ਸੁੱਕੀ ਅੱਖ ਨਾ ਅਜੇ ਤੱਕ ਤੇਰੀ ਨਦੀਆਂ ਦੇ ਨੀਰ ਸੁੱਕ ਗਏ.

Only you’ve ever a moist eye,

Though all the streams have gone dry.

ਸ਼ਬਦ ਚਾਨਣੀ---ਨਿਰਮਲ ਦੱਤ

ਟੱਪੇ

ਜਦੋਂ ਦੁੱਖਾਂ ਨੇ ਕਾਲ਼ਜੇ ਸਾੜੇ

ਸੁੱਖਾਂ ਨੇ ਠੰਡੀ ਛਾਂ ਕਰਤੀ.

 

ਵੇਖੇ ਰੱਜ ਕੇ, ਕਦੇ ਨਾ ਰੰਗ ਛੇੜੇ

ਇਹ ਜਾਮਾਂ ਮੇਰਾ ਸਾਫ਼ ਰਹਿ ਗਿਆ.

 

ਕੱਚੇ ਰੰਗਾਂ ਦਾ ਸ਼ੌਕ ਨਾ ਪਾਲ਼ੀਂ

ਉੱਡੇ ਜਦੋਂ, ਨੀਂਦ ਉੱਡ ਜੂ.

 

ਮੈਂਨੂੰ ਸੱਚ ਨੇ ਵਿਖਾਏ ਸੁਪਨੇ

ਤੇ ਸੁਪਨੇ 'ਚੋਂ ਸੱਚ ਲੱਭ ਗਏ.                                           

 

ਕਦੇ ਸੱਚ ਹੈ, ਕਦੇ ਬੱਸ ਸੁਪਨਾ

ਯਾਰ ਮੇਰਾ ਰੱਬ ਵਰਗਾ.

 

ਸੁੱਕੀ ਅੱਖ ਨਾ ਅਜੇ ਤੱਕ ਤੇਰੀ

ਨਦੀਆਂ ਦੇ ਨੀਰ ਸੁੱਕ ਗਏ.

ਗ਼ਜ਼ਲ

ਕਮੀਂ ਕੋਈ ਨਹੀਂ ਹੈ:

ਖ਼ਬਰ ਹੋਈ ਨਹੀਂ ਹੈ.

 

ਸੁਬ੍ਹਾ ਹਸਦੀ ਨਹੀਂ ਹੈ,

ਸ਼ਾਮ ਰੋਈ ਨਹੀਂ ਹੈ.

 

ਨਜ਼ਰ ਧੁੰਦਲੀ ਹੈ ਹਾਲ਼ੇ,

ਨਜ਼ਰ ਖੋਈ ਨਹੀਂ ਹੈ.

 

ਤੇਰੇ ਅੰਦਰ ਨਹੀਂ ਜੇ,

ਕਿਤੇ ਢੋਈ ਨਹੀਂ ਹੈ.

 

ਆਸ ਖੋਈ, ਛੁਪੀ ਹੈ,

ਕਦੇ ਮੋਈ ਨਹੀਂ ਹੈ.

 

ਮੈਂ ਕੇਵਲ ਸੱਚ ਕਿਹਾ ਹੈ,

ਇਹ ਦਿਲਜੋਈ ਨਹੀਂ ਹੈ.

ਸੱਚ ਤੇ ਸਮਾਧੀ

ਹੇ ਰਿਸ਼ੀਵਰ,

ਯਾਦ ਰੱਖਣਾ

ਕਿ ਕਦੇ

ਤਿਤਲੀ ਕੋਈ

ਬੁੱਢੀ ਨਹੀਂ ਹੁੰਦੀ,

ਨਾ ਕਦੇ ਵੀ

ਨਜ਼ਮ ਦਾ

ਢਲ਼ਿਆ ਹੈ ਜਿਸਮ,

ਗ਼ਜ਼ਲ ਦੇ

ਨੈਣਾਂ 'ਚੋਂ

ਨਹੀਂ ਮੁੱਕਦੀ ਸ਼ਰਾਬ,

ਹਰ ਰੁਬਾਈ

ਹਰ ਸਮੇਂ

ਨੱਚਦਾ ਸ਼ਬਾਬ;

ਹੇ ਰਿਸ਼ੀਵਰ,

ਇਹ ਸਨਾਤਨ ਸੱਚ ਹੈ;

ਜੇ ਸਮਾਧੀ

ਏਸ ਸੱਚ ਤੋਂ ਬੇਖ਼ਬਰ ਹੈ

ਏਸ ਬੇਖ਼ਬਰੀ ਦਾ

ਕੋਈ ਉਪਚਾਰ ਕਰਨਾ,

ਤਾਂ ਕਿ ਕਿਧਰੇ

ਇਹ ਸਮਾਧੀ ਟੁੱਟ ਨਾ ਜਾਵੇ

ਇਸ ਸਮਾਧੀ ਦਾ

ਜ਼ਰਾ ਵਿਸਥਾਰ ਕਰਨਾ.

ਇਹ ਤਲਿੱਸਮ ਹੈ.........!

ਇਹ ਤਲਿੱਸਮ ਹੈ, ਮੇਰੀ ਜਾਨ!

ਜ਼ਰਾ ਹੋਸ਼ 'ਚ ਰਹਿ.

 

ਏਥੇ ਇੱਕ ਚਾਂਦੀ-ਬਦਨ

ਸ਼ਾਂਤ ਰਾਤ ਦੇ ਦਿਲ ਵਿੱਚ

ਐਵੇਂ ਹੋ ਜਾਂਦਾ ਹੈ ਚੰਨ ਦਾ ਵਿਸਫ਼ੋਟ;

 

ਕਾਲ਼ੇ ਤੇ ਖ਼ੂਨ-ਭਿੱਜੇ ਬੱਦਲਾਂ 'ਚੋਂ

ਏਥੇ ਹੱਸ ਪੈਂਦਾ ਹੈ

ਸੁਬਹਾ ਦਾ ਸੁਨਹਿਰੀ ਸੂਰਜ;

 

ਏਥੇ ਇਹ ਦਿਲਕਸ਼

ਪਿਆਰੇ ਜਿਹੇ ਸੁਰੀਲੇ ਨਗ਼ਮੇਂ

ਬਦਲ ਜਾਂਦੇ ਨੇ ਅਚਾਨਕ

ਕਿਸੇ ਪਾਗ਼ਲ ਦਿਆਂ ਵਿਰਲਾਪਾਂ ਵਿੱਚ;

 

ਏਥੇ ਕੋਈ

ਪੀੜ ਦੀ ਕਲਮ ਫੜਕੇ

ਦਰਦ ਦੇ ਵਰਕੇ 'ਤੇ ਵਾਹ ਦਿੰਦਾ ਹੈ

ਨੱਚਦੇ ਵਜਦ ਦਾ ਨਕਸ਼ਾ;

 

ਏਥੇ ਸੱਭਿਅਤ, ਸੁਸ਼ੀਲ

ਚਮਕਦੇ ਹੋਏ ਤਾਰਿਆਂ 'ਤੇ ਕਰਕੇ ਯਕੀਨ

ਪੱਤ ਗੰਵਾ ਲੈਂਦੀ ਹੈ

ਅਪਣੀ ਹੀ ਕੋਈ ਸੱਜਰੀ ਸਵੇਰ;

 

ਏਥੇ ਬੇ-ਚਮਕ, ਬੇ-ਸ਼ਊਰ, ਬੇ-ਜਗੇ ਦੀਵੇ

ਜਾਨ ਦੇ ਦੇਂਦੇ ਨੇ

ਰਾਹ ਜਾਂਦੀ ਕਿਸੇ ਓਪਰੀ ਜਿਹੀ ਸ਼ਾਮ ਦੀ

ਇੱਜ਼ਤ 'ਤੇ ਬਣੇ ਖ਼ਤਰੇ ਨੂੰ ਟਾਲਣ ਦੇ ਲਈ;

 

ਏਥੇ ਖੁਸ਼ ਦਿਸਦੀਆਂ

ਹੱਸਦੀਆਂ ਬਹਾਰਾਂ ਦੀ

ਐਵੇਂ ਛਲਕ ਪੈਂਦੀ ਹੈ ਅੱਖ;

 

ਏਥੇ ਪੱਤਝੜ ਦੇ

ਝੁਰੜਾਏ ਹੋਏ ਚੇਹਰੇ 'ਤੋਂ

ਸਾਫ਼ ਪੜ੍ਹ ਸਕਦੇ ਹੋ ਗੀਤਾ ਦੇ ਸ਼ਲੋਕ;

 

ਏਥੇ ਪਰੀਆਂ ਜਿਹੇ ਸੋਹਣੇ ਆਕਾਰ

ਅੱਖ ਝਪਕਦੇ ਹੀ

ਚੁੜੇਲਾਂ ਦਾ ਰੂਪ ਧਰਦੇ ਨੇ;

 

ਏਥੇ ਇਹ ਖ਼ੌਫ਼-ਜ਼ਦਾ ਦਿਨ

ਅਤੇ ਦਹਿਸ਼ਤ ਦੀਆਂ ਝੰਬੀਆਂ ਰਾਤਾਂ

ਆਪਣਾ ਸਫ਼ਰ ਮੁਕਾਉਂਦੇ ਨੇ ਨਿਰਵਾਣ ਦੀਆਂ ਜੂਹਾਂ ਵਿੱਚ.

 

ਜ਼ਰਾ ਸੰਭਲ਼ ਕੇ, ਮੇਰੀ ਜਾਨ!

ਇਹ ਤਲਿੱਸਮ ਹੈ;

ਬੱਸ ਤਲਿੱਸਮ ਹੈ,

ਇੱਕ ਤਲਿੱਸਮ ਹੈ………….!

ਸੰਪਰਕ -

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।            

ਮੋਬਾਈਲ -98760-13060



Contact -

Nirmal Datt

# 3060, 47-D,

Chandigarh.

Mobile-98760-13060

ਇਹ ਵੀ ਪਸੰਦ ਕਰੋਗੇ -

ਮੇਰਾ ਪਿੰਜਰਾ, ਪਾਲਕੀ ਹੋਇਆ ਜਦੋਂ ਦੀ ਤੇਰੇ ਲੜ ਲੱਗ ਗਈ.

Post a Comment

0 Comments