ਚੰਨ ਤਾਰੇ ਤੋੜ ਜਦ ਕੋਈ ਲੈ ਗਿਆ ਰਾਹਾਂ 'ਚ ਮੈਂ ਜੁਗਨੂੰ ਜਗਾਏ ਰਾਤ ਭਰ

ਜੋਗਿੰਦਰ ਪਾਂਧੀ ਦੀਆਂ ਤਿੰਨ ਗ਼ਜ਼ਲਾਂ

ਜੋਗਿੰਦਰ ਪਾਂਧੀ (ਕਸ਼ਮੀਰ )
ਗ਼ਜ਼ਲ

ਗੁਲ ਬਦਨ ਜੋ ਗੁਲ ਖਿਲਾਏ ਰਾਤ ਭਰ

ਚਰਚਾ ਉਸ ਦਾ ਛਿੜਿਆ ਜਾਏ ਰਾਤ ਭਰ

 

ਚੰਨ ਤਾਰੇ ਤੋੜ ਜਦ ਕੋਈ ਲੈ ਗਿਆ

ਰਾਹਾਂ 'ਚ ਮੈਂ ਜੁਗਨੂੰ ਜਗਾਏ ਰਾਤ ਭਰ

 

ਦਸਕੇ ਮੈਨੂੰ ਲਾ ਇਲਾਜ ਉਹ ਛਡ ਗਿਆ

ਰੋਗ ਭੈੜਾ ਹਾਏ ! ਹਾਏ !! ਰਾਤ ਭਰ

 

ਮੈਂ ਉਦੇ ਵਿਚ ਉਹ ਮਿਰੇ ਵਿਚ ਗੁੰਮ ਗਿਆ

ਕੌਣ ਕਿਸਨੂੰ ਢੂੰਢ ਲਿਆਏ ਰਾਤ ਭਰ

 

ਛਤ ਨਹੀਂ ,ਕੰਧਾਂ ਨਹੀਂ ,ਵਿਹੜਾ ਨਹੀ

ਐਸੇ ਘਰ ਵਿਚ ਦਿਨ ਬਿਤਾਏ ਰਾਤ ਭਰ

 

ਡਰਨਾ ਜਿਸਨੇ ,ਆਪੇ ਤੋਂ ਵੀ ਡਰਦਾ ਉਹ

ਕੋਲ ਫਿਰ ਕਿਸਨੂੰ ਬਿਠਾਏ ਰਾਤ ਭਰ

 

ਯਾਦ ਉਸਦੀ ,ਦਿਲ ਮਿਰਾ ਮਿਲਕੇ ਦੁਵੇਂ

ਘੁੰਗਰੂ ਪਾਕੇ ਨੱਚ ਨਚਾਏ ਰਾਤ ਭਰ

ਗ਼ਜ਼ਲ

ਦਰਿਆ ਕੰਢੇ ਰੇਤਾ ਖੁਰਦੀ

ਉਮਰ ਵੀ ਕੁਝ ਭੁਰਦੀ ਭੁਰਦੀ

 

ਇਕ ਨਦੀ ਦੇ ਵਾਂਗ ਵੇਖੋ

ਜ਼ਿੰਦਗੀ ਧਾਰਾ ਹੈ ਤੁਰਦੀ

 

ਸਾਏ ਜ਼ੁਲਫਾਂ ਦੇ ਹਨ ਓਹੜੇ

ਹੁਣ ਨਾ ਗਰਮੀ ਨਾ ਹੀ ਸਰਦੀ

 

ਕਿਸ ਤਰ੍ਹਾਂ ਡੁਬ ਜਾਂਦੇ ਪੱਥਰ

ਸੋਹਣੀ ਡੁਬਕੇ ਵੀ ਹੈ ਤਰਦੀ

 

ਬੁਝ ਸਕੀ ਨਾ ਪਿਆਸ ਦਿਲ ਦੀ

ਪੀ ਪੀ ਸਾਗਰ ਗੱਲ ਨਾ ਸਰਦੀ

 

ਭਿੱਜ ਸਕੀ ਨਾ ਰੇਤਾ ਅਜ ਤਕ

ਥੱਕ ਚੁਕੀ ਬਰਸਾਤ ਵਰ੍ਹਦੀ

 

ਘਰ ਤੋਂ ਭਜਕੇ ਦੂਰ ਜਾਨਾ

ਦੂਰ ਨਹੀ ਹੁੰਦੀ ਛਾਂ ਘਰ ਦੀ

 

ਨਜ਼ਮ ਪਾਂਧੀ ਲਈ ਹੈ ਆਮਦ

ਸ਼ਬਦ ਚੋਣ ਜੋ ਅਕਲ ਕਰਦੀ

ਗ਼ਜ਼ਲ

ਦਰ ਉਦੇ ਸਿਰ ਧਰਨਾ ਚਾਹਨਾ

ਮਾਟੀ ਸੋਨਾ ਕਰਨਾ ਚਾਹਨਾ

 

ਦਮ ਉਦੇ ਮੋਢਿਆਂ ਤੇ ਨਿਕਲੇ

ਸ਼ਾਹੀ ਮੌਤ ਮੈਂ ਮਰਨਾ ਚਾਹਨਾ

 

ਕਰ ਖੜੇ ਮੰਦਰ ਜਾਂ ਮਸਜਿਦ

ਕੈਦ ਰੱਬ ਨੂੰ ਕਰਨਾ ਚਾਹਨਾ

 

ਕਤਰਾ ਕਤਰਾ ਕੇਰਾਂ ਹੰਝੂ

ਖੂਹ ਗ਼ਮ ਦਾ ਭਰਨਾ ਚਾਹਨਾ

 

ਬਣ ਜਾ ਲਾਠੀ ਬੁੱਢੇ ਦੀ ਤੂੰ

ਦੂਰ ਤਕ ਜੇ ਤੁਰਨਾ ਚਾਹਨਾ

 

ਸਮਝ ਲੈ ਸਾਗਰ ਨੂੰ ਕਤਰਾ

ਸੌਖੇ ਪਾਰ ਜੇ ਕਰਨਾ ਚਾਹਨਾ

 

ਖੁਦ ਨੂੰ ਭਾਵੇਂ ਜਿੱਤ ਨ ਸਕਿਆ

ਦੁਨਿਆ ਸਾਰੀ ਹਰਨਾ ਚਾਹਨਾ

 

ਸੱਪ ਤੋਂ ਡਰਿਆ ਸੋ ਡਰਿਆ

ਰੱਸੀ ਤੋਂ ਵੀ ਡਰਨਾ ਚਾਹਨਾ

 

ਪਾਂਧੀ ਛੱਡ ਦੇ ਵਿਸ਼ਵਾਸ ਅੰਨੇ

ਜੇ ਨਵਾਂ ਕੁਝ ਕਰਨਾ ਚਾਹਨਾ

contact-

Joginder Pandhi

4/103/kanth-Bagh

Baramulla,

kashmir(india)

Mobile-9682392914

 ਇਹ ਵੀ ਪਸੰਦ ਕਰੋਗੇ -

ਹਾਂ ਮੈਂ ਜਾਣਕੇ ਨਾ ਵੇਖਾਂ ਅੱਖਾਂ ਤੇਰੀਆਂ ਐਵੇਂ ਕਾਹਤੋਂ ਰਾਹ ਭੁੱਲਣੈ?

 

 

Post a Comment

0 Comments