15 ਅਗਸਤ ਨਾਲ ਸਬੰਧਤ ਤਿੰਨ ਕਵਿਤਾਵਾਂ

Image source wikipedia.org
ਆਣ ਉਜਾੜਾ ਪੱਲੇ ਪੈ ਗਿਆ/ ਡਾ. ਮੇਹਰ ਮਾਣਕ

ਹੋਏ ਵੰਡਵਾਰੇ ਵਿੱਚੋਂ ਦੱਸੋ ਕੀ ਖੱਟਿਆ

ਰੰਗਲਾ ਪੰਜਾਬ ਜੜੋਂ ਗਿਆ ਪੱਟਿਆ

ਸਿਰਜੇ ਸੁਪਨਿਆਂ ਦਾ ਮਹਿਲ ਇੱਕੋ ਹੱਲੇ ਢਹਿ ਗਿਆ।

ਕਦੇ ਸੋਚਿਆ ਵੀ ਨਹੀਂ ਸੀ ਜੋ ਉਜਾੜਾ ਪੱਲੇ ਪੈ ਗਿਆ।

 

ਸੋਹਣੇ ਕੱਠੇ ਵਸਦੇ ਸੀ, ਬੈਠ ਸੱਥਾਂ ਵਿੱਚ ਹਸਦੇ ਸੀ

ਨਾ ਵੇਖ ਕਦੇ ਮਚਦੇ ਸੀ, ਵਧੀਆ ਵਸਦੇ ਰਸਦੇ ਸੀ

ਸਾਜਸ਼ਾਂ ਦੀ ਮਾਰ ਹੇਠ ਵਸਦਾ ਹਰ ਬਨੇਰਾ ਯਾਰੋ ਢਹਿ ਗਿਆ।

 

ਉੱਤੋਂ ਚੰਦਰੇ ਸਾਉਣ ਭਾਦੋਂ ਦਾ ਮਹੀਨਾ ਛੱਡ ਘਰ ਤੇ ਜ਼ਮੀਨਾਂ

ਸਮਾਂ ਹੋਇਆ ਬੇਯਕੀਨਾ ਹੁੱਟ ਹੋਵੇ ਸਾਹ ਚੋਵੇ ਬਦਨੋਂ ਪਸੀਨਾ

ਰੁਲ਼ਣ ਰਾਹਾਂ ਵਿੱਚ ਲਾਸ਼ਾਂ ਜ਼ਹਿਰ ਪਾਣੀਆਂ 'ਚ ਪੈ ਗਿਆ।

 

ਚੁੱਕ ਬੰਦੂਕਾਂ ਬਰਛੇ ਤਲਵਾਰਾਂ, ਕਰਨ ਤੁਰੇ ਖੂਬ ਲੁੱਟ ਮਾਰਾਂ

ਜ਼ੁਲਮ ਟੁੱਟਿਆ ਉਤੇ ਮੁਟਿਆਰਾਂ, ਰੁਲੀਆਂ ਖੇਤਾਂ ਦੇ ਵਿੱਚ ਨਾਰਾਂ

ਬਿਨਾਂ ਗੁਨਾਹੋਂ ਹਰ ਕੋਈ ਮਾਰਨ‌ ਦੂਜੇ ਤਾਂਈਂ ਬਹਿ ਗਿਆ।

 

ਖ਼ਲਕਤ ਹੋ ਗਈ ਬਰਬਾਦ ਸੀ, ਹੋਇਆ ਰਹਿਬਰ ਅਬਾਦ ਸੀ

ਲੋਕਾਂ 'ਤੇ ਡਿੱਗੀ ਗਾਜ ਸੀ, ਮੁਲਕ ਨੇਤਾਵਾਂ ਲਈ ਅਜਾਦ ਸੀ

ਚੰਦਰਾ ਮਨਸੂਬਾ ਬੇਗੁਨਾਹਾਂ ਦੀ ਯਾਰੋ ਬੜੀ ਬਲੀ ਲੈ ਗਿਆ।

ਇਸ 'ਚੋਂ ਲੱਭਣਾ ਵੀ ਕੀ ਸੀ, ਅਵਾਮ ਦੀ ਰੱਤ ਗਿਆ ਪੀ ਸੀ

ਇਹ ਫੁੱਟ ਵਾਲਾ ਬੀ(ਜ) ਸੀ, ਬਣੀ ਲੀਡਰਾਂ ਲਈ ਠੀ(ਹ) ਸੀ

ਕੁੱਝ ਤਾਂ ਸਿੱਖ ਲਓ ਪਾਣੀਂ ਬੜਾ ਯਾਰੋ ਪੁਲਾਂ ਹੇਠੋਂ ਵਹਿ ਗਿਆ।

ਸੰਪਰਕ -

ਡਾ.ਮੇਹਰ ਮਾਣਕ

ਮੁਖੀ ,

ਯੂਨੀਵਰਸਿਟੀ ਸਕੂਲ ਆਫ ਸੋਸ਼ਲ ਸਾਇੰਸਜ਼,

ਰਾਇਤ ਬਾਹਰਾ ਯੂਨੀਵਰਸਿਟੀ ,

ਖਰੜ ,ਮੋਹਾਲੀ

ਮੋਬਾਈਲ -90411-13193


ਭਾਰਤ ਇੰਡੀਆ ਹਿੰਦੋਸਤਾਨ / ਜਸਵਿੰਦਰ ਸਿੰਘ ਕਾਈਨੌਰ

ਦੇਸ਼ ਮੇਰੇ ਦੇ ਤਿੰਨਤਿੰਨ ਨਾਮ

ਭਾਰਤ, ਇੰਡੀਆ  ਹਿੰਦੋਸਤਾਨ

ਸੰਨ ਸੰਤਾਲੀ ਤੋਂ ਪਹਿਲਾਂ ਇਸਦਾ

ਹੁੰਦਾ ਸੀ ਇਕੋ ਨਾਮ

ਹਿੰਦੋਸਤਾਨ ਬਈ ਹਿੰਦੋਸਤਾਨ

ਦੇਸ਼ ਵਾਸੀਆਂ ਦੀ ਸੀ ਇਕੋ ਆਵਾਜ਼

ਗੁਲਾਮੀ ਤੋਂ ਹੋਣਾ ਏ ਆਜ਼ਾਦ

ਹੋਏ ਅੰਦੋਲਨ ਲੜੀਆਂ ਗਈਆਂ ਲੜਾਈਆਂ

ਬੱਚਿਆਂ ਬੁੱਢਿਆਂ ਤੇ ਜਵਾਨਾਂ ਨੇ

ਸ਼ਹੀਦੀਆਂ ਸੀ ਫਿਰ ਪਾਈਆਂ

ਕਹਿੰਦੇ ਹੁਣ ਨੀ ਰਹਿਣਾ ਗੁਲਾਮ

ਦੇਸ਼ ਮੇਰੇ ਦੇ ਤਿੰਨਤਿੰਨ ਨਾਮ

ਭਾਰਤ, ਇੰਡੀਆ ਹਿੰਦੋਸਤਾਨ

 

ਸਭ ਦੇ ਲਈ ਮਿਸਾਲ ਬਣ ਗਈ

ਭਗਤ ਸਿੰਘ ਦੀ ਕੁਰਬਾਨੀ

ਦੇਸ਼ ਦੀ ਆਜ਼ਾਦੀ ਦੇ ਖਾਤਿਰ

ਜਿਸਨੇ ਭੇਂਟ ਚੜ੍ਹਾਈ ਆਪਣੀ ਜਵਾਨੀ

ਸਾਰਿਆਂ ਨੂੰ ਆਪਾਂ ਸਿਜਦਾ ਕਰੀਏ

ਜੋ ਹੋ ਗਏ ਦੇਸ਼ ਆਪਣੇ ਤੋਂ ਕੁਰਬਾਨ

ਦੇਸ਼ ਮੇਰੇ ਦੇ ਤਿੰਨਤਿੰਨ ਨਾਮ

ਭਾਰਤ, ਇੰਡੀਆ  ਹਿੰਦੋਸਤਾਨ

 

ਹਿੰਦੂ, ਮੁਸਲਿਮ, ਸਿੱਖ ਈਸਾਈ

ਰਹਿੰਦੇ ਨੇ ਮਿਲਕੇ ਸਾਰੇ ਭਾਈਭਾਈ

ਰੀਤੀਰਿਵਾਜ਼ ਹੈ ਇਥੇ ਦੁਨੀਆਂ ਭਰਦੇ

ਸਭ ਨਾਲੋਂ ਵੱਖਰੀ ਹੈ ਇਸਦੀ ਪਹਿਚਾਣ

ਦੇਸ਼ ਮੇਰੇ ਦੇ ਤਿੰਨਤਿੰਨ ਨਾਮ

ਭਾਰਤ, ਇੰਡੀਆ  ਹਿੰਦੋਸਤਾਨ

 

ਆਓ ਮਿਲ ਕੇ ਸਹੁੰ ਇੱਕ ਪਾਈਏ

ਚਾਰੇ ਪਾਸੇ ਅਮਨ ਫੈਲਾਈਏ

ਦੇਸ਼ ਭਗਤੀ ਵਿੱਚ ਹਿੱਸਾ ਪਾ ਕੇ

ਦੇਸ਼ ਆਪਣੇ ਦਾ ਨਾਂ ਚਮਕਾਈਏ

ਦੇਸ਼ ਮੇਰੇ ਦੀ ਧਰਤੀ ਮਿੱਤਰੋ

ਜਸਵਿੰਦਰ ਦੀ ਹੈ ਜਿੰਦ ਜਾਨ

ਦੇਸ਼ ਮੇਰੇ ਦੇ ਤਿੰਨਤਿੰਨ ਨਾਮ

ਭਾਰਤ, ਇੰਡੀਆ ਹਿੰਦੋਸਤਾਨ

ਜਸਵਿੰਦਰ ਸਿੰਘ ਕਾਈਨੌਰ

ਕੋਠੀ ਨੰਬਰ 187, ਸੈਕਟਰ 15

ਖਰੜ

ਜਿਲ੍ਹਾ ਮੋਹਾਲੀ।

ਮੋਬਾਈਲ - 98888—42244


ਆਜਾਦੀ ਦਾ ਦਿਹਾੜਾ / ਵਿਵੇਕ

 ਪੰਦਰਾਂ ਅਗਸਤ ਨੂੰ ਕੀ

ਕਹਿ ਬੁਲਾਵਾਂ

ਆਜਾਦੀ ਦਾ ਦਿਹਾੜਾ

ਜਾਂ ਲੋਕਾਂ ਦਾ ਉਜਾੜਾ

 

ਕੁਰਸੀ ਦੀ ਕਾਹਲੀ

ਲਾਲਸਾ ਨਾਮ ਚਮਕਾਉਣ ਦੀ

ਖੂਬ ਆਜਾਦੀ ਨੂੰ ਸੀ

ਇਹਨਾਂ ਭਰਮਾਇਆ

 

ਨਾਆਰੇ ਦੇਸ਼ ਭਗਤੀ ਦੇ

ਲਾਉਂਦੇ ਰਹੇ ਦਿਨ ਰਾਤ

ਇਸ ਆਜਾਦੀ ਦੇ ਨਾਮ 'ਤੇ

ਦੇਸ਼ ਨਾਲ ਲੋਕਾਂ ਨਾਲ

ਗਿਆ ਧ੍ਰੋਹ ਕਮਾਇਆ

 

ਆਜਾਦੀ ਮਿਲ ਗਈ

ਪ੍ਰਚਾਰ ਸਦਾ ਕਰਦੇ ਰਹੇ

ਉਹ ਆਜਾਦੀ ਜੋ ਮਿਲੀ ਨਹੀਂ

ਉਹ ਆਜਾਦ ਜੋ ਵੇਖੀ ਨਹੀਂ

 

ਹੁਣ ਪਿਆਰੇ ਦੇਸ਼ ਵਾਸੀਓ

ਤੁਸੀਂ ਹੀ ਦੱਸੋ

ਪੰਦਰਾਂ ਅਗਸਤ ਨੂੰ ਕੀ

ਕਹਿ ਬੁਲਾਵਾਂ

ਆਜਾਦੀ ਦਾ ਦਿਹਾੜਾ

ਜਾਂ ਲੋਕਾਂ ਦਾ ਉਜਾੜਾ

ਵਿਵੇਕ

ਕੋਟ ਈਸੇ ਖਾਂ

ਮੋਗਾ

ਮੋਬਾਈਲ -70099 - 46458

 

 

 

 

 

Post a Comment

0 Comments