ਆਪੇ ਜਾਗ ਪਏ ਸੁੱਤੇ ਹੋਏ ਦੀਵੇ ਜਦੋਂ ਵੀ ਮੇਰੀ ਅੱਖ ਖੁੱਲ੍ਹ ਗਈ

Whenever I open my eye,

Sleeping lamps wake up nearby.

ਸ਼ਬਦ ਚਾਨਣੀ---ਨਿਰਮਲ ਦੱਤ

 ਟੱਪੇ

ਮੁੜ-ਮੁੜ ਕੇ ਸਹੇੜੇਂ ਕਾਹਤੋਂ ਪੀੜਾਂ

ਓਏ ਧਰਤੀ ਦੇ ਲਾਡਲਿਆ? 

 

ਨਿਰੀ ਮਿੱਟੀ ਹੈ, ਮਿੱਟੀ ਦਾ ਇਹ ਪੁਤਲਾ

ਤੇ ਜਦੋਂ ਚਾਹੇ ਰੱਬ ਬਣ ਜੇ.

 

ਦਿਨੇ ਫੁੱਲ ਤੇ ਰਾਤ ਨੂੰ ਤਾਰੇ

ਭੁੱਲਿਆਂ ਨੂੰ ਰਾਹ ਦੱਸਦੇ.

 

ਜੇ ਤੂੰ ਚਾਹੇਂ ਤਾਂ ਬਣਾ ਦੇਂ ਮਿਸ਼ਰੀ

ਨਿੰਮ ਨਾਲ਼ੋਂ ਕੌੜੀ ਜ਼ਿੰਦਗੀ.

 

ਆਪੇ ਜਾਗ ਪਏ ਸੁੱਤੇ ਹੋਏ ਦੀਵੇ

ਜਦੋਂ ਵੀ ਮੇਰੀ ਅੱਖ ਖੁੱਲ੍ਹ ਗਈ.

 

ਬਾਬਾ ਬੈਠ ਕੇ ਸ਼ਰਾਫ਼ਤ ਓਹਲੇ

ਆਓਂਦੀ-ਜਾਂਦੀ ਰੰਨ ਤਾੜਦਾ.

ਗ਼ਜ਼ਲ

ਤੂੰ ਤਾਂ ਹੈਂ, ਕੁਛ ਤੇਰੇ ਸਿਵਾਅ ਵੀ ਹੈ,

ਸਭ ਤੇਰੇ ਅਮਲ, ਇੱਕ ਦੁਆ ਵੀ ਹੈ.

 

ਡੁੱਬਦਾ ਸੂਰਜ ਜੋ ਰ੍ਹੋਜ਼ ਕਹਿੰਦਾ ਹੈ,

ਸਭ ਜਗ੍ਹਾ, ਸਭ ਨੂੰ, ਸਭ ਪਤਾ ਹੀ ਹੈ.

 

ਇਹ ਜੋ ਪੌਣਾਂ 'ਚ ਹਰ ਖ਼ੁਆਰੀ ਹੈ,

ਹਰ ਖ਼ੁਮਾਰੀ ਦੀ ਇਹ ਵਜ੍ਹਾ ਹੀ ਹੈ.

 

ਗੀਤ, ਸੰਗੀਤ, ਸਭ ਇਹ ਤਸਵੀਰਾਂ,

ਸ਼ਬਦ, ਸੁਰ, ਰੰਗ ਨੇ; ਖ਼ਲਾਅ ਵੀ ਹੈ.

 

ਦਰਦ, ਕਿ ਐਸ਼, ਜਾਂ ਕਿ ਸਿਰਫ਼ ਸਰੂਰ,

ਸਭ ਤੇਰੀ ਚੋਣ ਨੇ, ਪਤਾ ਵੀ ਹੈ?

 

ਇੱਕ ਹੀ ਇਲਹਾਮ, ਇੱਕ ਸੁਨੇਹਾ ਹੈ,

ਜੋ ਵੀ ਆਇਤ ਹੈ, ਉਹ ਰਿਚਾਅ ਵੀ ਹੈ.

 

ਵੇਖ, ਖ਼ਾਲੀ ਨਹੀਂ ਜੋ ਖ਼ਾਲੀ ਹੈ;

ਸੁਣ ਕਿ ਹਰ ਚੁੱਪ ਦੀ ਸਦਾਅ ਵੀ ਹੈ.

ਅਜੇ ਤਾਂ

ਅਜੇ ਤਾਂ ਰੋਜ਼ ਕੋਈ

ਤਾਰਿਆਂ ਤੋਂ ਪੁੱਛਦਾ ਹੈ

ਤੇਰੀ ਕੋਈ ਖ਼ਬਰ

ਤੇਰੇ ਘਰ ਦਾ ਪਤਾ;

 

ਅਜੇ ਤਾਂ ਰੋਜ਼ ਕਿਤੇ

ਰਾਤ ਨੂੰ ਬਨੇਰੇ 'ਤੇ

ਤੇਰੇ ਲਈ ਬਾਲ਼ ਕੇ ਰੱਖਦਾ ਹੈ

ਦੀਵਾ ਕੋਈ;

 

ਅਜੇ ਤਾਂ ਜਾਣ ਕੇ ਖੋਲ੍ਹੀ ਹੋਈ

ਇੱਕ ਖਿੜਕੀ ਵਿੱਚ

ਤੇਰੇ ਲਈ

ਰੋਜ਼ ਉਤਰਦਾ ਹੈ ਚੰਨ;

 

ਅਜੇ ਤਾਂ ਤੇਰੇ ਲਈ

ਬੁਝੇ-ਬੁਝੇ ਨੈਣਾ ਵਿੱਚ

ਰੋਜ਼ ਉੱਗ ਪੈਂਦੇ ਨੇ

ਡੁੱਬ ਗਏ ਸੂਰਜ;

 

ਅਜੇ ਤਾਂ ਤੇਰੇ ਲਈ

ਰੋਜ਼ ਇੱਕ ਪਿਆਸੀ ਨਜ਼ਰ

ਭਟਕਦੀ ਰਹਿੰਦੀ ਹੈ

ਉੱਡਦਿਆਂ ਕਾਵਾਂ ਦੇ ਮਗਰ;

 

ਅਜੇ ਤਾਂ ਤੇਰੇ ਲਈ

ਥੱਕੇ-ਥੱਕੇ ਗੋਰੇ ਹੱਥ

ਰੋਜ਼ ਲਾਉਂਦੇ ਨੇ

ਔਸੀਆਂ ਦੇ ਅੰਬਾਰ.

 

ਅਜੇ ਤਾਂ ਰੋਜ਼ ਕੋਈ

ਜੋੜ ਕੇ ਕੰਬਦੇ ਹੋਏ ਹੱਥ

ਅਤੇ ਮੀਟ ਕੇ ਗਿੱਲੀਆਂ ਅੱਖਾਂ

ਮੰਗਦਾ ਹੈ ਰੱਬ ਤੋਂ ਤੇਰੀ ਦੀਦ ਦੀ ਖ਼ੈਰ.

 

ਅਜੇ ਨਾ ਪੁੱਛ

ਕਿਸੇ ਨਾਥਾਂ ਦੇ ਟਿੱਲੇ ਦਾ ਰਾਹ,

ਅਜੇ ਨਾ ਲੱਭ

ਕਿਸੇ ਬੋਧ-ਬਿਰਖ ਦਾ ਰਸਤਾ.

ਮੈਨੂੰ ਪਹਿਲਾਂ ਹੀ ਪਤਾ ਹੈ

ਮੈਨੂੰ ਪਹਿਲਾਂ ਹੀ ਪਤਾ ਹੈ

ਕੀ ਮਿਲੇਗਾ ਉਸ ਪਾਰ,

ਵੇਖ ਤੂੰ ਕਾਹਲ਼ ਨਾ ਕਰ

ਤੁਰਨ ਲਈ ਲਹਿਰਾਂ 'ਤੇ;

 

ਵੇਖ, ਉਸ ਪਾਰ ਮਿਲਣਗੇ

ਕਈ ਠੰਡੇ ਸੂਰਜ

ਬਣ ਕੇ ਇੱਕ ਰਾਖ ਜਿਹੀ ਬੁਝਦੇ

ਦੁਧੀਆ ਆਕਾਰ,

ਜਾਂ ਮਿਲਣਗੇ ਕਈ ਬਾਸੇ ਜਿਹੇ

ਮੁਰਝਾਏ ਫੁੱਲ

ਲੈ ਗਈ ਲੁੱਟ ਕੇ ਜਿਨ੍ਹਾਂ ਨੂੰ

ਕੋਈ ਆਵਾਰਾ ਬਹਾਰ;

 

ਵੇਖ, ਉਸ ਪਾਰ

ਕਈ ਬੁੱਢੇ, ਬੇਵਸ ਸੁਪਨੇ

ਬਹੁਤ ਉਦਾਸ ਨੇ

ਬੀਤੇ ਹੋਏ ਜਾਦੂ ਦੇ ਬਗੈਰ,

ਜਾਂ ਕੋਈ ਪੀੜ 'ਚ ਲਿਪਟੀ ਹੋਈ

ਬੇਆਸ ਉਮੀਦ

ਮੰਗਦੀ ਹੈ ਰਾਤ ਤੋਂ ਰੋ, ਰੋ ਕੇ

ਕਿਸੇ ਨੀਂਦ ਦੀ ਖੈਰ;

 

ਵੇਖ, ਉਸ ਪਾਰ

ਤੇ ਫ਼ਿਰ ਉਸ ਤੋਂ ਵੀ ਉਸ ਪਾਰ ਦੀ ਪਿਆਸ

ਸਿਰਫ਼ ਇੱਕ ਮਿਰਗ-ਜਲੀ ਹੈ ਜੋ ਸਦਾ ਰਹਿਣੀ ਹੈ,

ਜੇ ਨਾ ਤੂੰ ਸਮਝੀ ਤਾਂ ਫ਼ਿਰ

ਜ਼ਿੰਦਗੀ ਦੇ ਭੇਤ ਦੀ ਗੱਲ

ਬੱਸ ਇਸੇ ਪਿਆਸ ਦੇ ਪਰਦੇ 'ਚ ਛੁਪੀ ਰਹਿਣੀ ਹੈ;

 

ਐਵੇਂ ਤੂੰ ਕਾਹਲ਼ ਨਾ ਕਰ

ਤੁਰਨ ਲਈ ਲਹਿਰਾਂ 'ਤੇ,

ਮੈਨੂੰ ਪਹਿਲਾਂ ਹੀ ਪਤਾ ਹੈ

ਕੀ ਮਿਲੇਗਾ ਉਸ ਪਾਰ..........!

ਸੰਪਰਕ -

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।            

ਮੋਬਾਈਲ -98760-13060



Contact -

Nirmal Datt

# 3060, 47-D,

Chandigarh.

Mobile-98760-13060


ਇਹ ਵੀ ਪਸੰਦ ਕਰੋਗੇ -

ਸੁੱਕੀ ਅੱਖ ਨਾ ਅਜੇ ਤੱਕ ਤੇਰੀ ਨਦੀਆਂ ਦੇ ਨੀਰ ਸੁੱਕ ਗਏ.

 

Post a Comment

0 Comments