ਮੇਰਾ ਪਿੰਜਰਾ, ਪਾਲਕੀ ਹੋਇਆ ਜਦੋਂ ਦੀ ਤੇਰੇ ਲੜ ਲੱਗ ਗਈ.

Ever since with you I have been,

My cage has become a palanquin.

ਸ਼ਬਦ ਚਾਨਣੀ---ਨਿਰਮਲ ਦੱਤ

ਟੱਪੇ

ਗੋਰੀ ਬੱਦਲ਼ੀ ਨੂੰ ਤੱਕ ਲਲਚਾਵੇ

ਚੰਨ ਚਿੱਬੇ ਕੌਲ ਵਰਗਾ.

 

ਮੈਂਨੂੰ ਪੈ ਗਈ ਆਦਤ ਤੇਰੀ

ਤੈਨੂੰ ਵੀ ਮੇਰਾ ਸ਼ੌਕ ਹੋ ਗਿਆ.

 

ਕਿਹੜੇ ਫੁੱਲ ਨੇ ਪਰਾਹੁਣੇ ਆਏ

ਤੂੰ ਜ਼ੁਲਫ਼ਾਂ 'ਚ ਗੀਤ ਗੁੰਦ ਲਏ?

 

ਮੇਰਾ ਪਿੰਜਰਾ, ਪਾਲਕੀ ਹੋਇਆ

ਜਦੋਂ ਦੀ ਤੇਰੇ ਲੜ ਲੱਗ ਗਈ.

 

ਰੱਬ, ਰੱਬ ਨੂੰ ਉਲਾਂਭੇ ਦੇਵੇ

ਕਿ ਰੱਬ ਨੂੰ ਨੀ ਰੱਬ ਲੱਭਦਾ.

 

ਰੱਬ, ਰੱਬ ਨੂੰ ਕਹੇ ਦਿਲ ਫੋਲੀਂ

ਦੀਨਾਂ 'ਚੋਂ ਨੀ ਰੱਬ ਲੱਭਦਾ.

ਗ਼ਜ਼ਲ

ਸੁਪਨੇ ਸੀ ਅਸਮਾਨ ਜਿਹੇ

ਸੱਤਯੁਗ ਦੇ ਵਰਦਾਨ ਜਿਹੇ.

 

ਸ਼ਾਮ-ਢਲ਼ੇ ਸੂਲਾਂ ਬਣ ਚੁਭਦੇ

ਫ਼ੁੱਲਾਂ ਦੀ ਪਹਿਚਾਣ ਜਿਹੇ.

 

ਸੁੱਕੇ ਬੁੱਲ੍ਹ ਤੇ ਸੇਜਲ ਅੱਖੀਆਂ

ਤੁਰ ਜਾਂਦੇ ਮਹਿਮਾਨ ਜਿਹੇ.

 

ਬੀਤੇ ਦੇ ਖੰਡਰਾਂ ਦੀ ਰਾਖੀ

ਬੈਠੇ ਹਾਂ ਦਰਬਾਨ ਜਿਹੇ.

 

ਦੇ ਕੇ ਵੀ ਕੁਝ ਲੈ ਹੀ ਲਿਆ ਹੈ

ਫ਼ਿਰ ਕਾਹਦੇ ਅਹਿਸਾਨ ਜਿਹੇ?

 

ਆਓ ਕੱਲ੍ਹ ਦੀ ਖ਼ੈਰ ਮਨਾਈਏ

ਅੱਜ ਵੀ ਹਾਂ ਹੈਵਾਨ ਜਿਹੇ.

ਸਾਡੇ ਹਿੱਸੇ ਦਾ ਹੁਸਨ

ਇਹ ਜੋ ਚਿਹਰੇ ਨੇ

ਗ਼ਰੀਬ ਜੱਟ ਦੇ ਵਿਹੜੇ 'ਚ ਪਏ

ਟੁੱਟੇ, ਪੁਰਾਣੇ ਜਿਹੇ ਗੱਡੇ ਵਰਗੇ;

 

ਇਹ ਜੋ ਚਿਹਰੇ ਨੇ

ਰੇਤ ਦੇ ਟਿੱਬਿਆਂ 'ਚ ਰੁਲ਼ਦੀ ਹੋਈ

ਚਿੱਬੀ ਜਿਹੀ ਗਾਗਰ ਵਰਗੇ;

 

ਇਹ ਜੋ ਚਿਹਰੇ ਨੇ

ਕਿਨਾਰੇ 'ਤੇ ਪਏ

ਉੱਖੜੇ ਜਹਾਜ਼ਾਂ ਵਰਗੇ;

 

ਇਹ ਜੋ ਚਿਹਰੇ ਨੇ

ਬੇ-ਚਰਾਗ਼

ਸੁੰਨੇ ਮਜ਼ਾਰਾਂ ਵਰਗੇ;

 

ਇਹ ਜੋ ਚਿਹਰੇ ਨੇ

ਢਹਿ ਗਈ ਮੌਣ 'ਤੇ ਉੱਗੇ ਹੋਏ

ਕੰਡਿਆਂ ਵਰਗੇ;

 

ਇਹ ਜੋ ਚਿਹਰੇ ਨੇ

ਸ਼ਾਮ ਦੇ ਲਹੂ 'ਚ ਲਿੱਬੜੇ ਹੋਏ

ਬੱਦਲਾਂ ਵਰਗੇ;

 

ਇਹ ਜੋ ਚਿਹਰੇ ਨੇ

ਧੁੰਦ ਵਿੱਚ ਉਲਝੀ ਹੋਈ

ਤਾਰਿਆਂ ਦੀ ਲੋ ਵਰਗੇ;

 

ਜਦੋਂ ਵੀ ਵੇਖਦਾ ਹਾਂ ਇਹਨਾਂ ਨੂੰ

ਮੈਨੂੰ ਲੱਗਦਾ ਹੈ ਮੈਥੋਂ ਪੁੱਛਦੇ ਨੇ

ਕੋਈ ਦੱਸੇ ਤਾਂ ਭਲਾ ਕਿੱਥੇ ਹੈ

ਸਾਡੇ ਹਿੱਸੇ ਦਾ ਹੁਸਨ,

ਸਾਡੇ ਹਿੱਸੇ ਦਾ ਹੁਸਨ...........!

ਇਹ ਵੀ ਸੱਚ ਹੈ   

ਵੇਖ

ਮੈਥੋਂ ਅੱਜ ਕੋਈ ਗੱਲ ਨਹੀਂ ਹੋਣੀ;

 

ਮੈਂ ਤੇਰੇ ਨਾਲ ਹਾਂ

ਕਈ ਰੌਚਕ ਜਿਹੇ ਮਸਲੇ

ਕਈ ਵਿਦਵਾਨ ਚਰਚੇ ਨੇ

ਪਰ ਮੈਂ ਕੁਝ ਨਹੀਂ ਕਹਿਣਾ;

 

ਹਾਂ ਇਹ ਸੱਚ ਹੈ

ਬਾਹਰ ਮੇਰੇ ਹਾਲਾਤ ਵਿੱਚ

ਕੁਝ ਵੀ ਨਹੀਂ ਐਸਾ

ਕਿ ਮੈਥੋਂ ਗੱਲ ਨਾ ਹੋਵੇ;

 

ਪਰ ਇਹ ਵੀ ਸੱਚ ਹੈ

ਮੈਂ ਜਿੰਨਾ ਬਾਹਰ ਹਾਂ

ਅੰਦਰ ਵੀ ਹਾਂ ਓਨਾ,

ਮੇਰੇ ਖ਼ੌਫ਼ ਤੇ ਖ਼ਤਰੇ

ਜਿੰਨੇ ਬਾਹਰ ਨੇ

ਅੰਦਰ ਵੀ ਨੇ ਓਨੇ;

 

ਮੈਂ ਜਿਸ ਦਿਨ

ਸਮਝ ਵਿਚੋਂ ਝਾਕਦੇ ਲੰਗਾਰ ਤੱਕ ਲੈਨਾਂ

ਜਾਂ ਵਿਸ਼ਵਾਸ ਦੀ ਧਰਤੀ ਦੇ ਅੰਨ੍ਹੇ ਗਾਰ ਤੱਕ ਲੈਨਾਂ

ਮੈਂ ਉਸ ਦਿਨ ਬੋਲ ਨਹੀਂ ਸਕਦਾ;

 

ਮੈਂ ਆਪਣੀ ਸੋਚ ਵਿਚੋਂ ਉੱਠ ਰਹੇ ਆਤੰਕ ਦੇ

ਫ਼ਿਰ ਰੂਬਰੂ ਹਾਂ,

ਤੇਰੀ ਮਹਿਫ਼ਿਲ 'ਚ ਮੇਰਾ ਜਿਸਮ ਹੈ

ਪਰ ਮੈਂ ਨਹੀਂ ਹਾਂ,

ਤੇਰੇ ਨਾਲ ਹੋ ਕੇ ਵੀ

ਮੈਂ ਤੇਰੇ ਕੋਲ਼ ਨਹੀਂ ਹਾਂ;

 

ਮੈਨੂੰ ਮਾਫ਼ ਕਰਨਾ

ਅੱਜ ਮੈਥੋਂ ਗੱਲ ਨਹੀਂ ਹੋਣੀ.............!

ਸੰਪਰਕ -

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।            

ਮੋਬਾਈਲ -98760-13060



Contact -

Nirmal Datt

# 3060, 47-D,

Chandigarh.

Mobile-98760-13060


 ਇਹ ਵੀ ਪਸੰਦ ਕਰੋਗੇ -

ਧਰਤੀ ਉੱਪਰਲੇ ਸਵਰਗ ਨਰਕ ਨੂੰ ਪੇਸ਼ ਕਰਦੀਆਂ ਕਾਵਿ ਰਚਨਾਵਾਂ

 

Post a Comment

0 Comments