ਡਾ. ਗੁਰਮਿੰਦਰ ਸਿੱਧੂ ਦਾ ਨਾਵਲ ‘ਅੰਬਰੀਂ ਉੱਡਣ ਤੋਂ ਪਹਿਲਾਂ’ ਲੋਕ ਅਰਪਣ

ਮੈਂ ਉਦਾਸ ਹੱਥਾਂ ਦੀਆਂ ਤਲੀਆਂ ਤੇ ਉਮੀਦ ਦੇ ਦੀਵੇ ਬਾਲਣਾਂ ਚਾਹੁੰਦੀ ਹਾਂ : ਡਾ. ਗੁਰਮਿੰਦਰ ਸਿੱਧੂ

ਸਾਨੂੰ ਅਜੇ ਤੱਕ ਜਿਊਣ ਦੀ ਜਾਚ ਨਹੀਂ ਆਈ : ਕਰਨਲ ਜਸਬੀਰ ਭੁੱਲਰ

ਚੰਡੀਗੜ੍ਹ (ਬਿਊਰੋ )

ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਨਾਮਵਰ ਲੇਖਿਕਾ ਡਾ. ਗੁਰਮਿੰਦਰ ਸਿੱਧੂ ਦਾ ਜੀਵਨ ਦੀਆਂ ਤਲਖ ਸਚਾਈਆਂ ਵਿਚੋਂ ਹਕੀਕੀ ਰੂਪ ਵਾਲਾ ਨਾਵਲ ਅੰਬਰੀਂ ਉੱਡਣ ਤੋਂ ਪਹਿਲਾਂਲੋਕ ਅਰਪਣ ਕੀਤਾ ਗਿਆ। ਦਹੇਜ ਦੇ ਲੋਭੀਆਂ ਦੇ ਹੱਥ ਪੈ ਕੇ ਤੇ ਵਿਦੇਸ਼ਾਂ ਚ ਰੁਲਣ ਵਾਲੀ ਇੱਕ ਧੀ ਦੇ ਦਰਦ ਨੂੰ ਬਿਆਨ ਕਰਦੇ ਨਾਵਲ ਤੇ ਪੰਜਾਬੀ ਲੇਖਕ ਸਭਾ ਵੱਲੋਂ ਕਰਵਾਏ ਗਏ ਇਸ ਲੋਕ ਅਰਪਣ ਅਤੇ ਵਿਚਾਰ-ਚਰਚਾ ਦੇ ਸਮਾਗਮ ਵਿਚ ਕਰਨਲ ਜਸਬੀਰ ਭੁੱਲਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।  ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਵਿਕਾਸ ਮੰਚ ਯੂ ਕੇ ਦੇ ਸੰਸਥਾਪਕ ਡਾ. ਬਲਦੇਵ ਸਿੰਘ ਕੰਦੋਲਾ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਉਘੇ ਸਮਾਜ ਚਿੰਤਕ ਤੇ ਡਾ. ਗੁਰਮਿੰਦਰ ਸਿੱਧੂ ਦੇ ਜਮਾਤੀ ਡਾ. ਪਿਆਰੇ ਲਾਲ ਗਰਗ ਨੇ ਹਾਜ਼ਰੀ  ਭਰੀ। ਇਨ੍ਹਾਂ ਸਭਨਾਂ ਦੇ ਨਾਲ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ, ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ, ਲੇਖਿਕਾ ਗੁਰਮਿੰਦਰ ਸਿੱਧੂ ਅਤੇ ਡਾ. ਬਲਦੇਵ ਸਿੰਘ ਖਹਿਰਾ ਹੁਰਾਂ ਨੇ ਸਾਂਝੇ ਤੌਰ ਤੇ ਨਾਵਲ ਅੰਬਰੀਂ ਉੱਡਣ ਤੋਂ ਪਹਿਲਾਂਲੋਕ ਅਰਪਣ ਕੀਤਾ।

ਡਾ. ਗੁਰਮਿੰਦਰ ਸਿੱਧੂ ਦਾ ਨਾਵਲ ਅੰਬਰੀਂ ਉੱਡਣ ਤੋਂ ਪਹਿਲਾਂਨੂੰ ਲੋਕ ਅਰਪਣ ਕਰਦੇ ਹੋਏ ਕਰਨਰਲ ਜਸਬੀਰ ਭੁੱਲਰ, ਡਾ. ਬਲਦੇਵ ਕੰਦੋਲਾ, ਡਾ. ਬਲਦੇਵ ਖਹਿਰਾ, ਬਲਕਾਰ ਸਿੱਧੂ ਅਤੇ ਦੀਪਕ ਚਨਾਰਥਲ

ਆਏ ਮਹਿਮਾਨਾਂ ਦਾ ਸਭਾ ਵੱਲੋਂ ਫੁੱਲਾਂ ਨਾਲ ਸਵਾਗਤ ਕੀਤਾ ਗਿਆ ਅਤੇ ਜੀ ਆਇਆਂ ਆਖਦਿਆਂ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਆਖਿਆ ਕਿ ਡਾ. ਗੁਰਮਿੰਦਰ ਸਿੱਧੂ ਦੀ ਕਲਮ ਨੂੰ ਸਲਾਮ ਹੈ ਜਿਸ ਨੇ ਇਕ ਸੱਚ ਨੂੰ ਹੂਬਹੂ ਬਿਆਨ ਕਰਕੇ ਸਾਡੇ ਸਾਹਮਣੇ ਇਕ ਉਦਾਹਰਣ ਪੇਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਅੱਜ ਦੇ ਇਸ ਸਮਾਗਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਹੁਰਾਂ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਕ ਸ਼ਬਦ ਨਾਲ ਕੀਤੀ ਗਈ, ਜਿਸ ਨਾਲ ਮਹਿਫ਼ਲ ਵਿਚ ਰੂਹਾਨੀਅਤ ਦਾ ਪ੍ਰਸਾਰ ਹੋਇਆ।

ਬਤੌਰ ਮੁੱਖ ਮਹਿਮਾਨ ਵਿਚਾਰ ਸਾਂਝੇ ਕਰਦਿਆਂ ਪ੍ਰਸਿੱਧ ਕਹਾਣੀਕਾਰ ਤੇ ਨਾਵਲਕਾਰ ਕਰਨਲ ਜਸਬੀਰ ਭੁੱਲਰ ਨੇ ਆਖਿਆ ਕਿ ਸਾਨੂੰ ਅਜੇ ਜਿਊਣ ਦੀ ਜਾਚ ਹੀ ਨਹੀਂ ਆਈ ਤਾਂ ਫਿਰ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਸਿਖਾ ਸਕਦੇ ਹਾਂ ਕਿ ਜਿਊਣਾ ਕਿਵੇਂ ਹੈ। ਉਨ੍ਹਾਂ  ਆਪਣਾ ਨਿੱਜੀ ਅਨੁਭਵ ਸਾਂਝਾ ਕਰਦਿਆਂ ਕਿਹਾ ਕਿ ਦਹੇਜ ਦੇ ਲੋਭੀਆਂ ਨੂੰ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੱਥ ਜੋੜ ਦੇਣੇ ਚਾਹੀਦੇ ਹਨ, ਨਹੀਂ ਤਾਂ ਫਿਰ ਸਭ ਠੀਕ ਹੋਣ ਦੀ ਆਸ ਵਿਚ 300 ਪੰਨਿਆਂ ਦੀ ਕਹਾਣੀ ਬਣ  ਜਾਂਦੀ ਹੈ ਜਿਸ ਵਿਚ ਧੀ ਦੇ ਮਾਪੇ ਤੇ ਧੀ ਦੀ ਸਾਰੀ ਜ਼ਿੰਦਗੀ ਲੇਖੇ ਲਗ ਜਾਂਦੀ ਹੈ। ਇਹੀ ਕਹਾਣੀ ਜਿਸ ਵਿਚ ਮੈਂ ਵੀ ਆਪਣੇ ਹਿੱਸਾ ਦਾ ਬਣਦਾ ਰੋਲ ਨਿਭਾਉਂਦਾ ਰਿਹਾ ਹਾਂ, ਉਹ ਡਾ. ਗੁਰਮਿੰਦਰ ਸਿੱਧੂ ਨੇ ਸਾਹਮਣੇ ਲਿਆ ਰੱਖੀ ਹੈ। ਲੇਖਿਕਾ ਦੀ ਹਿੰਮਤ ਨੂੰ ਦਾਦ ਦਿੰਦਿਆਂ ਕਰਨਲ ਜਸਬੀਰ ਭੁੱਲਰ ਨੇ ਆਖਿਆ ਕਿ ਸੁਪਨਿਆਂ ਦੇ ਘਰ ਦਾ ਸੁਪਨਾ ਲੈ ਕੇ ਵਿਹੜਿਓਂ ਵਿਦਾ ਹੋਈ ਧੀ ਜਦ ਦੁੱਖ ਹੰਢਾਉਂਦੀ ਹੈ ਤਦ ਅਸੀਂ ਬੇਵਸ ਹੁੰਦੇ ਹਾਂ।  ਅਜਿਹੇ ਚ ਗੁਰਮਿੰਦਰ ਸਿੱਧੂ ਦਾ ਨਾਵਲ ਸਾਨੂੰ ਸਭਨਾਂ ਨੂੰ ਪੜ੍ਹਨਾ ਚਾਹੀਦਾ ਹੈ।

ਸਮਾਗਮ  ਦੀ ਪ੍ਰਧਾਨਗੀ ਕਰ ਰਹੇ ਡਾ. ਬਲਦੇਵ ਸਿੰਘ ਕੰਦੋਲਾ ਹੁਰਾਂ ਨੇ ਕਿਹਾ ਕਿ ਅਸੀਂ ਐਨ ਆਰ ਆਈ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਦੇ ਹਾਂ।  ਜਿੱਥੇ ਅਸੀਂ ਆਪਣਾ ਸੱਭਿਆਚਾਰ ਅਤੇ ਆਪਣੀਆਂ ਕਦਰਾਂ-ਕੀਮਤਾਂ ਵੀ ਸੱਤ ਸਮੁੰਦਰ ਪਾਰ ਲੈ ਜਾਂਦੇ ਹਾਂ, ਉਥੇ ਅਸੀਂ ਮਾੜੀਆਂ ਆਦਤਾਂ ਵੀ ਚੁੱਕ ਕੇ ਨਾਲ ਲੈ ਜਾਂਦੇ ਹਾਂ। ਉਨ੍ਹਾਂ ਮਾੜੀਆਂ ਆਦਤਾਂ ਦਾ ਹੀ ਨਤੀਜਾ ਹੈ ਕਿ  ਡਾ. ਗੁਰਮਿੰਦਰ ਸਿੱਧੂ ਨੂੰ ਇਕ ਸੱਚਾ ਅਤੇ ਹਕੀਕੀ ਹੰਢਾਇਆ ਨਾਵਲ ਲਿਖਣਾ ਪੈਂਦਾ ਹੈ। ਡਾ. ਕੰਦੋਲਾ ਨੇ ਗੁਰਮਿੰਦਰ ਸਿੱਧੂ ਨੂੰ ਵਧਾਈ ਦੇਣ ਦੇ ਨਾਲ-ਨਾਲ ਮਾਂ ਬੋਲੀ ਪੰਜਾਬੀ ਲਈ ਨਿਭਾਏ ਜਾ ਰਹੇ ਆਪਣੇ ਕਾਰਜਾਂ ਦਾ ਜ਼ਿਕਰ ਵੀ ਕੀਤਾ।

ਅੰਬਰੀਂ ਉੱਡਣ ਤੋਂ ਪਹਿਲਾਂਨਾਵਲ ਦੇ ਲੋਕ ਅਰਪਣ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਨਾਵਲਕਾਰ ਡਾ. ਗੁਰਮਿੰਦਰ ਸਿੱਧੂ

ਨਾਵਲ ਦੀ ਰਚਨਾ ਦੀ ਕਹਾਣੀ ਨੂੰ ਸਾਂਝਾ ਕਰਦਿਆਂ ਲੇਖਿਕਾ ਡਾ. ਗੁਰਮਿੰਦਰ ਸਿੱਧੂ ਨੇ ਕਿਹਾ ਕਿ ਨਾਵਲ ਦੀ ਹਕੀਕੀ ਕਹਾਣੀ ਵਿਚੋਂ ਵਿਚਰਨਾ ਤਾਂ ਇਕ ਪੀੜਾਂ ਭਰਿਆ ਦੌਰ ਅਸੀਂ ਹੰਢਾਇਆ ਹੀ ਹੈ ਪਰ ਇਸ ਨੂੰ ਕਿਤਾਬੀ ਰੂਪ ਦੇਣ ਲਈ ਵੀ ਇਕ ਵੱਡਾ ਸੰਘਰਸ਼ ਕਰਨਾ ਪਿਆ। ਇਸ ਨਾਵਲ ਦੇ ਕਿੰਨੇ ਹੀ ਚੰਗੇ ਪਾਤਰ ਇਸ ਮਹਿਫਲ ਵਿਚ ਵੀ ਮੌਜੂਦ ਹਨ। ਥੋੜ੍ਹਾ ਭਾਵੁਕ ਹੁੰਦਿਆਂ ਡਾ. ਗੁਰਮਿੰਦਰ ਸਿੱਧੂ ਨੇ ਆਖਿਆ ਕਿ ਮੈਂ ਤਾਂ ਸਿਰਫ਼ ਇੰਨਾ ਹੀ ਜਾਣਦੀ ਹਾਂ ਕਿ ਜੇਕਰ ਅਸੀਂ ਮੰਜ਼ਿਲ ਮਿੱਥ ਲਈਏ ਤਾਂ ਫਿਰ ਸਾਨੂੰ ਕੋਈ ਵੀ ਉਸ ਸਿਖਰ ਤੇ ਪਹੁੰਚਣ ਤੋਂ ਨਹੀਂ ਰੋਕ ਸਕਦਾ ਤੇ ਫਿਰ ਧੀਆਂ ਦੇ ਵੀ ਪਰ ਉੱਗ ਆਉਂਦੇ ਹਨ ਤੇ ਫਿਰ ਉਹ ਅੰਬਰੀਂ ਉਡਦੀਆਂ ਹਨ। ਡਾ. ਗੁਰਮਿੰਦਰ ਸਿੱਧੂ ਨੇ ਕਿਹਾ ਕਿ ਮੈਂ ਜਿਸ ਮਰਜੀ ਵਿਧਾ ਚ ਲਿਖਾਂ ਬਸ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਦਾਸ ਹੱਥਾਂ ਦੀਆਂ ਤਲੀਆਂ ਤੇ ਉਮੀਦ ਦੇ ਦੀਵੇ ਬਾਲ਼ ਦੇਵਾਂ ਤੇ ਬੇਹਿੰਮਤੇ ਪੈਰਾਂ ਵਿਚ ਹਿੰਮਤ ਦੇ ਘੁੰਗਰੂ ਬੰਨ੍ਹ ਦੇਵਾਂ। ਉਨ੍ਹਾਂ ਦੇ ਜੀਵਨ ਸਾਥੀ ਡਾ. ਬਲਦੇਵ ਸਿੰਘ ਖਹਿਰਾ ਨੇ ਵੀ ਇਸ ਪੀੜ੍ਹ ਭਰੀ ਇਬਾਰਤ ਬਾਰੇ ਭਾਵੁਕ ਬੋਲ ਸਾਂਝੇ ਕਰਦਿਆਂ ਕਿਹਾ ਕਿ ਮੈਂ ਤਾਂ ਇਕ ਸਹਾਇਕ ਦੀ ਭੂਮਿਕਾ ਵਿਚ ਸਾਂ ਤੇ ਜਦੋਂ ਗੁਰਮਿੰਦਰ ਸਿੱਧੂ ਲਿਖਦੀ ਹੈ ਤਦ ਬਾਕੀ ਸਾਰੇ ਕਾਰਜ ਮੇਰੇ ਜ਼ਿੰਮੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਜੀਵਨ ਸਾਥੀ ਡਾ. ਗੁਰਮਿੰਦਰ ਸਿੱਧੂ ਤੇ ਸਦਾ ਹੀ ਮਾਣ ਰਿਹਾ ਹੈ।

ਵਿਸ਼ੇਸ਼ ਮਹਿਮਾਨ ਵਜੋਂ ਆਪਣੀ ਗੱਲ ਰੱਖਦਿਆਂ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਮੈਂ ਡਾ. ਗੁਰਮਿੰਦਰ ਸਿੱਧੂ ਨੂੰ ਦਾਦ ਦਿੰਦਾ ਹਾਂ ਜਿਸ ਵਿਚ ਸਾਹਿਤ ਅਤੇ ਸਾਇੰਸ ਦਾ ਸੁਮੇਲ ਹੈ। ਉਹ ਆਪਣਾ ਹਰ ਕੰਮ ਤਰਕ ਦੇ ਆਧਾਰ ਤੇ ਕਰਦੀ ਹੈ, ਕਾਲਜ ਦੇ ਦੌਰ ਤੋਂ ਅੱਜ ਦੇ ਦੌਰ ਤੱਕ ਆਉਂਦਿਆਂ ਉਸ ਨੂੰ ਅੰਬਰ ਛੋਹਦਿਆਂ ਦੇਖ ਮੈਨੂੰ ਮਾਣ ਹੁੰਦਾ ਹੈ। ਕਿਤਾਬ ਬਾਰੇ ਆਪਣੀ ਟਿੱਪਣੀ ਕਰਦਿਆਂ ਸੁਸ਼ੀਲ ਦੁਸਾਂਝ ਹੁਰਾਂ ਨੇ ਆਖਿਆ ਕਿ ਇਹ ਨਾਵਲ ਸਾਨੂੰ ਸ਼ੀਸ਼ਾ ਵਿਖਾਉਂਦਾ ਹੈ ਕਿ ਜ਼ਿੰਦਗੀ ਕੋਈ ਸਿੱਧੀ ਸੜਕ ਨਹੀਂ ਹੁੰਦੀ। ਇਸ ਵਿਚ ਕਈ ਮੋੜ-ਘੇੜ ਵੀ ਹੁੰਦੇ ਹਨ ਅਤੇ ਕਈ ਕੂੰਹਣੀ ਮੋੜ ਵੀ। ਸੁੱਖਾਂ-ਦੁੱਖਾਂ ਦਾ ਪਰਾਗਾ ਇਹ ਜ਼ਿੰਦਗੀ ਸਾਨੂੰ ਹਰ ਪਲ ਕੁੱਝ ਸਿਖਾਉਂਦੀ ਹੈ ਅਤੇ ਜੇਕਰ ਤੁਸੀਂ ਸ਼ਬਦ ਨਾਲ ਜੁੜੇ ਹੋ, ਕਲਮ ਦੇ ਸਾਥੀ ਹੋ ਤਾਂ ਹਰ ਮੁਸ਼ਕਿਲ ਵਿਚੋਂ ਨਿਕਲਿਆ ਜਾ ਸਕਦਾ ਹੈ ਤੇ ਇਹੋ ਲੇਖਿਕਾ ਦਾ ਨਾਵਲ ਆਖਦਾ ਹੈ। ਪ੍ਰਸਿੱਧ ਸ਼ਾਇਰਾ ਮਨਜੀਤ ਇੰਦਰਾ ਨੇ ਵੀ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਮੈਂ ਤਾਂ ਇਸ ਨਾਵਲ ਦੇ ਹਕੀਕੀ ਰੂਪ ਵਿਚ ਨਾਲੋ-ਨਾਲ ਤੁਰੀਂ ਹਾਂ ਅਤੇ ਮੈਨੂੰ ਇਸ ਦੀ ਮੁੱਖ ਪਾਤਰ ਸਰਘੀ ਨਹੀਂ ਗੁਰਮਿੰਦਰ ਹੀ ਲਗਦੀ ਹੈ।

ਕਿਤਾਬ ਤੇ ਸਵਰਗੀ ਗੁਰੂਮੇਲ ਸਿੱਧੂ ਦਾ ਲਿਖਿਆ ਪਰਚਾ ਜਗਦੀਪ ਕੌਰ ਨੂਰਾਨੀ ਹੁਰਾਂ ਨੇ ਪੜ੍ਹਿਆ ਅਤੇ ਉਨ੍ਹਾਂ ਆਪਣੇ ਵੀ ਵਿਚਾਰ ਨਾਵਲ ਦੇ ਹਵਾਲੇ ਨਾਲ ਸਾਂਝੇ ਕੀਤੇ। ਇਸੇ ਤਰ੍ਹਾਂ ਗੁਰਨਾਮ ਕੰਵਰ, ਪਾਲ ਅਜਨਬੀ ਹੁਰਾਂ ਨੇ ਵੀ ਨਾਵਲ ਦੇ ਹਵਾਲੇ ਨਾਲ ਆਪਣੀ ਗੱਲ ਰੱਖਦਿਆਂ ਲੇਖਿਕਾ ਦੀ ਕਲਮ ਨੂੰ ਤੇ ਲੇਖਿਕਾ ਦੀ ਹਿੰਮਤ ਨੂੰ ਸਲਾਮ ਕੀਤੀ। ਇਸ ਮੌਕੇ ਜਗਤਾਰ ਸਿੰਘ ਜੋਗ ਹੁਰਾਂ ਨੇ ਡਾ. ਗੁਰਮਿੰਦਰ ਸਿੱਧੂ ਦੀ ਗ਼ਜ਼ਲ਼ ਨੂੰ ਤਰੰਨਮ ਵਿਚ ਗਾ ਕੇ ਮਾਹੌਲ ਨੂੰ ਹੋਰ ਵੀ ਭਾਵਪੂਰਨ ਬਣਾ ਦਿੱਤਾ। ਜਦੋਂਕਿ ਇਸ ਨਾਵਲ ਦੇ ਹਵਾਲੇ ਨਾਲ ਆਪਣੀਆਂ ਛੋਟੀਆਂ-ਛੋਟੀਆਂ ਟਿੱਪਣੀਆਂ ਸਾਂਝੀਆਂ ਕਰਦਿਆਂ ਮੰਚ ਸੰਚਾਲਨ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ ਤੇ ਸਭਨਾਂ ਦਾ ਧੰਨਵਾਦ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ  ਡਾ. ਅਵਤਾਰ ਸਿੰਘ ਪਤੰਗ ਹੁਰਾਂ ਨੇ  ਕੀਤਾ।

ਇਸ ਸਮੁੱਚੇ ਸਮਾਗਮ ਵਿਚ ਵੱਡੀ ਗਿਣਤੀ ਵਿਚ ਲੇਖਕ, ਸਾਹਿਤਕਾਰ, ਕਵੀ, ਪ੍ਰੋਫੈਸਰ ਅਤੇ ਸਰੋਤੇ ਮੌਜੂਦ ਸਨ ਜਿਨ੍ਹਾਂ ਵਿਚ ਸੁਰਜੀਤ ਕੌਰ ਬੈਂਸ, ਹਰਮਿੰਦਰ ਕਾਲੜਾ, ਭੁਪਿੰਦਰ ਮਲਿਕ, ਅਸ਼ੋਕ ਭੰਡਾਰੀ ਨਾਦਿਰ, ਡਾ. ਜਸਪਾਲ ਸਿੰਘ, ਪ੍ਰਿ. ਗੁਰਦੇਵ ਕੌਰ ਪਾਲ, ਗੁਰਦੀਪ ਗੁਲ, ਡਾ. ਗੁਰਮੇਲ ਸਿੰਘ, ਸ਼ਾਮ ਸਿੰਘ ਅੰਗ-ਸੰਗ, ਜਸਵਿੰਦਰ ਕਾਈਨੌਰ, ਪ੍ਰੋ. ਓ ਪੀ ਵਰਮਾ, ਧਿਆਨ ਸਿੰਘ ਕਾਹਲੋਂ, ਸੁਦੇਸ਼ ਸ਼ਰਮਾ, ਊਸ਼ਾ ਕੰਵਰ, ਮਨਮੋਹਨ ਸਿੰਘ ਕਲਸੀ, ਮਨਜੀਤ ਕੌਰ ਮੋਹਾਲੀ, ਸਰਦਾਰਾ ਸਿੰਘ ਚੀਮਾ, ਸੇਵੀ ਰਾਇਤ, ਦਵੀ ਦਵਿੰਦਰ ਕੌਰ, ਡਾ. ਗੁਰਵਿੰਦਰ ਅਮਨ ਰਾਜਪੁਰਾ, ਅਮਰਜੀਤ ਕੌਰ, ਲਾਭ ਸਿੰਘ ਲਹਿਲੀ, ਥੰਮਣ ਸਿੰਘ ਸੈਣੀ, ਹਰਸਿਮਰਨ ਕੌਰ, ਰਾਣਾ ਬੂਲਪੁਰੀ ਆਦਿ ਵੀ ਹਾਜ਼ਰ ਸਨ।


 

Post a Comment

0 Comments