ਖਾਲੀ ਅੱਖਾਂ 'ਚ ਵਸਾ ਦੇ ਸੁਪਨੇ ਹੰਝੂ ਆਪੇ ਸੁੱਕ ਜਾਣਗੇ

Image by Gerhard C. from Pixabay  

Let dreams in vacant eyes glow,

All tears will stop to flow.


ਸ਼ਬਦ ਚਾਨਣੀ---ਨਿਰਮਲ ਦੱਤ  

 ਟੱਪੇ

ਚਿੜੀ ਵੇਖਦੀ ਅੰਬਰ ਦੇ ਸੁਪਨੇ

ਖਸਮਾਂ ਨੂੰ ਖਾਣ ਸ਼ਿਕਰੇ.

 

ਜਦੋਂ ਮੋਰਾਂ ਦੇ ਸੁਨੇਹੇ ਪਹੁੰਚੇ

ਬੱਦਲ਼ਾਂ ਦੇ ਚੱਲੇ ਕਾਫ਼ਲੇ.

 

ਆਓ ਫ਼ੇਰ ਤੋਂ ਉਗਾਈਏ ਚੰਨ-ਤਾਰੇ

ਰੌਸ਼ਨੀ ਦਾ 'ਕਾਲ਼ ਪੈ ਗਿਆ.

 

ਮੈਂ ਜਾਂ ਮਿੱਟੀ ਦਾ ਜਗਾਇਆ ਦੀਵਾ

ਸੂਰਜਾਂ ਦੇ ਹੋਸ਼ ਉੱਡਗੇ.

 

ਰਾਤ ਭਾਲ਼ਦੀ ਜੁਗਨੂੰਆਂ ਤੈਨੂੰ

ਸੂਰਜਾਂ ਤੋਂ ਮੂੰਹ ਵੱਟ ਕੇ.

 

ਖਾਲੀ ਅੱਖਾਂ 'ਚ ਵਸਾ ਦੇ ਸੁਪਨੇ

ਹੰਝੂ ਆਪੇ ਸੁੱਕ ਜਾਣਗੇ.

 

ਗ਼ਜ਼ਲ


 ਬਹਿਕਦੀ ਹਰ ਕਾਮਨਾ ਲਈ ਵਰਜਦੀ ਹੋਈ ਲ੍ਹੀਕ ਦੇ

ਬੇੜੀਆਂ ਪਰ ਝਾਂਜਰਾਂ ਹੋ ਜਾਣ,  ਇਹ ਤੌਫ਼ੀਕ ਦੇ.

 

ਦਿਨ ਭਿਖਾਰੀ, ਵੇਸ਼ਿਆ ਜਿਹੀ ਰਾਤ ਨੇ ਲਿੱਖੀ ਹੈ ਜੋ

ਉਹ ਇਬਾਰਤ ਸਮਝ ਆਵੇ, ਸਮਝ ਕੋਈ ਬਾਰੀਕ ਦੇ.

 

ਬੇ-ਮਹਿਕ ਫੁੱਲ, ਬੇ-ਚਮਕ ਤਾਰੇ, ਤੇ ਮੈਲ਼ੇ ਚੰਨ ਦਵੇਂ

ਦੋਸਤੀ ਦਾ ਪਾਸ ਹੈ ਜੇ, ਕੁਝ ਨਾ ਕੁਝ ਤਾਂ ਠੀਕ ਦੇ.

 

ਅੱਜ ਤਾਂ ਮੈਂ ਜੁਗਨੂੰਆਂ ਦੇ ਨਾਲ ਜਾਣਾ ਹੈ ਕਿਤੇ

ਤਿਤਲੀਆਂ ਨੂੰ ਹੋਰ ਕੋਈ ਦਿਨ, ਕੋਈ ਤਾਰੀਕ ਦੇ.

 

ਕਾਲ਼ੇ ਕੀਤੇ ਜਾ ਰਹੇ ਸਫ਼ਿਆਂ ਦਾ ਆ ਕੇ ਦਰਦ ਸੁਣ

ਗ਼ਜ਼ਲ ਵਰਗੀ ਗ਼ਜ਼ਲ ਦੇ ਤੇ ਗੀਤ ਵਰਗਾ ਗੀਤ ਦੇ.

ਨਜ਼ਮਾਂ

Image by G4889166 from Pixabay  

ਨਾ ਉਤੇਜਤ
ਨਾ ਹੀ ਚਿੰਤਤ

 ਬੈਠਾ- ਬੈਠਾ    

ਸੋਚ ਰਿਹਾ ਹਾਂ

ਕੀ ਹੋਵੇ

ਜੇ ਆਹ ਮਿਲ ਜਾਵੇ

ਔਹ ਮਿਲ ਜਾਵੇ?

 

ਬੈਠਾ-ਬੈਠਾ

ਖ਼ੌਫ਼-ਜ਼ਦਾ ਹਾਂ

ਕੀ ਹੋਵੇ

ਜੇ ਆਹ ਖੋ ਜਾਵੇ

ਔਹ ਖੋ ਜਾਵੇ?

 

ਬੈਠਾ-ਬੈਠਾ

ਸਮਝ ਰਿਹਾ ਹਾਂ

ਜਦ ਤੱਕ ਸਾਹ ਨਾਲ ਸਾਹ ਚੱਲਣਾ ਹੈ

ਕੁਝ ਨਾ ਕੁਝ ਮਿਲਦਾ ਰਹਿਣਾ ਹੈ

ਕੁਝ ਨਾ ਕੁਝ ਖੋਂਦਾ ਰਹਿਣਾ ਹੈ.

 

ਹੱਥ ਜੋੜਕੇ ਇਹ ਮੰਗਦਾ ਹਾਂ:

ਮਿਲੇ ਤਾਂ ਬੱਸ ਐਨਾ

ਕਿ ਮੈਂ ਬੌਰਾ ਨਾ ਹੋਵਾਂ,

ਖੋਵੇ ਤਾਂ ਐਨਾ

ਕਿ ਮੈਂ ਬਾਜਾ ਨਾ ਹੋਵਾਂ,

ਪਲ-ਪਲ

ਹਰ ਪਲ

ਇੰਝ ਜੀਵਾਂ ਕਿ

ਨਾ ਉਤੇਜਤ

ਨਾ ਹੀ ਚਿੰਤਤ.


ਧਿਆਨ

 

ਇੱਕ ਪਾਸੇ

ਐਸ਼ ਦੇ ਬਾਜ਼ਾਰ ਨੇ

ਦੂਜੇ ਪਾਸੇ

ਦਰਦ ਦੇ ਅੰਬਾਰ ਨੇ

ਵਿੱਚ-ਵਿਚਾਲੇ

ਭਟਕਦੇ

ਇਹ ਜ਼ਿੰਦਗੀ ਦੇ ਕਾਫ਼ਲੇ

ਬੇ-ਖ਼ਬਰ

ਬੇ-ਸੁਰਤ

ਤੇ ਲਾਚਾਰ ਨੇ;

ਠਹਿਰ ਜਾ

ਨਾ ਭਟਕ

ਥੋੜ੍ਹਾ ਧਿਆਨ ਕਰ

ਸਾਫ਼ ਦਿਸਦੇ

ਜਸ਼ਨ ਦੇ ਆਸਾਰ ਨੇ.

ਸੰਪਰਕ -

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।            

ਮੋਬਾਈਲ -98760-13060



Contact -

Nirmal Datt

# 3060, 47-D,

Chandigarh.

Mobile-98760-13060

ਇਹ ਵੀ ਪਸੰਦ ਕਰੋਗੇ -

ਕੀ ਕੀ ਹੋਇਆ ਕੀ ਨਹੀਂ ਹੋਇਆ

         

 

Post a Comment

0 Comments