ਸਾਉਣ ਮਹੀਨੇ ਦੇ ਗੀਤ ਤੇ ਕਵਿਤਾਵਾਂ

Image by FelixMittermeier from Pixabay 
ਸਾਵਣ

ਪਰਬਤ ਕੋਲੋਂ ਬੱਦਲੀ ਵਿੱਛੜੀ ਭਰ ਕੇ ਵਸਲ ਕਲਾਵਾ।

ਅੱਖੀਆਂ ਵਿੱਚੋਂ ਅੱਥਰੂਆਂ ਦਾ ਆਇਆ ਪ੍ਰੇਮ ਹੁਲਾਰਾ।

 

ਨਾਰ ਸਾਂਵਲੀ ਵਾਲ ਵਧਾਏ ਬੂੰਦਾਂ ਬਰਸਣ ਲੱਗੀਆਂ ।

ਖੁਸ਼ਕ ਧਰਾ ਤੇ ਵਹਿੰਦੀ ਜਾਵੇ ਨਵ ਜੀਵਨ ਜਲ ਧਾਰਾ।

 

ਉੱਤਰੀ  ਗੰਗ  ਕਲੋਲਾਂ ਕਰਦੀ ਸ਼ਿਵ ਜਟਾਵਾਂ ਵਿੱਚੋਂ।

ਧਰਤੀ ਪਾਵਨ ਕਰਦੀ ਜਾਵੇ ਅਮ੍ਰਿਤ ਛਿੜਕ ਦੁਬਾਰਾ ।

 

ਕਾਲੇ  ਸ਼ਾਲੂ ਦੇ ਪੱਲੇ 'ਚੋਂ ਹੁਸਨ ਦਾਮਨੀ ਚਮਕੀ।

ਆਇਆ ਧਰਤੀ ਦੀ ਹਿੱਕੜੀ ਤੇ ਪ੍ਰੇਮ ਉਛਾਲ ਨਿਆਰਾ।

 

ਬੰਜਰ ਕੁੱਖ  ਜਿਮੀਂ  ਦੀ  ਪੁੰਗਰੀ  ਉਗਮੇ  ਫੁੱਲ  ਅਨੋਖੇ।

ਹਰਿਆ  ਭੈਣੇ  ਗਾਵਣ  ਲੱਗਾ  ਹੋ  ਆਲਮ ਸਰਸ਼ਾਰਾ।

 

ਚੀਚ ਵਹੁਟੀਆਂ ਵਾਂਗ ਰਤੀ ਨੇ ਹੋ ਪ੍ਰਗਟ ਮੋਹਿਆ ਜੱਗ

ਕਾਮਦੇਵ ਨੇ ਖਾਲੀ ਕੀਤਾ ਪਲ ਵਿੱਚ ਤਰਕਸ਼ ਸਾਰਾ।

 

ਪੰਖੀ  ਜੋੜੇ  ਢੂੰਡਣ  ਲੱਗੇ  ਪੀ  ਹੂ  ਕੂ  ਹੂ  ਕਰਕੇ।

ਜੀਵਨ ਚੋਂ ਨਵਜੀਵਨ ਉਪਜਾ ਆਇਆ ਪ੍ਰੇਮ ਪੁੰਗਾਰਾ।

 

ਸਾਗਰ ਘੱਲੀ ਘਟਾ ਕਵਾਰੀ  ਪਰਬਤ ਸੰਗ ਪਰਨਾਈ।

ਪੈਦਾ ਕੀਤਾ  ਰੂਪ ਹੁਸਨ  ਦਾ  ਉਸ ਨੇ ਲਾਲ  ਪਿਆਰਾ।

 

ਬ੍ਰਿਹਨ ਅੰਦਰ ਹਸਰਤ ਉਪਜੀ ਜਾਗੀਆਂ ਜਦੋਂ ਉਮੰਗਾਂ।

ਆਖੇ    ਵੇ  ਚੰਦਾ ਦੇ ਜਾ ਮੈਨੂੰ ਵੀ ਇੱਕ  ਤਾਰਾ।

 

ਸਾਵਣ ਆਇਆ ਸਾਵਣ ਆਇਆ ਸਈਆਂ ਸੋਹਲੇ ਗਾਏ

ਆ ਵੇ ਮਾਹੀਆ  ਤੂੰ  ਵੀ  ਦੇ  ਜਾ  ਸਾਨੂੰ  ਪੀਂਘ  ਹੁਲਾਰਾ।

 

ਖੁਸ਼ੀਆਂ  ਅੰਦਰ  ਤਾਂਘਾਂ  ਰਲੀਆਂ  ਰੰਗ ਹੋਏ  ਘਸਮੈਲੇ।

ਬੁਰਸ਼ ਮੁਸਵਰ ਨੇ ਫੜ ਵਾਹਿਆ ਜੱਗੋਂ ਚਿਤਰ ਨਿਆਰਾ।

 

ਉੱਭਰੀ  ਇੱਕ  ਤਸਵੀਰ  ਅਨੋਖੀ ਐਸੇ ਨਕਸ਼  ਨਿਖਾਰੇ।

ਵੇਖ ਬਾਜਵਾ ਆਸ਼ਕ ਹੋਇਆ  ਜਿਸ  ਤੇ  ਆਲਮ ਸਾਰਾ

ਚੜ੍ਹਿਆ ਸੌਣ ਮਹੀਨਾ

ਕਾਲਾ ਬੋਲਾ ਬੱਦਲ ਆਇਆ ਚੜ੍ਹਿਆ ਸੌਣ ਮਹੀਨਾ

ਠੰਡੀ ਹਵਾ ਪੁਰੇ ਦੀ ਰੁਮਕੇ ਹਰੀਆਂ ਦਿਸਣ ਜ਼ਮੀਨਾ

ਪਿਆਰ ਕਰਨ ਦੀਆਂ ਰੁੱਤਾਂ ਆਈਆਂ ਤੱਕ ਕਲੀਆਂ ਮੁਸਕਾ ਪਈਆਂ

ਕਲੀਆਂ ਤੇ ਪਈ ਤਰੇਲ ਵੇਖ ਭੌਰਾ ਨੇ ਆਸਾਂ ਲਾ ਲਈਆਂ

 

ਜਦ ਠੰਡੀ ਮਿੱਠੀ ਪੌਣ ਵਗੀ ਫੁੱਲ ਖਿੜ ਪਏ ਮਸਤ ਬਹਾਰਾਂ ਦੇ

ਤੱਕ ਘਟਾ ਕਾਲੀਆਂ ਅੰਬਰ ਤੇ ਅੰਗ ਅੰਗ ਟਹਿਕੇ ਗੁਲਜ਼ਾਰਾਂ ਦੇ

ਇਸ ਮਹਿਕ ਖਜ਼ਾਨੇ ਕੁਦਰਤ ਚੋਂ ਕਲੀਆਂ ਭਰ ਬੁੱਕ ਵਰਤਾ ਗਈਆਂ

ਕਲੀਆਂ ਤੇ -----

ਕਿਤੇ ਹਰਿਆਂ ਭਰਿਆਂ ਖੇਤਾਂ ਵਿੱਚ ਹੜ੍ਹ ਜੋਬਨ ਦਾ ਚੜ੍ਹ ਆਇਆ ਏ

ਕੱਠੀਆਂ ਹੋ ਪਿੰਡ ਦੀਆਂ ਕੁੜੀਆਂ ਨੇ ਤੀਆਂ ਦਾ ਮੇਲਾ ਲਾਇਆ ਏ

ਅੱਜ ਆਸਾਂ ਅਤੇ ਉਮੰਗਾਂ ਵੀ ਘੁੰਡ ਮੁੱਖੜੇ ਉਤੋਂ ਲਾਹ ਗਈਆਂ

ਕਲੀਆਂ----------

ਜੰਮਿਆਂ ਹੋਇਆ ਲਾਵਾ ਵਹਿ ਤੁਰਿਆ ਹੋਏ ਦਿਲ ਦੇ ਕਿੰਗਰੇ ਖਾਲੀ ਨੇ

ਅੱਜ ਖੋਲ੍ਹ ਕੇ ਤਾਲੇ ਜੀਭਾਂ ਦੇ ਨੈਣਾਂ ਸੰਗ ਆਤਸ਼ ਬਾਲੀ ਨੇ।

ਪੱਥਰ ਹੋਏ ਜਜ਼ਬਾਤਾਂ ਨੂੰ ਕਿੰਜ ਢਾਲ ਕੇ ਮੋਮ ਬਣਾ ਗਈਆਂ

ਕਲੀਆਂ -----

ਹਰ ਮਸਤ ਜਵਾਨੀ ਕਹਿੰਦੀ ਏ ਇਹ ਸੌਣ ਸਦਾ ਹੀ ਵਰ੍ਹਦਾ ਰਹੇ

ਖੁਸ਼ੀਆਂ ਦੇ ਮੋਤੀ ਰੋਲ ਰੋਲ ਹਰ ਦਿਲ ਦਾ ਵਿਹੜਾ ਭਰਦਾ ਰਹੇ

ਜਦ ਭੇਦ ਬਾਜਵਾ ਜਾਣ ਗਿਆ ਤਦ ਹੱਸ ਕੇ ਨੀਵੀਂ ਪਾ ਗਈਆਂ 

ਕਲੀਆਂ -----

Image source-wikimedia.org

ਸੌਣ ਦਾ ਮਹੀਨਾ ਉਤੋਂ ਪੈਂਦੀ ਬਰਸਾਤ

ਸੌਣ ਦਾ ਮਹੀਨਾ ਉਤੋਂ ਪੈਂਦੀ ਬਰਸਾਤ

ਦੂਜਾ ਸਾਨੂੰ ਭੇਜੀ ਸਾਡੇ ਸੱਜਣਾ ਸੌਗਾਤ

ਸਾਡੇ ਮੇਚ ਆਇਆ ਸੋਹਣਿਆ ਦਾ ਛੱਲਾ ਕੁੜੀਓ

ਨੀ ਦਿਲ ਹੋਵੇ ਕਿਓਂ ਨਾ ਨੱਚ ਨੱਚ ਝੱਲਾ ਕੁੜੀਓ।

 

ਰੰਗਲੀ ਜਵਾਨੀ ਵਾਲੀ ਖਿੜੀ ਏ ਬਹਾਰ ਨੀ

ਰੱਜ ਰੱਜ ਮਿਲਿਆ ਏ ਮਾਹੀ ਦਾ ਪਿਆਰ ਨੀ

ਸਾਨੂੰ ਦੇਂਵਦੀ ਸੁਨੇਹਾਂ ਇਹ ਅੱਵਲਾ ਕੁੜੀਓ

ਨੀ ਦਿਲ ਹੋਵੇ ਕਿਉਂ ਨਾ ਨੱਚ ਨੱਚ ਝੱਲਾ ਕੁੜੀਓ।

 

ਸੱਜਰੇ ਪਿਆਰ ਦੀ ਤਾਂ ਵੱਖਰੀ ਏ ਸ਼ਾਨ ਨੀ

ਸੁਹਣਾ ਸੁਹਣਾ ਲੱਗਦਾ ਏ ਸਾਰਾ ਹੀ ਜਹਾਨ ਨੀ

ਏਸ ਇਸ਼ਕੇ ਦਾ ਰੋਗ ਵੀ ਅੱਵਲਾ ਕੁੜੀਓ

ਨੀ ਦਿਲ ਹੋਵੇ ਕਿਉਂ ਨਾ ਨੱਚ ਨੱਚ ਝੱਲਾ ਕੁੜੀਓ।

 

ਠੰਡੀ ਠੰਡੀ ਹਵਾ ਆਈ ਸੱਜਣਾ ਦੇ ਸ਼ਹਿਰ ਦੀ

ਜੁਲਫਾਂ ਹਿਲਾ ਕੇ ਲੰਘੇ ਕੋਲ ਕਿਓਂ ਨਾ ਠਹਿਰਦੀ

ਮੋਰਾ ਉੱਡ ਉੱਡ ਜਾਂਵਦਾ ਏ ਪੱਲਾ ਕੁੜੀਓ

ਨੀ ਦਿਲ ਹੋਵੇ ਕਿਓਂ ਨਾ ਨੱਚ ਨੱਚ ਝੱਲਾ ਕੁੜੀਓ।

 

ਨੱਚ ਨੱਚ ਤੀਆਂ ਵਿੱਚ ਕਰਨੀ ਕਮਾਲ ਨੀ

ਗਿਧਿਆਂ ਦੇ ਪਿੜ ਵਿੱਚ ਆਉਣਾ ਏਂ ਭੁਚਾਲ ਨੀ

ਮੈਨੂੰ ਮਿਲਿਆ ਏ ਬਾਜਵਾ ਸੱਵਲਾ ਕੁੜੀਓ

ਨੀ ਦਿਲ ਹੋਵੇ ਕਿਉਂ ਨਾ ਨੱਚ ਨੱਚ ਝੱਲਾ ਕੁੜੀਓ।

Image by 7315741 from Pixabay  

ਇੱਕ ਰੰਗ ਇਹ ਵੀ / ਹੁਸਨ ਤੇ ਸਾਵਣ

ਏਦਾਂ  ਤੇਰੇ   ਨੈਣਾਂ   ਵਿੱਚੋਂ  ਪੈਂਦਾ  ਹੈ   ਝਲਕਾਰਾ

ਵਹੇ ਪਹਾੜਾਂ ਅੰਦਰ ਜਿੱਦਾਂ ਨਵ ਨਿਰਮਲ ਜਲਧਾਰਾ

 

ਜੁਲਫਾਂ ਦੇ ਥੱਬੇ ਇਓਂ ਹਿੱਲੇ ਜਿਓਂ ਘਨਘੋਰ ਘਟਾਵਾਂ

ਉੱਲਰ ਉੱਲਰ ਜਾਣ  ਅਗੇਰੇ  ਕਰ  ਵੱਸਣ  ਦਾ  ਚਾਰਾ।  

 

ਜੁਲਫਾਂ 'ਚੋਂ ਲਿਸ਼ਕਾਰਾ ਦੇਵਣ ਲੁਕ ਲੁਕ ਨੈਣ ਪਿਆਰੇ 

ਰਾਤ ਸੌਣ ਦੀ ਜਿਵੇਂ  ਦਿਸੇ  ਕੋਈ  ਟਾਵਾਂ  ਟਾਵਾਂ  ਤਾਰਾ

 

ਜਿਓਂ ਬਿਜਲੀ ਦੀ ਲੀਕ ਲਿਸ਼ਕਣੀ ਕਾਲੇ ਅੰਬਰ ਥੱਲੇ

ਇਓਂ   ਗੇਸੂ   'ਚੋਂ  ਛਾਤੀ   ਤੇਰੀ   ਦੇਵੇ  ਨੂਰ  ਨਜ਼ਾਰਾ

 

ਮਸਤਕ ਤੇਰਾ ਮੁੜ ਮੁੜ ਜਾਪੇ ਜਿਓਂ ਬੱਦਲੀ  'ਚੋਂ  ਚੰਦਾ

ਗੱਲ੍ਹਾਂ ਜਿਓਂ ਬੱਦਲ ਲਿਸ਼ਕੋਰੇ ਸ਼ਾਮੀ ਭਖ ਅੰਗਿਆਰਾ

 

ਸੂਟ   ਪਿਆਜ਼ੀ   ਪਾ   ਕੇ   ਬੈਠੀ  ਏਦਾਂ  ਪਏ  ਭੁਲੇਖਾ

ਚਿੱਟੇ ਗੋਹੜੇ ਜਿਓਂ  ਅਸਮਾਨੀ ਘੜਦੇ  ਬੁੱਤ  ਪਿਆਰਾ 

 

ਕਮਰ ਤੇਰੀ ਦੀਆਂ ਸਾਂਗਾਂ ਲਾਵੇ ਭਿੱਜਿਆ ਬਾਂਸ ਬਰੂਟਾ

ਨਾਲ ਹਵਾਵਾਂ ਖਾ ਖਾ ਮੁੜਦਾ  ਉਹ  ਨਾਜ਼ੁਕ  ਲਚਕਾਰਾ

 

ਵੇਖ ਮੀਡੀਆਂ ਅਮਲਤਾਸ ਦੀਆਂ ਫਲੀਆਂ ਲੈਣ ਹੁਲਾਰੇ

ਖਿੜੀ   ਚਮੇਲੀ  ਲੈ  ਕੇ  ਤੈਥੋਂ  ਖੁਸ਼ਬੂਆਂ  ਦਾ  ਖਾਰਾ

 

ਤੋਰ   ਤੁਰੇਂ   ਰੁਮਕੇ  ਪੁਰਵਾਈ  ਸਾਹ  ਕਰੇ  ਮੁੜ  ਤਾਜੇ

ਘੋਲੇਂ   ਪੌਣਾਂ   ਵਿੱਚ    ਸੁਗੰਧਾਂ  ਵਾਹ  ਤੇਰਾ  ਵਰਤਾਰਾ 

 

ਚਮਕੀਲੇ  ਦੰਦਾਂ  ਦੀ  ਰੀਸੇ  ਮੀਂਹ  ਹੋ  ਚੱਲਿਐ  ਕਾਣਾ

ਕਣੀਆਂ ਪਾਈ  ਚਮਕ  ਅਨੋਖੀ  ਪੀ  ਹੋਠਾਂ  ਚੋਂ  ਪਾਰਾ

 

ਚੁੰਨੀ   ਉੱਡੀ  ਤਾਂ  ਸਤਰੰਗੀ  ਪੀਂਘ  ਪਈ  ਅਸਮਾਨੀ

ਕਹੇ   ਬਾਜਵਾ   ਸਾਵਣ   ਤੈਥੋਂ   ਲੈਂਦਾ  ਹੁਸਨ ਹੁਧਾਰਾ।

ਜੋ ਸਾਵਣ ਮਨ ਭਾਇਆ ਅਜੇ ਨਾ ਆਇਆ

ਸਾਵਣ ਸਾਵਣ ਆਖੇਂ ਅੜੀਏ,

ਜੋ ਸਾਵਣ ਮਨ ਭਾਇਆ ਅਜੇ ਨਾ ਆਇਆ।

 

ਧਰਤੀ ਤਪਦੀ ਅੰਬਰ ਦਹਿਕੇ,

ਜ਼ਹਿਰੀ ਬੁੱਲਾ ਆਇਆ, ਜੀ ਘਬਰਾਇਆ।

 

ਪਸ਼ੂ ਤੜਪਦੇ ਪੰਛੀ ਭੁੱਜਦੇ,

ਹਰ ਜੰਤੂ ਘਬਰਾਇਆ, ਸ਼ੋਰ ਮਚਾਇਆ।

 

ਮੋਰ ਪਪੀਹੇ ਕੂਕਣ ਕਿੱਥੋਂ,

ਪਿਆ ਕਾਲ ਦਾ ਸਾਇਆ, ਸਮਾਂ ਵਿਹਾਇਆ।

 

ਨਾ ਅੰਬਰ ਉੜ ਨੀਵਾਂ ਹੋਇਆ,

ਮਾਂਗ ਧਰਤ ਦੀ ਖਾਲੀ ਨਜ਼ਰ ਸਵਾਲੀ।

 

ਨਾ ਬੱਦਲਾਂ ਘਨਘੋਰ ਮੱਚਾਈ,

ਨਾ ਬਿਜਲੀ ਮਤਵਾਲੀ, ਚਮਕ ਵਿਖਾਲੀ।

 

ਖੁਸ਼ਕ ਹਵਾ ਦੇ ਹੋਏ ਹੰਝੂ,

ਵੇਖੀ ਵਸਲ ਪਿਆਲੀ ਖਾਲੀ ਖਾਲੀ।

 

 ਘਾਹ ਉਤੇ ਸ਼ਬਨਮ ਦੇ ਮੋਤੀ,

 ਅਜੇ ਨਾ ਦੇਣ ਦਿਖਾਲੀ ਸੁੱਕੀ ਡਾਲੀ।

 

ਕੌਣ ਲਵੇਰੀ ਚੋਵੇ ਰਿੜਕੇ,

ਦੁੱਧ ਅੱਕਾਂ 'ਚੋਂ ਸੁੱਕੇ, ਆਖਣ ਉੱਕੇ।

 

ਝੁਲਸੇ ਕਿੱਕਰ ਦੇਣ ਦਿਖਾਲੀ,

ਦਿਸਦੇ ਵਿਰਲੇ ਤੁੱਕੇ, ਉਹ ਵੀ ਸੁੱਕੇ।

 

ਸਉਣ ਮਹੀਨਾ ਕਾਹਦਾ ਸਈਏ,

ਹਾੜ ਅਜੇ ਵੀ ਬੁੱਕੇ ,ਲੋਕੀਂ ਲੁੱਕੇ।

 

ਸਾਈਆਂ ਬਾਝੋਂ ਸਾਉਣ ਤਿਹਾਈਆਂ,

ਸਾਈਂ ਕਿੱਥੇ ਲੁੱਕੇ, ਖ਼ਬਰ ਨਾ ਢੁੱਕੇ।

 

 ਇੱਕ ਸਾਵਣ ਨੇ ਜਿੰਦੜੀ ਸਾੜ੍ਹੀ,

ਦੂਜਾ ਹੈ ਮਹਿੰਗਾਈ, ਜਾਨ ਸੁਕਾਈ।

 

ਤੀਜਾ ਵਾਅਦੇ ਕਰਕੇ ਝੂਠੇ,

ਫਿਰਦੇ ਮੂੰਹ ਛਿਪਾਈ, ਨੇਤਾ ਭਾਈ।

 

ਚੌਥੀ ਔੜ ਮੁਹੱਬਤ ਵਾਲੀ,

ਵਿੱਚ ਮਨਾਂ ਦੇ ਆਈ, ਰੂਹ ਕੁਰਲਾਈ।

 

ਪੰਜਵਾਂ ਭੁੱਲਿਆ ਵਿਰਸਾ ਸਾਨੂੰ,

 ਬੋਲੀ ਮਨੋ ਭੁਲਾਈ, ਮਾਤ ਸਿਖਾਈ

 

ਜੰਗੀ ਰਾਖਸ਼ ਅਗਨ ਬਾਣ ਫੜ,

ਅੱਗ ਸ਼ਾਂਤੀ ਨੂੰ ਲਾਵਣ, ਜਾਨ ਸੁਕਾਵਣ।

 

ਅਮਨ ਕਬੂਤਰ ਜਖ਼ਮੀ ਹੋਏ,

ਲਗੜੇ ਚੋਟ ਚਲਾਵਣ, ਚੂੰਡਣ ਆਵਣ।

 

ਝੂਠੇ ਦੇ ਵੱਲ ਮੁਨਸਫ਼ ਬੋਲਣ,

ਝੂਠ ਗਵਾਹ ਭੁਗਤਾਵਣ ਸੱਚੇ ਤਾਵਣ।

 

ਏਨੀ ਤਲਖ ਫਿਜ਼ਾ ਵਿੱਚ ਅੜੀਏ,

ਕੌਣ ਮਨਾਵੇ ਸਾਵਣ ਝੋਰੇ ਖਾਵਣ।

 

ਸੜੀਆਂ ਵੇਖ ਫਿਜ਼ਾਵਾਂ ਸੱਭੇ,

ਸਾਵਣ ਕਿਵੇਂ ਮਨਾਈਏ, ਜੀ ਸਮਝਾਈਏ।

 

ਖੁਸ਼ਕ ਹਵਾਵਾਂ ਸਾੜਨ ਸੀਨਾ,

ਕਿੱਦਾਂ ਪੀਂਘ ਚੜ੍ਹਾਈਏ, ਬੰਨ੍ਹੀਏਂ ਦਾਈਏ।

 

ਦੂਸ਼ਤ ਸੱਭਿਆਚਾਰ ਅਸਾਡਾ,

ਕਿੱਥੇ ਤੀਆਂ ਲਾਈਏ, ਨੱਚੀਏ ਗਾਈਏ।

 

ਕਿੰਜ ਨਫ਼ਰਤ ਦੇ ਚੌਂਕੇ ਬਹਿ ਕੇ,

ਖੀਰਾਂ ਪੂੜੇ ਖਾਈਏ, ਮੌਜ਼ ਮਨਾਈਏ।

 

ਘਟ ਚੱਲੇ ਪਿੱਪਲਾਂ ਦੇ ਸਾਏ,

ਮੁੱਕ ਚੱਲੀ ਹਰਿਆਲੀ, ਰੁੱਖਾਂ ਵਾਲੀ।

 

ਹੁਣ ਕਿੱਥੇ ਜਾ ਪੀਂਘਾਂ ਪਾਈਏ,

ਨਾ ਕੋਈ ਉੱਚੀ ਡਾਲੀ, ਦਏ ਦਿਖਾਲੀ।

 

ਮੋਰ ਪਪੀਹੇ ਅਸਲੋਂ ਮੁੱਕੇ,

ਹੋਈ ਫਿਜ਼ਾ ਕਿਉਂ ਖਾਲੀ, ਹੋਠ ਸਵਾਲੀ।

 

ਕਿਸ ਡਾਲੀ ਤੇ ਬਹਿ ਕੇ ਕੂਕੇ,

ਇਹ ਕੋਇਲ ਮਤਵਾਲੀ, ਬ੍ਰਿਹੋਂ ਜਾਲੀ।

 

ਜੋਬਨ ਨੱਸਿਆ ਵੱਲ ਵਲੈਤਾਂ,

ਏਥੇ ਕਾਰ ਨਾ ਲੱਭੇ, ਆਖਣ ਸੱਭੇ।

 

ਸਾਰੇ ਆਖਣ ਮੰਦਹਾਲੀ ਦੇ,

ਫਸੇ ਪਏ ਵਿੱਚ ਗੱਭੇ, ਫਿਰਦੇ ਯੱਭੇ।

 

ਖਿਸਕ ਗਏ ਭਾਰਤ ਚੋਂ ਬਹੁਤੇ,

ਕਿਧਰੇ ਸੱਜੇ ਖੱਬੇ, ਪੈਰੀਂ ਦੱਬੇ

 

ਦੱਸ ਤੀਆਂ ਦਾ ਮੇਲਾ ਅੜੀਏ,

ਬਿਨ ਨੱਢੀਆਂ ਕਿੰਜ ਫੱਬੇ, ਛਣਕ ਨਾ ਛੱਬੇ।

 

ਕਿਸ ਨਾਨਕ ਨੂੰ ਆਖਾਂ ਅੜੀਏ,

ਬਾਬਰ ਨੂੰ ਸਮਝਾਏ, ਮਲਿਕ ਨਿਵਾਏ।

 

ਦੇਵਲੂਤ ਕੌਡਾ ਹੁਣ ਮੁੜ ਨਾ,

ਆਦਮ ਖੋਰ ਕਹਾਏ, ਦੇਵ ਬਣਾਏ।

 

ਫੇਰ ਵਲੀ ਦੇ ਚਸ਼ਮੇ ਉੱਤੋਂ,

ਸਭ ਨੂੰ ਨੀਰ ਪਿਆਏ, ਫ਼ਰਕ ਮਿਟਾਏ।

 

ਕਾਰੂੰ ਮਾਇਆ ਨਾਲ ਨਾ ਜਾਣੀ,

ਕਾਹਨੂੰ ਢੇਰ ਲਗਾਏ, ਆ ਸਮਝਾਏ।

 

 ਆ ਮਿਲ ਕੇ ਕੁਝ ਚਾਰਾ ਕਰੀਏ

ਫਰਜ਼ ਪਛਾਣ ਨਿਭਾਈਏ, ਧਰਤ ਬਚਾਈਏ।

 

ਹਰ ਦਿਲ ਅੰਦਰੋਂ ਹਰਿਆ ਹੋਵੇ,

ਸੰਸਾ ਮਨੋਂ ਗਵਾਈਏ, ਰੱਜ ਕੇ ਖਾਈਏ।

 

 ਭੂਤ ਆਤੰਕ ਮਨਾਂ 'ਚੋਂ ਭੱਜੇ,

ਚਿੰਤਾ ਮੁਕਤ ਕਰਾਈਏ, ਅਗਨ ਬੁਝਾਈਏ।

 

ਬਲਦੀ ਅੱਗ ਤੇ ਪਾਣੀ ਪਾਓ,

ਇਹ ਸਭ ਨੂੰ ਸਮਝਾਈਏ, ਨਾ ਭੜਕਾਈਏ।

 

ਅਮ੍ਰਿਤ ਛਿੜਕ ਏਕਤਾ ਵਾਲਾ,

ਸੁੱਤੇ ਲੋਕ ਜਗਾਈਏ, ਫਰਜ਼ ਨਿਭਾਈਏ।

 

ਨੇਤਾ ਜੀ ਰਾਹਜਨ ਨਾ ਬਣੀਏਂ,

ਮੁੜ ਰਾਹਬਰ ਅਖਵਾਈਏ, ਇੱਜ਼ਤ ਪਾਈਏ।

 

ਚੋਰ ਬਜ਼ਾਰੀ ਰਿਸ਼ਵਤਖੋਰੀ,

ਜਿੰਨ ਫੜ ਬੋਤਲ ਪਾਈਏ, ਢੱਕਣ ਲਾਈਏ।

 

ਫਿਰ ਜੇ ਬੱਦਲ ਮੀਂਹ ਵਰਸਾਵਣ,

ਰੱਜ ਕੇ ਸਾਵਣ ਗਾਈਏ, ਖੁਸ਼ੀ ਮਨਾਈਏ।

ਅੱਜ ਦਾ ਸਾਵਣ / ਟੱਪੇ

ਆਇਆ ਸੌਣ ਮਹੀਨਾ ਏਂ

ਨਸ਼ਿਆਂ ਨੇ ਖਾ ਲਏ ਗਭਰੂ

ਕੀ ਸਾਡਾ ਜੀਣਾ ਏਂ।

 

ਅੱਜ ਸਾਵਣ ਚੜ੍ਹਿਆ ਏ

ਜਿਨ੍ਹਾਂ ਦੇ ਪੁੱਤ ਖਾ ਗਿਆ ਨਸ਼ਾ

ਹੰਝੂਆਂ ਹੜ੍ਹ ਹੜ੍ਹਿਆ ਏ।

 

ਮਾਹ ਸਾਵਣ ਆਇਆ ਏ

ਖੁਸ਼ੀਆਂ ਨੂੰ ਖਾ ਗਿਆ ਨਸ਼ਾ

ਗਮ ਡੇਰਾ ਲਾਇਆ ਏ।

 

ਸਾਵਣ ਪਿਆ ਵਰ੍ਹਦਾ ਏ

ਦੇਸ਼ ਦੇ ਹਾਲਾਤ ਵੇਖ ਕੇ

ਨੀਰ ਅੱਖੀਆਂ 'ਚੋਂ ਝਰਦਾ ਏ।

 

ਸਾਵਣ ਵੀ ਗਾਵਾਂਗੇ

ਨਸ਼ੇ ਵਾਲੀ ਜੰਗ ਜਿੱਤ ਕੇ

ਤੀਆਂ ਫੇਰ ਮਨਾਵਾਂਗੇ।

ਸੰਪਰਕ

ਲਖਵਿੰਦਰ ਸਿੰਘ ਬਾਜਵਾ

ਪਿੰਡ ਜਗਜੀਤ  ਨਗਰ (ਹਰੀਪੁਰਾ)

ਜ਼ਿਲ੍ਹਾ ਸਿਰਸਾ, ਹਰਿਆਣਾ

ਮੋਬਾਈਲ-9416734506

9729608492


Contact -

Lakhwinder Singh Bajwa

Village - Jagjit Nagar (Haripura)

District - Sirsa, Haryana

Mobile-9416734506

9729608492


ਇਹ ਵੀ ਪਸੰਦ ਕਰੋਗੇ -

 ਕਿਰਤੀਆਂ ਦੇ ਨਾਮ ਕੁੱਝ ਗੀਤ

Post a Comment

1 Comments

  1. ਬਾਜਵਾ ਵੀਰ ਜੀ ਸਾਵਣ ਬਾਰੇ ਬਹੁਤ ਹੀ ਕਮਾਲ ਦੀਆਂ ਰਚਨਾਵਾਂ ਜੀ,ਖੂਬਸੂਰਤ ਸ਼ਬਦਾਵਲੀ।

    ReplyDelete

ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.