ਜਾ ਕੇ ਮਹਿਲਾਂ 'ਚ ਗੁਆਚੇ ਹਰ ਵਾਰੀ ਤੇ ਝੁੱਗੀਆਂ 'ਚੋਂ ਲੱਭੇ ਰੌਸ਼ਨੀਂ

Image by David Mark from Pixabay

In poor huts, again, appears that light

Which in palaces is always lost to sight.

ਸ਼ਬਦ ਚਾਨਣੀ---ਨਿਰਮਲ ਦੱਤ  

ਟੱਪੇ

ਜਿੱਥੇ ਵੇਖਾਂ ਮੈਂ ਦਿਸੇ ਦਰ ਤੇਰਾ

ਜਿੰਦ ਮੇਰੀ ਬਣੀ ਸਜਦਾ.

 

ਮੋਈ ਮਿੱਟੀ 'ਚ ਜਾਨ ਪੈ ਜਾਵੇ

ਪਿਆਰ ਦਾ ਜੇ ਮੀਂਹ ਵੱਸ ਜੇ.

 

ਜਾ ਕੇ ਮਹਿਲਾਂ 'ਚ ਗੁਆਚੇ ਹਰ ਵਾਰੀ

ਤੇ ਝੁੱਗੀਆਂ 'ਚੋਂ ਲੱਭੇ ਰੌਸ਼ਨੀਂ.

 

ਨਹੀਂਓਂ ਲੱਭਿਆਂ ਲੱਭਣੀਆਂ ਮਹਿਕਾਂ

ਫ਼ੁੱਲਾਂ ਦੇ ਜੇ ਦਿਲ ਟੁੱਟਗੇ.

 

ਐਸੀ ਚੱਲ ਪਈ ਧੁੱਪਾਂ ਦੀ ਚੋਰੀ

ਕਿ ਘਰਾਂ ਨਾਲ ਨਿੱਘ ਰੁੱਸਗੇ.

 

ਵੇਖੀਂ ਦੀਵਾ ਨਾ ਬੁਝਾ ਲਈਂ ਘਰ ਦਾ

ਤੂੰ ਜੁਗਨੂੰ ਪਰਾਏ ਲੁੱਟਦਾ.

ਗ਼ਜ਼ਲ

ਰੋਕੋ ਮਨ ਦੀਆਂ ਲਹਿਰਾਂ ਨੂੰ,

ਦਿਲ 'ਤੇ ਵਰ੍ਹਦੇ ਕਹਿਰਾਂ ਨੂੰ.

 

ਸਤਰਾਂ ਵਿਚਲੀ ਚੀਕ ਸੁਣੋਂ ,

ਤੋਲ ਰਹੇ ਹੋ ਬਹਿਰਾਂ ਨੂੰ.

 

ਪਾਗਲਪਨ ਦਾ ਦੌਰਾ ਹੈ,

ਬੁੱਕ, ਬੁੱਕ ਹੱਸਦੇ ਸ਼ਹਿਰਾਂ ਨੂੰ.

 

ਕੀ ਕਹੀਏ ਦੱਸ ਨੈਣਾਂ 'ਚੋਂ,

ਵਗ ਤੁਰੀਆਂ ਦੋ ਨਹਿਰਾਂ ਨੂੰ.

 

ਜੀਵਨ ਦਾ ਵਰਦਾਨ ਬਣਨ,

ਜਦ ਤੂੰ ਛੂਹ ਦਏਂ ਜ਼ਹਿਰਾਂ ਨੂੰ. 

ਨਜ਼ਮਾਂ

Image by Mark Michaelis from Pixabay 

ਭੁੱਖ     

ਅੰਤ ਨਹੀਂ

ਕੋਈ ਅੰਤ ਨਹੀਂ

ਮੇਰੀ ਭੁੱਖ ਦਾ ਕੋਈ ਅੰਤ ਨਹੀਂ;

 

ਕਈ ਵਾਰ ਬਹਾਰਾਂ ਛਾਈਆਂ ਨੇਂ 

ਕਈ ਵਾਰ ਫੁਹਾਰਾਂ ਆਈਆਂ ਨੇਂ

ਮੈਂ ਫ਼ਿਰ ਰੰਗਾਂ ਲਈ ਸਹਿਕ ਰਿਹਾਂ

ਮੈਂ ਫ਼ਿਰ ਬੂੰਦਾਂ ਲਈ ਪਾਗ਼ਲ ਹਾਂ ;

 

ਮੈਨੂੰ ਸੱਚੇ, ਸੁੱਚੇ ਪਿਆਰ ਮਿਲੇ

ਮੈਨੂੰ ਸੌ ਚੁੰਮਣ, ਸੌ ਵਾਰ ਮਿਲੇ

ਪਰ ਫ਼ਿਰ ਵੀ ਮੇਰੀਆਂ ਰਾਤਾਂ ਵਿੱਚ

ਸੌ ਜਿਸਮਾਂ ਦਾ ਵਿਓਪਾਰ ਚਲੇ ;

 

ਕੁੱਲ ਧਰਤੀ ਮੇਰੀ ਜਗੀਰ ਬਣੇਂ

ਮੈਂ ਚੰਨ ਲਈ ਮਰਦੇ ਰਹਿਣਾਂ ਹੈ

ਚੰਨ ਪਾ ਕੇ ਅਪਣੀ ਝੋਲ਼ੀ ਵਿੱਚ

ਸੂਰਜ ਲਈ ਸੜਦੇ ਰਹਿਣਾਂ ਹੈ;

 

ਸਭ ਤਾਰੇ ਅਪਣੇਂ ਨਾਂ ਕਰ ਲਾਂ

ਰਹਿਣੇਂ ਨੇ ਫ਼ਿਰ ਅਰਮਾਨ ਕਈ

ਕਈ ਲੱਖ ਅਕਾਸ਼ਾਂ ਵਾਂਗੂੰ ਹੀ

ਮੇਰੀ ਭੁੱਖ ਦੇ ਨੇ ਅਸਮਾਨ ਕਈ;

 

ਅੰਤ ਨਹੀਂ

ਕੋਈ ਅੰਤ ਨਹੀਂ

ਮੇਰੀ ਭੁੱਖ ਦਾ ਕੋਈ ਅੰਤ ਨਹੀਂ.....!

Image by David Mark from Pixabay 

ਮੈਂ ਇੱਕ ਗੀਤ ਲਿਖਣਾ ਹੈ

 

ਮੈਂ ਇੱਕ ਗੀਤ ਲਿਖਣਾ ਹੈ

ਉਨ੍ਹਾਂ ਲਈ

ਜਿਨ੍ਹਾਂ ਕੋਲ ਭੁੱਖ ਹੈ, ਰੋਟੀ ਨਹੀਂ ਹੈ;

 

ਮੈਂ ਇੱਕ ਗੀਤ ਲਿਖਣਾ ਹੈ

ਉਨ੍ਹਾਂ ਲਈ

ਜਿਨ੍ਹਾਂ ਕੋਲ ਰੋਟੀਆਂ ਨੇ, ਭੁੱਖ ਨਹੀਂ ਹੈ;

 

ਮੈਂ ਇੱਕ ਗੀਤ ਲਿਖਣਾ ਹੈ

ਸਾਰੇ ਪਾਗ਼ਲਾਂ ਲਈ

ਦੁਨੀਆਂ ਦੀ ਜਿਨ੍ਹਾਂ ਨੂੰ ਸਮਝ ਨਹੀਂ ਆਈ;

 

ਮੈਂ ਇੱਕ ਗੀਤ ਲਿਖਣਾ ਹੈ

ਸਭ ਪੈਗ਼ੰਬਰਾਂ ਲਈ

ਦੁਨੀਆਂ ਨੂੰ ਜਿਨ੍ਹਾਂ ਦੀ ਸਮਝ ਨਹੀਂ ਆਈ;

 

ਮੈਂ ਉਸ ਯੋਧੇ ਲਈ ਇੱਕ ਗੀਤ ਲਿਖਣਾ ਹੈ

ਜੋ ਅਦਭੁਤ ਸਾਰਥੀ ਦੇ ਸੰਗ ਰਹਿ ਕੇ

ਤੇ ਪੂਰਨ ਗਿਆਨ ਪਾ ਕੇ ਵੀ

ਭਿਅੰਕਰ ਯੁੱਧ ਦੇ ਚੱਕਰਵਿਊ ਵਿੱਚ ਕਤਲ ਹੋਏ ਪੁੱਤ ਦੇ ਮੋਹ ਵਿੱਚ

ਬੜਾ ਵਿਰਲਾਪ ਕਰਦਾ ਹੈ;

 

ਮੈਂ ਉਸ ਜੋਗੀ ਲਈ ਇੱਕ ਗੀਤ ਲਿਖਣਾ ਹੈ

ਜਿਸ ਨੂੰ ਹਰ ਪੰਘੂੜੇ ਵਿੱਚ

ਤੇ ਹਰ ਇੱਕ ਸੇਜ 'ਤੇ

ਕੇਵਲ ਮੌਤ ਦਿਸਦੀ ਹੈ,

ਜਿਸ ਦੇ ਸੁਪਨਿਆਂ ਵਿੱਚ ਉਮਰ ਸਾਰੀ

ਚੁੰਮਣਾਂ, ਆਲਿੰਗਣਾਂ ਦਾ ਸ਼ੋਰ ਰਹਿੰਦਾ ਹੈ

ਤੇ ਜਿਹੜਾ

ਜਿਸਮ ਦਾ ਸੰਤਾਪ ਜਰਦਾ

ਤੇ ਰੂਹ ਦੀ ਸ਼ਾਂਤੀ ਦਾ ਦੰਭ ਕਰਦਾ

ਹੌਲ਼ੀ-ਹੌਲ਼ੀ ਮੁੱਕ ਜਾਂਦਾ ਹੈ;

 

ਮਨੁੱਖ ਦੇ ਦੁੱਖ ਦੇ

ਹਰ ਇੱਕ ਪਹਿਲੂ ਲਈ

ਮੈਂ  ਇੱਕ ਗੀਤ ਲਿਖਣਾ ਹੈ:

 

ਇੱਕ ਐਸਾ ਗੀਤ

ਜੋ ਮਾਂ ਵਾਂਗੂੰ,

ਕਦੇ ਮਹਿਬੂਬ ਵਾਂਗੂੰ,

ਤੇ ਕਦੇ ਮੁਰਸ਼ਦ ਦੇ ਵਾਂਗੂੰ

ਪੀੜ ਤੋਂ ਮੁਕਤੀ ਦੁਆਵੇਗਾ

ਹਾਂ, ਸਾਰੀ ਪੀੜ ਤੋਂ ਮੁਕਤੀ ਦੁਆਵੇਗਾ ......!

ਸੰਪਰਕ -

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।            

ਮੋਬਾਈਲ -98760-13060



Contact -

Nirmal Datt

# 3060, 47-D,

Chandigarh.

Mobile-98760-13060

ਇਹ ਵੀ ਪਸੰਦ ਕਰੋਗੇ -

ਕਰਦੇ ਰਹੀਏ ਗੱਲਾਂ ਬਾਤਾਂ,ਮੁੱਕ ਜਾਣੀਆਂ ਲੰਮੀਆਂ ਰਾਤਾਂ

         

 

Post a Comment

0 Comments