ਕੁਦਰਤ ਨਾਲ ਸਬੰਧਤ ਚਾਰ ਕਵਿਤਾਵਾਂ

ਵਿਵੇਕ ਕੋਟ ਈਸੇ ਖਾਂ ਦੀਆਂ ਚਾਰ ਬਾਲ ਕਵਿਤਾਵਾਂ



ਨੀ ਚਿੜੀਏ


ਨੀ ਚਿੜੀਏ ਆ ਖਾ ਲੈ ਦਾਣਾ।

ਚੀਂ -ਚੀਂ ਵਾਲਾ ਸੁਣਾ ਜਾ ਗਾਣਾ।

 

ਨਿੱਕੀ ਜਿਹੀ ਤੂੰ ਬੜੀ ਸਿਆਣੀ।

ਚੁੰਝ ਭਰ ਕੇ ਪੀ ਲੈ ਪਾਣੀ।

 

ਇਧਰ ਉਧਰ ਤੂੰ ਉੱਡਦੀ ਫਿਰਦੀ।

ਇੰਝ ਲਗਦਾ ਜਿਵੇਂ ਤੂੰ ਏਂ ਡਰਦੀ।

 

ਨਾ ਡਰ ਮੇਰੀ ਛੱਤ 'ਤੇ ਆ ਜਾ।

ਅੰਬਰ ਦੀ ਕੋਈ ਗੱਲ ਸੁਣਾ ਜਾ।

 

ਤੀਲਾ ਤੀਲਾ ਚੁਗਦੀ ਫਿਰੇਂ।

ਕਰ ਇੱਕਠੇ ਆਲ੍ਹਣੇ 'ਚ ਧਰੇਂ।

 

ਨਿੱਕੇ ਨਿੱਕੇ ਬੋਟ ਆਉਂਣਗੇ।

ਰੌਣਕਾਂ ਘਰ ਵਿੱਚ ਲਾਉਂਣਗੇ।

 

ਤੇਰੇ ਤੋਂ ਜਾਵਾਂ ਮੈ ਬਲਿਹਾਰੀ।

ਮਿਹਨਤ ਬਹੁਤ ਹੈ ਤੇਰੀ ਭਾਰੀ।

 

ਗਰਮੀ ਸਰਦੀ ਹੈ ਜਾਂ ਬਰਸਾਤ।

ਬਿਨ ਤੇਰੇ ਨਾ ਚੜੇ ਪ੍ਰਭਾਤ।

 

ਸੁਖ ਸੁਨੇਹੇ ਲੈ ਕੇ ਆਵੇਂ।

ਵਿਵੇਕ ਦੇ ਤੂੰ ਮਨ ਨੂੰ ਭਾਵੇਂ।



ਸੁਣ ਲਵੋ ਸਰਦਾਰ ਜੀ

ਇੱਕ ਗੱਲ ਮੇਰੀ ਸੁਣ ਲਵੋ ਸਰਦਾਰ ਜੀ।

ਰੁੱਖ ਭਾਂਵੇ ਲਾਈ ਜਾਵੋ ਹਜ਼ਾਰ ਜੀ।

ਬਿਨਾਂ ਸੁਰਖਿਆ ਦੇ ਕੰਮ ਹੈ ਅਧੂਰਾ

ਖਾ ਜਾਣ ਡੰਗਰ ਰੁੱਖ ਬਣਦਾ ਨਾ ਪੂਰਾ

ਇਹਦੀ ਰੱਖਿਆ ਦੀ ਕਰਾਂ ਪੁਕਾਰ ਜੀ।

ਇੱਕ ਗੱਲ ਮੇਰੀ……

 

ਰੱਖ ਲਾਓ ਹੈ ਬਹੁਤ ਵਧੀਆ ਗੱਲ

ਦੂਸ਼ਿਤ ਵਾਤਾਵਰਣ ਦਾ ਇਹੋ ਹੈ ਹੱਲ

ਰੁੱਖ ਲਿਆਉਂਦੇ ਹਵਾ ਠੰਡੀ ਠਾਰ ਜੀ।

ਇੱਕ ਗੱਲ ਮੇਰੀ ……

 

ਲਾ ਕੇ ਬੂਟੇ ਫੋਟੋ ਖਿਚਵਾਂਉਦੇ ਹੋ

ਪ੍ਰਚਾਰ ਵੀ ਥਾਂ ਥਾਂ ਕਰਵਾਉਂਦੇ ਹੋ

ਵਾਹ ਵਾਹ ਕਰਦਾ ਸਾਰਾ ਸੰਸਾਰ ਜੀ

ਇੱਕ ਗੱਲ ਮੇਰੀ……

 

ਨਾ ਵਾੜ ਨਾ ਪਾਉਂਦਾ ਕੋਈ ਪਾਣੀ

ਤਿੰਨ ਚਾਰ ਦਿਨਾਂ ਚ ਬੱਸ ਖਤਮ ਕਹਾਣੀ

ਕੀਤੀ ਮਿਹਨਤ ਸਭ ਜਾਂਦੀ ਬੇਕਾਰ ਜੀ।

ਇੱਕ ਗੱਲ ਮੇਰੀ……

 

ਨਿੱਕੇ ਨਿੱਕੇ ਬੂਟੇ ਮੰਗਦੇ ਸੰਭਾਲ

ਬੱਚਿਆ ਵਾਂਗ ਇਹਨਾਂ ਦਾ ਰੱਖੀਏ ਖਿਆਲ

ਬਣ ਵਿਵੇਕ ਜਾਣਗੇ ਰੁੱਖ ਛਾਂਦਾਰ ਜੀ।

ਇੱਕ ਗੱਲ ਮੇਰੀ……


ਰੁੱਖ   ਪੰਛੀ   ਫੁੱਲ

 

ਰੁੱਖ  ਪੰਛੀ ਫੁੱਲਾਂ ਦੀ ਗੱਲ ਕਰੀਏ।

ਜਿ਼ੰਦਗੀ 'ਚ ਕੁੱਝ ਰੰਗ ਭਰੀਏ।

 

ਬਜੁਰਗਾਂ ਦੀ ਅਸੀਸ ਵਰਗੀ ਰੁੱਖਾਂ ਦੀ ਛਾਂ,

ਬਰਕਤਾਂ ਉੱਥੇ ਰੁੱਖ ਨੇ ਜਿਸ ਥਾਂ।

 

ਗਮਲਿਆਂ ਵਿੱਚ ਫੁੱਲਾਂ ਨੂੰ ਉਗਾਓ,

ਬਿਨ ਨਾਗਾ ਇਹਨਾਂ ਨੂੰ ਪਾਣੀ ਪਾਓ।

 

ਟਹਿਕਦਾ ਘਰ ਜਦੋਂ ਮਹਿਕਦੇ ਫੁੱਲ,

ਦਿਲ ਨੂੰ ਖੁਸ਼ ਰੱਖਣ ਮਹਿਕਦੇ ਫੁੱਲ।

 

ਆਪਾਂ ਇਹ ਸਹੁੰ ਪੱਕੀ ਖਾਈਏ।

ਰੁੱਖਾਂ ਪੰਛੀਆਂ ਤੇ ਫੁੱਲਾਂ ਨੂੰ ਬਚਾਈਏ।

 

ਪੰਛੀ ਨੇ ਗਾਉਂਦੇ ਕੁਦਰਤ ਦਾ ਗੀਤ,

ਸੁਬਹ ਸਵੇਰੇ ਸੁਣੋ ਇਹ ਸੰਗੀਤ।

 

ਇਹਨਾਂ ਬਿਨਾਂ ਵਿਵੇਕ ਨਹੀਂ ਹੈ ਗੁਜਾਰਾ।

ਚੌਗਿਰਦਾ ਇਹਨਾਂ ਬਿਨ ਲੱਗੇ ਨਾ ਪਿਆਰਾ।


ਪਾਣੀ ਹੈ ਜੀਵਨ


ਪਾਣੀ ਹੈ ਜੀਵਨ ਸਮਝੋ ਇਹ ਸਚਾਈ।

ਬੂੰਦ ਬੂੰਦ ਕੀਮਤੀ ਮੇਰੇ ਪਿਆਰੇ ਭਾਈ।

 

ਨਹੀਂ ਕੋਈ ਜੋ ਪਾਣੀ ਬਿਨਾਂ ਰਹਿ ਜਾਵੇ,

ਪਾਣੀ ਹੀ ਆਖਿਰ ਸਾਡੀ ਜਾਨ ਬਚਾਵੇ।

ਜਲ ਬਿਨ ਮਛਲੀ ਤਰਾਂ ਜਾਨ ਬੁਲਾਂ ਤੇ ਆਈ,

ਪਾਣੀ ਹੈ ਜੀਵਨ... ।

 

ਅੱਜ ਪਾਣੀ ਵਿਅਰਥ ਗੁਆਵਾਂਗੇ,

ਆਉਣ ਵਾਲੇ ਦਿਨਾਂ 'ਚ ਪਛਤਾਵਾਂਗੇ।

ਸਿਆਣਾ ਜਿਸ ਨੇ ਆਦਤ ਬੱਚਤ ਦੀ ਪਾਈ,

ਪਾਣੀ ਹੈ ਜੀਵਨ... ।

 

ਮੁਢ ਤੋਂ ਚਲਦੀ ਆਈ ਇਹ ਲੰਮੀ ਕਹਾਣੀ,

ਮਨੁੱਖਤਾ ਲਈ ਸਦਾ ਹੀ ਜਰੂਰੀ ਹੈ ਪਾਣੀ।

ਜਲ ਤਾਂ ਦੇਵਤਾ ਹਰ ਥਾਂ ਹੋਵੇ ਸਹਾਈ,

ਪਾਣੀ ਹੈ ਜੀਵਨ... ।

 

ਕੁਦਰਤ ਦਾ ਚੱਕਰ ਕਦੇ ਨਾ ਰੁਕਦਾ,

ਪਰ ਨਾ ਸਮਝੀ 'ਚ ਪਾਣੀ ਜਾਵੇ ਮੁਕਦਾ।

ਅੰਤ ਵਿਵੇਕ ਹੋਵੇਗੀ ਪਾਣੀ ਲਈ ਲੜਾਈ,

ਪਾਣੀ ਹੈ ਜੀਵਨ ਸਮਝੋ ਇਹ ਸਚਾਈ।

ਸੰਪਰਕ -

ਵਿਵੇਕ

ਗਿੰਨੀ ਬੁਕ ਡਿਪੂ

ਮੇਨ ਬਜਾਰ

ਕੋਟ ਈਸੇ ਖਾਂ(ਮੋਗਾ)

ਮੋਬਾਈਲ -70099 46458 


ਇਹ ਵੀ ਪੜ੍ਹੋ -   

ਦਸ ਖ਼ੂਬਸੂਰਤ ਬਾਲ ਕਵਿਤਾਵਾਂ

Post a Comment

0 Comments