ਸਾਹਿਤਕਾਰਾਂ ਅਤੇ ਕਵੀਆਂ ਨਾਲ ਸਬੰਧਤ ਕੁੱਝ ਕਵਿਤਾਵਾਂ

  ਸਾਹਿਤਕਾਰਾਂ ਤੇ ਸਾਹਿਤ ਦੇ ਸਰੋਕਾਰਾਂ ਨੂੰ ਬਿਆਨ ਕਰਦੀਆਂ ਕਵਿਤਾਵਾਂ 

 ਲਖਵਿੰਦਰ ਸਿੰਘ ਬਾਜਵਾ ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਵਿੱਚ ਲਿਖਣ ਵਾਲਾ ਬਹੁ ਪੱਖੀ ਸਾਹਿਤਕਾਰ ਹੈ। ਜਿਸ ਨੇ ਕਵਿਤਾ ਅਤੇ ਵਾਰਤਕ ਦੋਵਾਂ ਵਿਧਾਵਾਂ ਵਿੱਚ ਹੀ ਸਫਲਤਾਪੂਰਬਕ ਕਲਮ ਚਲਾਈ ਹੈ। ਉਸਦੀ ਲੇਖਣੀ ਲੋਕ ਪੱਖੀ ਹੈ। ਉਸਦੀਆਂ ਲਿਖਤਾਂ ਲੋਕਾਈ ਦੇ ਦੁੱਖ ਦਰਦ ਅਤੇ  ਸਮੱਸਿਆਵਾਂ ਦੀ ਗੱਲ ਹੀ ਨਹੀਂ ਕਰਦੀਆਂ ਸਗੋਂ  ਉਨ੍ਹਾਂ ਸਮੱਸਿਆਵਾਂ ਦੇ ਹੱਲ ਵੀ ਤਲਾਸ਼ਦੀਆਂ ਹਨ। ਉਹ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਤੇ ਚੋਟ ਵੀ ਕਰਦਾ ਹੈ ਅਤੇ ਲੋਕਾਂ ਨੂੰ ਸੁਚੇਤ ਵੀ ਕਰਦਾ ਹੈ। ਲਖਵਿੰਦਰ ਸਿੰਘ ਬਾਜਵਾ ਜਿਥੇ ਸਾਹਿਤ ਦੇ ਅਸਲ ਸਰੋਕਾਰਾਂ ਪ੍ਰਤੀ ਸੁਚੇਤ ਹੈ ਉੱਥੇ ਉਹ ਸਾਹਿਤ ਦੇ ਖੇਤਰ ਵਿੱਚ ਬੈਠੇ ਸਾਹਿਤਕ ਮਾਫ਼ੀਏ ਪ੍ਰਤੀ ਵੀ ਭਲੀ ਭਾਂਤ ਜਾਣਦਾ ਹੈ। ਸਾਹਿਤਕ ਚੋਰਾਂ ਨੂੰ ਵੀ ਉਸਨੇ ਆਪਣੀਆਂ ਲਿਖਤਾਂ ਵਿੱਚ ਲੰਮੇਂ ਹੱਥੀਂ ਲਿਆ ਹੈ। ਇੱਥੇ ਅਸੀਂ ਲਖਵਿੰਦਰ ਸਿੰਘ ਬਾਜਵਾ ਦੀਆਂ ਕੁੱਝ ਕਵਿਤਾਵਾਂ ਪਾਠਕਾਂ ਨਾਲ ਸਾਂਝੀਆਂ ਕਰਨ ਦੀ ਖੁਸ਼ੀ ਲੈ ਰਹੇ ਹਾਂ ਜੋ ਸਾਹਿਤ ਵਿਚਲੇ ਦੰਭ ਨੂੰ ਤਾਂ ਉਜਾਗਰ ਕਰਦੀਆਂ ਹੀ ਹਨ ਨਾਲ ਹੀ ਸਾਹਿਤ ਦੇ ਅਸਲ ਮਨੋਰਥ ਨੂੰ ਵੀ ਦਰਸਾਉਦੀਆਂ ਹਨ।

                                     ਸਰਬਜੀਤ ਧੀਰ

 

ਲਖਵਿੰਦਰ ਸਿੰਘ ਬਾਜਵਾ ਦੀਆਂ ਕਵਿਤਾਵਾਂ

ਲਖਵਿੰਦਰ ਸਿੰਘ ਬਾਜਵਾ


 

ਯਬਲੀਆਂ ਨਾ ਮਾਰ ਓ ਯਾਰ


 ਸੁਣ ਲੈ ਸਹਿਜ ਪੁਕਾਰ ਓ ਯਾਰ।

ਯਬਲੀਆਂ ਨਾ ਮਾਰ ਓ ਯਾਰ ।

 

ਬੇ ਰਸ ਕਵਿਤਾ ਬੇ ਰਸ ਲਿਖਤਾਂ ,

ਇਸ ਨੂੰ ਕੁਝ ਸੁਧਾਰ ਓ ਯਾਰ ।

 

ਖੋਤਾ ਘੋੜਾ ਨਹੀ ਬਣ ਜਾਂਦਾ,

ਕਹਿਣ ਇਰਾਕੀ ਚਾਰ ਓ ਯਾਰ ।

 

ਵਾਹ ਵਾਹ ਵਾਹ ਦੇ ਵਿੱਚ ਭੁਲੇਖੇ,

ਨਾ ਛਕ ਫੂਕ ਬੇਕਾਰ ਓ ਯਾਰ।

 

ਵਾਹ ਵਾਹ ਖੁਦ ਕਰਵਾ ਲੈਂਦੀ ਐ,

ਰਚਨਾ ਉੱਚ ਮਿਆਰ ਓ ਯਾਰ।

 

ਚੋਰਾਂ ਦੇ ਘਰ ਦੀਪ ਨਾ ਜਗਦੇ,

ਰਹਿੰਦਾ ਅੰਧ ਗੁਬਾਰ ਓ ਯਾਰ।

 

ਕਾਵਿ ਚੁਰਾਇਆ ਮਾਣ ਗਵਾਇਆ,

ਇੱਜਤ ਤਾਰੋ ਤਾਰ ਓ ਯਾਰ।

 

ਜਿਹੜਾ ਦੱਸੇ ਜਾਚ ਲਿਖਣ ਦੀ,

ਗੁਰੂ ਅਜੇਹਾ ਧਾਰ ਓ ਯਾਰ।

 

ਨਾਲ ਅਕਲ ਅਭਿਆਸ ਕਰੇਂ ਜੇ,

ਖੁੱਲ੍ਹੇ ਦਸਮ ਦੁਆਰ ਓ ਯਾਰ।

 

ਝੂਠੀ ਸ਼ੋਹਰਤ ਪਿੱਛੇ ਭੱਜ ਭੱਜ ,

ਮੱਤ ਹੋ ਸਦਾ ਖੁਆਰ ਓ ਯਾਰ ।

 

ਮਾਨ ਵੇਚ ਸਨਮਾਨ ਖਰੀਦੇਂ,

ਇਹ ਕੈਸਾ ਕਿਰਦਾਰ ਓ ਯਾਰ।

 

ਲੰਬੀ ਲਾਈਨ ਕਿਤਾਬਾਂ ਵਾਲੀ,

ਰੱਦੀ ਹੈ ਬੇ- ਕਾਰ ਓ ਯਾਰ।

 

ਜੇ ਉਹਦੇ ਵਿੱਚ ਸੋਚ ਸੁਚੱਜੀ,

ਹਰਫ ਨਾ ਵਾਹੇ ਚਾਰ ਓ ਯਾਰ।

 

ਸੂਰੀ ਦੇ ਬੱਚੇ ਨਹੀਂ ਬਣਦੇ,

ਕਦੇ ਸ਼ੇਰ ਬਲਕਾਰ ਓ ਯਾਰ।

ਛੱਡ ਦੇ ਲਿਖਣਾ ਜੇ ਨਾ ਚੱਲੇ,

ਕਲਮ ਵਾਂਗ ਹਥਿਆਰ ਓ ਯਾਰ।

 

ਜੇ ਨਾ ਸੋਚ ਸਮੇਂ ਦੀ ਹਾਣੀ,

ਫਿਰ ਲਿਖਣਾ ਨਿਰਧਾਰ ਓ ਯਾਰ।

 

ਨਾਲ ਰੇਤ ਦੇ ਕਦੇ ਨਾ ਬਣਦੇ,

ਸਖਤ ਬੁਲੰਦ ਮੀਨਾਰ ਓ ਯਾਰ।

 

ਬਿਨ ਸਾਗਰ ਵਿੱਚ ਚੁੱਭੀ ਲਾਇਆਂ,

ਮਿਲਦੇ ਨਹੀ ਜਵਾਹਰ ਓ ਯਾਰ।

 

ਗਿਆਨ ਬਹਿਰ ਦੇ ਭੇਦ ਲਿਆਂ ਬਿਨ,

ਔਖਾ ਹੋਣਾ ਪਾਰ ਓ ਯਾਰ।

 

ਸਾਹਿਤਕ ਮੁੱਲੋਂ ਹੀਣੀ ਜੋ, ਨਾ

ਐਸੀ ਲਿਖਤ ਉਚਾਰ ਓ ਯਾਰ।

 

ਮਸਤਕ ਪਾ ਚਾਨਣ ਦੀ ਪੂੰਜੀ,

ਫਿਰ ਕਰ ਲਫਜ਼ ਵਪਾਰ ਓ ਯਾਰ।

 

ਕਰ ਚਿੰਤਨ ਅਭਿਆਸ ਪਕੇਰਾ,

ਇੰਜ ਨਾ ਹਿੰਮਤ ਹਾਰ ਓ ਯਾਰ।

 

ਫੇਰ ਸਮਝ ਲਈਂ ਲਿਖਣਾ ਤੇਰਾ,

ਸਭ ਖਾਤਰ ਦਰਕਾਰ ਓ ਯਾਰ।

 

ਬਾਜਵਿਆ ਵਾਹ ਵਾਹ ਪਿੱਠ ਪਿੱਛੇ,

ਜਦ ਆਖੇ ਸੰਸਾਰ ਓ ਯਾਰ ।

 

ਕਾਵਿ ਚੋਰ


ਕਵਿਤਾ ਲੈ ਕੇ ਕਿਸੇ ਦੀ, ਦਿੱਤੀ ਤੋੜ ਮਰੋੜ।

ਆਖਰ ਦੇ ਵਿੱਚ ਆਪਣਾ, ਨਾਂ ਦਿੱਤਾ ਸੂ ਜੋੜ।

 

ਲਫ਼ਜ਼ ਰੜਕਦੇ ਰਹਿ ਗਏ, ਜਿੱਦਾਂ ਰੜਕਣ ਰੋੜ।

ਪੱਦਿਆਂ ਸਰਦਾ ਜਿਨ੍ਹਾਂ ਦਾ ਹੱਗਣ ਦੀ ਕੀ ਲੋੜ।

 

ਜਿਓਂ ਘੋੜੀ ਤੇ ਗਧੇ ਦਾ, ਹੋਇਆ ਹੋਵੇ ਮੇਲ।

ਖੱਚਰ ਕਵਿਤਾ ਜੰਮਦੇ, ਕੈਸਾ ਖੇਲਣ ਖੇਲ੍ਹ ।

 

ਇੰਜਣ ਕਿਧਰੋਂ ਲੱਭਿਆ, ਕਿਧਰੋਂ ਪਾਇਆ ਤੇਲ।

ਵੇਖ ਬਣਾਈ ਕਿਸ ਤਰਾਂ, ਕਵਿਤਾ ਵਾਲੀ ਰੇਲ।

 

ਨਕਲ ਵਾਸਤੇ ਆਖਦੇ, ਅਕਲ ਚਾਹੀਦੀ ਨਾਲ।

ਪਰ ਇਹ ਅਕਲੋਂ ਬਾਝ ਹੀ, ਕਰਦੇ ਜਾਣ ਕਮਾਲ।

 

ਬੜੇ ਰਸਾਇਣੀ ਮਾਹਰ ਨੇ, ਕਵਿਤਾ ਦੇਂਦੇ ਗਾਲ।

ਫਿਰ ਵੀ ਮਿਲਦੇ ਉਹਨਾ ਨੂੰ, ਮੋਮੈਂਟੋ ਤੇ ਸ਼ਾਲ।

 

ਚੁੱਕੀ ਫਿਰ ਤੂੰ ਮਖਮਲਾਂ, ਏਥੇ ਵਿਕਦਾ ਚੰਮ।

ਦੰਮਾਂ ਨੂੰ ਨੇ ਖਿੱਚਦੇ, ਦੋਸਤ ਏਥੇ ਦੰਮ।

 

ਏਥੇ ਚਮਚੇ ਕੜਛੀਆਂ, ਦਾ ਆਇਆ ਹੈ ਦੌਰ।

ਛੰਨੇ ਕਿੱਥੇ ਲੱਭਦੇ, ਕਰ ਕੇ ਵੇਖੀਂ ਗੌਰ।

 

ਦਿਸਦੇ ਬਗਲੇ ਭਗਤ ਨੇ, ਇਹ ਕਵਿਤਾ ਦੇ ਚੋਰ।

ਰੋਲ ਘਚੋਲੇ ਕਰਨ ਲਈ, ਲਾਉਣ ਨਾ ਅੱਖ ਦਾ ਫੋਰ।

 

ਸਿੱਖ ਲੈ ਤੂੰ  ਵੀ ਬਾਜਵਾ, ਇਹਨਾ ਤੋਂ ਕੁਝ ਢੰਗ।

ਬਣ ਜਾਵੇਂਗਾ ਤੂੰ ਵੀ, ਵੱਡਾ ਕਵੀ ਮਲੰਗ

 

ਕਵਿਤਾ


ਕਵਿਤਾ ਵਿੱਚ ਰਵਾਨਗੀ, ਹੋਵੇ ਸੋਹਣੀ ਸੋਚ।

ਜੇਕਰ ਚਾਹੁਨੈ ਸਿੱਖਣੀ, ਰੱਖ ਪੜ੍ਹਨ ਦੀ ਲੋਚ।

ਭਾਵ ਪਰੋਣੇ ਆਉਣ ਨਾ, ਅੱਖਰ ਆਉਣ ਨਾ ਫਿੱਟ।

ਐਵੇਂ ਕਾਗਜ਼ ਗਾਲ ਨਾ, ਕਲਮ ਤੋੜ ਕੇ ਸਿੱਟ।

ਕਵਿਤਾ ਜੇ ਨਾ ਉੱਤਰੇ, ਕਦੇ ਲਿਖੀਂ ਨਾ ਯਾਰ।

ਕਵਿਤਾ ਦੇ ਸੰਗ ਕਰੀਂ ਨਾ, ਯਾਰਾ ਭੈੜੀ ਕਾਰ।

ਕਵਿਤਾ ਹੁੰਦੀ ਨਿਰੀ ਨਾ, ਮਨੋਰੰਜਨ ਦਾ ਖੇਲ।

ਕਵਿਤਾ ਲਿਖੇ ਸਵਾਰਥੀ, ਜੜ੍ਹੀਂ ਦੇਂਵਦਾ ਤੇਲ।

ਕਵਿਤਾ ਸੋਮਾ ਪਿਆਰ ਦਾ, ਸੀਵੇ ਫੁੱਟ ਲੰਗਾਰ।

ਕਵਿਤਾ ਪਾੜੇ ਪਾਏ ਜੋ, ਫਿੱਟੇ ਮੂੰਹ ਸੌ ਵਾਰ।

ਕਵਿਤਾ ਚਾਪਲੂਸ ਦੀ, ਲਾਵੇ ਝੂਠ ਅੰਬਾਰ।

ਸੱਚ ਲੁਕਾਵੇ ਕਲਮ ਜੋ, ਹੈ ਉਹਨੂੰ ਧ੍ਰਿਕਾਰ।

ਕਵਿਤਾ ਚਸ਼ਮਾ ਨੂਰ ਦਾ, ਕਵਿਤਾ ਖਿੜੀ ਬਸੰਤ।

ਕਵਿਤਾ ਤਖਤ ਪਲੱਟਦੀ, ਇਸ ਵਿੱਚ ਸ਼ਕਤ ਅਨੰਤ।

ਕਵਿਤਾ ਹੈ ਸੰਵੇਦਨਾ, ਵਾਲਾ ਵਹਿੰਦਾ ਵੇਗ।

ਕਵਿਤਾ ਸੂਖਮ ਰੇਸ਼ਮੀ, ਕਵਿਤਾ ਤਿੱਖੀ ਤੇਗ।

ਕਵਿਤਾ ਸੁੰਦਰ ਕਾਮਨੀ, ਅਲੰਕਾਰੀ ਸ਼ਿੰਗਾਰ।

ਕਵਿਤਾ ਝਾਵਾਂ ਖੁਰਦਰਾ, ਦੇਵੇ ਮੈਲ ਉਤਾਰ।

ਕਵਿਤਾ ਜੋ ਸੁਰ ਤਾਲ ਦੀ, ਦੇ ਦੂਣਾ ਪ੍ਰਭਾਵ।

ਪਿੰਗਲ ਦੇ ਅਨੁਸਾਰ ਨਾ, ਸਿਲ ਅਲੂਣੀ ਕਾਵਿ।

ਕਵੀਆ ਕਵਿਤਾ ਇੰਜ ਨਾ, ਘੱਟੇ ਮਿੱਟੀ ਰੋਲ।

ਅੰਦਰ ਪਾਵਨ ਸ਼ੀਰ ਦੇ, ਨਾ ਕਾਂਜੀ ਪਿਆ ਘੋਲ।

ਅੱਖਰ ਹੀਰੇ ਕੀਮਤੀ, ਨਾ ਪਰੋ ਵਿੱਚ ਮੁੰਜ।

ਸੋਨੇ ਅੰਦਰ ਸੋਭਦੇ, ਇਹ ਚਾਨਣ ਦੇ ਪੁੰਜ।

ਮਿੱਟੀ ਵਿੱਚੋਂ ਟੋਲਣਾ, ਕਿੱਦਾਂ ਦੱਸ ਯਕੂਤ।

ਕਰ ਕਰ ਸਿਫਤ ਯਕੂਤ ਦੀ, ਕਵੀ ਕਹਾਏਂ ਊਤ।

ਜੇ ਤੂੰ ਚਾਹੁਨੈ ਬਾਜਵਾ, ਕਵੀਆਂ ਵਾਲੀ ਦਿੱਖ।

ਵਰਕੇ ਭਰਨੇ ਛੱਡ ਕੇ, ਕਵਿਤਾ ਲਿਖਣੀ ਸਿੱਖ।



ਕਵਿਤਰੀ


ਮੈਨੂੰ ਮਿੱਤਰ ਇੱਕ ਨੇ ਗੱਲ ਇੰਜ ਸੁਣਾਈ

ਸੁਣਿਓਂ ਨਾਲ ਗੌਰ ਦੇ ਸਾਰੇ ਹੀ ਭਾਈ

ਜਦ ਦੀ ਹੋਈ ਕਵਿਤਰੀ ਮੇਰੀ ਘਰ ਵਾਲੀ

ਓਦਣ ਦੀ ਹੀ ਹੋ ਗਈ ਕਿਸਮਤ ਹੈ ਕਾਲੀ

ਵੀਹ ਸਾਲ ਤੋਂ ਬਣੇ ਰਹੇ ਹਮ ਕਵੀ ਕਰਿੰਦੇ

ਬੈਠੇ ਆ ਕੇ ਛੱਤ ਤੇ ਨਾ ਕਦੇ ਪਰਿੰਦੇ

ਹੁਣ ਕਬੂਤਰ ਗੁਟਰਗੂੰ ਨੇ ਰੋਜ ਕਰੇਂਦੇ

ਮੈਡਮ ਜੀ ਦੀ ਇੰਟਰਵਿਊ ਸੰਗ ਚੋਜ ਕਰੇਂਦੇ

ਸਾਰੇ ਆਖਣ ਓਸ ਦੀ ਰਸਨਾ ਰਸ ਚੋਵੇ

ਕਵੀ ਸਭਾ ਕੋਈ ਓਸ ਬਿਨ ਪੂਰੀ ਨਾ ਹੋਵੇ

ਮੇਰੇ ਰਹਿੰਦੇ ਸ਼ੇਅਰ ਜੋ ਬਿਨ ਦਾਦੋਂ ਖਾਲੀ

ਵਾਹ ਵਾਹ ਲੁੱਟੇ ਉਹਨਾ ਤੇ ਮੇਰੀ ਘਰ ਵਾਲੀ

ਕੋਈ ਮਹਿਫਲ ਓਸ ਬਿਨ ਹੁਣ ਨਹੀਓੰ ਸੋਂਹਦੀ

ਤੱਕ ਤੱਕ ਮੇਰੀ ਆਤਮਾ ਵਿੱਚੇ ਵਿੱਚ ਰੋਂਦੀ

ਮੁੱਖ ਮਹਿਮਾਨਾ ਵਿੱਚ ਉਹ ਤੇ ਆਪਾਂ ਥੱਲੇ

ਹੋਰਾਂ ਸੰਗ ਉਹਦੀ ਗੁਟਰਗੂੰ ਤੇ ਆਪਾਂ ਕੱਲੇ

ਹਰ ਸੰਸਥਾ ਸੱਦ ਸੱਦ ਸਨਮਾਨ ਕਰਾਵੇ

ਉਹਦੇ ਪੜ੍ਹੇ ਕਸੀਦੜੇ ਤੇ ਨਾ ਸ਼ਰਮਾਵੇ

ਮੈਨੂੰ ਘਾਹ ਨਾ ਕਦੇ ਵੀ ਜਿਨ੍ਹਾ ਨੇ ਪਾਇਆ

ਉਹਦੇ ਅੱਗੇ ਕਾਜੂਆਂ ਦਾ ਥਾਲ ਟਿਕਾਇਆ

ਇਹ ਵੇਖ ਮਨ ਈਰਖਾ ਨੇ ਡੇਰਾ ਲਾਇਆ

ਰੋਈ ਅੰਦਰੋਂ ਆਤਮਾ ਤੇ ਰੂਹ ਕੁਰਲਾਇਆ

ਆਪੇ ਤੈਨੂੰ ਫਾਥੀਏ ਹੁਣ ਕੌਣ ਛੁਡਾਏ

ਆਪਣੇ ਪੈਰੀਂ ਆਪ ਹੀ ਮੈਂ ਜ਼ਖ਼ਮ ਲਗਾਏ

ਲਿਖ ਲਿਖ ਕਾਵਿ ਪ੍ਰੇਮ ਸੰਗ ਨਾਂ ਉਹਦਾ ਭਰ ਕੇ

ਭੇਟਾ ਕਰਦਾ ਰਿਹਾ ਸਾਂ ਹੁਣ ਏਸੇ ਕਰਕੇ

ਬਣ ਗਈ ਉਹ ਕਵਿਤਰੀ ਮੈਂ ਹੋਇਆ ਜੀਰੋ

ਕੋਈ ਉਪਾਅ ਨਾਂ ਚੱਲਦਾ ਹੁਣ ਮੇਰੇ ਵੀਰੋ

ਘਰ ਰਸੋਈ ਚਿਰਾਂ ਤੋਂ ਹਨ ਚੌਪਟ ਹੋਏ

ਖਾਣਾ ਖਾ ਖਾ ਹੋਟਲੋਂ ਹੋ ਗਏ ਅਧਮੋਏ

ਹੈ ਤੁਹਾਨੂੰ ਦੋਸਤੋ ਇੱਕੋ ਅਰਜੋਈ

ਬੀਵੀ ਇੰਜ ਕਵਿਤਰੀ ਕਰਿਓ ਨਾਂ ਕੋਈ

ਨਹੀ ਤੇ ਮੇਰੇ ਵਾਂਗਰਾਂ ਪੈਸੀ ਪਛਤਾਣਾ

ਬਣ ਕੇ ਨੌਕਰ ਓਸ ਦਾ ਪਊ ਝੱਟ ਲੰਘਾਣਾ

ਦੱਸਿਓ ਨੁਸਖਾ ਕੋਈ ਜੇ ਗੱਲ ਮੇਰੀ ਰਹਿ ਜਾਏ

ਵੱਸਦਾ ਰਹਿ ਜੇ ਬਾਜਵਾ ਬੀਵੀ ਘਰ ਬਹਿ ਜਾਏ




 ਅਕਵਿਤਾ


ਬੈਠੇ ਊਟ ਪਟਾਂਗ ਜੋ ਲਿਖਣ ਲਾਈਨਾ,ਉਹਨਾ ਕਵਿਤਾ ਨੂੰ ਸਮਝਿਆ ਖੇਡ ਬੇਲੀ।

ਅੰਨੇ ਅਕਲ ਦੇ ਡਿੱਗਦੇ ਖੂਹ ਅੰਦਰ,ਉਹਨਾ ਫੜ ਲਈ ਐ ਚਾਲ ਭੇਡ ਬੇਲੀ ।

ਕਰਦੇ ਨਕਲ ਬਗੈਰ ਨੇ ਅਕਲ ਜਿਹੜੇ ਬਣ ਜਾਣ ਉਹ ਲੋਕਾਂ ਦੀ ਝੇਡ ਬੇਲੀ।

ਕਵਿਤਾ ਲਿਖਣ ਨਾ ਬਾਜਵਾ ਰਾਹ ਸੌਖਾ ਪੈਂਦਾ ਲੰਘਣਾ ਧਾਰ ਬਲੇਡ ਬੇਲੀ।

 

ਨਾਹੀ ਤੋਲ ਤੁਕਾਂਤ ਨਾ ਭਾਵ ਪੂਰੇ , ਪਈ ਵਿੱਚ ਨਾ ਕਵਿਤਾ ਦੇ ਰੂਹ ਬੇਲੀ।

ਕਵਿਤਾ ਉਹ ਜੋ ਪੜ੍ਹਦਿਆਂ ਹੋਸ਼ ਭੁੱਲੇ  ਪਾਏ ਦਿਲਾਂ ਦੇ ਵਿੱਚ ਜੋ ਧੂਹ ਬੇਲੀ।

ਕਵਿਤਾ ਵਾਂਗ ਸਮੀਰ ਸੁਗੰਧ ਵੰਡੇ , ਕਵਿਤਾ ਹੋਏ ਨਾ ਹਾੜ ਦੀ ਲੂਅ ਬੇਲੀ ।

ਵਿੱਚੋਂ ਫਿੱਕੇ ਖਰਬੂਜ਼ੇ ਦੇ ਵਾਂਗ ਨਿਕਲੇ , ਪਾਠਕ ਬਾਜਵਾ ਆਖਦੇ ਥੂਹ ਬੇਲੀ।

 

ਮਨ ਦੀ ਕਵਿਤਾ


ਤੂੰ ਫੁੱਲਾਂ ਦੀ ਕਵਿਤਾ ਲਿਖਦੈਂ ਲਿਖਦਾ ਰਹਿ,

ਮੈਂ ਤਾਂ ਕੇਵਲ ਜੜ੍ਹ ਦੀ ਕਵਿਤਾ ਲਿਖਦਾ ਹਾਂ।

ਤੂੰ ਝਰਨੇ ਦੀ ਕਵਿਤਾ ਲਿਖਦੈਂ ਲਿਖਦਾ ਰਹਿ

ਮੈਂ ਤਾਂ ਆਏ ਹੜ੍ਹ ਦੀ ਕਵਿਤਾ ਲਿਖਦਾ ਹਾਂ।

ਜੇਕਰ ਜੜ੍ਹ ਹੀ ਸੁੱਕ ਗਈ ਫੁੱਲ ਵੀ ਲੱਭਣੇ ਨਾ,

ਮੈ ਦਰਦਾਂ  ਨੂੰ ਪੜ੍ਹਦੀ ਕਵਿਤਾ ਲਿਖਦਾ ਹਾਂ।

ਪੈਰ ਅਮੀਰਾਂ ਦੇ ਵਿੱਚ ਕਵਿਤਾ ਧਰਦੈਂ ਤੂੰ,

ਮੈਂ ਕਾਮੇ ਸੰਗ ਖੜ੍ਹਦੀ ਕਵਿਤਾ ਲਿਖਦਾ ਹਾਂ।

ਤੂੰ ਲਿਖਦਾ ਏਂ ਕਵਿਤਾ ਹਿੱਲ ਸਟੇਸ਼ਨ ਦੀ,

ਮੈਂ ਪਰਬਤ ਤੇ ਚੜ੍ਹਦੀ ਕਵਿਤਾ ਲਿਖਦਾ ਹਾਂ।

ਤੂੰ ਸ਼ੋਹਰਤ ਨੂੰ ਘੜਦੀ ਕਵਿਤਾ ਲਿਖਦਾ ਏਂ,

ਮੈਂ ਕਿਸਮਤ ਨੂੰ ਘੜਦੀ ਕਵਿਤਾ ਲਿਖਦਾ ਹਾਂ।


ਸੰਪਰਕ                                                                                                       

ਪਿੰਡ- ਜਗਜੀਤ ਨਗਰ  (ਹਰੀਪੁਰਾ )

ਜਿਲ੍ਹਾ ਸਿਰਸਾ, ਹਰਿਆਣਾ

ਮੋਬਾਈਲ -9416734506

9729608492

Post a Comment

0 Comments