ਪੱਕੀ ਕੈਦ ਨੇ ਇਹ ਸਾਰੇ ਬੂਹੇ-ਬਾਰੀਆਂ ਸਿੱਖ ਕਿਤੋਂ ਕੰਧ ਟੱਪਣੀ.

image by-Sarabjit Dhir
Imprison you these doors and windows all,

Need you to learn how to jump over the wall.

ਸ਼ਬਦ ਚਾਨਣੀ---ਨਿਰਮਲ ਦੱਤ

ਟੱਪੇ

ਗੋਰੀ ਧੁੱਪ ਨੂੰ ਪਸੀਨੇ ਆਏ

ਆ ਜਾ ਕਿਤੋਂ ਛਾਂ ਬਣਕੇ.

 

ਪੱਕੀ ਕੈਦ ਨੇ ਇਹ ਸਾਰੇ ਬੂਹੇ-ਬਾਰੀਆਂ

ਸਿੱਖ ਕਿਤੋਂ ਕੰਧ ਟੱਪਣੀ.

 

ਜਾਂ ਤਾਂ ਰਹਿਣ ਦੇ ਪੈਰਾਂ ਦੇ ਥੱਲੇ ਧਰਤੀ

ਜਾਂ ਮੈਂਨੂੰ ਤੂੰ ਸਿਖਾ ਦੇ ਉੱਡਣਾ.

 

ਮੈਂਨੂੰ ਰਹਿਣ ਦੇ ਫੁੱਲਾਂ 'ਚ ਰੰਗ ਭਰਦਾ

ਮਹਿਕਾਂ ਤੂੰਹੀਓਂ ਆਪ ਵੰਡ ਲਈਂ.

 

ਬਹਿ ਜੇ ਰੁੱਸ ਕੇ ਤਾਂ ਹੋਣ ਹਨੇਰੇ

ਹੱਸ ਪਏ ਤਾਂ ਧੁੱਪ ਨਿਕਲੇ.

 

ਰਾਤੀਂ ਉੱਠ-ਉੱਠ ਰੋਵਣ ਗ਼ਜ਼ਲਾਂ

ਕਿ ਰਾਗ ਪਰਦੇਸੀ ਹੋ ਗਏ.

ਗ਼ਜ਼ਲ

ਮੇਰਾ ਜੁਰਮ ਭੁਲਾ ਕੇ ਬੋਲ

ਬੋਲ ਤੂੰ ਫਿਰ ਮੁਸਕਾ ਕੇ ਬੋਲ.

 

ਆਪਣੇ ਕੋਲ਼ ਬਿਠਾ ਕੇ ਬੋਲ

ਬਾਹਾਂ ਗਲ਼ ਵਿੱਚ ਪਾ ਕੇ ਬੋਲ.

 

ਕੁਝ ਨਹੀਂ ਲਗਦਾ ਤੂੰ ਮੇਰਾ

ਫਿਰ ਝੂਠੀ ਸਹੁੰ ਖਾ ਕੇ ਬੋਲ.

 

ਤੋੜ ਲਏ ਲੈ ਫਿਰ ਤਾਰੇ

ਜ਼ੁਲਫ਼ਾਂ ਵਿੱਚ ਸਜਾ ਕੇ ਬੋਲ.

 

ਚੰਨ ਜੋ ਮੈਂ ਦਾਗ਼ੀ ਕੀਤਾ

ਨੈਣਾਂ ਵਿੱਚ ਲਿਸ਼ਕਾ ਕੇ ਬੋਲ.

ਨਜ਼ਮਾਂ

ਤਸਵੀਰ ਤੇ ਸ਼ਾਇਰੀ

ਪਿਆਰੇ, ਪਿਆਰੇ ਰੰਗਾਂ ਦਾ

ਇੱਕ ਬੇ-ਸਿਰ-ਪੈਰਾ

ਸੰਘਣਾ ਝੁਰਮਟ,

ਲਿੰਗਾਂ ਦੇ

ਨਾ-ਥਾਵੇਂ ਜਿਹੇ ਆਕਾਰ,

ਛਾਤੀਆਂ ਵਰਗੇ ਭੂਰੇ ਉੱਡਦੇ ਬੱਦਲ,

ਭਾਰੀ ਗੋਲ ਨਿਤੰਭਾਂ ਵਰਗੇ ਬਲਦੇ ਟਿੱਬੇ,

ਬਿਰਖਾਂ ਦੇ ਤਣਿਆਂ 'ਚੋਂ ਤੱਕਦੇ

ਟੇਢੇ-ਮੇਢੇ ਕਈ ਯੋਨੀ-ਆਕਾਰ:

ਮੇਰੇ ਰੱਬਾ,

ਕੀ ਬੱਸ ਹੁਣ ਤਸਵੀਰ ਇਹੀ ਹੈ ?

 

ਪਿਆਰੇ, ਪਿਆਰੇ ਸ਼ਬਦਾਂ ਦਾ

ਇੱਕ ਬੇ-ਸਿਰ-ਪੈਰਾ

ਸੰਘਣਾ ਝੁਰਮਟ,

ਬੇ-ਨਿੱਤਰੇ ਭਾਵਾਂ ਦਾ

ਮੈਲ਼ਾ, ਗੰਧਲਾ ਦਰਪਣ,

ਅਨੁਭਵ-ਹੀਣ, ਰੁਮਾਨੀ ਤੇ ਬੇਚੈਨ ਨਜ਼ਰੀਆ,

ਵਾਕ-ਰਹਿਤ ਕੁਝ ਫਿਕਰੇ,

ਸੁੱਤ-ਉਨੀਂਦੇ ਸੁਪਨੇ,

ਸਮਝ-ਵਿਹੂਣੀ ਸੋਚ ਅਤੇ ਬੇ-ਸ਼ਿਲਪੇ ਰੌਲ਼ੇ:

ਮੇਰੇ ਰੱਬਾ,

ਕੀ ਬੱਸ ਹੁਣ ਇਹੀ ਸ਼ਾਇਰੀ ਹੈ?

image by-Sarabjit Dhir
ਦਿਨ ਚੜ੍ਹਿਆ ਹੈ

ਦਿਨ ਚੜ੍ਹਿਆ ਹੈ

ਮਸਜਦ ਤੋਂ ਆਜ਼ਾਨ ਤੁਰੀ ਹੈ

ਮੰਦਰ ਵਿੱਚੋਂ ਬੋਲ ਸੁਰੀਲੇ;

 

ਦਿਨ ਚੜ੍ਹਿਆ ਹੈ

ਸੁਪਨੇ-ਰੰਗੀ ਨੀਂਦ ਦੀ ਚਾਦਰ ਨੂੰ

ਤਹਿ ਲਾ ਕੇ

ਲੱਕੜ ਦੀ ਅਲਮਾਰੀ ਅੰਦਰ

ਰੱਖ ਦਈਏ ਹੁਣ.

 

ਸੂਰਜ ਕਦ ਦਾ

ਹੱਥ-ਮੂੰਹ ਧੋ ਕੇ

ਚਾਹ ਦੇ ਗਰਮ ਪਿਆਲੇ ਦੇ ਲਈ

ਘਰ ਦੇ ਦਰ 'ਤੇ ਆ ਬੈਠਾ ਹੈ.

 

ਨਿੱਘੀ ਜਿਹੀ ਰਸੋਈ ਅੰਦਰ

ਮਾਂ ਦੇ ਬਰਤਨ

ਹੌਲ਼ੀ-ਹੌਲ਼ੀ ਗੱਲਾਂ ਕਰਦੇ

ਹੱਸ ਰਹੇ ਨੇ.

 

ਪਾਪਾ ਦੇ ਕਮਰੇ 'ਚੋਂ  ਚੱਲਿਆ

ਰਾਗ ਭੈਰਵੀ

ਵਿਹੜੇ ਵਿੱਚ ਮਹਿਕੀ ਤੁਲਸੀ ਤੱਕ

ਫੈਲ ਗਿਆ ਹੈ.

 

ਖਿੜਕੀ ਵਿੱਚੋਂ ਦਿਸਦੇ

ਫੁੱਲ-ਗੁੱਛਿਆਂ ਦੇ ਪਿੱਛੇ

ਚਿੜੀਆਂ ਦੇ ਕੁਝ ਗੀਤ

ਪਰਾਂ ਨੂੰ ਖੋਲ੍ਹ ਰਹੇ ਨੇ.

 

ਸੁਪਨੇ-ਰੰਗੀ ਨੀਂਦ ਦੀ ਚਾਦਰ ਨੂੰ

ਤਹਿ ਲਾ ਕੇ

ਲੱਕੜ ਦੀ ਅਲਮਾਰੀ ਅੰਦਰ

ਰੱਖ ਦਈਏ ਹੁਣ;

ਸੁਸਤੀ ਲਾਹੀਏ,

ਜ਼ਰਾ ਵੇਖੀਏ

ਅੱਜ ਦਾ ਦਿਨ ਇਹ

ਕੀ ਗ਼ੁਰਬਤ ਦੀ ਮਾਰ ਜਿਹਾ ਹੈ?

ਜਾਂ ਹਿੰਸਾ ਦੀ ਲਾਹਨਤ ਵਰਗਾ?

ਪਾਗ਼ਲਪਨ ਦੀ ਪੀੜ ਜਿਹਾ ਹੈ?

ਜਾਂ ਫਿਰ ਓਸ ਦਲੇਰੀ ਵਰਗਾ

ਜਿਹੜੀ ਆਦਿ-ਕਾਲ ਤੋਂ ਲੈ ਕੇ

ਅੱਜ ਤੱਕ

ਅਪਣੀ ਬਾਂਹ ਵਿੱਚ ਬਾਂਹ ਪਾ

ਹਰ ਮੁਸ਼ਕਲ ਨੂੰ ਪਿੱਛੇ ਛੱਡ ਕੇ

ਪਤਾ ਨਹੀਂ

ਕਿਹੜੀ ਮੰਜ਼ਲ ਵੱਲ ਦੌੜ ਰਹੀ ਹੈ?

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060


Contact –

Nirmal Datt

# 3060, 47-D,

Chandigarh.

Mobile-98760-13060


 ਇਹ ਵੀ ਪੜ੍ਹੋ -

ਚੰਨ ਤਾਰੇ ਤੋੜ ਜਦ ਕੋਈ ਲੈ ਗਿਆ ਰਾਹਾਂ 'ਚ ਮੈਂ ਜੁਗਨੂੰ ਜਗਾਏ ਰਾਤ ਭਰ

     

 

 

Post a Comment

0 Comments