Moon longs always over there to stay
Where all
my songs come to play.
ਸ਼ਬਦ ਚਾਨਣੀ---ਨਿਰਮਲ ਦੱਤ
ਟੱਪੇ
ਤੇਰਾ ਰਾਹ ਵੇਖਣ ਤਸਵੀਰਾਂ
ਤੇ ਰੰਗ ਤੇਰਾ ਦਰ ਲੱਭਦੇ.
ਸੁਣੇ ਰੱਬ ਵੀ ਤਾਂ ਲੁਕ-ਲੁਕ ਰੋਵੇ
ਗੀਤ ਤੇਰਾ ਕੂਕ ਵਰਗਾ.
ਅਸੀਂ ਮੱਥੇ 'ਤੇ ਸਜਾ ਲਏ ਸਜਦੇ
ਜਦੋਂ ਦਾ ਤੈਨੂੰ ਰੱਬ ਮੰਨਿਆਂ.
ਓਥੇ ਚੰਨ੍ਹ ਨੇ ਆਲ੍ਹਣਾ ਪਾਇਆ
ਜਿੱਥੇ ਮੇਰੇ ਗੀਤ ਖੇਡਦੇ.
ਜਿੱਥੇ ਸੁੱਕ ਗਏ ਅੱਖਾਂ 'ਚੋਂ ਸੁਪਨੇ
ਓਥੋਂ ਅੱਗੇ ਰਾਹ ਮੁੱਕ ਗਏ.
ਜਿੱਥੇ ਉੱਠ ਗਏ ਅੱਖਾਂ ਤੋਂ ਪਰਦੇ
ਓਥੇ ਸਾਰੇ ਰਾਹ ਮੁੱਕ ਗਏ.
ਗ਼ਜ਼ਲ
ਤੇਰੇ ਸਿਰ 'ਤੇ ਕੋਈ ਇਲਜ਼ਾਮ ਨਹੀਂ ਹੈ,
ਇਹ ਮੇਰਾ ਦਿਲ ਹੀ ਮੇਰੇ ਨਾਮ ਨਹੀਂ ਹੈ.
ਨਹੀਂ, ਸੂਰਜ ਨਹੀਂ ਆਦਰਸ਼ ਮੇਰਾ,
ਇਹਦੀ ਤਕਦੀਰ ਵਿੱਚ ਆਰਾਮ ਨਹੀਂ ਹੈ.
ਤੇਰੇ ਨੈਣਾਂ 'ਚ ਮਸਤੀ ਹੋਸ਼ ਦੀ ਹੈ,
ਤੇ ਕੋਈ ਮੈਕਦਾ ਜਾਂ ਜਾਮ ਨਹੀਂ ਹੈ.
ਹੈ ਵਰਜਿਤ ਸ਼ੌਕ ਲਈ ਜੋਗੀ ਦਾ ਡੇਰਾ,
ਘਰਾਂ ਵਿੱਚ ਇਹ ਜਗ੍ਹਾ ਬਦਨਾਮ ਨਹੀਂ ਹੈ.
ਇਹ ਰਾਹ ਰੱਬ ਦਾ ਕੋਈ ਕਾਫ਼ਿਰ ਹੀ ਜਾਣੇ,
ਇਹ ਰਸਤਾ ਮੋਮਿਨਾਂ ਲਈ ਆਮ ਨਹੀਂ ਹੈ.
ਗਗਨ ਕੈਨਵਸ ਤੇ ਸੂਰਜ ਇੱਕ ਮਸੱਵਰ,
ਇਹ ਇੱਕ ਤਸਵੀਰ ਹੈ ਕੋਈ ਸ਼ਾਮ ਨਹੀਂ ਹੈ.
ਨਜ਼ਮਾਂ
ਪ੍ਰਤੀਕਰਮ
ਮਿੱਤਰ ਪਿਆਰੇ,
ਤੇਰੀਆਂ ਨਜ਼ਮਾਂ ਪੜ੍ਹਦੇ-ਪੜ੍ਹਦੇ
ਇੰਝ ਲੱਗਿਆ ਹੈ:
ਕਈ ਸੰਖ
ਕਿੰਨੀਆਂ ਖੜਤਾਲ਼ਾਂ
ਕਿੰਨੇ ਸਾਰੇ ਤਬਲੇ, ਵਾਜੇ
ਸਾਰੇ ਰਲ਼ ਕੇ
ਸੁੱਚੇ ਰਾਗਾਂ ਨੂੰ
ਲੁੱਚੇ ਬੋਲਾਂ ਨੂੰ ਚੁੰਮਣੋਂ ਰੋਕ ਰਹੇ ਨੇ.
ਅੱਥਰੀ ਵਾ ਦਾ ਪਿਆਰ-ਸੁਨੇਹਾ:
ਇੱਕ ਨਿੱਕੀ ਜਿਹੀ ਰੰਗਲੀ ਕਿਸ਼ਤੀ,
ਸਾਊ ਜਿਹੇ ਦਰਿਆ ਦੇ ਦਿਲ ਵਿੱਚ
ਪਤਾ ਨਹੀਂ ਕੀ, ਕੀ ਕਰਦੀ ਹੈ!
ਕੂੰਜਾਂ ਦੀ ਇੱਕ ਡਾਰ
ਸ਼ਾਮ ਦੇ ਸੋਨ-ਸੁਨਹਿਰੀ ਵਰਕੇ ਉੱਤੇ
ਮੱਛੀ ਦੀ ਅੱਖ ਲੱਭਦਾ ਹੋਇਆ
ਤੀਰ ਬਣੀ ਹੈ.
ਰਾਤ ਚਾਨਣੀ
ਪੂਰੇ ਚੰਨ ਦੇ ਅੱਗਿਓਂ ਉੱਡਦਾ
ਹੁਣੇ-ਹੁਣੇ ਹੀ
ਦੁੱਧ-ਚਿੱਟਾ ਇੱਕ ਹੰਸ ਗਿਆ ਹੈ.
ਟਿਕੀ ਰਾਤ ਵਿੱਚ
ਥੋੜ੍ਹੇ-ਥੋੜ੍ਹੇ ਵਿਗੜੇ ਤਾਰੇ
ਅੰਬਰ ਤੋਂ ਧਰਤੀ 'ਤੇ ਆ ਕੇ
ਮਾਰੂਥਲ ਦੀ ਸਾਊ ਜਿਹੀ
ਸ਼ਰਮੀਲੀ ਚੁੱਪ ਨੂੰ ਛੇੜ ਰਹੇ ਨੇ.
ਜੇਠ-ਹਾੜ੍ਹ ਦੀ ਤਪਦੀ ਰੁੱਤ ਵਿੱਚ
ਇੱਕ ਸਾਂਵਲੀ, ਕਮਲ਼ੀ ਬੱਦਲੀ
ਖਿਝੇ-ਖਿਝੇ ਫੁੱਲਾਂ ਨੂੰ ਚੁੰਮ ਕੇ
ਮਿੰਨ੍ਹਾਂ-ਮਿੰਨ੍ਹਾਂ ਹੱਸ ਰਹੀ ਹੈ.
ਗਜ-ਗਜ ਲੰਮੀ ਦਾਹੜੀ ਵਾਲੇ
ਜਤੀ-ਸਤੀ ਦੀ
ਮਾਲ਼ਾ ਦੇ ਘਸ ਚੁੱਕੇ ਮਣਕੇ
ਬਣ-ਬਣ ਘੁੰਗਰੂ ਡੋਲ ਰਹੇ ਨੇ.
ਸੋਚਾਂ ਦੀ
ਉਲ਼ਝੀ ਹੋਈ, ਸੁੱਕੀ ਝਾੜੀ 'ਚੋਂ
ਪਤਾ ਨਹੀਂ ਕੀ
ਸਰ-ਸਰ ਕਰਦਾ ਲੰਘ ਗਿਆ ਹੈ........!
ਨਜ਼ਰ, ਸਮਝ ਵਾਲ਼ੇ
ਜਿਨ੍ਹਾਂ ਕੋਲ਼ ਨਜ਼ਰ ਹੈ
ਤੇ ਸਮਝ ਹੈ
ਉਨ੍ਹਾਂ ਨੂੰ ਖ਼ਬਰ ਹੈ
ਕਿ ਤਾਰੇ ਵਰਣਮਾਲ਼ਾ ਨੇ
ਜਿਸਦੇ ਨਾਲ
ਕੁਦਰਤ ਰਾਤ ਦੇ ਕਾਲੇ ਸਫ਼ੇ 'ਤੇ
ਪਿਆਰੇ-ਪਿਆਰੇ ਗੀਤ ਲਿਖਦੀ ਹੈ,
ਤੇ ਫੁੱਲ
ਰੰਗਾਂ 'ਚ ਢਾਲ਼ੇ
ਪਿਆਰ ਦੇ ਮਿੱਠੇ ਸੁਨੇਹੇ ਨੇ
ਜਿਨ੍ਹਾਂ 'ਤੇ ਛਿੜਕ ਕੇ ਖ਼ੁਸ਼ਬੂ
ਕੋਈ ਤੇਰੇ ਲਈ
ਮੇਰੇ ਲਈ
ਹਰ ਰੋਜ਼ ਘੱਲਦਾ ਹੈ:
ਜਿਨ੍ਹਾਂ ਕੋਲ਼ ਨਜ਼ਰ ਹੈ
ਤੇ ਸਮਝ ਹੈ
ਉਹ ਐਵੇਂ ਪੀੜ ਦਾ ਪਰਚਾਰ ਨਹੀਂ ਕਰਦੇ
ਉਹ ਐਵੇਂ ਦਰਦ ਦਾ ਵਿਓਪਾਰ ਨਹੀਂ ਕਰਦੇ
ਉਹ ਕਾਲ਼ੇ ਖ਼ੌਫ਼ ਕੋਲ਼ੋਂ
ਲਿਸ਼ਕਦੇ ਹੋਏ ਗੀਤ ਸੁਣਦੇ ਨੇ
ਤੇ ਚੁਭਦੀ ਪੀੜ ਕੋਲ਼ੋਂ
ਮਹਿਕਦੀ ਸੌਗਾਤ ਲੈਂਦੇ ਨੇ.
ਸੰਪਰਕ –
ਨਿਰਮਲ ਦੱਤ
#3060, 47-ਡੀ,
ਚੰਡੀਗੜ੍ਹ।
ਮੋਬਾਈਲ -98760-13060
Contact –
Nirmal Datt
# 3060, 47-D,
Chandigarh.
Mobile-98760-13060
ਇਹ ਵੀ ਪਸੰਦ ਕਰੋਗੇ -
ਫਿਰੇ ਮਿੱਟੀ ਦੇ ਵੇਚਦੀ ਨਖ਼ਰੇ ਤੇ ਮੋਤੀਆਂ ਦੇ ਮੁੱਲ ਮੰਗਦੀ.
2 Comments
ਬਹੁਤ ਖੂਬਸੂਰਤੀ ਨਾਲ ਸਬਦਾਂ ਨਾਲ ਪਰੋਈਆਂ ਦੱਤ ਜੀ ਦੁਆਰਾ ਗਜ਼ਲਾਂ ਬਹੁਤ ਵਧੀਆ ਲੱਗੀਆਂ ਜੀ.
ReplyDeleteExcellent
ReplyDeleteਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.