੀ ਮੰਡੀ 'ਚ ਕਿਉਂ  ਹੈ ,ਗ੍ਰਾਹਕਾਂ ਦੀ ਲੁੱਟ ਮੱਚੀ ,

ਦੁਨੀਆਂ ਦੇ ਕੋਨੇ -ਕੋਨੇ ,ਸੱਚ ਦਾ ਪਸਾਰ ਕਰਨੈ।

 

ਫੱਟ ਵੈਰ-ਈਰਖਾ ਦੇ ,ਮਾਨਵ ਤੜਫ ਰਿਹਾ ਏ ,

ਪ੍ਰੀਤਾਂ ਦੀ ਮਰ੍ਹਮ ਲਾਕੇ ,ਹੈ ਹੋਸ਼ਿਆਰ ਕਰਨੈ।

 

ਲਾ ਏਕਤਾ ਦੇ ਰੰਦੇ ,ਦੂਈ ਦੇ ਪੂਰ ਪਾੜੇ ,

ਬੰਦੇ ਨੂੰ ਫੇਰ ਬੰਦੇ ਦਾ ,ਮਦਦਗਾਰ ਕਰਨੈ।

 

ਦੁੱਖਾਂ ਦੇ ਬੋਝ ਥੱਲੇ  ,ਮਨੁੱਖਤਾ ਸਿਸਕ ਰਹੀ ਏ ,

ਇਨਸਾਨ ਜਾਗ ਪਏ ਤਾਂ ,ਇਹ ਖਤਮ ਭਾਰ ਕਰਨੈ।

 

''ਮਾਣਕ '' ਹਕੂਕ ਸਭ ਦੇ ,ਹੋਵਣ ਜਿੱਥੇ ਬਰਾਬਰ ,

ਉੱਠੋ ਇਮਾਨਦਾਰੋ,ਇਹ ਵਤਨ ਤਿਆਰ ਕਰਨੈ।

 ਗ਼ਜ਼ਲ 4

ਮਾਰਕੇ ਜ਼ਮੀਰ ਨੂੰ ਹੀ ,ਤਾਲਾ ਇਨਸਾਨ ਨੇ।

ਕੱਢ ਲਿਐ ਅਕਲ ਦਾ ,ਦਿਵਾਲਾ ਇਨਸਾਨ ਨੇ।

 

ਇਮਾਨਦਾਰੀ ,ਸੇਵਾ ,ਸੰਤੋਖ ਅਤੇ ਸਾਦਗੀ ਤੋਂ ,

ਪੂਰੀ ਤਰ੍ਹਾਂ ਵੱਟ ਲਿਐ ,ਟਾਲਾ ਇਨਸਾਨ ਨੇ।

 

ਪ੍ਰਦੂਸ਼ਨ ਫੈਲਾਕੇ ਵੈਰ ,ਨਫ਼ਰਤ ਤੇ ਈਰਖਾ ਦਾ ,

ਭਰ ਲਿਐ ਆਲਾ ਤੇ ,ਦੁਆਲਾ ਇਨਸਾਨ ਨੇ।

 

ਜਿੰਨੀ ਵੱਡੀ ਜੁੰਮੇਵਾਰੀ ,ਮਿਲੀ ਦੇਸ਼ ਆਪਣੇ ',

ਉਨਾਂ ਵੱਡਾ ਕੀਤਾ ਹੈ ,ਘੁਟਾਲਾ ਇਨਸਾਨ ਨੇ।

 

ਕਾਲਾ ਧਨ ਸਾਂਭ ਕੇ ,ਸਵਿਸ ਦਿਆਂ ਲਾਕਰਾਂ ',

ਕਰਿਆ ਹੈ ਕਾਰਨਾਮਾ ,ਕਾਲਾ ਇਨਸਾਨ ਨੇ।

 

ਗੁਰੂਆਂ ਯਤਨ ਕੀਤੇ ,ਸੱਚ ਨਾਲ ਜੋੜਨ ਦੇ ,

ਫੇਰੀ ਪਰ ਕੂੜ ਦੀ ਹੀ ,ਮਾਲਾ ਇਨਸਾਨ ਨੇ।

 

ਪੰਚਾਂ ਦਾ ਆਖਿਆ ਤਾਂ ,ਸਿਰ ਮੱਥੇ ਮੰਨਦਾ ਏ ,

ਰੱਖਿਆ ਪਰ ਉੱਥੇ ਈ ,ਪਰਨਾਲਾ ਇਨਸਾਨ ਨੇ।

 

ਇਨਸਾਨ ਅਖਵਾਉਣ ਦਾ ,ਵੀ ਹੱਕਦਾਰ ਨਹੀਂ ਰਿਹਾ ,

ਫੜਿਐ ਸ਼ੈਤਾਨ ਵਾਲਾ ,ਚਾਲਾ ਇਨਸਾਨ ਨੇ।

 

ਜਿੰਦਗੀ 'ਚੋਂ ''ਮਾਣਕ'', ਉਡਾ ਦਿੱਤੈ ਪਾੜ ਕੇ,

ਵਰਕਾ ਇਮਾਨਦਾਰੀ ,ਵਾਲਾ ਇਨਸਾਨ ਨੇ।

 ਗ਼ਜ਼ਲ 5

ਜਿੱਥੇ ਬਹੁਤ ਹੀ ਚੰਗੇ ,ਤੇ ਵਸਦੇ ਲੋਕ ਪਿਆਰੇ ਨੇ ,

ਮੇਰੀ ਬਸਤੀ ਦੇ ਮੇਰੇ ਆਪਣੇ ,ਇਹ ਲੋਕ ਸਾਰੇ ਨੇ।

 

ਕਈਆਂ ਦੇ ਬੋਲ ਨੇ ਮਿੱਠੇ ,ਜੋ ਦਿਲ ਨੂੰ ਟੁੰਬ ਲੈਂਦੇ ਨੇ ,

ਬੜਾ ਉਦਾਸ ਕਰ ਜਾਂਦੇ ,ਜਿਨ੍ਹਾਂ ਦੇ ਬੋਲ ਖਾਰੇ ਨੇ।

 

ਇੱਕ ਦੂਜੇ ਦੇ ਇਹ ਸੁੱਖਾਂ ,ਤੇ ਦੁੱਖਾਂ ਵਿੱਚ ਵੀ ਅਕਸਰ ,

ਗਿਲੇ-ਸ਼ਿਕਵੇ ਭੁਲਾਕੇ ਵੀ ,ਬਣੇ ਰਹਿੰਦੇ ਸਹਾਰੇ ਨੇ।

 

ਬਣੇ ਘਰ ਬਾਰ ਵੀ ਸੋਹਣੇ ,ਤੇ ਕਾਰੋਬਾਰ ਵੀ ਚੰਗੇ ,

ਭੀੜੇ ਘਰ ਕਈ ਮਜ਼ਦੂਰ ਵੀ ,ਰਹਿੰਦੇ ਵਿਚਾਰੇ ਨੇ।

 

ਨੰਨ੍ਹੇ -ਨੰਨ੍ਹੀਆਂ ਦੇ ਨਾਲ ,ਲੱਗੀਆਂ ਰੌਣਕਾਂ ਬੜੀਆਂ ,

ਲੁਕਣ ਮੀਟੀਆਂ ਪਏ ਖੇਡਦੇ ,ਅੱਖੀਆਂ ਦੇ ਤਾਰੇ ਨੇ।

 

ਹਲਚਲ ਰਿਸ਼ਤਿਆਂ ਅੰਦਰ ,ਪੈਦਾ ਸਿਆਸਤ ਵੀ ਕਰਦੀ ਹੈ ,

ਵੋਟਾਂ ਪੈਦੀਆਂ ਨੇ ਜਦ ,ਬੜੇ ਮਿਲਦੇ ਨਜ਼ਾਰੇ ਨੇ।

 

ਮਹਿੰਗਾਈ ਨੇ ਆਪਣੇ ਰੰਗ ,ਇੱਥੇ ਵੀ ਵਿਖਾਏ ਨੇ ,

ਜਿਵੇਂ ਵੀ ਹੋ ਰਹੇ ,ਬੱਸ ਹੋ ਰਹੇ ,''ਮਾਣਕ ''ਗੁਜ਼ਾਰੇ ਨੇ।


ਗ਼ਜ਼ਲ 6

ਨਿੱਕੇ ਹੁੰਦਿਆਂ ਯਾਰੀ ਲਾਈ ਲੋਹੇ ਨਾਲ ,

ਲੋਹਾ ਬਣਕੇ ਖ਼ੂਬ ਨਿਭਾਈ ਲੋਹੇ ਨਾਲ।

 

ਬਹੁਤ ਘਿਸਾਈ ਫਿਰ ਵੀ ਲਿਸ਼ਕਾਂ ਮਾਰ ਰਹੀ ,

ਸ਼ੌਕ ਨਾਲ ਜੋ ਕਲਮ ਬਣਾਈ ਲੋਹੇ ਨਾਲ।

 

ਗੀਤ ,ਗ਼ਜ਼ਲ ,ਕਵਿਤਾਵਾਂ ,ਉਦੋਂ ਤਿਆਰ ਹੋਏ ,

ਫੁੱਲਾਂ ਵਰਗੀ ਕਰੀ ਲਿਖਾਈ ਲੋਹੇ ਨਾਲ।

 

ਲੋਹਾ ਬੀਜਿਆ ,ਲੋਹਾ ਵੱਡਿਆ ,ਘਰ ਭਰਿਆ ,

ਗ੍ਰਹਿਸਥੀ ਦੀ ਗੁਲਜ਼ਾਰ ਸਜਾਈ ਲੋਹੇ ਨਾਲ।

 

ਧਰਤੀ ਤੋਂ ਅੰਬਰ ਦੀਆਂ ਵਿੱਥਾਂ ਮਾਪ ਗਈ ,

ਜਿਹੜੀ ਸੀ ਪਹਿਚਾਣ ਬਣਾਈ ਲੋਹੇ ਨਾਲ।

 

ਜ਼ਿੰਦਗੀ ਦੀ ਕਿਸ਼ਤੀ ਨੂੰ ,ਕਿਨਾਰਾ ਦਿੱਤਾ ਹੈ ,

ਪਿਆਰ ਨਾਲ ਜੋ ਲੱਕੜ ਲਈ ਲੋਹੇ ਨਾਲ।

 

ਜੰਗਾਲ ,ਅਗਿਆਨ ਦੀ ,ਫਿਰ ਵੀ ਖਾਂਦੀ ਰਹੀ ,

ਹੱਡ -ਭੰਨਵੀਂ ਕਰੀ ਕਮਾਈ ਲੋਹੇ ਨਾਲ।

 

ਸੋਨਾ ਬਣਦਾ ਵੇਖਿਆ ,''ਮਾਣਕ '' ਲੋਹਾ ਵੀ ,

ਪਾਰਸ ,ਗਿਆਨ ਦੀ ਕੰਡ -ਛੁਹਾਈ ਲੋਹੇ ਨਾਲ।






ਬਿੱਕਰ ਮਾਣਕ

ਸੰਪਰਕ

ਭਾਰੂ ਚੌਕ ,ਗਲੀ ਨੰਬਰ -2

ਗਿੱਦੜਬਾਹਾ -152101

ਮੋਬਾਈਲ -98557-50568  

 







     

Post a Comment

0 Comments