ਧਰਤੀ ਉੱਪਰਲੇ ਸਵਰਗ ਨਰਕ ਨੂੰ ਪੇਸ਼ ਕਰਦੀਆਂ ਕਾਵਿ ਰਚਨਾਵਾਂ

ਲਖਵਿੰਦਰ ਸਿੰਘ ਬਾਜਵਾ ਦੀਆਂ ਕਾਵਿ ਰਚਨਾਵਾਂ

ਲਖਵਿੰਦਰ ਸਿੰਘ ਬਾਜਵਾ ਪਿਛਲੇ ਲੰਬੇ ਸਮੇਂ ਤੋਂ ਸਾਹਿਤ ਰਚਨਾ ਕਰ ਰਹੇ ਹਨ। ਉਨ੍ਹਾਂ ਦੀਆਂ ਵਾਰਤਕ ਅਤੇ ਕਾਵਿ ਰਚਨਾਵਾਂ ਵਿੱਚ ਗਿਆਨ ਦੇ ਨਾਲ ਨਾਲ ਲੋਕ ਪੱਖੀ ਗੱਲ ਹੁੰਦੀ ਹੈ। ਉਹ ਲੋਕ ਮੁੱਦਿਆਂ ਨਾਲ ਜੁੜੀਆਂ ਹੋਇਆ ਸਾਹਿਤਕਾਰ ਹੈ। ਇੱਥੇ ਅਸੀਂ ਉਨ੍ਹਾਂ ਦੀਆਂ ਚਾਰ ਕਾਵਿ ਰਚਨਾਵਾਂ ਦੇ ਰਹੇ ਹਾਂ ,ਜੋ ਧਰਤੀ ਉੱਪਰ ਅਮੀਰੀ ਗਰੀਬੀ ਦੇ ਪਾੜੇ ਨੂੰ ਦਰਸਾਉਂਦੀਆਂ ਨਰਕ ਅਤੇ ਸਵਰਗ ਨੂੰ ਰੂਪਮਾਨ ਕਰਦੀਆਂ ਹਨ। ਇਹ ਰਚਨਾਵਾਂ ਵੱਖ ਵੱਖ ਸਮੇਂ 'ਤੇ ਰਚੀਆਂ ਗਈਆਂ ਹਨ। ਦੋ ਰਚਨਾਵਾਂ ਤਾਂ ਚਾਰ ਦਹਾਕੇ ਪੁਰਾਣੀਆਂ ਹਨ ਪਰ ਹਾਲਾਤ ਅੱਜ ਵੀ ਉਹੀ ਨਜ਼ਰ ਆਉਂਦੇ ਹਨ। ਸਰਬਜੀਤ ਧੀਰ

ਨਰਕ ਸੁਰਗ

ਕਿਵੇਂ ਮੈਂ ਸਲਾਹਵਾਂ ਤੇਰਾ ਸੰਦਲੀ ਸਰੀਰ, ਅਤੇ ਕਿਵੇਂ ਮੈ ਸਲਾਹਵਾਂ ਤੇਰਾ ਰੂਪ ਨੀ।

ਕਿਵੇਂ ਮੈਂ ਸਲਾਹਵਾਂ ਆਉਂਦੀ ਇਤਰਾਂ ਦੀ ਭਿੰਨੀ ਭਿੰਨੀਮਹਿਕ ਤੇਰੇ ਪਿੰਡੇ 'ਚੋਂ ਅਨੂਪ ਨੀ।

 

ਕਿਵੇਂ ਮੈਂ ਸਲਾਹਵਾਂ ਤੇਰਾ ਚੰਨ ਜਿਹਾ ਮੱਥਾ ਦੱਸ, ਕਿਵੇਂ ਮੈਂ ਸਲਾਹਵਾਂ ਨੀਲੇ ਨੈਣ ਨੀ।

ਕਿਵੇਂ ਤੁਲਨਾਵਾਂ ਕੇਸਾਂ ਕਾਲਿਆਂ ਨੂੰ ਘਟਾ ਨਾਲ, ਕਿਵੇਂ ਕਹਾਂ ਪਰੀਆਂ ਦੀ ਭੈਣ ਨੀ।

 

ਜੂੜੇ ਦੇ ਦੁਆਲੇ ਤਾਜੇ ਮੋੰਗਰੇ ਦੀ ਮਹਿਕ ਵਾਲਾ, ਲੱਖ ਪੈਂਦੈ ਸੱਜ ਸੱਜ ਗਜਰਾ।

ਹੋਠਾਂ ਤੇ ਗੁਲਾਬ ਦੀਆਂ ਪੱਤੀਆਂ ਦੀ ਆਬ ਜਿਹਾ, ਭਾਵੇਂ ਹੈ ਹੁਸਨ ਤੇਰਾ  ਸੱਜਰਾ।

 

ਪਰ ਮੇਰੇ ਮਨ ਤਾਈਂ ਅਜੇ ਨਾ ਸਕੂਨ ਆਵੇ, ਦੁਨੀਆਂ ਦੇ ਵੇਖ ਕੇ ਹਾਲਾਤ ਨੀ।

ਅਜੇ ਵੀ ਕਿਓਂ ਹੈ ਨੀਵੀਂ ਲੋਕ ਰਾਜ ਆਪਣੇ ', ਆਦਮੀ ਤੋਂ ਆਦਮੀ ਦੀ ਜਾਤ ਨੀ।

 

ਵੇਖਾਂ ਕਿਸੇ ਕੁੜੀ ਦਾ ਜਾਂ ਅੱਗ ਦੀ ਵਰੇਸੇ ਹੋਇਆ, ਬੁੱਝੀ ਹੋਈ ਰਾਖ ਜਿਹਾ ਰੰਗ ਨੀ।

ਨੈਣਾਂ ਉਹਦਿਆਂ ਚ ਵੇਖਾਂ ਝਾਕਦਾ ਖਲਾਅ, ਸੁੱਕੀ ਸੱਧਰਾਂ ਦੀ ਦਿਸੇ ਮੈਨੂੰ ਗੰਗ ਨੀ।

 

ਮੈਲ ਭਰੇ ਚੀਥੜੇ ਫਰੋਲਦੀ ਏ ਕੂੜਾ ਕੁੜੀ, ਮੱਥੇ ਦਾ ਧੁਆਂਖਿਆ ਏ ਚੰਦ ਨੀ।

ਬਣ ਕੇ ਜਟੂਰੀਆਂ ਨੇ ਜੁਲਫਾਂ ਉਲਝ ਗਈਆਂ, ਜਿਵੇੰ ਉਹਦੇ ਲੇਖਾਂ ਵਾਲੇ ਤੰਦ ਨੀ।

 

ਮੈਲ ਤੇ ਪਸੀਨਾ ਰਲ ਛੱਡਣ ਹਵਾੜ ਜਦੋਂ, ਆਵੇ ਕਿਓਂ ਨਾ ਮਹਿਕਾਂ ਨੂੰ ਸ਼ਰਮ ਨੀ।

ਪਾਟੇ ਉਹਦੇ ਲੀੜਿਆਂ 'ਚ ਵਿੱਥਾਂ ਥਾਣੀ ਵੜਦਾ ਮੈਂ, ਵੇਖਿਆ ਏ ਲੋਕਾਂ ਦਾ ਧਰਮ ਨੀ।

 

ਭੁੱਖ ਨੇ ਜ਼ਮੀਰ ਉਹਦੀ ਕੀਤੀ ਲੀਰ ਲੀਰ , ਤੱਕ ਹੁਸਨਾ ਨੂੰ ਲੱਗਿਆ ਗ੍ਰਹਿਣ ਨੀ।

ਜਿਸ ਮੁੱਖ ਉਤੇ ਪ੍ਰਵਾਨਿਆਂ ਨੇ ਡਿੱਗਣਾ ਸੀ, ਓਸ ਉਤੇ ਮੱਖੀਆਂ ਕਿਓਂ ਬਹਿਣ ਨੀ।

 

ਤੇਰੇ ਸੈਂਡਲਾਂ ਨੂੰ ਦੱਸ ਕਿਵੇਂ ਮੈਂ ਸਲਾਹਵਾਂ, ਉਹਦੇ ਨੰਗੇ ਪੈਰ ਵੇਖ ਕੇ ਮਲੂਕ ਨੀ।

ਕਦੇ ਕਦੇ ਮੈਨੂੰ ਤਾਂ ਭਰਮ ਜਿਹਾ ਪੈਂਦੈ, ਕੀ ਇਹ ਇੱਕੋ ਹੀ ਖੁਦਾ ਦੀ ਮਖਲੂਕ ਨੀ?

 

ਝਾਂਜਰਾਂ ਦੀ ਥਾਂ ਤੇ ਮੈਲ ਗਿੱਟਿਆਂ ਦੁਆਲੇ, ਕਿਉਂਕਿ ਪਹਿਲਾਂ ਰੋਟੀ ਪਿੱਛੋਂ ਏ ਸਬੂਣ ਨੀ।

ਸੁਰਗਾਂ ਦੀ ਹੂਰ ਵਿੱਚ ਨਰਕਾਂ ਦੇ ਸੜਦੀ ਕਿਓਂ, ਜਾਵੇ ਸੋਚ ਆਤਮਾ  ਹਲੂਣ ਨੀ।

 

ਬਿਉਟੀਪਾਰਲਰੀਂ ਕਾਹਨੂੰ ਉੱਜੜੇਂ ਅਮੀਰਜਾਦੀ,  ਇਹ ਵੀ ਤਾਂ ਪਛਾਣ ਤੇਰੀ ਜਾਤ ਨੀ।

ਆਪਣੇ ਸ਼ਿੰਗਾਰ ਦਾ ਉਤਾਰ ਰੰਗ ਥੋੜ੍ਹਾ ਜਿੰਨਾ, ਇਹਨੂੰ ਦੇਦੇ ਜੀਣ ਲਈ ਸੌਗਾਤ ਨੀ।

 

ਬਾਜਵਾ ਜੇ ਦੁਖੀਆਂ ਦਾ ਦੁੱਖੜਾ ਵੰਡਾਈਏ, ਕਦੇ ਇਸ ਵਿੱਚ ਘਟਦੀ ਨਾ ਸ਼ਾਨ ਨੀ।

ਡਿੱਗੇ ਨੂੰ ਉਠਾਕੇ ਰਾਹ ਮੰਜਲਾਂ ਦੇ ਪਾਉਣ ਵਾਲੇਜੱਗ ਤੇ ਕਹਾਉਂਦੇ ਨੇ ਮਹਾਨ ਨੀ।

ਨੰਗਾ ਕੌਣ ?

ਲਮਕਣ ਤਨ ਤੇ ਲੀਰਾਂ ਬੇਬਸ ਕੀਰਾਂ ਦੇ।

ਸਭ ਆਖਣ ਇਹ ਸੌਦੇ ਨੇ ਤਕਦੀਰਾਂ ਦੇ ।

ਫੈਸ਼ਨ ਅਤੇ ਗਰੀਬੀ ਭੈਣਾ ਭੈਣਾਂ ਨੇ ।

ਦੋਵੇਂ ਨੰਗੇ ਫਿਰਦੇ ਵਾਂਗ ਫ਼ਕੀਰਾਂ ਦੇ ।

ਇੱਕੋ ਜਿੰਨੇ ਜਿਸਮ ਦੋਹਾਂ ਦੇ ਦਿਸਦੇ ਨੇ।

ਵੱਖੋ ਵੱਖ ਪਰ ਪੈਂਦੇ ਮੁੱਲ ਸਰੀਰਾਂ ਦੇ ।

ਪਾੜ ਪਾੜ ਕੇ ਕਪੜੇ ਪਹਿਨ ਅਮੀਰ ਰਿਹਾ ।

ਇਹਨਾ ਨੂੰ ਕਿਓਂ ਮੋਹ ਆਉਂਦੇ ਨੇ ਲੀਰਾਂ ਦੇ ?

ਨੰਗਾ ਹੋਏ ਅਮੀਰ ਤਾਂ ਆਖਣ ਫੈਸ਼ਨ ਹੈ।

ਨੰਗੇ ਕਿਓਂ ਅਖਵਾਉਂਦੇ ਬੱਚੇ ਕੀਰਾਂ ਦੇ ?

ਨਜ਼ਰਾਂ ਸੋਹਣੇ ਜਿਸਮਾ ਉਤੋਂ ਤਿਲਕਦੀਆਂ ।

ਚੁੱਭਦੀਆਂ ਮੈਲੇ ਜਿਸਮੀ ਵਾਂਗਰ ਤੀਰਾਂ ਦੇ ।

ਕੌਣ ਕਹੇ ਹੁਣ ਅੱਗਾ ਢੱਕੋ ਬਾਜਵਿਆ ।

ਸ਼ੌਕ ਅਵੱਲੇ ਵੇਖੇ ਜਾਂ ਤਸਵੀਰਾਂ ਦੇ ।

ਗਰੀਬੀ

ਇੱਕ ਦਿਵਸ ਦੀ ਗੱਲ ਸੁਣਾਵਾਂ,  ਗਿਆ ਰਾਣੀਆਂ ਸ਼ਹਿਰ।

ਸਾਰਾ ਦਿਨ ਮੈਂ ਘੁੰਮ ਘੁੰਮਾ ਕੇ, ਮੁੜਨ ਲੱਗਾ ਘਰ ਪਿਛਲੇ ਪਹਿਰ।

ਸੜਕ ਕਿਨਾਰੇ ਕੀ ਵੇਂਹਦਾ ਹਾਂ, ਇੱਕ ਖਲੋਤੀ ਹੈ ਮੁਟਿਆਰ।

ਤੱਤੀ ਲੋ ਵਗੇ ਅਸਮਾਨੋਂ, ਭਰ ਹਾੜ ਦੀ ਸਿਖਰ ਦੁਪਿਹਰ।

ਕੁੱਛੜ ਚੁੱਕਿਆ ਨੰਗ ਧੜੰਗਾ, ਇੱਕ ਉਸਨੇ ਛੋਟਾ ਜਿਹਾ ਬਾਲ।

ਤੱਤੀ ਲੋ ਵਿੱਚ ਪਿੰਡਾ ਉਸ ਦਾ, ਤਾਂਬੇ ਵਾਂਗੂ ਹੋਇਆ ਲਾਲ।

ਗੋਰੇ ਮੂੰਹ ਤੇ ਮੈਲ ਝਰੀਟਾਂ, ਲੱਗਦੀਆਂ ਸਨ ਮੈਨੂੰ ਏਦਾਂ।

ਜਾਪੇ ਇਹ ਕਲੰਕ ਲੱਗਾ ਹੈ, ਭਾਰਤ ਦੇ ਮੂੰਹ ਉਤੇ ਜੇਦਾਂ।

ਫਿਰਦੀ ਵਿੱਚ ਬਜਾਰਾਂ ਧੁੱਪੇ, ਉਹ ਭੁੱਖੀ ਤਰਿਹਾਈ।

ਹਰੀ ਚੰਦ ਦੀ ਨਾਰ ਸੁਤਾਰਾ, ਜਿਵੇਂ ਵਿਕਣ ਲਈ ਆਈ।

ਪਰ ਉਹ ਤਾਂ ਸੀ ਸਤੀ ਸਵਿਤਰੀ, ਇਹ ਨਾ ਮੈਨੂੰ ਜਾਪੇ।

ਆਪਣੇ ਤਨ ਦੇ ਕਰਦੀ ਫਿਰਦੀ, ਲੱਗਦੀ ਸੌਦੇ ਆਪੇ।

ਇੱਕੋ ਡੰਗ ਦੀ ਰੋਟੀ ਖਾਤਰ, ਆਪਣਾ ਆਪ ਲੁਟਾਵੇ।

ਭੁੱਖਿਆਂ ਉਹ ਬਘਿਆੜਾਂ ਅੱਗੇ, ਮਾਸ ਆਪਣਾ ਪਾਵੇ।

ਦੇ ਸਰਦਾਰਾ ਇੱਕ ਰੁਪਈਆ, ਉਹ ਮੇਰੇ ਕੋਲ ਆਈ।

ਭੁੱਖ ਗੁਰਬਤ ਮਜ਼ਬੂਰੀ ਦੀ ਉਹ, ਮੂਰਤ ਬਣੀ ਬਣਾਈ।

ਜਦ ਉਸਦੇ ਚੇਹਰੇ ਵੱਲ ਤੱਕਿਆ, ਮੈਂ ਡਾਢਾ ਹੋ ਗਿਆ ਹੈਰਾਨ।

ਇੱਕ ਟਕੇ ਲਈ ਇਜ਼ਤ ਆਪਣੀ, ਉਹ ਜਿੱਦਾਂ ਕਰ ਰਹੀ ਨਿਲਾਮ।

ਮੇਰਾ ਮਨ ਪਸੀਜ ਗਿਆ ਸੀ, ਦੁੱਖ ਉਸਦਾ ਮੈਂ ਸਹਿ ਨਾ ਸੱਕਿਆ।

ਪਤਾ ਨਹੀਂ ਕਿਉਂ ਦਿਲ ਮੇਰਾ ਪਰ, ਫਿਰ ਉਸਨੂੰ ਕੁਝ ਕਹਿ ਨਾ ਸੱਕਿਆ।

ਜੀ ਕਰਦਾ ਸੀ ਆਖ ਦਿਆਂ, ਇਸ ਤਨ ਤਾਈਂ ਤੂੰ ਹੋਰ ਨਾ ਜਾਲ।

ਪਰ ਮੈਂ ਉਸਦੀ ਭੁੱਖ ਦਾ, ਕਰ ਨਹੀਂ ਸੀ ਸੱਕਦਾ ਹੱਲ ਸੁਆਲ।

ਉਸ ਅੱਗੇ ਜਾ ਹੱਥ ਵਧਾਇਆ, ਹੋਰ ਕਿਸੇ ਦੇ ਅੱਗੇ।

ਵੇਖ ਜਵਾਨੀ ਉਹਦੀ, ਭੌਰੇ ਭੌਣ ਚੁਫੇਰੇ ਲੱਗੇ।

ਝੱਟ ਨਜਰਾਂ ਵਿੱਚ ਤਾੜ ਲਿਆ, ਸਯਾਦਾਂ ਨੇ ਹੁਣੇ ਸ਼ਿਕਾਰ।

ਪੇਟ ਦੀ ਅੱਗ ਬੁਝਾਉਣ ਲਈ ਉਹ, ਜ਼ਹਿਰ ਪੀਣ ਲਈ ਹੋਈ ਤਿਆਰ।

ਉਹ ਤਾਂ ਇੱਕ ਮਜਬੂਰ ਔਰਤ ਹੈ, ਭੁੱਖ ਦੀ ਸਤੀ ਸਤਾਈ।

ਪਰ ਲਾਹਨਤ ਉਹਨਾਂ ਲੋਕਾਂ ਨੂੰ, ਜਿਨਾਂ ਨਿਗਾਹ ਟਿਕਾਈ।

ਸਭ ਦੇ ਘਰ ਹਨ ਧੀਆਂ ਭੈਣਾਂ, ਫੇਰ ਸਮਝ ਨਾ ਆਈ,

ਉਹ ਕਿਸੇ ਬਾਪ ਦੀ ਬੇਟੀ, ਕਿਸੇ ਅੰਮਾਂ ਦੀ ਜਾਈ।

ਇਸਦੇ ਵੀ ਅਰਮਾਨ ਹੋਣਗੇ, ਕੁਝ ਸੱਧਰਾਂ ਤੇ ਰੀਝਾਂ।

ਮਿੱਟੀ ਦੇ ਵਿੱਚ ਰੋਲ ਦਿੱਤੀਆਂ, ਭੁੱਖ ਨੇ ਸਭ ਉਮੀਦਾਂ।

ਇਸ ਨੂੰ ਵੀ ਇੱਜ਼ਤ ਤਾਂ ਆਪਣੀ, ਹੋਏਗੀ ਕਦੇ ਪਿਆਰੀ।

ਮੌਤੋਂ ਭੁੱਖ ਬੁਰੀ ਹੈ ਕਹਿੰਦੇ, ਰੋਲੀ ਜਿਸ ਵਿਚਾਰੀ।

ਲਾਹਨਤ ਹੈ ਉਹਨਾਂ ਲੋਕਾਂ ਨੂੰ, ਜੋ ਇਹ ਕਹਿਰ ਕਮਾਉਂਦੇ।

ਜੋ ਮਜਬੂਰ ਕਿਸੇ ਔਰਤ ਦੀ, ਇਜ਼ਤ ਨੂੰ ਹੱਥ ਪਾਉਂਦੇ।

ਬੇਬਸ ਲੇਲਾ ਕੀ ਕਰੇ ਫਿਰ, ਜਦ ਫੜ ਲਏ ਕਸਾਈ।

ਭੁੱਖਾ ਪੇਟ ਵੇਖ ਹਰਿਆਵਲ, ਅੱਗੇ ਧੌਣ ਨਿਵਾਈ।

ਐਸੇ ਮਰਦਾਂ ਤੋਂ ਤਾਂ ਹਨ, ਸੌ ਗੁਣਾ ਕਸਾਈ ਚੰਗੇ।

ਪਹਿਲਾਂ ਕੱਢ ਕੇ ਜਾਨ ਕਿਸੇ ਦੀ, ਫਿਰ ਉਹ ਖੱਲ ਲਾਹੁੰਦੇ।

ਪਰ ਇਹ ਕਾਮੀ ਰਾਖਸ਼ ਲੋਕੀਂ, ਕਦੇ ਨਾ ਕਰਨ ਗੁਰੇਜ਼।

ਜਿਉਂਦੇ ਜੀ ਦੀ ਖੱਲ ਉਧੇੜਨ, ਜਰਾ ਨਾ ਕਰਨ ਦਰੇਗ਼।

ਉਹ ਬੇਬਸ ਜਿਹੀ ਨਾਰੀ ਮੈਨੂੰ, ਫਿਰਦੀ ਏਦਾਂ ਜਾਪੇ।

ਗੂੰਗੀ ਜਿਹੀ ਬੋਲੀ ਵਿੱਚ ਆਪਣੀ, ਭੁੱਖ ਦਾ ਰਾਗ ਅਲਾਪੇ।

ਮੱਠੇ-ਮੱਠੇ ਕਦਮਾਂ ਦੇ ਸੰਗ, ਉਹ ਧਰਤੀ ਨੂੰ ਨਾਪੇ।

ਬੇ-ਬਸੀ ਬੁੱਲ੍ਹਾਂ ਤੇ ਉਸਦੇ, ਹਾਸੇ ਜਿਵੇਂ ਗਵਾਚੇ।

ਮਨ ਮੇਰੇ ਵਿੱਚ ਉੱਠ ਰਿਹਾ ਸੀ, ਮੁੜ ਮੁੜ ਇੱਕੋ ਇੱਕ ਖਿਆਲ।

ਦੇਸ਼ ਮੇਰੇ ਚੋਂ ਭੁੱਖ ਨੰਗ ਦਾ, ਕਦ ਹੋਏਗਾ ਹੱਲ ਸੁਆਲ।

ਕਿੰਨਾ ਚਿਰ ਰੋਟੀ ਲਈ ਇੱਜ਼ਤ, ਹੁੰਦੀ ਰਹੇਗੀ ਹੋਰ ਨਿਲਾਮ।

ਕਹਿ ਨਹੀਂ ਸੱਕਦਾ ਬਾਜਵਾ, ਕੀ ਹੋਏ ਇਸਦਾ ਅੰਜ਼ਾਮ।

ਗਰੀਬ ਦੀ ਧੀ

ਇੱਕ ਗਰੀਬ ਬਾਪ ਦੇ ਵਿਹੜੇ, ਹੋਈ ਕੰਨਿਆਂ ਇੱਕ ਜੁਆਨ।

ਜਿਉ ਚੰਨ ਪੂਰਨਮਾਸ਼ੀ ਵਾਲਾ, ਹਰ ਮਨ ਤੇ ਹੋਏ ਪ੍ਰਵਾਨ।

ਤੱਕ-ਤੱਕ ਜੋਬਨ ਲੜਕੀ ਵਾਲਾ, ਮੁੱਠੀ ਦੇ ਵਿੱਚ ਆ ਗਈ ਜਾਨ।

ਕਿਵੇਂ ਉਤਾਰਾਂ ਸਿਰ ਤੋਂ ਭਾਰਾ, ਹਰ ਦਮ ਸੋਚਾਂ ਉਸਨੂੰ ਖਾਣ।

ਗਮਾਂ ਦੇ ਵਿੱਚ ਗੁੜੱਚਾ ਫਿਰਦੈ, ਸੋਚਾਂ ਦੇ ਵਿੱਚ ਰੁੜ੍ਹਦਾ ਜਾਵੇ।

ਮੰਝਧਾਰ ਵਿੱਚ ਬੇੜੀ ਉਸਦੀ, ਕੋਈ ਕੰਢਾ ਨਜ਼ਰ ਨਾ ਆਵੇ।

ਸੋਹਜ ਸੁਹਪਣ ਕੰਨਿਆ ਵਾਲਾ, ਹਰ ਦਮ ਆਵੇ ਉਸਨੂੰ ਖਾਣ।

ਤਿੱਖੀਆਂ ਛੁਰੀਆਂ ਮੂੰਹ ਉਲਾਰੀ, ਚਾਰੇ ਪਾਸੇ ਨਜ਼ਰੀਂ ਆਣ।

ਹੁਸਨ ਤੇ ਡਾਕਾ ਮਾਰਨ ਲਈ, ਕੋਈ ਤੋੜ ਰਿਹੈ ਅਸਮਾਨੋ ਤਾਰੇ।

ਚਿੱੜੀ ਮਾਸੂਮ ਫਾਹੁਣ ਵਾਸਤੇ, ਚਾਂਦੀ ਦੀ ਕੋਈ ਚੋਗ ਖਿਲਾਰੇ।

ਧਨ ਦੇ ਨਸ਼ੇ 'ਚ ਅੰਨ੍ਹਾ ਹੋਇਆ, ਕੋਈ ਅਪਣਾ ਰੋਅਬ ਵਖਾਵੇ।

ਉਸ ਦੀ ਗੁਰਬਤ ਦਾ ਲੈ ਫ਼ਾਇਦਾ, ਆਪਣਾ ਮਾਇਆ ਜਾਲ ਵਿਛਾਵੇ।

ਜੇ ਕੱਲੀ ਘਰ ਛੱਡ ਕੇ ਜਾਵਣ, ਸੋਚਾਂ ਖਾਣ ਦਿਹਾੜੀ ਸਾਰੀ।

ਘਰ ਦੇ ਅੰਦਰ ਮੁਜ਼ਰਮ ਵਾਂਗੂੰ, ਹੋ ਕੇ ਬਹਿ ਜਾਏ ਕੈਦ ਵਿਚਾਰੀ।

ਜੇ ਨਿਕਲੇ ਬਾਹਰ ਉਹ ਕਿਧਰੇ, ਭੈੜੀਆਂ ਨਜ਼ਰਾਂ ਪਾੜਨ ਆਣ।

ਤੱਤੀਆਂ ਅਤੇ ਤੇਜ਼ਾਬੀ ਗੱਲਾਂ, ਕੰਨਾਂ ਵਿੱਚ ਉੱਤਰਦੀਆਂ ਜਾਣ।

ਸੋਚਾਂ ਸੋਚੇ ਕਰਾਂ ਜੇ ਝਗੜਾ, ਤਾਂ ਵੀ ਹੋਣੀ ਮੇਰੀ ਹਾਰ।

ਲੀਡਰ ਅਫ਼ਸਰ ਤੇ ਚਪਰਾਸੀ, ਸਾਰੇ ਹਨ ਪੈਸੇ ਦੇ ਯਾਰ।

ਹੱਥ ਕਰੇ ਪੀਲੇ ਕੀ ਉਸਦੇ, ਬੂਹੇ ਉਤੋਂ ਕਿਵੇਂ ਉਠਾਵੇ।

ਦਾਜ ਦੀ ਫਿਰੀ ਦੁਹਾਈ ਸਾਰੇ, ਲਾਲਚੀਆਂ ਨੂੰ ਕੌਣ ਮਨਾਵੇ।

ਸੁਹਜ ਸੁਹੱਪਣ ਕੋਈ ਨਾ ਵੇਖੇ, ਨਾ ਕੋਈ ਵੇਖੇ ਨੇਕ ਵਿਚਾਰ।

ਨੇਮ ਧਰਮ ਰਿਹਾ ਨਾ ਕਿਧਰੇ, ਮੱਤ ਦਿੱਤੀ ਪੈਸੇ ਨੇ ਮਾਰ।

ਜੇ ਪਾਵੇ ਕੱਪੜੇ ਉਹ ਧੋ ਕੇ, ਤਾਨਿਆਂ ਦੇ ਕਈ ਕੱਸਣ ਤੀਰ।

ਭੁੱਖੀਆਂ ਨਜ਼ਰਾਂ ਵਾਲੇ ਹੱਸਣ, ਕਹਿ ਕਹਿ ਕੇ ਸੋਹਣੀ ਜਾਂ ਹੀਰ।

ਕਿੱਥੇ ਬਹਿ ਕੇ ਘੜੀ ਸੀ ਤੂੰ, ਮਾੜੇ ਦੀ ਮਾੜੀ ਤਕਦੀਰ।

ਵਾਹ ਉਹ ਰੱਬਾ ਵੇਖ ਆਪਣੀ, ਦੁਨੀਆਂ ਦੀ ਕੈਸੀ ਤਸਵੀਰ।

ਸੁਣ ਪੁਕਾਰ ਦਰੋਪਤਾ ਵਾਲੀ, ਆਇਆ ਸੈਂ ਤੂੰ ਜਮਨਾ ਚੀਰ।

ਅੱਜ ਵੀ ਲੱਖ ਦੁਰਯੋਜਨ ਵਰਗੇ, ਦਿਨੇ ਲਹੁਣ ਅਬਲਾ ਦੇ ਚੀਰ।

ਅੱਜ ਕਿਉਂ ਭੁੱਲ ਬੈਠੇਂ ਰੱਬਾ, ਇਹ ਤੇਰਾ ਕੀ ਏ ਇਨਸਾਫ਼।

ਕੀ ਤੇਰੇ ਜੋ ਭਗਤ ਹਜ਼ਾਰਾਂ, ਕਰਦੇ ਨਹੀਂ ਤੇਰਾ ਹੁਣ ਜਾਪ।

ਜਾਂ ਫਿਰ ਆਇਆ ਸੀ ਕਦੇ ਹੁਣ, ਤੇਰੀ ਉਂਗਲੀ ਉੱਤੇ ਚੀਰ।

ਦਿੱਤੀ ਨਹੀਂ ਕਿਸੇ ਨਾਰੀ ਨੇ, ਆਪਣੀ ਸਾਹੜੀ ਦੀ ਇੱਕ ਲੀਰ।

ਜਾਂ ਪੂਜਾ ਦਾ ਭੁੱਖੈਂ ਰੱਬਾ, ਹਰਦਮ ਆਪਣੀ ਮਹਿਮਾਂ ਚਾਹਵੇਂ।

ਬਹਿ ਕੇ ਘਰ ਅਮੀਰਾਂ ਦੇ ਤੂੰ, ਹਲਵੇ ਤੇ ਮਠਿਆਈਆਂ ਖਾਵੇਂ।

ਤੇਰੀ ਬਣੀ ਬਣਾਈ ਦੁਨੀਆਂ, ਕਿਵੇਂ ਡਰੇ ਤੇਰੇ ਤੋਂ ਰੱਬਾ,

ਸੱਚਿਆਂ ਨੂੰ ਭੁੱਖਾ ਤੜਫਾਵੇਂ, ਝੂਠਿਆਂ ਨੂੰ ਭਰ ਦੇਵੇਂ ਥੱਬਾ।

ਦੁਨੀਆਂ ਦੇ ਹਾਲਾਤ ਵੇਖ ਕੇ, ਸਿੱਖ ਗਿਐਂ ਤੂੰ ਵੱਢੀ ਖਾਣੀ।

ਕਾਲੇ ਧਨ ਚੋਂ ਹਿੱਸਾ ਤੈਨੂੰ, ਦੇ ਜਾਂਦੇ ਵੱਡੇ ਜੋ ਦਾਨੀ।

ਜਿਸਦੇ ਤਨ ਤੇ ਲੀਰਾਂ ਲਮਕਣ, ਉਹ ਤੈਨੂੰ ਦੱਸ ਕਿਵੇਂ ਮਨਾਵੇ।

ਜਿਸਦੇ ਭੁੱਖੇ ਵਿਲਕਣ ਬੱਚੇ, ਉਹ ਤੈਨੂੰ ਕੀ ਭੇਂਟ ਚੜ੍ਹਾਵੇ।

ਤੈਨੂੰ ਭਾਵੇਂ ਤਰਸ ਨਾ ਆਵੇ, ਦਿਲ ਮੇਰਾ ਤਾਂ ਡੋਲੇ ਰੱਬਾ।

ਚੀਕ-ਚੀਕ ਕੇ ਕਲਮ ਨਿਮਾਣੀ, ਬੋਲ ਦਰਦ ਦੇ ਬੋਲੇ ਰੱਬਾ।

ਇੱਕ ਗਰੀਬ ਬਾਪ ਦੀ ਦੁਨੀਆਂ  ਲੁਟਦੀ ਹੋਈ ਜਾਪੇ।

ਤਿੱਖੀਆਂ ਸੂਲਾਂ ਵਾਂਗਰ ਚੁੱਭਣ, ਇਹ ਲੋਕਾਂ ਦੇ ਹਾਸੇ।

ਤਰਸ ਬਿਨਾਂ ਕੀ ਕਰੇ ਬਾਜਵਾ, ਦੇਵੇ ਕਿੰਝ ਦਿਲਾਸੇ।

ਤੂੰ ਵੀ ਸੁਣਦਾ ਨਹੀਂ ਪੁਕਾਰਾਂ  ਥੱਲੇ ਕਿਹੜਾ ਪਾਸੇ।

ਭੁੱਖਿਆਂ ਕੁਝ ਬਘਿਆੜਾਂ ਅੰਦਰ, ਇੱਕ ਬੱਕਰੀ ਦਾ ਲੇਲਾ,

ਮੈਨੂੰ ਘਿਰਿਆ ਹੋਇਆ ਜਾਪੇ।

ਕਿੱਦਾਂ ਜਿੰਦ ਦੀ ਖੈਰ ਮਨਾਵੇ, ਜਾਵੇ ਕਿਹੜੇ ਪਾਸੇ ।

ਸੰਪਰਕ -

ਲਖਵਿੰਦਰ ਸਿੰਘ ਬਾਜਵਾ

ਪਿੰਡ ਜਗਜੀਤ ਨਗਰ (ਹਰੀਪੁਰਾ)

ਜ਼ਿਲ੍ਹਾ ਸਿਰਸਾ, ਹਰਿਆਣਾ

ਮੋਬਾਈਲ-9416734506

9729608492


ਇਹ ਵੀ ਪਸੰਦ ਕਰੋਗੇ -

ਵੇਖ ਪੂੰਝ ਕੇ ਅੱਖਾਂ ਦੇ ਅੱਥਰੂ ਡਰਾਂ ਦੇ ਓਹਲੇ ਹੱਸੇ ਹੌਸਲਾ

 

Post a Comment

3 Comments

  1. ਬਹੁਤ ਹੀ ਸਲਾਹੁਣਯੋਗ ਜੀ।

    ReplyDelete
  2. ਬਹੁਤ ਬਹੁਤ ਕਮਾਲ ਰਚਨਾਵਾਂ ਜੀ।ਮੁਬਾਰਕਾਂ ਜੀ

    ReplyDelete
  3. ਬਹੁਤ ਹੀ ਵਧੀਆ ਰਚਨਾਂਵਾਂ ਜੀ ਸਾਰੀਆਂ ਹੀ

    ReplyDelete

ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.