Image by Hans from Pixabay |
ਗ਼ਜ਼ਲ
ਪਹਿਲਾਂ ਉਹ ਫੁੱਲ ਨੂੰ ਤੋੜ ਤਲ਼ੀ ਉੱਤੇ ਧਰਦਾ ਹੈ
ਸੋਹਣਾ ਕਹਿ ਕੇ ਫਿਰ ਉਸ ਦੀ ਤਾਰੀਫ਼ ਵੀ ਕਰਦਾ ਹੈ।
ਆਪਣੇ ਮਜ਼ਹਬ ਤੋਂ ਚੰਗੀ ਗੱਲ ਕੋਈ ਸਿੱਖਦਾ ਨਾ
ਦੂਜੇ ਧਰਮਾਂ ਉੱਤੇ ਕਿੰਤੂ ਹਰ ਇੱਕ ਕਰਦਾ ਹੈ।
ਚਿਹਰੇ ਪਿਛਲਾ ਚਿਹਰਾ ਦੇਖਣ ਨੂੰ ਵਕਤ ਲੱਗੇਗਾ
ਉਹਨਾ ਵਿਚਕਾਰ ਅਜੇ ਤਾਂ ਪਰਦਾ ਦਰ ਪਰਦਾ ਹੈ।
ਜ਼ਿੰਦਗੀ ਭਰ ਉਸ ਨੂੰ ਰਾਹ ਕੰਡਿਆਂ ਨਾਲ਼ ਭਰੇ ਦਿੱਤੇ
ਜਿਸ ਦੀ ਅਰਥੀ ਉੱਤੇ ਫੁੱਲਾਂ ਦਾ ਮੀਂਹ ਵਰ੍ਹਦਾ ਹੈ।
ਖ਼ੁਦ ਨੂੰ ਸੂਲ਼ੀ ਟੰਗਣਾ ਕਿਹੜਾ ਸੌਖੀ ਗੱਲ ਹੁੰਦੀ
ਪਰ ਸਿਸਕੀ ਲੈਂਦਾ ਵੀ ਉਹ ਰਹਿਬਰ ਤੋਂ ਡਰਦਾ ਹੈ।
ਪਹਿਲਾਂ ਉਸ ਦੇ ਘਰ ਵਿੱਚ ਭਵੀਸਣ ਲੱਭਣਾ ਪੈਂਦਾ
ਇਕੱਲੀ ਤਾਕਤ ਦੇ ਨਾਲ਼ ਕਦੋਂ ਦੁਸ਼ਮਣ ਹਰਦਾ ਹੈ।
ਬੇਜਾਰ ਨਹੀਂ ਹੋਈਦਾ ਨਿੱਕੀ ਨਿੱਕੀ ਗੱਲ ਤੋਂ
ਵਗਦਾ ਦਰਿਆ ਕੰਢਿਆਂ ਤੋਂ ਅਕਸਰ ਹੀ ਖ਼ਰਦਾ ਹੈ।
ਕਿੰਝ ਸ਼ਿਕਾਇਤ ਕਰਾਂ ਮੈਂ ਉਸ ਦੀ ਗੈਰਾਂ ਕੋਲ਼ੇ ਜਾ
ਨਹੀਂ ਬੇਗਾਨਾ 'ਗੁਰਮ' ਅਸਲ ਵਿੱਚ ਬੰਦਾ
ਘਰਦਾ ਹੈ।
ਗ਼ਜ਼ਲ
ਚੰਗਾ ਹੋਵਣ ਦਾ ਅੰਜ਼ਾਮ ਸਦਾ ਭੁਗਤੇਗਾ ਉਹ
ਸਾਰੀ ਜ਼ਿੰਦਗੀ, ਜ਼ਿੰਦਗੀ ਜਿਉਂਣ
ਲਈ ਤਰਸੇਗਾ ਉਹ।
ਸਾਰਿਆਂ ਨੂੰ ਸਮਝਾਉਣਾ ਛੱਡ ਦੇਵੇਗਾ ਇਹ ਆਦਮੀ
ਜਿਹੜੇ ਦਿਨ ਬੇਲਿਹਾਜ਼ ਦੁਨੀਆਂ ਨੂੰ ਸਮਝੇਗਾ ਉਹ।
ਨਿਕਲੇਗਾ ਨਹੀਂ ਉਸ ਵਿੱਚੋਂ ਪਿੰਡ ਉਮਰ ਭਰ ਦੇਖਣਾ
ਸ਼ਹਿਰ ਗਿਆ ਚਾਹ ਕੇ ਵੀ ਪਿੰਡ ਨਹੀਂ ਪਰਤੇਗਾ ਉਹ।
ਬਹੁਤੇ ਦਾਣੇ ਪਿਸ ਜਾਣੇ ਚੱਕੀ ਦੇ ਪੁੜਾਂ ਅੰਦਰ
ਜਿਸ ਨੂੰ ਖ਼ਾਕ ਨਸੀਬ ਹੋਈ ਆਖ਼ਰ ਪੁੰਗਰੇਗਾ ਉਹ।
ਪਹਿਲਾਂ ਕਿੰਨੀ ਵਾਰੀ ਵੱਢਿਆ ਜਾਵੇਗਾ ਉਸਨੂੰ
ਬਚ ਗਿਆ ਬਾਜ਼ਰੇ ਦਾ ਡਾਲ਼ ਕਿਤੇ ਫਿਰ ਨਿੱਸਰੇਗਾ ਉਹ।
ਹਾਰ ਭਲੇ ਸੁੱਚੇ ਮੋਤੀਆਂ ਦਾ ਕਿਉਂ ਨਾ ਹੋਵੇ
ਧਾਗੇ ਦੇ ਟੁੱਟਣ ਸਾਰ ਪਲਾਂ ਵਿੱਚ ਵਿਖਰੇਗਾ ਉਹ।
ਬੇਗਾਨਿਆਂ ਨੇ ਵਿਸ਼ਵਾਸ ਨਹੀਂ ਕਰਨਾ ਉਸ ਉੱਤੇ
ਬਚ ਕੇ ਰਹਿਓ ਹੁਣ ਆਪਣਿਆਂ ਨੂੰ ਵਰਤੇਗਾ ਉਹ।
'ਗੁਰਮ' ਜਦੋਂ ਇਸ ਬੇਰਹਿਮ
ਦੁਨੀਆਂ ਨੂੰ ਸਮਝੇਗਾ
ਵਕਤ ਗਏ ਤੋਂ ਫਿਰ ਮੇਰੇ ਕੋਲੇ ਪਰਤੇਗਾ ਉਹ।
ਗ਼ਜ਼ਲ
ਮੈਂ ਗ਼ਲਤੀ ਮੰਨ ਲਈ ਸਾਰੀ ਤਾਂ ਜਾ ਕੇ ਫ਼ੈਸਲਾ ਹੋਇਆ
ਬੜੀ ਹੀ ਦੇਰ ਮਗਰੋਂ ਨਾਲ਼ ਉਸ ਦੇ ਰਾਬਤਾ ਹੋਇਆ।
ਚਲਾਕੀ ਰੱਖ ਕੇ ਪਾਸੇ ਤੂੰ ਮੈਨੂੰ ਮਿਲ਼ਣ ਆਇਆ ਕਰ
ਬੜਾ ਔਖਾ ਨਿਭਾਉਣਾ ਉਸ ਲਈ ਇਹ ਜਾਬਤਾ ਹੋਇਆ।
ਬੜਾ ਸੰਭਾਲ ਕੇ ਖ਼ੁਦ ਨੂੰ ਇਹ ਸਾਰੇ ਲੋਕ ਨੇ ਤੁਰਦੇ
ਘਰਾਂ ਦਾ ਅੱਜ ਕੱਲ੍ਹ ਆਂਗਨ ਬੜਾ ਹੀ ਤਿਲਕਣਾ ਹੋਇਆ।
ਦਗਾ ਦਿੱਤਾ ਸਫ਼ਾਈ ਨਾਲ਼ ਭੋਰਾ ਭਾਫ਼ ਨਾ ਨਿਕਲੀ
ਵਫ਼ਾ ਵੀ ਮੈਂ ਕਰੀ ਤੇ ਅੰਤ ਮੈਂ ਸਿੱਧ ਬੇਵਫ਼ਾ ਹੋਇਆ।
ਤੇਰਾ ਇਹ ਇਸ਼ਕ ਨੈਣਾਂ ਵਿੱਚ ਨੀਂਦਰ ਪੈਣ ਦਿੰਦਾ ਨਾ
ਮੈਂ ਸੁਪਨੇ ਦੇਖਦਾਂ ਤੇਰੇ ਦਿਨੇ ਹੀ ਜਾਗਦਾ ਹੋਇਆ।
ਨਹੀਂ ਇਹ ਜਾਣਦਾ ਜੋ ਗੱਲ ਹੁਣ ਉਹ ਆਪ ਹੈ ਕਿੱਥੇ
ਬੜਾ ਬੇਚੈਨ ਰਹਿੰਦਾ ਹੈ ਕਿ ਮੈਂ ਕਿਉਂ ਲਾਪਤਾ ਹੋਇਆ।
'ਗੁਰਮ' ਫੌਲਾਦ ਬਣ ਚੁੱਕਾ
ਸਮੇਂ ਦੀ ਮਾਰ ਸਹਿ ਸਹਿ ਕੇ
ਤੁਸੀਂ ਲਹਿਜ਼ਾ ਬਦਲ ਲੈਣਾ ਜੇ ਉਸ ਨੂੰ ਤੋੜਨਾ ਹੋਇਆ।
ਗ਼ਜ਼ਲ
ਕਿਤੇ ਜੇ ਨਾਲ਼ ਹੁੰਦਾ ਤੂੰ ਜ਼ਮਾਨਾ ਹੋਰ ਹੋਣਾ ਸੀ
ਤੇਰੀ ਮੇਰੀ ਮੁਹੱਬਤ ਦਾ ਫ਼ਸਾਨਾ ਹੋਰ ਹੋਣਾ
ਸੀ।
ਮੈਂ ਅੱਧੀ ਰਾਤ ਨੂੰ ਉੱਠ ਕੇ ਨਾ ਬਿਰਹਾ ਗੀਤ ਸੀ ਗਾਉਂਣੇ
ਮੇਰੇ ਬੁੱਲਾਂ ਤੇ ਤੇਰੇ ਲਈ ਤਰਾਨਾ ਹੋਰ ਹੋਣਾ ਸੀ।
ਕਿਸੇ ਨੂੰ ਵਰਤ ਕੇ ਛੱਡਣਾ ਕੋਈ ਸਿੱਖੇ ਤੇਰੇ ਕੋਲ਼ੋਂ
ਨਿਸ਼ਾਨਾ ਮੈਂ ਜੇ ਨਾ ਹੁੰਦਾ ਨਿਸ਼ਾਨਾ ਹੋਰ ਹੋਣਾ ਸੀ।
ਮਰੇ ਉਹ ਹਾਦਸੇ ਵਿੱਚ ਤਾਂ ਕਿਹਾ ਦਾਤੇ ਦੀ ਹੈ ਲੀਲਾ
ਵਿਚਾਰੇ ਬਚ ਕਿਤੇ ਜਾਂਦੇ ਬਹਾਨਾ ਹੋਰ ਹੋਣਾ ਸੀ।
ਸਿਕੰਦਰ ਹੋਣ ਦਾ ਤੂੰ ਵੀ ਭੁਲੇਖਾ ਪਾਲ਼ ਬੈਠਾ ਹੈਂ
ਜੇ ਬੁੱਧ ਨੂੰ ਜਾਣਿਆ ਹੁੰਦਾ ਖਜ਼ਾਨਾ ਹੋਰ ਹੋਣਾ ਸੀ।
ਦਿਖਾਵਾ ਕਰ ਰਹੇ ਲੋਕੀ ਬੜਾ ਹੁਣ ਰੁੱਖ ਲਗਾਵਣ ਦਾ
ਨਹੀਂ ਧਰਤੀ ਪਿਆਰੀ ਤੇ ਵਿਰਾਨਾ ਹੋਰ ਹੋਣਾ ਸੀ।
ਤੂੰ ਮੇਰੇ ਗਿਰਦ ਰਹਿੰਦਾ ਘੁੰਮਦਾ ਤੇਰੇ ਦੁਆਲੇ ਮੈਂ
ਇਲਾਹੀ ਕੌਤਕਾਂ ਦੇ ਵਿੱਚ ਯਰਾਨਾ ਹੋਰ ਹੋਣਾ ਸੀ।
ਸਹਾਰੇ ਦੌਲਤਾਂ ਦੇ ਉਹ ਖ਼ਰੀਦਿਆ ਹੀ ਨਹੀਂ ਜਾਣਾ
ਤੁਸੀਂ ਮੁੱਲ 'ਗੁਰਮ' ਜੇ ਲੈਣਾ ਬਿਆਨਾ
ਹੋਰ ਹੋਣਾ ਸੀ।
ਗ਼ਜ਼ਲ
ਕਿੰਨਾ ਚਿਰ ਉਸ ਦੇ ਲਈ ਆਪਣਾ ਗਿਰਵੀ ਹਰਪਲ ਰੱਖੋਂਗੇ
ਕਿੰਨਾ ਚਿਰ ਉਸ ਦੇ ਕਰਕੇ ਜ਼ਿੰਦਗੀ ਵਿੱਚ ਹਲਚਲ ਰੱਖੋਂਗੇ।
ਓਸੇ ਹਿੱਸੇ ਵਿੱਚ ਉੱਗ ਆਉਣੇ ਸੂਲਾਂ ਵਿੰਨ੍ਹੇ ਰੁੱਖ ਬੜੇ
ਦਿਲ ਦੇ ਜਿਹੜੇ ਪਾਸੇ ਵਿੱਚ ਤੁਸੀਂ ਮਾਰੂਥਲ ਰੱਖੋਂਗੇ।
ਸੂਰਜ ਨੂੰ ਸਿਜਦੇ ਕਰਦੇ ਨਾਲ਼ ਹਵਾ ਦੇ ਬਦਲ ਹੋ ਜਾਂਦੇ
ਕਿੱਥੇ, ਮਿੱਟੀ ਦੀ
ਖ਼ੁਸ਼ਬੋ ਤੇ ਜਲ ਦੀ ਕਲ ਕਲ ਰੱਖੋਂਗੇ।
ਜਿਸ ਦੇ ਰੁਖ਼ਸਤ ਹੁੰਦਿਆਂ ਹੀ ਸਭ ਕੁੱਝ ਬੇਰੰਗ ਹੋ ਜਾਂਦਾ ਹੈ
ਮੈਂ ਸਮਝ ਗਿਆ ਹੁਣ ਉਸ ਦੇ ਬਿਨ ਵੀ ਤੁਸੀਂ ਮਹਿਫ਼ਲ ਰੱਖੋਂਗੇ।
ਚਾਰੇ ਪਾਸੇ ਹਾਉਮੇ ਦੀ ਕੰਧ ਉਸਾਰ ਲਈ ਹੈ ਉੱਚੀ
ਲੋੜ ਪਈ ਫਿਰ ਦੱਸੋ ਕਿਹੜੇ ਪਾਸੇ ਸਰਦਲ ਰੱਖੋਂਗੇ।
ਜੰਗਲ਼ ਵਿੱਚ ਤਾਂ ਹੁੰਦੀ ਹੈ ਇਸ ਦਾ ਕੋਈ ਵੀ ਹੱਲ ਨਹੀਂ
ਕੀ ਗਰਕਣ ਲਈ ਆਪਣੇ ਘਰ ਵਿੱਚ ਵੀ ਦਲਦਲ ਰੱਖੋਂਗੇ।
ਹੁਣ ਤਾਲੂਕਾਤ ਵਧਾਉਣ ਲੱਗੇ ਹੋਂ ਹਰ ਇੱਕ ਦੇ ਨਾਲ਼ ਤੁਸੀਂ
ਇਹ ਸਮਝਾਓ ਮੈਨੂੰ ਦੁੱਧ ਕੋਲ਼ ਕਿਵੇਂ ਗਲਗਲ ਰੱਖੋਂਗੇ ।
ਦੂਰ ਹਨੇਰਾ ਕਰਨਾ ਪੈਣਾ ਆਖ਼ਰ ਨੂੰ ਜਗਜੀਤ ਗੁਰਮ
ਲਾਟੂਆਂ ਆਸਰੇ ਕਦ ਤੱਕ ਚੁਫੇਰੇ ਝਿਲਮਿਲ ਰੱਖੋਂਗੇ।
ਸੰਪਰਕ –
ਜਗਜੀਤ ਗੁਰਮ
ਤਰਕਸ਼ੀਲ ਚੌਂਕ, ਬਰਨਾਲਾ।
ਮੋਬਾਈਲ -99152 64836
ਇਹ ਵੀ ਪਸੰਦ ਕਰੋਗੇ -
ਜਦ ਕੁਈ ਦਿਲ ਨੂੰ ਭਾਅ ਜਾਂਦਾ ਹੈ ਘਰ ਮਿਰੇ ਚਾਨਣ ਛਾ ਜਾਂਦਾ ਹੈ
2 Comments
Thank you so much
ReplyDeleteਵਧੀਆ
ReplyDeleteਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.