ਮੈਂ ਸਾਹਮਣੇ ਜੱਜ ਸਾਹਿਬ ਦੇ ਕਮਰੇ ਵਾਲੇ ਬਰਾਮਦੇ ਵੱਲ ਵਧ ਗਿਆ। ਕੰਧ ਨਾਲ ਟੰਗੇ ਹੋਏ ਨੋਟਿਸ ਬੋਰਡ 'ਤੇ ਨਜ਼ਰ ਮਾਰੀ। ਇਸ ਲਿਸਟ ਵਿੱਚ ਪਹਿਲਾਂ ਬਾਬੂ ਜੀ ਦਾ ਨਾਮ ਹੁੰਦਾ ਸੀ। ਅੱਜ ਅੰਮਾਂ ਦਾ ਨਾਮ ਹੈ। ਅੰਮਾਂ ਦਾ ਨਾਮ ਪੰਦਰਵੇਂ ਨੰਬਰ 'ਤੇ ਸੀ। ਹਰ ਕੇਸ ਵਿੱਚ ਪੰਜ ਮਿੰਟ ਵੀ ਲੱਗੇ ਤਾਂ ਘੱਟ ਤੋਂ ਘੱਟ ਇੱਕ ਘੰਟਾ ਤਾਂ ਲੱਗ ਹੀ ਜਾਣਾ ਹੈ......ਵਿਕੇਸ਼ ਨਿਝਾਵਨ
ਹਿੰਦੀ ਕਹਾਣੀ / ਮੁਖਤਿਆਰ ਨਾਮਾ
ਹਿੰਦੀ ਮੂਲ : ਵਿਕੇਸ਼ ਨਿਝਾਵਨ
ਪੰਜਾਬੀ ਅਨੁਵਾਦ:ਗੁਰਮਾਨ ਸੈਣੀ
ਭਰਾ ਨੂੰ ਤਿੰਨ ਖ਼ਤ ਲਿਖੇ ਜਾ ਚੁੱਕੇ ਸਨ। ਅੱਜ ਤੱਕ ਤਾਂ ਕੋਈ ਨਾ ਕੋਈ ਜਵਾਬ ਆ ਜਾਣਾ ਚਾਹੀਦਾ ਸੀ, ਪਿਛਲੇ ਦਸਾਂ ਦਿਨਾਂ ਤੋਂ ਅੰਮਾਂ ਇਹੋ ਸੋਚ ਰਹੀ ਸੀ। ਅੰਮਾਂ ਹੀ ਕੀ, ਅਸੀਂ ਲੋਕ ਵੀ ਸਵੇਰੇ ਸ਼ਾਮ ਜਦੋਂ ਡਾਕੀਏ ਦੇ ਆਉਣ ਦਾ ਸਮਾਂ ਹੁੰਦਾ, ਦਰਵਾਜ਼ੇ ਦੇ ਬਾਹਰ ਆ ਖੜੇ ਹੁੰਦੇ। ਬਾਹਰ ਨਾ ਵੀ ਆਉਂਦੇ ਤਾਂ ਅੰਦਰੋਂ ਹੀ ਸਾਡੀ ਨਜ਼ਰ ਖਿੜਕੀ ਜਾਂ ਦਰਵਾਜ਼ੇ ਦੇ ਪਰਦੇ ਵਿਚਲੀਆਂ ਵਿਰਲਾਂ ਥਾਣੀਂ ਦਰਵਾਜੇ ਉੱਤੇ ਲੱਗੇ ਲੱਕੜੀ ਦੇ ਬਕਸੇ ਉੱਪਰ ਜਾਂਦੀ ਹੀ ਰਹਿੰਦੀ ਜਿੱਥੇ ਡਾਕੀਆ ਚਿੱਠੀਆਂ ਪਾ ਕੇ ਜਾਂਦਾ ਸੀ।
" ਦੇਖ
ਨੀ ਬਿੱਟੋ ਕੋਈ ਖ਼ਤ ਤੇ ਨਹੀਂ ਆਇਆ ?" ਅੰਮਾਂ ਆਖਦੀ ਤਾਂ ਸਾਡੀਆਂ ਵੀ ਗਰਦਨਾਂ ਉੱਪਰ ਉੱਠ ਜਾਂਦੀਆਂ। ਅੰਮਾਂ
ਬਿੱਟੋ ਦਾ ਹੀ ਨਾਉਂ ਕਿਉਂ ਲੈਂਦੀ ਹੈ, ਕਦੇ ਸਾਨੂੰ ਵੀ ਆਖ
ਦੇਵੇ ਭਲਾਂ। ਬਿੱਟੋ ਵੀ ਚਿੜੀ ਵਾਂਗ ਬਾਹਰ ਫੁਦਕਦੀ ਹੋਈ ਦੌੜਦੀ। ਬਿੱਟੋ ਦੇ ਵਾਪਸ ਆਉਣ ਤੱਕ
ਸਾਡੀਆਂ ਗਰਦਨਾਂ ਉਂਵੇਂ ਹੀ ਬਾਹਰ ਨੂੰ ਦੇਖਦੇ ਹੋਏ ਤਣੀਆਂ ਰਹਿੰਦੀਆਂ। ਬਿੱਟੋ ਜਿੰਨੀ ਛੇਤੀ
ਫੁਰਤੀ ਨਾਲ ਬਾਹਰ ਨੂੰ ਨਿਕਲਦੀ,
ਅੰਦਰ ਆਉਂਦੇ ਹੋਏ
ਉਸਦੀ ਗਰਦਨ ਉੰਨੀ ਹੀ ਲਟਕੀ ਹੁੰਦੀ। ਉਸਨੂੰ ਦੇਖ ਕੇ ਸਾਡੀਆਂ ਗਰਦਨਾਂ ਵੀ ਆਪਣੇ ਆਪ ਝੁਕ
ਜਾਂਦੀਆਂ। ਬਿੱਟੋ 'ਤੇ ਸਾਨੂੰ ਜਿਵੇਂ
ਯਕੀਨ ਹੀ ਨਾ ਹੁੰਦਾ। ਅਸੀਂ ਬਾਕੀ ਤਿੰਨੇ ਵੀ ਕਿਸੇ ਨਾ ਕਿਸੇ ਬਹਾਨੇ ਉੱਠ ਕੇ ਬਾਹਰ ਲਟਕੇ ਲੱਕੜੀ
ਦੇ ਬਕਸੇ ਨੂੰ ਦੇਖ ਹੀ ਆਉਂਦੇ।
ਸਾਨੂੰ ਤਾਂ
ਸਾਨੂੰ, ਅੰਮਾਂ ਨੂੰ ਵੀ
ਕਿਸੇ 'ਤੇ ਯਕੀਨ ਨਹੀਂ ਸੀ
ਰਹਿ ਗਿਆ। ਦਿਨ ਵਿੱਚ ਇੱਕ ਦੋ ਵਾਰ ਤਾਂ ਉਹ ਆਪ ਵੀ ਲੈਟਰ ਬਾਕਸ ਵਿੱਚ ਨਜ਼ਰ ਮਾਰ ਆਉਂਦੀ।
" ਹਾਲੇ
ਕਿੰਨੇ ਦਿਨ ਬਾਕੀ ਹਨ ਕਚਿਹਰੀ ਜਾਣ ਵਿੱਚ ?" ਹੁਣ ਅੰਮਾਂ ਹਰ ਘੜੀ ਦਿਨ ਗਿਣਦੀ ਰਹੇਗੀ। ਕਦੇ ਕਦੇ ਤਾਂ
ਦਿਨ ਵਿੱਚ ਦੋ ਤਿੰਨ ਵਾਰ ਪੁੱਛ ਲੈਂਦੀ ਤਾਂ ਮੈਨੂੰ ਖਿਝ ਚੜ੍ਹ ਜਾਂਦੀ। ' ਕਹਿ ਦਿੱਤਾ ਨਾ ਕਿ
ਹਾਲੇ ਚਾਰ ਦਿਨ ਬਾਕੀ ਹਨ।'
ਚਾਰ ਦਿਨ ਹਾਲੇ
ਬਾਕੀ ਹਨ ਨਾ, ਤਾਂ ਆ ਜਾਵੇਗੀ
ਚਿੱਠੀ।' ਅੰਮਾਂ ਖੁਦ ਨੂੰ
ਤੱਸਲੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਸਾਨੂੰ, ਸਾਨੂੰ ਸਮਝ ਨਾ ਲੱਗਦੀ।
ਅਗਲੇ ਚਾਰ
ਦਿਨਾਂ ਵਿੱਚ ਵੀ ਜੇਕਰ ਚਿੱਠੀ ਨਾ ਆਈ ਤਾਂ ? ਬਿੱਟੋ ਤਣਾਓ ਨਾਲ ਪੁੱਛ ਬੈਠਦੀ। ਕਿਸ ਤਰ੍ਹਾਂ ਦੇ ਸੁਭਾਅ ਦੀ ਹੈ ਇਹ
ਲੜਕੀ ਵੀ, ਅੰਮਾਂ ਪਹਿਲਾਂ ਹੀ
ਦੁਖੀ ਹੈ, ਉੱਪਰੋਂ ਇਹ
ਪ੍ਰੇਸ਼ਾਨ ਕਰਨ 'ਤੇ ਤੁਲੀ ਹੋਈ ਹੈ।
ਅੰਦਰੋਂ ਟੁੱਟ
ਜਾਣ ਦੀ ਇੱਕ ਡੂੰਘੀ ਲਕੀਰ ਜਦੋਂ ਅੰਮਾਂ ਦੇ ਚਿਹਰੇ ਉੱਪਰ ਖਿਚੀ ਹੋਈ ਦਿਖਾਈ ਦੇਂਦੀ ਤਾਂ ਮੈਂ
ਉਸਨੂੰ ਸੰਭਾਲਣ ਲਈ ਕਹਿ ਉਠਦਾ,
' ਚਿੱਠੀ ਨਾ ਵੀ ਆਈ ਤਾਂ ਭਰਾ ਜੀ ਖੁਦ ਆ ਜਾਣਗੇ। ' ਇਸ ਵਿੱਚ ਚਿੱਠੀ ਦਾ ਜਵਾਬ ਦੇਣ ਵਾਲੀ ਵੀ ਭਲਾ ਕਿਹੜੀ ਗੱਲ ਹੈ। ਅੰਮਾਂ
ਨੂੰ ਮੇਰੀ ਗੱਲ ਨਾਲ ਕਿੰਨਾ ਕੁ ਯਕੀਨ ਆਇਆ ਹੈ, ਮੈਂ ਅੰਮਾਂ ਦੇ ਚਿਹਰੇ ਤੋਂ ਜਰਾ ਜਿੰਨਾ ਵੀ ਅੰਦਾਜ਼ਾ ਨਾ ਲਾ ਸਕਦਾ।
ਅਗਲੇ ਤਿੰਨ ਦਿਨ ਵੀ, ਹੋਰ ਦਿਨਾਂ ਵਾਂਗ ਚਿੱਠੀ ਦੀ ਉਡੀਕ ਵਿੱਚ ਹੀ ਲੰਘ ਗਏ।
ਚੌਥੇ ਦਿਨ ਸਵੇਰੇ ਉਠਦਿਆਂ ਹੀ ਮੈਨੂੰ ਲੱਗਿਆ ਕਿ ਅੰਮਾਂ ਹੁਣ ਹਰ ਗੱਲ ਉੱਤੇ ਹੀ ਬਿਫਰੇਗੀ। ਭਰਾ
ਦੇ ਨਾ ਆਉਣ ਦਾ ਗੁੱਸਾ ਉਸਦੇ ਅੰਦਰ ਉਬਾਲੇ ਮਾਰ ਰਿਹਾ ਹੋਵੇਗਾ। ਪਰ ਇਸ ਸਾਰੇ ਹਾਲਾਤ ਨੂੰ
ਸੰਭਾਲਣਾ ਤਾਂ ਮੈਂ ਹੀ ਹੈ।
ਜਿਵੇਂ ਕਿਵੇਂ ਅੰਮਾਂ ਦੇ ਸਾਹਮਣੇ ਜਾ ਖੜ੍ਹਾ ਹੋਇਆ ਤੇ ਹਿੰਮਤ ਕਰਕੇ ਮੈਂ ਕਿਹਾ, ' ਅੰਮਾਂ ਸਵੇਰੇ ਇੱਥੋਂ ਨੌਂ ਵਜੇ ਕਚਿਹਰੀ ਲਈ ਨਿਕਲਣਾ ਹੈ, ਤੂੰ ਤਿਆਰ ਰਹੀਂ।'
" ਮੈਂ ਕਿਹੜੀ ਤਿਆਰੀ ਕਰਨੀ ਹੈ, ਇੱਕ ਧੋਤੀ ਹੀ ਤਾਂ ਬਦਲਣੀ ਹੈ।" ਅੰਮਾਂ ਨੇ ਬੜੇ ਸਹਿਜ ਭਾਵ ਨਾਲ ਆਖਿਆ।
ਚਲਦੇ ਚਲਦੇ
ਅੰਮਾਂ ਬੋਲੀ ਸੀ , ' ਕੁਝ ਖਾ ਪੀ ਲੈਂਦਾ
ਤੂੰ। ਪਤਾ ਨਹੀਂ ਉੱਥੇ ਕਿੰਨੀਂ ਦੇਰ ਲੱਗ ਜਾਵੇ।' ਅੰਮਾਂ ਹੁਣ ਉਸ ਹਾਲਾਤ ਤੋਂ ਨਾਵਾਕਿਫ ਨਹੀਂ ਸੀ। ਪਹਿਲੀ ਵਾਰ ਜਦੋਂ
ਕਚਿਹਰੀ ਜਾਣਾ ਹੋਇਆ ਸੀ, ਪੂਰੇ ਦੋ ਵਜੇ ਤੱਕ
ਭੁੱਖਾ ਰਹਿਣਾ ਪਿਆ ਸੀ। ਉਦੋਂ ਅੰਮਾਂ ਘਰੋਂ ਕੁੱਝ ਖਾ ਕੇ ਵੀ ਨਹੀਂ ਸੀ ਗਈ । ਇੱਕ ਡਰ ਅੰਮਾਂ ਦੇ
ਅੰਦਰ ਜਮਿਆ ਪਿਆ ਸੀ ਜਿਸਨੇ ਅੰਮਾਂ ਦੀ ਭੁੱਖ ਨੂੰ ਬਿਲਕੁਲ ਖਤਮ ਕਰ ਦਿੱਤਾ ਸੀ। ਕਚਿਹਰੀ ਵਿੱਚ
ਜਾਕੇ ਕੀ ਹੋਵੇਗਾ ? ਸਰਕਾਰੀ ਵਕੀਲ ਕੀ
ਕੀ ਪੁੱਛੇਗਾ ? ਅੰਮਾਂ ਕਿੰਨੇ ਵਾਰੀ
ਮੈਥੋਂ ਪੁੱਛ ਬੈਠੀ ਸੀ। ਮੈਂ ਹੱਸ ਕੇ ਆਖਦਾ, ' ਅਸੀਂ ਕੋਈ ਜੁਰਮ
ਨਹੀਂ ਕੀਤਾ, ਅੰਮਾਂ।' ਇਹ ਕੇਸ ਤਾਂ ਸਗੋਂ
ਸਾਡੇ ਵੱਲੋਂ ਹੈ। ਅਸੀਂ ਆਪਣੇ ਹੱਕ ਲਈ ਸਰਕਾਰ ਨਾਲ ਲੜ ਰਹੇ ਹਾਂ।
" ਸਰਕਾਰ ਤੋਂ ਵੀ ਭਲਾਂ ਕੋਈ ਜਿੱਤਿਆ ਹੈ। "
ਅੰਮਾਂ ਆਹ ਭਰਦੀ। ਹਾਂ, ਠੀਕ ਹੀ ਤਾਂ
ਕਹਿੰਦੀ ਹੈ ਅੰਮਾਂ। ਬਾਬੂ ਜੀ ਅੱਠ ਸਾਲ ਇਸੇ ਗੱਲ ਲਈ ਲੜਦੇ ਰਹੇ।
ਮੈਂ ਅਤੇ ਅੰਮਾਂ
ਰਿਕਸ਼ਾ ਉੱਤੇ ਕਚਹਿਰੀ ਪਹੁੰਚੇ ਸੀ। ਕਚਿਹਰੀ ਅੰਦਰ ਵੜਦਿਆਂ ਹੀ ਅੰਮਾਂ ਬੋਲੀ,
' ਤੂੰ ਜਾ ਕੇ ਦੇਖ ਕਿ ਵਕੀਲ ਆਇਆ
ਹੈ ਕਿ ਨਹੀਂ। ਮੈਂ ਉੱਧਰ ਦਰਖ਼ਤ ਹੇਠਾਂ ਬੈਠਦੀ ਹਾਂ।'
ਅੰਮਾਂ ਨੇ ਕਿਹਾ
ਤਾਂ ਇੱਕ ਅਜ਼ੀਬ ਜਿਹੀ ਚੁਭਨ ਮੇਰੇ ਅੰਦਰ ਤੱਕ ਜਾ ਪਹੁੰਚੀ। ਲੱਗਿਆ ਕਿ ਇੱਥੇ ਆਉਣ ਦੇ ਆਪਾਂ ਲੋਕ
ਕਿੰਨੇ ਆਦੀ ਹੋ ਗਏ ਹਾਂ। ਪਹਿਲੀ ਵਾਰ ਜਦੋਂ
ਅੰਮਾਂ ਨੂੰ ਲੈਕੇ ਆਇਆ ਸੀ, ਉਦੋਂ ਅੰਮਾਂ ਨੂੰ
ਮੈਂ ਇਸੇ ਦਰਖ਼ਤ ਹੇਠ ਬਿਠਾ ਕੇ ਵਕੀਲ ਨੂੰ ਭਾਲਣ ਨਿਕਲਿਆ ਸੀ। ਕਿਸੇ ਵੀ ਗੱਲ ਦਾ ਪਤਾ ਨਹੀਂ ਸੀ
ਮੈਨੂੰ। ਕਿੱਥੇ ਜਾਣਾ ਹੈ ? ਕੀ ਕਰਨਾ ਹੈ ? ਭਰਾ ਜਾਂਦਾ ਹੋਇਆ
ਇੰਨਾ ਹੀ ਕਹਿ ਕੇ ਗਿਆ ਸੀ ਕਿ ਕਚਿਹਰੀ ਜਾ ਕੇ ਵਕੀਲ ਨੂੰ ਮਿਲ ਲਵੀਂ, ਉਹ ਸਭ ਸਮਝਾ
ਦੇਵੇਗਾ।
ਵਕੀਲ ਸਾਹਿਬ
ਨਾਲ ਤਾਂ ਚੰਗੀ ਜਾਣ ਪਛਾਣ ਸੀ ਮੇਰੀ। ਬਾਬੂ ਜੀ ਨੂੰ ਅਕਸਰ ਮੈਂ ਉਨ੍ਹਾਂ ਕੋਲ ਲੈਕੇ ਜਾਂਦਾ ਹੁੰਦਾ
ਸੀ। ਬਾਬੂ ਜੀ ਤੇ ਉਹ ਬਹੁਤ ਦੇਰ ਤੱਕ ਜ਼ਮੀਨ ਨੂੰ ਲੈਕੇ ਗੱਲਾਂ ਕਰਦੇ ਰਹਿੰਦੇ। ਮੇਰੀ ਨਜ਼ਰ ਕਮਰੇ
ਵਿੱਚ ਲੱਗੀ ਤਸਵੀਰ ਉੱਤੇ ਟਿਕੀ ਰਹਿੰਦੀ। ਜਦੋਂ ਬਾਬੂ ਜੀ ਉੱਥੋਂ ਉੱਠਣ ਨੂੰ ਹੁੰਦੇ ਤਾਂ ਉਨ੍ਹਾਂ ਦਾ ਇੱਕੋ ਵਾਕ ਹੁੰਦਾ, ' ਫੈਸਲਾ ਛੇਤੀ ਹੋ
ਜਾਵੇ ਤਾਂ ਮੈਂ ਬਿੱਟੋ ਦੇ ਹੱਥ ਪੀਲੇ ਕਰ ਦੇਵਾਂ।
ਲੈ ਦੇ ਕੇ
ਬਾਬੂ ਜੀ ਕੋਲ ਇਹੋ ਜ਼ਮੀਨ ਤਾਂ ਸੀ ਜਿਸਨੂੰ ਵੇਚ ਕੇ ਬਿੱਟੋ ਦਾ ਵਿਆਹ ਕਰ ਦੇਣਾ ਚਾਹੁੰਦੇ ਸਨ।
ਮਾਂ ਤਾਂ ਕਦੋਂ ਤੋਂ ਜ਼ਮੀਨ ਵੇਚਣ ਨੂੰ ਆਖਦੀ ਪਈ ਸੀ ਪਰ ਬਾਬੂ ਜੀ ਦਿਨ -ਬ -ਦਿਨ ਜ਼ਮੀਨ ਦੇ ਵਧ
ਰਹੇ ਭਾਅ ਨੂੰ ਦੇਖਦਿਆਂ ਰੁਕੇ ਹੋਏ ਸਨ। ਇਸੇ ਸਮੇਂ ਦੌਰਾਨ ਸਰਕਾਰ ਨੇ ਇਹ ਜ਼ਮੀਨ ਸਸਤੇ ਮੁੱਲ ਤੇ
ਇਕਵਾਇਰ ਕਰ ਲਈ ਸੀ।
ਕਿੱਥੇ ਪੰਜਾਹ
ਰੁਪਏ ਗਜ਼ ਦੀ ਕੀਮਤ ਮਿਲ ਰਹੀ ਸੀ, ਕਿੱਥੇ ਹੁਣ ਪੰਜ ਰੁਪਏ ਗਜ਼ ਦੇ ਹਿਸਾਬ ਨਾਲ ਸਰਕਾਰ ਨੇ ਲੋਕਾਂ ਨੂੰ
ਕੀਮਤ ਦੇਣੀ ਤਹਿ ਕੀਤੀ ਸੀ। ਸ਼ਾਇਦ ਬਾਬੂ ਜੀ ਦੀ ਜ਼ਿੰਦਗੀ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਉਹ
ਬੁਰੀ ਤਰ੍ਹਾਂ ਟੁੱਟ ਗਏ ਸਨ। ਅੰਮਾਂ ਹੌਸਲਾ ਵਧਾਉਣ ਲਗਦੀ, ' ਹੋਰ ਵੀ ਤਾਂ ਕਿੰਨੇ ਲੋਕ ਹਨ ਜਿਨ੍ਹਾਂ ਦੀ ਜ਼ਮੀਨ ਚਲੀ
ਗਈ। ਕਈਆਂ ਦੇ ਤਾਂ ਮੂੰਹੋਂ ਬੁਰਕੀ ਵੀ ਖੋਹੀ ਗਈ ਹੈ। ਤੇਰਾ ਤਾਂ ਕਮਾਉ ਪੁੱਤ ਵੀ ਹੈ ਰੱਬ ਦੀ
ਮਿਹਰ ਨਾਲ।
ਅੰਮਾਂ ਦੀ ਇਸ
ਗੱਲ ਨਾਲ ਭਰਾ ਦਾ ਚਿਹਰਾ ਅੱਖਾਂ ਦੇ ਸਾਹਮਣੇ ਆ ਜਾਂਦਾ। ਸਾਡੇ ਸਭ ਦੀਆਂ ਅੱਖਾਂ ਵਿੱਚ ਇੱਕ ਚਮਕ ਜਿਹੀ ਆ ਜਾਂਦੀ। ਇਸ ਵਾਰੀ ਭਰਾ
ਜੀ ਆਉਣਗੇ ਤਾਂ ਉਨ੍ਹਾਂ ਨੂੰ ਨਵਾਂ ਸਾਈਕਲ ਲੈਣ ਲਈ ਆਖਾਂਗਾ। ਅਜ਼ੀਬ ਗੱਲ ਹੈ ਕਿ
ਬਿੱਟੋ ਵੀ ਕੁਝ ਅਜਿਹਾ ਹੀ ਸੋਚ ਰਹੀ ਹੁੰਦੀ। ਭਰਾ ਨੂੰ ਜਪਾਨੀ ਗੁਡੀਆ ਲਿਆਉਣ ਵਾਸਤੇ ਲਿਖਾਂਗੀ।
ਪਤਾ ਨਹੀਂ ਇਹ ਸਭ ਬਿੱਟੋ ਕਿਸ ਜੋਸ਼ ਵਿੱਚ ਇੰਨਾ ਉੱਚਾ ਬੋਲ ਗਈ ਸੀ ਕਿ ਅੰਮਾਂ ਡੂੰਘਾ ਹੌਕਾ ਲੈਕੇ ਬੋਲੀ ਸੀ, ' ਕਦੋਂ ਤੱਕ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਰਹੇਂਗੀ ਹੁਣ
ਤੂੰ। ਭਰਾ ਨੂੰ ਲਿਖ ਕੋਈ ਹੱਡ ਮਾਸ ਦਾ ਸੱਚੀਂ ਦਾ ਗੁੱਡਾ ਲੈ ਕੇ ਆਏ ਤੇਰੇ ਲਈ।'
ਬਿੱਟੋ ਮੂੰਹ
ਬਿਚਕਾ ਕੇ ਰਹਿ ਗਈ ਸੀ ਵਿਚਾਰੀ। ਭਰਾ ਦੀ ਕੁਲ ਆਮਦਨ ਸੋਚ ਕੇ ਅਸੀਂ ਭਾਵੇਂ ਆਸਵੰਦ ਹੋ ਜਾਂਦੇ ਪਰ
ਬਾਬੂ ਜੀ ਵਿੱਚ ਕੋਈ ਫਰਕ ਨਹੀਂ ਸੀ ਪਿਆ। ਇੱਕ ਦਮ ਬੁਝੇ ਬੁਝੇ ਜਿਹੇ ਰਹਿਣ ਲੱਗੇ ਸੀ ਉਹ। ਕੋਈ
ਪੰਦਰਾਂ ਦਿਨਾਂ ਬਾਅਦ ਕੁਝ ਲੋਕ ਇੱਕਠੇ ਹੋ ਕੇ ਬਾਬੂ ਜੀ ਕੋਲ ਆਏ ਸਨ। ਉਨ੍ਹਾਂ ਦੱਸਿਆ ਕਿ
ਜਿਨ੍ਹਾਂ ਲੋਕਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਹੈ ਉਹ ਸਭ ਇੱਕਠੇ ਹੋ ਕੇ ਸਰਕਾਰ ਦੇ ਖਿਲਾਫ ਅਦਾਲਤ
ਵਿੱਚ ਅਪੀਲ ਕਰ ਰਹੇ ਹਨ। ਅਗਲੇ ਦਿਨ ਬਾਬੂ ਜੀ ਨੇ ਵੀ ਆਪਣੇ ਵੱਲੋਂ ਵਕੀਲ ਕਰ ਕੇ ਕਾਰਵਾਈ ਸ਼ੁਰੂ
ਕਰ ਦਿੱਤੀ ਸੀ।
ਤਰੀਕ ਤੇ
ਤਰੀਕ ਪੈਣ ਲੱਗੀ। ਕਦੇ ਇੱਕ ਮਹੀਨੇ ਦੀ। ਕਦੇ ਦੋ ਮਹੀਨੇ ਦੀ। ਆਖ਼ਰ ਫੈਸਲਾ ਲੋਕਾਂ ਦੇ ਹੱਕ ਵਿੱਚ
ਹੋ ਗਿਆ। ਅਦਾਲਤ ਵੱਲੋਂ ਸਰਕਾਰ ਨੂੰ ਪੰਜਾਹ ਰੁਪਏ ਫੀ ਗਜ ਦੇ ਹਿਸਾਬ ਨਾਲ ਜ਼ਮੀਨ ਦਾ ਮੁਆਵਜ਼ਾ
ਅਦਾ ਕਰਨ ਦਾ ਹੁਕਮ ਸੁਣਾਇਆ ਗਿਆ।
ਬਾਬੂ ਜੀ ਦੇ
ਚਿਹਰੇ 'ਤੇ ਜਿਹੜਾ ਤਣਾਓ
ਭਾਰੂ ਸੀ ਉਹ ਇੱਕ ਦਿਨ ਵਿੱਚ ਹੀ ਗਾਇਬ ਹੋ ਗਿਆ। ਬਾਬੂ ਜੀ ਨੇ ਅੰਦਾਜ਼ਾ ਲਗਾਉਂਦੇ ਹੋਏ ਕਿਹਾ ਸੀ
ਕਿ ਹੁਣ ਉਨ੍ਹਾਂ ਨੂੰ ਪੰਜਾਹ ਹਜ਼ਾਰ ਰੁਪਏ ਦੇ ਲੱਗਪਗ ਹੋਰ ਮਿਲੇਗਾ। ਰਾਤ ਨੂੰ ਮੰਜੇ ਉੱਤੇ ਪੈ ਕੇ
ਉਹ ਅੰਮਾਂ ਨਾਲ ਸਲਾਹ ਮਸ਼ਵਰਾ ਕਰਦੇ ਕਿ ਇਨ੍ਹਾਂ ਪੰਜਾਹ ਹਜ਼ਾਰ ਰੁਪਿਆਂ ਨੂੰ ਉਹ ਕਿਵੇਂ ਖਰਚ
ਕਰਨਗੇ।
ਅਗਲੀ ਤਰੀਕ ਉੱਤੇ
ਪੈਸਾ ਮਿਲ ਜਾਣ ਦਾ ਸਰਕਾਰ ਨੇ ਭਰੋਸਾ ਦਿੱਤਾ ਸੀ।
ਪਰ ਉੱਪਰੋਂ ਸਾਰਾ
ਪੈਸਾ ਆਵੇਗਾ, ਤਾਂ ਨਾ।
ਪੈਸਾ ਲੈਣ ਵਾਲੇ
ਸੈਂਕੜੇ ਲੋਕ ਹਨ। ਦੇਣ ਵਾਲੀ ਸਰਕਾਰ ਇੱਕ। ਸਭ ਨੂੰ ਇੱਕਠਾ ਪੈਸਾ ਕਿੱਥੋਂ ਦੇਵੇ। ਥੋੜ੍ਹਾ ਥੋੜ੍ਹਾ
ਕਰਕੇ ਹੀ ਸਰਕਾਰ ਪੈਸੇ ਦੇਂਦੀ ਹੈ । ਇਹ ਗੱਲ ਵਕੀਲ ਨੇ ਲੋਕਾਂ ਨੂੰ ਸਮਝਾਈ ਸੀ।
ਚਾਰ ਵਾਰ
ਪੇਮੈਂਟ ਦੀਆਂ ਲਿਸਟਾਂ ਆ ਚੁਕੀਆਂ ਸਨ ਪਰ ਕਿਸੇ ਵਿੱਚ ਵੀ ਬਾਬੂ ਜੀ ਦਾ ਨਾਂ ਨਹੀਂ ਸੀ। ਸਰਕਾਰ ਦੇ
ਘਰ ਦੇਰ ਹੈ ਹਨ੍ਹੇਰ ਨਹੀਂ। ਇਹ ਕਹਿ ਕੇ ਬਾਬੂ ਜੀ ਆਪਣੇ ਆਪ ਨੂੰ ਯਕੀਨ ਦਿਵਾ ਲੈਂਦੇ।
ਪੰਜਵੀਂ ਲਿਸਟ
ਵਿੱਚ ਬਾਬੂ ਜੀ ਦਾ ਨਾਮ ਆ ਗਿਆ ਸੀ, ਪਰ...।ਪਰ ਬਾਬੂ ਜੀ ਨਹੀਂ ਰਹੇ ਸਨ। ਦਿਲ ਦੇ ਦੌਰੇ ਨੇ ਉਨ੍ਹਾਂ ਨੂੰ
ਹਮੇਸ਼ਾ ਲਈ ਲੀਲ ਲਿਆ ਸੀ।
" ਜ਼ਮੀਨ ਦਾ
ਪੈਸਾ ਤਾਂ ਤੈਨੂੰ ਮਿਲ ਹੀ ਜਾਣਾ ਹੈ , ਲਾਜਵੰਤੀ।"
ਮਾਸੜ ਨੇ ਕਿਹਾ ਤਾਂ ਅੰਮਾਂ ਰੋ ਪਈ। "ਮੈਂ ਕੀ ਸਿਰ ਮਾਰਨਾ ਹੈ ਹੁਣ ਪੈਸਾ। ਇਸ ਪੈਸੇ ਨੇ
ਤਾਂ ਉਨ੍ਹਾਂ ਦੀ ਜਾਨ ਹੀ ਲੈ ਲਈ।"
' ਇਹ ਸਭ ਤਾਂ ਹੋਣੀ ਦੀ ਖੇਡ ਹੈ, ਲਾਜਵੰਤੀ। ਉਸਦੀ
ਕਿਸਮਤ ਵਿੱਚ ਪੈਸਾ ਸੀ ਹੀ ਨਹੀਂ। ਹਾਲੇ ਤਾਂ ਬਹੁਤ ਕੁਝ ਕਰਨਾ ਹੈ ਤੂੰ।'
ਤੇ ਕੁਝ ਦਿਨ
ਬਾਅਦ ਅੰਮਾਂ ਨੇ ਇਸ ਜ਼ਿੰਮੇਵਾਰੀ ਨੂੰ ਆਪਣੇ ਸਿਰ ਓਟ ਲਿਆ ਸੀ।
ਪਹਿਲੀ ਪੇਸ਼ੀ
ਉੱਤੇ ਹੀ ਜੱਜ ਸਾਹਿਬ ਨੇ ਕਿਹਾ ਸੀ ਕਿ ਮੁਖਤਿਆਰ ਨਾਮਾ ਅੰਮਾਂ ਦੇ ਨਾਂ ਕਰ ਦਿੱਤਾ ਜਾਵੇ। ਤਾਂ ਹੀ
ਇਹ ਰਕਮ ਅੰਮਾਂ ਨੂੰ ਮਿਲ ਸਕੇਗੀ। ਵਕੀਲ ਸਾਹਿਬ ਨੇ ਅੰਮਾਂ ਨੂੰ ਸਮਝਾਇਆ ਸੀ। ' ਇਸ ਪੈਸੇ ਉੱਪਰ
ਜਿੰਨਾ ਹੱਕ ਤੇਰਾ ਹੈ, ਉੰਨਾ ਹੀ ਬੱਚਿਆਂ
ਦਾ ਵੀ ਹੈ।' ਤਹਿਸੀਲਦਾਰ ਦੇ
ਦਫ਼ਤਰ ਜਾ ਕੇ ਤੁਹਾਡੇ ਬੱਚੇ ਮੁਖਤਿਆਰ ਨਾਮਾ ਤੁਹਾਡੇ ਨਾਂ ਕਰਾ ਦੇਣਗੇ ਤਾਂ ਪੈਸਾ ਤੁਹਾਨੂੰ ਮਿਲ
ਜਾਏਗਾ।' ਅੰਮਾਂ ਤਾਂ ਬਿਲਕੁਲ
ਸਹਿਮ ਗਈ ਸੀ। ਇਹ ਉਲਝਣ ਜਦੋਂ ਸਵੇਰੇ ਭਰਾ ਜੀ ਜਾਣ ਲੱਗੇ ਤਾਂ ਸੁਲਝੀ। " ਵਕੀਲ ਨੂੰ ਪੰਜ
ਸੌ ਰੁਪਏ ਫਾਲਤੂ ਖਰਚ ਲਈ ਦੇਕੇ ਜਾ ਰਿਹਾ ਹਾਂ। ਆਉਣ ਵਾਲੀ ਤਰੀਕ ਉੱਤੇ ਪੈਸਾ ਮਿਲ
ਜਾਵੇਗਾ।"
ਸਵੇਰੇ ਅੰਮਾਂ ਨੂੰ ਸਹਿਜ ਦੇਖ ਮੈਂ ਕਹਿ ਦਿੱਤਾ, " ਇਨ੍ਹਾਂ ਸਰਕਾਰੀ
ਕੰਮਾਂ ਨੂੰ ਸਹਿਜਤਾ ਨਾਲ ਲੈ ਅੰਮਾਂ। ਪੈਸਾ ਮਿਲ ਗਿਆ ਤਾਂ ਠੀਕ,
ਨਹੀਂ ਆਪਣੀ ਜਾਨ ਥੋੜੀ ਦੇ ਦੇਣੀ ਹੈ।"
" ਮੈਂ ਕੀ
ਕਰਨਾ ਹੈ, ਪੈਸਿਆਂ ਦਾ। ਉਸ
ਕਰਮਜਲੀ ਦਾ ਕੀ ਹੋਵੇਗਾ ?"
ਉਸਨੂੰ ਕਿਉਂ
ਕੋਸਦੀ ਹੈਂ ਅੰਮਾਂ ! ਵਿਆਹ ਹੋਣਾ ਹੋਵੇਗਾ ਤਾਂ
ਬਿਨਾਂ ਪੈਸਿਆਂ ਤੋਂ ਵੀ ਹੋ ਜਾਣਾ ਹੈ।" ਸ਼ੁਕਰ ਹੈ ਬਿੱਟੋ ਨੇ ਨਹੀਂ ਸੁਣਿਆ। ਨਹੀਂ ਤਾਂ
ਨਵਾਂ ਹੰਗਾਮਾ ਖੜ੍ਹਾ ਹੋ ਜਾਣਾ ਸੀ। ਇਸ ਹੰਗਾਮੇ ਵਿੱਚ ਇਹ ਗੱਲ ਜਰੂਰ ਹੋਣੀ ਸੀ, ' ਬਾਬੂ ਜੀ ਚਲੇ ਗਏ
ਤਾਂ ਸਾਡੀ ਇਹ ਹਾਲਤ ਹੋ ਰਹੀ ਹੈ। ਬਾਬੂ ਜੀ ਜਿੰਦਾ ਹੁੰਦੇ ਤਾਂ ਸਿੱਧਾ ਕਰਕੇ ਰੱਖ ਦਿੰਦੇ ਸਭ
ਨੂੰ।
ਜਦੋਂ ਅੰਮਾਂ
ਕਿਸੇ ਗੱਲ 'ਤੇ ਦੁਖੀ ਹੋ ਕੇ
ਰੋਂਦੀ ਹੈ ਤਾਂ ਉਹ ਵੀ ਇਹੋ ਗੱਲ ਕਹਿੰਦੀ ਹੈ। ਸੱਚ ਹੀ ਤਾਂ ਹੈ, ਬਾਬੂ ਜੀ ਦੇ ਜਾਣ
ਤੋਂ ਬਾਅਦ ਅਸੀਂ ਸਾਰਿਆਂ ਨੂੰ ਇਹੋ ਲੱਗਣ ਲੱਗਾ ਸੀ। ਜਿਵੇਂ ਅਸੀਂ ਆਪਣੇ ਆਪ ਵਿੱਚ ਪੰਗੂ ਹੋ ਕੇ
ਰਹਿ ਗਏ ਹਾਂ। ਘਰ ਦੀ ਹਰ ਇੱਕ ਗੱਲ ਲਈ ਕਮਜ਼ੋਰ ਪੈ ਗਏ ਹਾਂ। ਹੁਣ ਤਾਂ ਜੋ ਕੁਝ ਇਸ ਘਰ ਵਿੱਚ ਹੋ
ਰਿਹਾ ਹੈ, ਲੱਗਦਾ ਹੈ ਕੁਦਰਤ
ਸਭ ਕੁਝ ਆਪਣੇ ਆਪ ਕਰਦੀ ਜਾਂਦੀ ਹੈ।
ਚੰਗੀ ਭੀੜ ਸੀ
ਕਚਿਹਰੀ ਵਿੱਚ। ਪਰ ਵਕੀਲ ਸਾਹਿਬ ਕਿਤੇ ਨਜ਼ਰ ਨਹੀਂ ਸੀ ਆ ਰਹੇ। ਇੱਕ ਮੁਨਸ਼ੀ ਨੂੰ ਪੁੱਛਿਆ ਤਾਂ
ਉਹ ਬੋਲਿਆ, ' ਹਾਲੇ ਤਾਂ ਵਕੀਲ
ਸਾਹਿਬ ਦਾ ਸਕੂਟਰ ਹੀ ਨਹੀਂ ਪਹੁੰਚਿਆ, ਉਹ ਕਿੱਥੇ ਆਏ ਹੋਣਗੇ।
ਮੈਂ ਸਾਹਮਣੇ
ਜੱਜ ਸਾਹਿਬ ਦੇ ਕਮਰੇ ਵਾਲੇ ਬਰਾਮਦੇ ਵੱਲ ਵਧ ਗਿਆ। ਕੰਧ ਨਾਲ ਟੰਗੇ ਹੋਏ ਨੋਟਿਸ ਬੋਰਡ 'ਤੇ ਨਜ਼ਰ ਮਾਰੀ। ਇਸ
ਲਿਸਟ ਵਿੱਚ ਪਹਿਲਾਂ ਬਾਬੂ ਜੀ ਦਾ ਨਾਮ ਹੁੰਦਾ ਸੀ। ਅੱਜ ਅੰਮਾਂ ਦਾ ਨਾਮ ਹੈ। ਅੰਮਾਂ ਦਾ ਨਾਮ
ਪੰਦਰਵੇਂ ਨੰਬਰ 'ਤੇ ਸੀ। ਹਰ ਕੇਸ
ਵਿੱਚ ਪੰਜ ਮਿੰਟ ਵੀ ਲੱਗੇ ਤਾਂ ਘੱਟ ਤੋਂ ਘੱਟ ਇੱਕ ਘੰਟਾ ਤਾਂ ਲੱਗ ਹੀ ਜਾਣਾ ਹੈ। ਮੈਂ ਚਹਿਲ
ਕਦਮੀ ਕਰਦਾ ਅੰਮਾਂ ਕੋਲ ਆਇਆ।
" ਮਿਲਿਆ ਵਕੀਲ ? " ਮੈਨੂੰ ਦੇਖਦਿਆਂ ਹੀ
ਅੰਮਾਂ ਉੱਠਣ ਨੂੰ ਹੋਈ।
" ਨਹੀਂ, ਹਾਲੇ ਤਾਂ ਡੇਢ ਘੰਟਾ ਲੱਗੇਗਾ, ਉਦੋਂ ਤੱਕ ਆ ਹੀ ਜਾਵੇਗਾ।
' ਤੂੰ ਜਾ ਕੇ ਧਿਆਨ
ਰੱਖ।' ਅੰਮਾਂ ਨਾ ਵੀ
ਕਹਿੰਦੀ ਤਾਂ ਵੀ ਮੈਂ ਮੁੜ ਹੀ ਜਾਣਾ ਸੀ। ਅੰਮਾਂ ਨਾਲ ਫਾਲਤੂ ਗੱਲ ਕਰਨ ਨੂੰ ਦਿਲ ਨਹੀਂ ਸੀ ਕਰ
ਰਿਹਾ।
ਦੁਬਾਰਾ ਬਰਾਮਦੇ
ਵਿੱਚ ਗਿਆ ਤਾਂ ਵਕੀਲ ਸਾਹਿਬ ਸਾਹਮਣੇ ਹੀ ਮਿਲ ਗਏ। ਮੈਨੂੰ ਦੇਖਦਿਆਂ ਹੀ ਬੋਲੇ, " ਮਾਤਾ ਜੀ ਕਿੱਧਰ ਹਨ
?"
' ਜੀ ਬਾਹਰ ਬੈਠੇ ਹਨ।'
" ਉਨ੍ਹਾਂ ਨੂੰ ਇੱਕ ਘੰਟੇ ਤੱਕ ਇੱਥੇ ਲੈ ਆਵੀਂ।" ਵਕੀਲ
ਸਾਹਿਬ ਨੇ ਕਿਹਾ ਤੇ ਫੇਰ ਉਹ ਭੀੜ ਵਿੱਚ ਕਿਤੇ ਗੁੰਮ ਹੋ ਗਏ।
ਜਿਵੇਂ ਹੀ ਇੱਕ
ਘੰਟਾ ਬੀਤਿਆ ਮੈਂ ਅਤੇ ਅੰਮਾਂ ਬਰਾਮਦੇ ਦੇ ਬੈਂਚ
ਉੱਪਰ ਆ ਬੈਠੇ। ਮੈਂ ਦਰਵਾਜ਼ੇ ਵਿਚੋਂ ਜੱਜ ਸਾਹਿਬ ਦੇ ਕਮਰੇ ਅੰਦਰ ਝਾਕਿਆ। ਵਕੀਲ ਸਾਹਿਬ ਅੰਦਰ ਹੀ
ਬੈਠੇ ਸਨ।
ਅਸੀਂ ਬੈਂਚ ਉੱਤੇ
ਬੈਠੇ ਬੈਠੇ ਥੱਕ ਕੇ ਕਰਵਟਾਂ ਲੈਣ ਲੱਗੇ। ਕਰੀਬ ਅੱਧਾ ਘੰਟਾ ਬਾਅਦ ਆਵਾਜ਼ ਪਈ ਸੀ। ਸਰਕਾਰ ਬਨਾਮ
ਲਾਜਵੰਤੀ। ਅੰਮਾਂ ਨੇ ਛੇਤੀ ਨਾਲ ਪੈਰ ਬੈਂਚ ਤੋਂ ਹੇਠਾਂ ਲਾਹੇ। ਮੈਂ ਅੰਮਾਂ ਨੂੰ ਲੈਕੇ ਜੱਜ
ਸਾਹਿਬ ਦੇ ਕਮਰੇ ਵਿੱਚ ਆ ਗਿਆ।
ਜੱਜ ਸਾਹਿਬ ਨੇ
ਇੱਕ ਨਜ਼ਰ ਭਰ ਕੇ ਅੰਮਾਂ ਨੂੰ ਦੇਖਿਆ। ਫੇਰ ਵਕੀਲ ਸਾਹਿਬ ਨੂੰ ਮੁਖ਼ਾਤਿਬ ਹੋਏ ਸੀ।
ਕੁੱਝ
ਕਾਗਜ਼ਾਤ ਉੱਤੇ ਜੱਜ ਸਾਹਿਬ ਨੇ ਦਸਤਖ਼ਤ ਕੀਤੇ ਤੇ ਵਕੀਲ ਸਾਹਿਬ ਨੂੰ ਫੜਾ ਦਿੱਤੇ। ਵਕੀਲ ਸਾਹਿਬ
ਨੇ ਅੰਮਾਂ ਵੱਲ ਮੁੜਦਿਆਂ ਦੱਸਿਆ " ਪੈਸਾ ਆਪਕੇ ਨਾਮ ਹੋ ਗਿਆ ਹੈ।" ਇੱਕੀ ਫਰਵਰੀ ਦੀ
ਤਰੀਕ ਪੜੀ ਹੈ, ਉਸਕੇ ਬਾਅਦ ਪੈਸਾ
ਮਿਲ ਜਾਏਗਾ।"
" ਹੁਣ
ਫੇਰ ਤਰੀਕ ਪੈ ਗਈ।" ਅੰਮਾਂ ਤਲਖ਼ੀ ਨਾਲ ਵਕੀਲ ਸਾਹਿਬ ਨੂੰ ਬੋਲੀ, ' ਇੱਕੀ ਫਰਵਰੀ, ਹਾਲੇ ਤਿੰਨ ਮਹੀਨੇ
ਹੋਰ। ਤੁਸੀਂ ਤੇ ਕਿਹਾ ਸੀ ਕਿ ਪੈਸਾ ਅੱਜ ਮਿਲ ਜਾਣਾ ਹੈ।"
" ਕੈਸੀ
ਬਾਤ ਕਰਤੀ ਹੈਂ ਆਪ। ਪੈਸਾ ਕੋਈ ਜੱਜ ਸਾਹਿਬ ਦੀ ਜੇਬ ਮੇਂ ਨਹੀਂ ਧਰਾ। ਕਾਗਜ਼ਾਤ ਮੇਂ ਪੈਸਾ ਆਪਕੇ
ਨਾਮ ਹੋ ਗਿਆ ਹੈ, ਮਿਲ ਭੀ
ਜਾਏਗਾ।"
ਅੰਮਾਂ ਨੂੰ ਵਕੀਲ
ਦੀ ਗੱਲ ਕੋਰੀ ਬਕਵਾਸ ਲੱਗੀ। ਅੰਮਾਂ ਕੁਝ ਨਹੀਂ ਬੋਲੀ। ਮੇਰੇ ਵੱਲ ਤੱਕਿਆ ਤੇ ਦਰਵਾਜ਼ੇ ਵੱਲ ਨੂੰ ਮੁੜ ਪਈ। ਮੈਂ ਵੀ ਅੰਮਾਂ ਦੇ ਪਿੱਛੇ ਪਿੱਛੇ
ਬਾਹਰ ਆ ਗਿਆ।
ਕਚਿਹਰੀ ਤੋਂ
ਬਾਹਰ ਆਉਣ ਵੇਲੇ ਅੰਮਾਂ ਬਿਲਕੁਲ ਖਾਮੋਸ਼ ਸੀ। ਸੜਕ 'ਤੇ ਆ ਕੇ ਮੈਂ ਰਿਕਸ਼ਾ ਰੁਕਵਾਇਆ। ਰਿਕਸ਼ਾ ਚੱਲ ਪਿਆ ਤਾਂ ਅੰਮਾਂ ਬੋਲੀ, ' ਤੇਰੇ ਬਾਬੂ ਜੀ
ਜਦੋਂ ਵੀ ਕਚਿਹਰੀ ਤੋਂ ਹੋ ਕੇ ਆਉਂਦੇ ਸਨ ਮੈਂ ਉਨ੍ਹਾਂ ਨਾਲ ਬਹੁਤ ਲੜਦੀ ਸੀ। ਇੱਕ ਤਾਂ ਸਾਰਾ
ਸਾਰਾ ਦਿਨ ਕਚਿਹਰੀ ਵਿੱਚ ਲਗਾ ਆਉਣਾ ਉੱਪਰੋਂ ਉਨ੍ਹਾਂ ਦੇ ਮੂੰਹੋਂ ਇਹ ਸੁਣਕੇ ਕਿ ਫਲਾਂ
ਤਰੀਕ ਪੈ ਗਈ ਹੈ, ਮੈਂ ਆਪੇ ਤੋਂ ਬਾਹਰ
ਹੋ ਜਾਂਦੀ। ਸੋਚਦੀ ਸੀ ਤੇਰੇ ਬਾਬੂ ਜੀ ਹੀ ਗਲਤ ਹਨ। ਪਰ ਹੁਣ ਪਤਾ ਲੱਗਿਆ ਹੈ ਕਿ ਕੌਣ ਗ਼ਲਤ ਹੈ
ਤੇ ਕੌਣ ਸਹੀ।" ਥੋੜ੍ਹੀ ਦੇਰ ਰੁਕ ਕੇ ਅੰਮਾਂ ਬੋਲੀ, ' ਜਦੋਂ ਜਦੋਂ ਵੀ ਮੈਂ ਕਚਿਹਰੀ ਆਈ, ਮੈਨੂੰ ਲੱਗਿਆ ਕਿ
ਇੱਕ ਦਿਨ ਵਿੱਚ ਹੀ ਮੇਰੀ ਜਿੰਦਗੀ ਦਾ ਇੱਕ ਸਾਲ ਬੀਤ ਗਿਆ ਹੈ। ਤੇਰੇ ਬਾਬੂ ਜੀ ਨੂੰ ਜਿੰਨਾ ਭੁਲਣਾ
ਚਾਹੁੰਦੀ ਹਾਂ, ਇੱਥੇ ਆ ਕੇ ਉਨੇ ਹੀ
ਯਾਦ ਆਉਣ ਲਗਦੇ ਹਨ।" ਅੰਮਾਂ ਦੀ ਆਵਾਜ਼ ਭਾਰੀ ਹੋ ਗਈ ਸੀ।
ਰਿਕਸ਼ਾ ਤੋਂ ਉਤਰਦੀ ਹੋਈ ਅੰਮਾਂ ਬੋਲੀ, ' ਵੱਡੇ ਨੂੰ ਲਿਖ
ਦੇਵੀਂ ਵਕੀਲ ਨੂੰ ਜਿਹੜਾ ਫਾਲਤੂ ਪੈਸਾ ਫੜਾ ਗਿਆ ਸੀ ਉਸ ਨਾਲ ਵੀ ਕੁਝ ਨਹੀਂ ਹੋਇਆ।'
ਮੈਂ ਰਾਤ ਭਰ
ਇਹੋ ਸੋਚਦਾ ਰਿਹਾ ਕਿ ਭਰਾ ਨੂੰ ਚਿੱਠੀ ਵਿੱਚ ਕੀ ਕੀ ਲਿਖਣਾ ਹੈ। ਪਰ ਸਵੇਰੇ ਭਰਾ ਨੂੰ ਚਿੱਠੀ
ਨਹੀਂ ਤਾਰ ਦੇਣਾ ਪਿਆ ਸੀ, ' ਅੰਮਾਂ ਐਕਸਪਾਯਰਡ।'
ਬਾਬੂ ਜੀ ਦੀ ਮੌਤ ਤੋਂ ਬਾਅਦ ਸਾਨੂੰ ਲੱਗਿਆ ਸੀ ਕਿ ਕੋਈ ਵੀ ਦੁਖ ਸਾਨੂੰ ਇੰਨਾ ਨਹੀਂ ਤੋੜ
ਸਕਦਾ। ਪਰ ਅੰਮਾਂ ਦੀ ਮੌਤ ਤੋਂ ਬਾਅਦ ਅਸੀਂ ਇੱਕ ਵਾਰ ਫੇਰ ਉਸੇ ਤਰ੍ਹਾਂ ਟੁੱਟ ਗਏ ਸੀ। ਸਾਰਾ ਘਰ
ਭਾਂ ਭਾਂ ਕਰਨ ਲੱਗਾ। ਹੁਣ ਤਾਂ ਸਾਨੂੰ ਉਨ੍ਹਾਂ ਹੱਥਾਂ ਦੀ ਛਾਂ ਚਾਹੀਦੀ ਸੀ ਜਿਹੜੀ ਸਾਨੂੰ
ਮਜ਼ਬੂਤੀ ਨਾਲ ਸੰਭਾਲ ਸਕੇ।
ਭਰਾ ਨੇ ਨਾ ਮੁੜਨ
ਦਾ ਇਰਾਦਾ ਕਰ ਲਿਆ ਤਾਂ ਸਾਡੀ ਜਾਨ ਵਿੱਚ ਜਾਨ ਆਈ।
ਦੋ ਮਹੀਨੇ ਖੰਭ
ਲਾ ਕੇ ਉੱਡ ਗਏ। ਉਸ ਦਿਨ ਡਾਈਨਿੰਗ ਟੇਬਲ 'ਤੇ ਬੈਠਾ ਭਰਾ ਅਚਾਨਕ ਬੋਲਿਆ, ' ਇੰਜ ਦੋ ਹਜ਼ਾਰ ਰੁਪਏ ਦੀ ਨੌਕਰੀ ਛੱਡ ਕੇ ਇੱਥੇ ਬਹਿ
ਗਿਆ ਹਾਂ, ਕੀ ਤੁਹਾਨੂੰ ਇਹ ਠੀਕ ਲਗਦਾ ਹੈ ?' ਭਰਾ ਨੇ ਸਾਰਿਆਂ ਉੱਤੇ ਇੱਕ ਸਵਾਲੀਆ ਨਜਰ ਸੁੱਟੀ। ਅਸੀਂ ਕੀ ਜਵਾਬ ਦੇਈਏ ਭਲਾ। ਠੀਕ ਕੀ ਹੈ ਤੇ ਗਲਤ ਕੀ, ਅਸੀਂ ਤੇ ਕਦੇ ਸੋਚਣ
ਦੀ ਜ਼ਰੂਰਤ ਹੀ ਨਹੀਂ ਸੀ ਸਮਝੀ। ਅਸੀਂ ਜਾਣਦੇ ਹਾਂ ਭਰਾ ਜੀ ਜੋ ਇੱਕ ਵਾਰ ਸੋਚ ਲੈਣ ਤਾਂ ਫੇਰ ਕਰ
ਹੀ ਦਿੰਦੇ ਹਨ। ਉਂਝ ਵੀ ਬਾਬੂ ਜੀ ਤੇ ਅੰਮਾਂ ਦੇ
ਲੱਖ ਕਹਿਣ 'ਤੇ ਇੱਥੇ ਨਹੀਂ
ਰੁਕੇ ਸੀ। ਹੁਣ ਤਾਂ...।
ਅਗਲੇ ਦਿਨ ਭਰਾ ਜੀ
ਸਵੇਰੇ ਸਵੇਰੇ ਹੀ ਕਿਤੇ ਜਾਣ ਲਈ ਤਿਆਰ ਹੋ ਗਏ। ਰਾਤ ਵਾਲੀ ਗੱਡੀ ਤੋਂ ਬੰਬਈ ਮੁੜ ਜਾਣ ਦਾ ਐਲਾਨ
ਸੁਣਾ ਕੇ ਉਹ ਬਾਹਰ ਨਿਕਲ ਗਏ। ਕੋਈ ਦੋ ਢਾਈ ਘੰਟਿਆਂ ਬਾਅਦ ਮੁੜ ਕੇ ਆਏ। ਘਰ ਅੰਦਰ ਦਾਖਲ ਹੁੰਦਿਆਂ
ਹੀ ਬੋਲੇ, ' ਤੁਸੀਂ ਲੋਕ ਛੇਤੀ
ਨਾਲ ਤਿਆਰ ਹੋ ਜਾਓ, ਤਹਿਸੀਲਦਾਰ ਦੇ
ਦਫ਼ਤਰ ਜਾਣਾ ਹੈ। ਮੈਂ ਮੁਖਤਿਆਰ ਨਾਮਾ ਦੇ ਕਾਗਜ਼ ਤਿਆਰ ਕਰਵਾ ਲਿਆਇਆ ਹਾਂ- ਤੁਹਾਡੇ ਦਸਤਖ਼ਤ
ਚਾਹੀਦੇ ਹਨ।'
ਲੱਗਿਆ, ਇਹ ਇੱਕ ਅਜਿਹੀ ਰਾਤ
ਦਾ ਸਫ਼ਰ ਹੈ, ਜਿਸ ਵਿੱਚ ਆਦਮੀ
ਚਲਦੇ ਚਲਦੇ ਥੱਕ ਜਾਂਦਾ ਹੈ ਪਰ ਮੰਜ਼ਿਲ ਤੱਕ ਪਹੁੰਚਣ ਲਈ ਉਸਨੂੰ ਚਲਦੇ ਰਹਿਣਾ ਹੀ ਪੈਂਦਾ ਹੈ।
ਤਹਿਸੀਲਦਾਰ ਦੇ ਦਫ਼ਤਰ ਪਹੁੰਚੇ ਤਾਂ ਭਰਾ ਜੀ ਬੋਲੇ, ' ਮੁਖਤਿਆਰ ਨਾਮਾ ਮੈਂ ਤੇਰੇ ਨਾਮ ਕਰਵਾ ਦਿੱਤਾ ਹੈ।'
" ਮੇਰੇ ਨਾਮ।" ਮੈਂ ਹੈਰਾਨ ਹੋ ਕੇ ਭਰਾ ਦੇ ਚਿਹਰੇ ਵੱਲ ਦੇਖਣ ਲੱਗਾ।
" ਤੂੰ ਤਾਂ ਜਾਣਦਾ
ਹੀ ਹੈਂ ਕਿ ਮੇਰੀ ਸਰਕਾਰੀ ਨੌਕਰੀ ਹੈ। ਕਦੇ ਛੁੱਟੀ ਨਾ ਮਿਲ ਸਕੀ ਤਾਂ ਬਹੁਤ ਮੁਸ਼ਕਲ
ਹੋਵੇਗੀ। ਕੇਸ ਲਟਕਣ ਵਾਲੀ ਗੱਲ ਹੋ ਜਾਵੇਗੀ। ਉਂਜ ਮੈਂ ਬਰਾਬਰ ਆਉਂਦਾ ਰਹਾਂਗਾਂ।'
ਨਹੀਂ - ਨਹੀਂ, ਫੇਰ ਤੋਂ ਊਹੀ ਦੌੜ...।
ਅਚਾਨਕ ਅੰਮਾਂ ਦਾ ਕਿਹਾ ਉਹ ਵਾਕ ਯਾਦ ਆ ਗਿਆ, ' ਜਦ ਜਦ ਵੀ ਮੈਂ ਇੱਥੇ ਆਈ, ਮੈਨੂੰ ਲੱਗਿਆ ਇੱਕ ਦਿਨ ਵਿੱਚ ਹੀ ਮੇਰੀ ਜਿੰਦਗੀ ਦਾ ਇੱਕ ਸਾਲ ਬੀਤ
ਗਿਆ।'
ਫੇਰ ਉਹੀ ਕਚਿਹਰੀ, ਉਹੀ ਵਕੀਲ, ਉਹੀ ਸਭ ਕੁਝ।
ਨਹੀਂ-- ਹੁਣ ਨਹੀਂ ਸਹਿ ਪਾਵਾਂਗਾ। ਭਰਾ ਵੱਲ ਨੂੰ ਮੁੜਨ ਹੀ ਲੱਗਿਆ ਸੀ ਕਿ ਪਿੱਛੋਂ ਬਿੱਟੋ ਨੇ
ਮੋਢੇ ਉੱਤੇ ਹੱਥ ਧਰ ਦਿੱਤਾ,
' ਹੁਣ ਕੀ ਸੋਚਣ ਲੱਗ ਪਿਆ ਹੈਂ ਤੂੰ । ਭਰਾ ਜੀ ਠੀਕ ਹੀ ਤਾਂ ਕਹਿ ਰਹੇ ਹਨ।'
ਬਿੱਟੋ ਨੂੰ
ਦੇਖਦਿਆਂ ਹੀ ਮੇਰੀ ਕੁੱਝ ਵੀ ਕਹਿਣ ਦੀ ਤਾਕਤ
ਜਾਂਦੀ ਰਹੀ। ਉਦੋਂ ਹੀ ਤਹਿਸੀਲਦਾਰ ਦੇ ਦਫ਼ਤਰ ਤੋਂ ਆਵਾਜ਼ ਪਈ ਤੇ ਅਸੀਂ ਮੁਖਤਿਆਰ ਨਾਮਾ ਸਾਈਨ
ਕਰਨ ਲਈ ਦਫ਼ਤਰ ਦੇ ਅੰਦਰ ਹੋ ਗਏ।
ਸੰਪਰਕ -
ਗੁਰਮਾਨ ਸੈਣੀ
ਪਿੰਡ ਜੈ ਸਿੰਘ ਪੁਰਾ
ਸੈਕਟਰ -27,ਪੰਚਕੂਲਾ
ਹਰਿਆਣਾ
ਮੋਬਾਈਲ – 9256346906
Contact -
Gurman
Saini
Village
Jai Singh Pura
Sector-27, Panchkula
Haryana
Mobile – 9256346906
ਇਹ ਵੀ ਪਸੰਦ ਕਰੋਗੇ-
ਇੱਕ ਪ੍ਰੇਰਨਾਦਾਇਕ ਕਹਾਣੀ -ਛਲਕਦਾ ਹੋਇਆ ਭਿੱਖਿਆ ਪਾਤਰ
1 Comments
ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ ਜੀ.ਕਿਸ ਤਰ੍ਹਾਂ ਅਦਾਲਤੀ ਮੁਸਕਿਲਾਂ ਇਕ ਆਦਮੀ ਨੂੰ ਮਰਨ ਲਈ ਬਜਬੂਰ ਕਰਦੀਆਂ .
ReplyDeleteਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.