ਬਣ ਜਾਈਏ ਆਪਾਂ ਵੀ ਪੱਤਰਕਾਰ ਜੀ

ਲਖਵਿੰਦਰ ਸਿੰਘ ਬਾਜਵਾ ਦੀ ਇੱਕ ਵਿਅੰਗ ਕਵਿਤਾ


Image by Joseph Redfield Nino from Pixabay 

 

ਵੇਖੇ ਨੇ ਮੈਂ ਅੱਜ ਦੇ ਪੱਤਰਕਾਰ ਜੀ।

ਖ਼ਬਰਾਂ ਦੇ ਲਾਉਣ ਰੋਜ ਹੀ ਅੰਬਾਰ ਜੀ।

 

ਭਾਵੇਂ ਕੋਈ ਘਟਨਾ ਘਟੇ ਮਾਮੂਲੀ ਜਿਹੀ,

ਖੰਭਾਂ ਦੀ ਬਣਾਉਂਦੇ ਝੱਟ ਪਟ ਡਾਰ ਜੀ।

 

ਟੱਚ ਵਾਲਾ ਲੈ ਲਿਆ ਮੋਬਾਈਲ ਜਿਸ ਨੇ,

ਚੈਨਲ ਬਣਾ ਲਏ ਸਭ ਨੇ ਵਿਚਾਰ ਜੀ।

 

ਏਥੋਂ ਓਥੋਂ ਕੋਈ ਵੀ ਬਣਾ ਕੇ ਵੀਡੀਓ,

ਯੂ ਟਿਊਬ ਉਤੇ ਦੇਂਦੇ ਨੇ ਉਤਾਰ ਜੀ।

 

ਖਲਨਾਇਕ ਤਾਈਂ ਨੇ ਬਣਾਉਂਦੇ ਨਾਇਕ ਉਹ,

ਚੁੱਕ ਕੇ ਪਚਾਉਂਦੇ ਅਰਸ਼ਾਂ ਦੇ ਪਾਰ ਜੀ।

 

ਕਹਿਣ ਕਿਸੇ ਨੇਤਾ ਦੀ ਨਿੱਕਰ ਸੁੱਕਦੀ,

ਨੇਰ੍ਹੀ ਵਿੱਚ ਕੱਲ੍ਹ ਮਾਰ ਗਈ ਉਡਾਰ ਜੀ।

 

ਜੰਮਿਆਂ ਹੈ ਸ਼ੇਰ ਲੰਬੜਾਂ ਦੀ ਕੁੱਤੀ ਨੇ,

ਨਾਲ ਉਹਦੇ ਹੋਰ ਵੀ ਕਤੂਰੇ ਚਾਰ ਜੀ।

 

ਸਾਡੀ ਦਿੱਤੀ ਹੋਈ ਹੀ ਖਬਰ ਸੁਣ ਕੇ,

ਵੇਖਣ ਨੂੰ ਲੋਕ ਆਏ ਬੇਸ਼ੁਮਾਰ ਜੀ।

 

ਕੱਲ੍ਹ ਜੀਹਦਾ ਪੁਲਸ ਨੇ ਰਿਮਾਂਡ ਲਿਆ ਸੀ,

ਰੋਟੀ ਨਾਲ ਦਿੱਤਾ ਓਸ ਨੂੰ ਅਚਾਰ ਜੀ।

 

ਰਾਹ ਵਿੱਚ ਓਸ ਨੂੰ ਪਿਸ਼ਾਬ ਆ ਗਿਆ,

ਕਹਿਣ ਅਸੀਂ ਸੱਕਦੇ ਨਹੀ ਉਤਾਰ ਜੀ।

 

ਫੇਰ ਉਹਨਾ ਡੱਬਾ ਹੋਟਲ ਤੋਂ ਮੰਗ ਕੇ,

ਸੁਲਝੇ ਤਰੀਕੇ ਨਾਲ ਕੀਤੀ ਕਾਰ ਜੀ।

 

ਸ਼ਾਬਸ਼ ਦੇਣੀ ਬਣਦੀ ਪੁਲਿਸ ਨੂੰ,

ਹੈ ਉਹ ਇਨਾਮ ਦੀ ਵੀ ਹੱਕਦਾਰ ਜੀ।

 

ਮੂਸੇ ਵਾਲਾ ਜੰਮਿਆਂ ਦੁਬਾਰਾ ਆਣ ਕੇ,

ਟੂਸੇ ਵਾਲੇ ਘਰ ਲਿਆ ਅਵਤਾਰ ਜੀ।

 

ਕੁੜੀ ਇੱਕ ਪਰਸੋਂ ਬਿਹਾਰੋਂ ਆਈ ਸੀ,

ਵਿਆਹ ਕਰਵਾ ਕੇ ਤੁਰ ਗਈ ਬਿਹਾਰ ਜੀ।

 

ਕਲ੍ਹ ਸਾਨੂੰ ਇੱਕ ਜੋਤਸ਼ੀ ਨੇ ਦੱਸਿਐ,

ਪਰਸੋਂ ਨੂੰ ਡਿੱਗ ਪੈਣੀ ਸਰਕਾਰ ਜੀ।

 

ਨੱਬੇ ਵਿੱਚੋਂ ਡੇਢ ਸੌ ਨੇ ਹੋਈਆਂ ਪੂਰੀਆਂ,

ਸੱਚੀਆਂ ਭਵਿੱਖ ਬਾਣੀਆਂ ਵਿਚਾਰ ਜੀ।

 

ਹੱਦੋਂ ਪਾਰੋਂ ਆਣ ਇੱਕ ਇੱਲ ਉੱਤਰੀ,

ਭੰਨ ਦਿੱਤੀ ਪੰਜ ਮਰਲੇ ਜਵਾਰ ਜੀ।

 

ਹੱਦ ਉੱਤੇ ਸੈਨਾ ਹੈ ਸੁਚੇਤ ਕਰਤੀ।

ਜਾਪੇ ਬਣ ਚੱਲੇ ਜੰਗ ਦੇ ਅਸਾਰ ਜੀ।

 

ਲੇਖਕ ਜਿਹੜੇ ਨੂੰ ਪੁੱਛਦਾ ਨਾ ਕੋਈ ਏ,

ਕਰਦੇ ਇੰਟਰਵਿਊ ਉਹਦੀ ਯਾਰ ਜੀ।

 

ਦੁਨੀਆਂ ਦੇ ਉੱਤੇ ਮਸ਼ਹੂਰ ਕਰਕੇ,

ਕਰ ਦੇਂਦੇ ਓਸ ਦਾ ਵੀ ਬੇੜਾ ਪਾਰ ਜੀ।

 

ਖੱਚਰ ਲੱਚਰ ਜਿਹੇ ਗੀਤ ਗਾ ਕੇ,

ਲੈ ਆਓ ਖੋਲ੍ਹ ਰੱਖੇ ਨੇ ਦਵਾਰ ਜੀ।

 

ਹੀਰੋਇਨ ਫਿਲਮੀ ਵਿਆਹੀ ਪਰਸੋਂ,

ਬੱਚਾ ਹੋਣੈ ਉਹਦੇ ਐਸ ਐਤਵਾਰ ਜੀ।

 

ਹੀਰੋ ਉਹਦੇ ਲਈ ਡਾਈਪਰ ਖਰੀਦਦਾ,

ਕਹਿੰਦਾ ਦੇਣੇ ਉਹਨੂੰ ਵਿੱਚ ਉਪਹਾਰ ਜੀ।

 

ਮੰਤਰੀ ਨੂੰ ਰੈਲੀ ਚੋਂ ਜੁਕਾਮ ਹੋ ਗਿਆ,

ਬੁਰਾ ਹਾਲ ਹੋਇਆ ਉਹਦਾ ਛਿੱਕਾਂ ਮਾਰ ਜੀ।

 

ਨਾਲ ਸਕਿਓਰਟੀ ਤੇ ਪੰਜ ਗੱਡੀਆਂ,

ਲੈਣ ਲਈ ਵਿਕਸ ਗਏ ਨੇ ਬਜ਼ਾਰ ਜੀ।

 

ਜਿਹੜੀ ਸੁੰਡੀ ਖਾਂਦੀ ਸੀ ਜੱਟਾਂ ਦਾ ਨਰਮਾ,

ਮਹਿਕਮੇ ਨੇ ਕੁੱਟ ਕੁੱਟ ਦਿੱਤੀ ਮਾਰ ਜੀ।

 

ਮਹਿਕਮੇ ਦਾ ਚਾਹੀਏ ਸਨਮਾਨ ਕਰਨਾ,

ਕੱਠੇ ਹੋ ਕੇ ਸਾਰੇ ਕਰਾਂਗੇ ਪੁਕਾਰ ਜੀ।

 

ਕੀ ਕੀ ਗਿਣਾਵਾਂ ਗੁਣ ਇਹਨਾ ਲੋਕਾਂ ਦੇ,

ਗੁਣਾ ਦੇ ਤਾਂ ਲੱਗੇ ਪਏ ਨੇ ਅੰਬਾਰ ਜੀ।

 

ਇੱਕ ਕੌਲੀ ਦਹੀਂ ਬਾਲਟੀ ਪਾ ਪਾਣੀ ਦੀ,

ਦੇਂਦੇ ਨੇ ਰਿੜਕ ਮੱਖਣ ਨਿਤਾਰ ਜੀ।

 

ਵੇਖ ਕੇ ਚੜ੍ਹਾਈ ਬਾਜਵੇ ਨੇ ਸੋਚਿਆ,

ਬਣ ਜਾਈਏ ਆਪਾਂ ਵੀ ਪੱਤਰਕਾਰ ਜੀ।

 

ਨਾਲੇ ਲੋਕ ਖੁਸ਼ ਸੁਣ ਕੇ ਕਹਾਣੀਆਂ,

ਨਾਲੇ ਖੁਸ਼ ਹੁੰਦੀ ਵੇਖ ਸਰਕਾਰ ਜੀ।

ਸੰਪਰਕ

ਲਖਵਿੰਦਰ ਸਿੰਘ ਬਾਜਵਾ

ਪਿੰਡ ਜਗਜੀਤ  ਨਗਰ (ਹਰੀਪੁਰਾ)

ਜ਼ਿਲ੍ਹਾ ਸਿਰਸਾ, ਹਰਿਆਣਾ

ਮੋਬਾਈਲ-9416734506

9729608492


Contact -

Lakhwinder Singh Bajwa

Village - Jagjit Nagar (Haripura)

District - Sirsa, Haryana

Mobile-9416734506

9729608492

Post a Comment

2 Comments

  1. ਜੰਮਿਆਂ ਹੈ ਸ਼ੇਰ ਲੰਬੜਾਂ ਦੀ ਕੁੱਤੀ ਨੇ,

    ਨਾਲ ਉਹਦੇ ਹੋਰ ਵੀ ਕਤੂਰੇ ਚਾਰ ਜੀ।
    ਵਾਹ ਬਹੁਤ ਕਮਾਲ ਦਾ ਵਿਅੰਗ ਹੈ.

    ReplyDelete
  2. Bahut khoob jio...

    ReplyDelete

ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.