ਜੰਗਲ ਨਦੀਆਂ ਦੀ ਹੋਂਦ ਗਵਾਚੀ ਗੰਧਲ ਗਏ ਦਰਿਆ

ਡਾ.ਮੇਹਰ ਮਾਣਕ ਦੀ ਕਵਿਤਾ ਅਤੇ ਗ਼ਜ਼ਲ

Image by pics_kartub from Pixabay  

ਜੰਗਲ ਨਦੀਆਂ ਦੀ ਹੋਂਦ ਗਵਾਚੀ

ਜੰਗਲ ਨਦੀਆਂ ਦੀ ਹੋਂਦ ਗਵਾਚੀ ਗੰਧਲ ਗਏ ਦਰਿਆ।

ਘੇਸਲ਼ ਮਾਰ ਕੇ ਸੁੱਤੀ ਦੁਨੀਆਂ ਸਭ ਕੁੱਝ ਹੋਇਆ ਤਬਾਹ।

 

ਲੁੱਟ ਖੋਹ ਨਫੇ  ਦਾ ਲਾਲਚ ਬੋਲ ਰਿਹਾ ਸਿਰ ਚੜ੍ਹ ਕੇ,

ਆਪੋ ਧਾਪੀ ਦੇ ਸਮਿਆਂ ਅੰਦਰ  ਕਿਸੇ ਨੂੰ ਕੀ ਪ੍ਰਵਾਹ।

 

ਕਾਹਦੀ ਸਭਿਅਤਾ ਕਾਹਦੇ ਬੰਦੇ ਪੱਲੇ ਅਕਲ ਨਾ ਧੇਲਾ,

ਅਜ਼ਮਤ ਕੁਦਰਤ ਦੀ ਲੁੱਟਣ ਲੱਗੇ ਨਾ ‌ਰਹੀ ਕੋਈ ਸ਼ਰਮ ਹਯਾ।

 

ਪਾਣੀ ਮਿੱਟੀ ਹਵਾ ਕਰੀ ਪਲੀਤ ਛੱਡਿਆ ਕਿਹੜਾ ਪਾਸਾ?

ਆ ਰਹੀਆਂ ਪੁਸ਼ਤਾਂ ਦੇ ਲਈ ਹੋ ਰਿਹਾ ਬਜਰ  ਗੁਨਾਹ।

 

ਤਰੱਕੀਆਂ ਦੇ ਧੂੰਏਂ ਧੂਆਂਖ ਦਿੱਤਾ ਕੁਦਰਤ ਦਾ ਅਜ਼ੀਮ ਸੁਹੱਪਣ,

ਬਿਨਾਂ ਤਬਾਹੀ ਕੁੱਝ ਨਹੀਂ ਨਿਕਲਣਾ ਫੜਿਆ ਜਿਹੜਾ ਰਾਹ।

 

ਪਰਖੋ ਨਾ ਸਬਰ ਕੁਦਰਤ ਦਾ ਕਦੇ ਕਦਰ ਤਾਂ ਕਰਨੀ ਸਿੱਖੋ,

ਪਲਾਂ ਵਿੱਚ ਉਹ ਸਭ ਮੇਟ ਕੇ ਧਰ ਜਾਏ ਭਲਾਂ ਬੰਦਾ ਕੀ ਬਲਾ।

ਗ਼ਜ਼ਲ

ਖ਼ਾਲੀ ਖ਼ਾਲੀ ਦੁਨੀਆਂ ਤੱਕ ਕੇ, ਤੂੰ ਵੀ ਧੁਰ ਤੱਕ ਭਰਿਆ ਹੋਣੈ।

ਮੈਂ ਵੀ ਤਾਂ ਹਾਂ ਅੱਧ ਅਧੂਰਾ, ਤੂੰ ਵੀ‌ ਤਾਂ ਕੁੱਝ ਮਰਿਆ ਹੋਣੈ।

 

ਇੱਕ ਦੂਜੇ ਬਿਨ ਜੀ ਨਹੀਂ ਹੋਣਾ,ਏਸ ਸੱਚ ਨੂੰ ਜਾਣਦਿਆਂ ਵੀ

ਕੋਮਲ ਚਿੱਤ ਨੇ ਪਤਾ ਨਹੀਂ ਕਿੱਦਾਂ, ਦਿਲ 'ਤੇ ਪੱਥਰ ਧਰਿਆ ਹੋਣੈ?

 

ਦਿਲ ਦਾ ਮਹਿਰਮ ਛੱਡਣਾ ਔਖਾ, ਹੁੰਦੀ ਪੀੜ ਡਾਢੀ ਤੇ ਡੂੰਘੀ

ਤੂੰ ਵੀ ਤਾਂ ਇੱਕ ਕੋਸਾ ਹੰਝੂ ,ਚੁੰਨਰੀ ਦੇ ਲੜ ਜੜਿਆ ਹੋਣੈ ?

 

ਜੀਂਦੇ ਜੀ ਪੈ ਜਾਂਦਾ ਡੁੱਬਣਾ ਤੇ ਨਾ ਲੱਭਣ ਕਿਤੇ ਗਵਾਚੇ

ਤੂੰ ਵੀ ਤਾਂ ਜ਼ਿੰਦਗੀ ਦੀ ਖਾਤਰ,ਵਾਂਗ ਲਾਸ਼ ਦੇ ਤਰਿਆ ਹੋਣੈ ?

 

ਵੇਗ ਵਕਤ ਨਾ ਵਸ ਕਿਸੇ ਦੇ,ਲੈ ਜਾਵੇ ਬੜਾ ਕੁੱਝ ਧੂਹ ਕੇ

ਵਸਲ ਮੇਰੇ ਦਾ ਅੰਤ ਕਿਨਾਰਾ, ਨੀਰਾਂ ਥਾਣੀਂ ਖਰਿਆ ਹੋਣੈ?

 

ਸਿਖਰ ਦੁਪਹਿਰੇ ਢਲਿਆ ਸੂਰਜ ਅੰਬਰ ਹੋਇਆ ਪੀਲ਼ਾ ਪੀਲ਼ਾ

ਢਲੀ ਸ਼ਾਮ ਦਾ ਰੰਗ ਸੰਧੂਰੀ, ਵੇਖ ਕੇ ਤੂੰ ਵੀ ਡਰਿਆ ਹੋਣੈਂ।

ਡਾ. ਮੇਹਰ ਮਾਣਕ

ਮੁਖੀ,

ਯੂਨੀਵਰਸਿਟੀ ਸਕੂਲ ਆਫ ਸੋਸ਼ਲ ਸਾਇੰਸਜ਼,

ਰਾਇਤ ਬਾਹਰਾ ਯੂਨੀਵਰਸਿਟੀ, ਖਰੜ, ਮੁਹਾਲੀ।

ਮੋਬਾਈਲ -90411-13193


Dr. Mehar Manick

Head,

University School of Social Sciences,

Rayatt Bahra University, Kharar, Mohali.

Mobile-90411-13193

ਇਹ ਵੀ ਪਸੰਦ ਕਰੋਗੇ -

ਜਾ ਕੇ ਮਹਿਲਾਂ 'ਚ ਗੁਆਚੇ ਹਰ ਵਾਰੀ ਤੇ ਝੁੱਗੀਆਂ 'ਚੋਂ ਲੱਭੇ ਰੌਸ਼ਨੀਂ



 

 

 

 

Post a Comment

0 Comments