ਪੰਜਾਬੀ ਲੋਕ ਸਾਹਿਤ ਵਿੱਚ ਘੋੜੀਆਂ ਤੇ ਸਿੱਠਣੀਆਂ

ਪ੍ਰੀਤ ਗੁਰਪ੍ਰੀਤ ਸੈਣੀ 

ਪੰਜਾਬੀ ਅਤੇ ਪੰਜਾਬੀਅਤ ਦਾ ਵਿਰਸਾ ਬਹੁਤ ਅਮੀਰ ਹੈੇ। ਕਲਾ ਅਤੇ ਕਲਾਕਾਰੀ ਪੱਖੋਂ ਪੰਜਾਬ ਨੇ ਕਾਬਿਲੇ-ਤਾਰੀਫ਼ ਮੱਲ੍ਹਾਂ ਮਾਰੀਆਂ ਹਨ। ਕਹਿੰਦੇ ਹਨ ਲੋਕਗੀਤ ਲੋਕਾਂ ਦੀ ਜ਼ੁਬਾਨ ਵਿੱਚੋਂ ਆਪ-ਮੁਹਾਰੇ ਫੁੱਟਦੇ ਹਨ। ਇਹਨਾਂ ਲੋਕ-ਗੀਤਾਂ ਦੀ ਹੀ ਇੱਕ ਵਿਧਾ ਹੈ ਘੋੜਿਆਂ ਤੇ ਸਿੱਠਣੀਆਂ। ਕਦੇ ਘੋੜਿਆਂ ਅਤੇ ਸਿੱਠਣੀਆਂ ਬਿਨਾਂ ਵਿਆਹ ਅਧੂਰੇ ਮੰਨੇ ਜਾਂਦੇ ਸਨ। ਵਿਆਹ ਦੀਆਂ ਰੌਣਕਾਂ ਦਾ ਅਧਾਰ ਹੀ ਸਿੱਠਣੀਆਂ ਹੋਇਆ ਕਰਦਾ ਸੀ। ਵਿਆਹ ਸ਼ਾਦੀਆਂ 'ਤੇ ਗਾਏ ਜਾਣ ਵਾਲੇ ਗੀਤਾਂ ਵਿੱਚ ਸਿੱਠਣੀਆਂ ਤੇ ਘੋੜੀਆਂ ਦਾ ਵਿਸ਼ੇਸ਼ ਸਥਾਨ ਹੈ। ਇਹਨਾਂ ਤੋ ਬਿਨਾਂ ਅੱਜਕੱਲ੍ਹ ਚਾਹੇ ਵਿਆਹਾਂ ਵਿੱਚ ਕਿੰਨੀਆਂ ਹੀ ਬਨਾਵਟੀ ਰਸਮਾਂ ਪ੍ਰਚੱਲਿਤ ਹੋ ਗਈਆਂ ਹਨਪਰ ਸਿੱਠਣੀਆਂ ਤੇ ਘੋੜੀਆਂ ਬਿਨਾਂ ਵਿਆਹ ਫਿੱਕੇ ਲਗਦੇ ਹਨ।

ਘੋੜੀਆਂਕਵਿਤਾ ਜਾਂ ਗੀਤ ਦਾ ਉਹ ਭੇਦ ਹੈਜੋ ਮੁਹੱਲੇ ਜਾਂ ਪੱਤੀ ਦੀਆਂ ਜ਼ਨਾਨੀਆਂ ਵੱਲੋ ਰਾਤ ਨੂੰ ਵਿਆਹ ਤੋਂ ਕੁਝ ਦਿਨ ਪਹਿਲਾਂ ਜਾਂ ਜੰਝ ਚੜ੍ਹਨ ਵੇਲੇ ਗਾਈਆਂ ਜਾਂਦੀਆਂ ਹਨ। ਮੁੰਡੇ ਦੇ ਵਿਆਹ ਸਮੇਂ ਗਾਏ ਜਾਣ ਵਾਲੇ ਗੀਤਾਂ ਨੂੰ  ਘੋੜੀਆਂ ਕਹਿੰਦੇ ਹਨ। ਕੁਝ ਨਮੂਨੇ ਦੇਖੋ-

1 ਮੱਥੇ ਤੇ ਚਮਕਣ ਵਾਲ ਅੱਜ ਮੇਰੇ ਬੰਨੜੇ ਦੇ।

ਆ ਵੇ ਬੰਨਾ! ਚੜ੍ਹ ਸ਼ਗਨਾਂ ਦੀ ਘੋੜੀ।

ਜੋੜੀ ਭਰਾਵਾਂ ਦੀ ਨਾਲਅੱਜ ਮੇਰੇ ਬੰਨੜੇ ਦੇ।

 

2 ਜਦ ਚੜ੍ਹਿਆ ਵੀਰਾ ਘੋੜੀ ਵੇ।

ਤੇਰੇ ਨਾਲ ਭਰਾਵਾਂ ਦੀ ਜੋੜੀ ਵੇ।

ਲਟਕੇਂਦੇ ਵਾਲ ਸੁਹਣੇ ਦੇ ।

ਸੁਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਦੀ ਆਂ।

 

3 ਨਿੱਕੀ-ਨਿੱਕੀ ਕਣੀ ਦਾ ਮੀਂਹ ਵੇ ਵਰ੍ਹੇ।

ਨਦੀ ਦੇ ਕਿਨਾਰੇ ਘੋੜੀ ਘਾਹ ਵੇ ਚਰੇ।

ਕੌਣ ਵੀਰਾ ਤੇਰੇ ਸ਼ਗਨ ਕਰੇ,

ਕੌਣ ਵੀਰਾ ਤੇਰੀ ਜੰਝ ਚੜ੍ਹੇ?

ਧਰਮੀ ਬਾਬਲ ਮੇਰੇ ਸ਼ਗਨ ਕਰੇ,

ਦਾਦਾ ਸਿਪਾਹੀ ਮੇਰੀ ਜੰਝ ਚੜ੍ਹੇ।

 

4 ਵੀਰਾ ਚੰਨਣ-ਮੰਨਣ ਦੀ ਰਾਤ,

ਤਾਰਾ ਸ਼ਿਖਰ ਗਿਆ

ਵੀਰਾ ਕਿੱਥੇ ਗੁਜ਼ਾਰੀ ਸਾਰੀ ਰਾਤ,

ਭੈਣਾਂ ਨੂੰ ਫ਼ਿਕਰ ਪਿਆ

ਭੈਣੇ! ਗਿਆ ਸੀ ਬਜਾਜੇ ਦੀ ਹਾਟ,

ਬਰੀਆਂ ਲਿਆਉਂਣੇ ਨੂੰ

ਵੀਰਾ! ਬਰੀਆਂ ਖਰੀਦੇ ਤੇਰਾ ਬਾਪ,

ਤੈਨੂੰ ਕਾਹਦਾ ਫ਼ਿਕਰ ਪਿਆ॥

 ਇਸ ਤਰਾਂ ਦੀਆਂ ਅਨੇਕਾਂ ਘੋੜੀਆਂ ਸਾਡੇ ਸੱਭਿਆਚਾਰ ਵਿੱਚ ਮਿਲਦੀਆਂ ਹਨ। ਪਰੰਤੂ ਇੱਕ ਘੋੜੀ ਅਜਿਹੀ ਵੀ ਪ੍ਰਚਲਿਤ ਹੋਈ ਹੈ ਜੋ ਦੁੱਖ-ਭਰੇ ਸ਼ਗਨਾਂ ਨਾਲ ਸ੍ਰ. ਭਗਤ ਸਿੰਘ ਦੀ ਭੈਣ ਰੋਂਦੀ-ਕੁਰਲਾਂਉਂਦੀ ਹੋਈ ਉਦੋਂ ਗਾਉਂਦੀ ਹੈਜਦੋਂ ਅੰਗਰੇਜ਼ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੰਦੇ ਹਨ ਤੇ ਉਸ ਦੀ ਭੈਣ ਸਾਹੇ-ਬੱਧੇ ਵੀਰ ਨਾਲ ਮੁਲਾਕਾਤ ਨੂੰ ਆਉਂਦੀ ਹੈ।ਅਸਲ ਵਿੱਚ ਇਸ ਘੋੜੀ ਦੀ ਸਿਰਜਣਾ ਉਸ ਦੀ ਫਾਂਸੀ ਤੋਂ ਬਾਅਦ ਹੋਈ ਹੈ।

5 ਘੋੜੀ ਵੇ ਘੋੜੀ ਗਾਵਾਂਮੈਂ ਤੇਰੀ ਵੀਰ ਵੇ।

ਵਿਆਹ ਵੇਲੇ ਆਈ ਤੇਰੀ ਘੜ੍ਹੀ ਅਖੀਰ ਵੇ॥

ਹਿੰਦ ਬਗੀਚੇ ਦਾ ਖਿੜਿਆ ਗੁਲਾਬ ਤੂੰ।

ਚਾਚਾ ਅਜੀਤ ਦੀਆਂ ਅੱਖਾਂ ਦਾ ਚਿਰਾਗ ਤੂੰ।

ਸਿਹਰਿਆਂ ਦੇ ਵਾਲੀ ਤੇਰੇ ਹੱਥ ਨਾ ਲਕੀਰ ਵੇ।

ਘੋੜੀ ਵੇ ਘੋੜੀ ਗਾਵਾਂ ਮੈਂ ਤੇਰੀ ਵੀਰ ਵੇ..।

 

ਕੀਹਦੀ ਵੀਣੀ ਉਤੇ ਵੀਰਾ ਖੰਮਣੀ ਸਜਾਵਾਂਗੀ।

ਤੇਰੇ ਬਿਨਾਂ ਸੋਹਣੇ ਵੀਰਾਮਰ-ਮਰ ਜਾਵਾਂਗੀ।

ਮੇਰਾ ਹੀ  ਨੀ ਤੂੰ ਪੂਰੇਹਿੰਦ ਦਾ ਏਂ ਵੀਰ ਵੇ।

ਘੋੜੀ  ਵੇ ਘੋੜੀ ਗਾਵਾਂ ਮੈਂ ਤੇਰੀ ਵੀਰ ਵੇ..।

 ਸੋ ਘੋੜੀਆਂ ਤੇ ਸਿੱਠਣੀਆਂ ਸਾਡੇ ਵਿਆਹ-ਸ਼ਾਦੀਆਂ ਦਾ ਸ਼ਿੰਗਾਰ ਰਹੀਆਂ ਹਨ ਅਤੇ ਸੱਭਿਅਕ ਲੋਕ ਅਗਲੀਆਂ ਪੀੜ੍ਹੀਆਂ ਨੂੰ ਵੀ ਇਹਨਾਂ ਪ੍ਰਤੀ ਸੁਚੇਤ ਰੱਖਣ ਲਈ ਹੰਭਲੇ ਮਾਰਦੇ ਰਹਿਣਗੇ..।

 ਸਿੱਠਣੀਆਂ

ਅਸਲ ਵਿੱਚ ਸਿੱਠਣੀਆਂਮਿਹਣੇ ਅਤੇ ਮਖੌਲ-ਭਰੇ ਅਜਿਹੇ ਗੀਤ ਹੁੰਦੇ ਹਨ ਜੋ ਤੀਵੀਂਆਂ ਤੇ ਕੁੜੀਆਂ ਬਰਾਤੀਆਂ ਨੂੰ ਸੰਬੋਧਨ ਕਰਦੇ ਹੋਏ ਗਾਉਂਦੀਆਂ ਹਨ। ਵਿਆਹ ਵਿੱਚ ਕੁੜੀ ਪੱਖ ਦੀਆਂ ਤੀਵੀਆਂ ਕੱਠੀਆਂ ਹੋ ਕੇ ਹਾਸੇ-ਹਾਸੇ ਵਿੱਚ ਬਰਾਤੀਆਂ ਨੂੰ ਅਜਿਹੇ ਮਿਹਣੇ ਮਾਰ-ਮਾਰ ਕੇ ਜਿੱਚ ਕਰਦੀਆਂ  ਹਨ ਕਿ ਬਰਾਤੀਆਂ ਨੂੰ ਆਪਣੇ ਔਗੁਣਾਂ 'ਤੇ ਸ਼ਰਮ ਆਉਣ ਲਗਦੀ ਹੈ। ਬਰਾਤੀ ਬਣ ਕੇ ਮਸਤਣਾ ਤਾਂ ਲੋਕਾਂ ਦੀ ਪੁਰਾਣੀ ਰਵਾਇਤ ਰਹੀ ਹੈ। ਏਸੇ ਮਸਤੀ ਨੂੰ ਘੱਟ ਕਰਨ ਲਈ ਕੁੜੀਆਂ-ਚਿੜੀਆਂ ਬਰਾਤੀਆਂ ਨੂੰ ਹਾਸੇ-ਹਾਸੇ ਵਿੱਚ ਠਿੱਠ ਕਰਦੀਆਂ ਹਨ। ਕੁਝ ਨਮੂਨੇ ਵੇਖੋ-

 

1  ਸਾਡੇ ਤਾਂ ਵਿਹੜੇ ਤਾਣਾ ਤਣੀਂਦਾ।

ਮੁੰਡੇ ਦਾ ਪਿਉ ਤੇ ਕਾਣਾ ਸੁਣੀਂਦਾ।

ਐਨਕ ਲਵਾਉਣੀ ਪਈਨਿਲੱਜਿਉ!

ਲੱਜ ਤੁਹਾਨੂੰ ਨਹੀਂ।

 

2 ਸਾਡੇ ਤਾਂ ਵਿਹੜੇ ਮੁੱਢ ਮਕੱਈ ਦਾ।

ਦਾਣੇ ਤਾਂ ਮੰਗਦਾ ਉੱਧਲ ਗਈ ਦਾ।

ਭੱਠੀ ਤਪਾਉਣੀ ਪਈ,

ਨਿਲੱਜਿਉ!  ਲੱਜ ਤੁਹਾਨੂੰ ਨਹੀਂ।

ਜੀਜੇ ਨੂੰ ਸਿੱਠਣੀਆਂ

ਸਾਡੇ ਸੱਭਿਆਚਾਰ ਅੰਦਰਵਿਆਹ ਵਿੱਚ ਆਏ ਜੀਜੇ ਭਾਵੇਂ ਨਵੇਂ ਹੋਣ ਤੇ ਭਾਵੇਂ ਪੁਰਾਣੇਸਾਲ਼ੀਆਂ ਦੀਆਂ ਸਿੱਠਣੀਆਂ ਤੋਂ ਨਹੀਂ ਬਚ ਸਕਦੇ-

 

1 ਹੋਰਾਂ ਨੇ ਖਾਧੇ ਦੋ-ਦੋ ਲੱਡੂ,

ਜੀਜੇ ਨੇ ਭਰ ਲਈ ਡੱਗੀ,

ਸਾਲੇ ਦੇ ਚੁੱਕ ਪੈ ਗਈ,

ਅੱਡੀ ਮਾਰ ਕੇ ਕੱਢੀ॥

 

2 ਜੀਜਾ ਜੁੜ ਜਾ ਮੰਜੀ ਦੇ ਨਾਲ਼

ਮੰਜੀ ਤੇਰੀ ਕੀ ਲਗਦੀ?

ਕਿਵੇਂ ਜੁੜ ਜਾਂ ਮੰਜੀ ਦੇ ਨਾਲ,

ਮੰਜੀ ਮੇਰੀ ਭੈਣ ਲਗਦੀ।

 

 3 ਥੋੜ੍ਹਾ ਖਾਵੀਂ ਵੇ ਜੀਜਾ!

ਨਾ ਪਲੇਟਾਂ ਚੱਟ ਵੇ।

ਮੈਂ ਹਾਂ ਥਾਣੇਦਾਰਨੀ,

ਤੇਰਾ ਤੋੜੂੰਗੀ ਮੱਟ ਵੇ॥

 

4 ਤੂੰ ਲੌਂਗ ਮੈਂ ਲੈਚੀਆਂ ਜੀਜਾ

ਦੋਹਵੇਂ ਚੰਗੀ ਵੇ ਚੀਜ਼।

ਤੈਨੂੰ ਤਾਂ ਮੈਂ ਇਉਂ ਰੱਖਾਂ

ਜਿਵੇਂ ਦੰਦਾਂ ਵਿਚਾਲੇ

ਵੇ ਜੀਜਾ ਰਾਣਿਆ! ਜੀਭ॥

 

5 ਤੇਰਾ ਮੇਰਾ ਇੱਕ ਮਨ ਜੀਜਾ!

ਲੋਕਾਂ ਭਾਵੇਂ ਵੇ ਦੋ।

ਕੰਡਾ ਧਰ ਕੇ ਜੋਖ ਲੈ ਵੇ ਕੋਈ ਰੱਤੀ ਫਰਕ ਵੀ।

ਵੇ ਜੀਜੇ ਸੁਲੱਖਣਿਆ! ਹੋ॥

ਇਸ ਪ੍ਰਕਾਰ ਅਨੇਕਾਂ ਸਿੱਠਣੀਆਂ ਤੇ ਘੋੜੀਆਂ ਸਾਡੇ ਵਿਰਸੇ ਵਿੱਚ ਭਰੀਆਂ ਪਈਆਂ ਹਨਜਿਹਨਾਂ ਨੂੰ ਸੰਭਾਲਣਾ ਸਾਡਾ ਨੈਤਿਕ ਫ਼ਰਜ਼ ਹੈ। ਸਾਨੂੰ ਆਪਣੇ ਆਂਢ-ਗੁਆਂਢ ਵਿੱਚ ਪੁਰਾਣੇ ਬਜ਼ੁਰਗਾਂ ਕੋਲੋਂ ਪੁਰਾਣੀਆਂ ਗੱਲਾਂ-ਬਾਤਾਂ ਸੁਣ ਕੇ ਆਪਣਾ ਪੁਰਾਤਨ ਵਿਰਸਾ ਸੰਭਾਲਣਾ ਚਾਹੀਦਾ ਹੈਤਾਂ ਜੋ ਅਸੀਂ ਇਹਵਡਮੁੱਲੀ ਵਿਰਾਸਤ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਝੋਲ਼ੀ ਪਾ ਸਕੀਏ। ਪਰੰਤੂ ਅੱਜਕੱਲ੍ਹ ਵਾਲਿਆਂ ਕੋਲ ਬਜ਼ੁਰਗਾਂ ਨਾਲ ਬੈਠਣ ਦਾ ਸਮਾਂ ਈ ਕਿੱਥੇ….? ਆਪਣੀਆਂ ਖ਼ੁਦਗਰਜ਼ੀਆਂ ਵਿੱਚ ਇਨਸਾਨ ਆਪਣੀਆਂ ਵਿਰਾਸਤਾਂ ਭੁੱਲਦਾ ਜਾ ਰਿਹਾ ਹੈਆਪਣੀ ਪਹਿਚਾਣ ਭੁਲਦਾ ਜਾ ਰਿਹਾ ਹੈ..ਜੋ ਸਮਾਜ ਲਈ ਬਹੁਤ ਘਾਤਕ ਹੈ। ਆਉ! ਅਸੀਂ ਸਵੇਰ ਦੇ ਭੁੱਲੇ ਸ਼ਾਮਾਂ ਨੂੰ ਘਰ ਪਰਤੀਏ..ਤੇ ਆਪਣਾ ਵਿਰਸਾ ਸੰਭਾਲੀਏ।

ਮੋਬਾਈਲ-94660 12433

ਇਹ ਵੀ ਪੜ੍ਹੋ -

ਜਾਗੋ ਦੀ ਰਸਮ ਵਿੱਚ ਆ ਰਹੇ ਬਦਲਾਓ

 

Post a Comment

3 Comments

  1. Amazing
    आप ने बहुत सारी पुरानी यादों को आज एक बार फिर से ताज़ा कर दिया।

    ReplyDelete
  2. ਬਹੁਤ ਸੋਹਣਾ ਲਿਖਿਆ ਸਾਡੇ ਸਮਾਜ ਵਿੱਚ ਵਿਆਹ ਸ਼ਾਦੀਆਂ ਮੌਕੇ ਗਾਈਆਂ ਜਾਂਦੀਆਂ ਸਿਠਣੀਆਂ ਅਤੇ ਘੋੜੀਆਂ ਸਾਡੇ ਸਮਾਜ ਦ‍ਾ ਅਨਿੱਖੜਵਾਂ ਅੰਗ ਹਨ.ਬਹੁਤ ਖੂਬ ਸੈਣੀ ਜੀ

    ReplyDelete

ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.