ਹਾਂ ਮੈਂ ਜਾਣਕੇ ਨਾ ਵੇਖਾਂ ਅੱਖਾਂ ਤੇਰੀਆਂ ਐਵੇਂ ਕਾਹਤੋਂ ਰਾਹ ਭੁੱਲਣੈ?

Consciously I keep my eyes away,

A look into yours will lead me astray.

ਸ਼ਬਦ ਚਾਨਣੀ---ਨਿਰਮਲ ਦੱਤ

ਟੱਪੇ

ਕਾਲ਼ੀ ਰਾਤ ਵੇਚਦੀ ਮਿਸ਼ਰੀ

ਦਿਨ ਵੇਚੇ ਥਾਨ ਧੁੱਪ ਦੇ.

 

ਹਾਂ ਮੈਂ ਜਾਣਕੇ ਨਾ ਵੇਖਾਂ ਅੱਖਾਂ ਤੇਰੀਆਂ

ਐਵੇਂ ਕਾਹਤੋਂ ਰਾਹ ਭੁੱਲਣੈ?

 

ਕਿਸੇ ਅੱਖ ਵਿੱਚ ਲਾ ਲੈ ਡੇਰੇ

ਮੁੱਕਜੇਂਗਾ, ਰਾਹ ਨੀ ਮੁੱਕਣੇ.

 

ਓਹਦੀ ਮਹਿਕ ਲੱਭਣ ਤਲਵਾਰਾਂ

ਫੁੱਲਾਂ ਨੇ ਜੀਹਦਾ ਦਿਲ ਤੋੜਿਆ.

 

ਫੁੱਲ ਬਹਿ ਗਏ ਫੁੱਲਾਂ ਤੋਂ ਮੂੰਹ ਵੱਟਕੇ

ਮਹਿਕਾਂ ਦਾ ਮੇਲ ਹੋ ਗਿਆ.

 

ਕੋਈ ਦੁਖ ਗਈ ਯਾਦ ਪੁਰਾਣੀ

ਹੱਸਦੀ ਦੀ ਅੱਖ ਛਲਕੀ.

ਗ਼ਜ਼ਲ

ਪਤਾ ਨਹੀਂ ਕਿਸ ਤਰ੍ਹਾਂ ਦਾ ਸਾਜ਼ ਸੀ ਉਹ,

ਨਵੀਂ, ਇੱਕ ਅਣਸੁਣੀ ਆਵਾਜ਼ ਸੀ ਉਹ.

 

ਫ਼ਰਿਸ਼ਤੇ ਬੇ-ਸੁਰਤ ਜਿਹੇ ਨਜ਼ਰ ਆਏ,

ਬੜੀ ਜਾਗੀ ਹੋਈ ਪਰਵਾਜ਼ ਸੀ ਉਹ.

 

ਸਹਿਜ ਸਾਹਾਂ ਦਾ ਸਾਦਾ ਸਿਲਸਿਲਾ ਹੈ,

ਉਹ ਕੁੱਲ ਹਸਤੀ ਦਾ ਜਿਹੜਾ ਰਾਜ਼ ਸੀ ਉਹ.

 

ਖ਼ੁਦਾ ਮਿਲਿਆ ਤਾਂ ਲੱਗਿਆ ਯਾਰ ਵਰਗਾ,

ਅਦਾ ਓਹੀ ਸੀ, ਤੇ ਅੰਦਾਜ਼ ਵੀ ਉਹ.

 

ਜੋ ਮੇਰਾ ਹਮਸਫ਼ਰ ਸੀ, ਅਜਨਬੀ ਸੀ,

ਤੇ ਜੋ ਸੀ ਅਜਨਬੀ, ਹਮਰਾਜ਼ ਸੀ ਉਹ.

ਦਸਤਕ

ਮੇਰੇ ਦਰ 'ਤੇ

ਕਦੇ ਦਸਤਕ ਨਾ ਦੇਣਾ;

 

ਮੈਂ ਰੱਬ ਦੇ ਦਿਲ ਦੇ ਵਿੱਚ ਉੱਠਦੀ ਹੋਈ

ਮਿੱਠੀ ਜਿਹੀ ਇੱਕ ਚੀਸ ਵਰਗਾ ਹਾਂ,

ਮੈਂ ਰੱਬ ਨੂੰ ਸਿਰਜਦੀ ਹੋਈ

ਰੱਬ ਦੀ ਰੀਸ ਵਰਗਾ ਹਾਂ;

 

ਮੈਂ ਅਰਜਨ, ਕ੍ਰਿਸ਼ਨ,

ਫ਼ਿਰ ਅਰਜਨ, 

ਸਿਧਾਰਥ, ਬੁੱਧ, ਸਿਧਾਰਥ

ਅਨੇਕਾਂ ਵਾਰ ਹੋਇਆ ਹਾਂ;

ਮੈਂ ਕਿੰਨੀਂ ਵਾਰ

ਬਣ ਕੇ ਰਾਖਸ਼ਸ ਉਤਪਾਤ ਕੀਤੇ ਨੇ,

ਤੇ ਫ਼ਿਰ ਇੱਕ ਰਿਸ਼ੀ ਵਾਂਗੂੰ

ਆਪਣੇ ਕੀਤੇ 'ਤੇ ਰੋਇਆ ਹਾਂ;

 

ਮੈਂ ਅਪਣੇ ਨਾਲ਼

ਗੰਦੀਆਂ ਬਸਤੀਆਂ ਦੀ ਭੁੱਖ ਲਈ ਫਿਰਦਾਂ,

ਮੈਂ ਅਪਣੇ ਨਾਲ਼

ਮਹਿਲਾਂ ਦੀ ਹਵਸ ਦਾ ਦੁੱਖ ਲਈ ਫਿਰਦਾਂ;

 

ਮੇਰੀ ਕਿਸਮਤ '

ਮੈਨੂੰ ਪਤਾ ਹੈ

ਸਭ ਪਿਆਰ ਵਰਗਾ ਹੈ,

ਮੇਰੇ ਮੱਥੇ 'ਚ ਪਰ ਹਾਲੇ

ਕੁਝ ਅੰਧਕਾਰ ਵਰਗਾ ਹੈ;

 

ਮੇਰੀ ਸੱਭਿਅਤਾ

ਮੇਰੇ ਜੰਗਲ 'ਚੋਂ ਹਾਲੇ ਬਾਹਰ ਨਹੀਂ ਆਈ,

ਮੇਰੇ ਸ਼ਿਵ ਨੇ

ਮੇਰੇ ਵਿਸ਼ ਤੋਂ

ਅਜੇ ਮੁਕਤੀ ਨਹੀਂ ਪਾਈ;

 

ਮੈਂ ਸਦੀਆਂ ਦੇ ਸਫ਼ਰ ਪਿੱਛੋਂ

ਜ਼ਰਾ ਆਰਾਮ ਕਰਨਾ ਹੈ,

ਤੇ ਉਸਤੋਂ ਬਾਅਦ ਕਿੰਨੀਂ ਵਾਰ

ਫ਼ਿਰ ਜੰਮਣਾ ਹੈ, ਮਰਨਾ ਹੈ;

 

ਮੇਰੇ ਦਰ 'ਤੇ

ਅਜੇ ਦਸਤਕ ਨਾ ਦੇਣਾ,

ਮੇਰੇ ਦਰ 'ਤੇ

ਕਦੇ ਦਸਤਕ ਨਾ ਦੇਣਾ,

ਬੱਸ ਅਪਣਾ

ਆਪ ਬੂਹਾ ਖੋਲ੍ਹ ਲੈਣਾ.

ਤੂੰ ਉਹ ਨਹੀਂ ਹੁਣ

ਨਹੀਂ

ਤੂੰ ਉਹ ਨਹੀਂ ਹੁਣ

ਕਿ ਜਿਹੜੀ

ਚੰਨ ਦੀ ਦਹਿਲੀਜ਼ 'ਤੇ ਬਹਿ ਕੇ

ਮੇਰੇ ਰਾਹਾਂ 'ਚ ਉੱਡਦੀ ਧੂੜ ਤੱਕਦੀ ਸੀ.

ਨਹੀਂ

ਤੂੰ ਉਹ ਨਹੀਂ ਹੁਣ

ਕਿ ਜਿਸਦੀ ਸੱਪ-ਰੰਗੀ ਸੂਫ਼

ਜਾਂ ਚਰਖ਼ੇ ਦੀ ਘੂਕਰ

ਮੇਰੇ ਹਰ ਜ਼ਬਤ ਲਈ ਵੰਗਾਰ ਬਣਦੀ ਸੀ.

ਨਹੀਂ

ਤੂੰ ਹੁਣ ਨਹੀ ਸ਼ਾਮਲ

ਉਨ੍ਹਾਂ ਖ਼ਾਬਾਂ, ਖ਼ਿਆਲਾਂ ਵਿੱਚ

ਜੋ ਬਣ ਕੇ ਪੀੜ

ਮੇਰੇ ਚੈਨ ਦੇ ਪਿੰਡੇ ਨੂੰ ਲੜਦੇ ਨੇ,

ਜਾਂ ਬਣ ਕੇ ਗੀਤ ਦੇ ਮੁਖੜੇ

ਹਮੇਸ਼ਾ

ਤਾਰਿਆਂ ਦੇ ਝੁੰਡ 'ਚੋਂ

ਪੱਕੇ ਹੋਏ ਬੇਰਾਂ ਲਈ ਮੈਂਨੂੰ ਬੁਲਾਓਂਦੇ ਨੇ.

ਮੈਂ

ਧਰਤੀ ਦੇ ਸਫ਼ੇ 'ਤੇ

ਅਜ਼ਲਾਂ ਤੱਕ ਜਿਉਂਦੀ ਰਹਿਣ ਵਾਲੀ

ਜਿਹੜੀ ਹੁਣ ਨਜ਼ਮ ਲਿਖਣੀ ਹੈ

ਉਹ ਤੇਰੇ ਹੁਸਨ ਦੀ ਮੁਹਤਾਜ਼ ਨਹੀਂ ਹੈ;

ਮੈਂ

ਸੂਰਜ ਦੇ ਨਗਰ ਤੱਕ

ਹੁਣ ਜਿਹੜੀ ਪਰਵਾਜ਼ ਭਰਨੀ ਹੈ

ਤੂੰ ਉਸ 'ਚੋਂ ਗ਼ੈਰਹਾਜ਼ਰ ਹੈਂ,

ਤੂੰ ਉਸ 'ਚੋਂ ਗ਼ੈਰਹਾਜ਼ਰ ਹੈਂ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060



Contact –

Nirmal Datt

# 3060, 47-D,

Chandigarh.

Mobile-98760-13060

ਇਹ ਵੀ ਪਸੰਦ ਕਰੋਗੇ -

ਜਗਜੀਤ ਗੁਰਮ ਦੀਆਂ ਪੰਜ ਖ਼ੂਬਸੂਰਤ ਗ਼ਜ਼ਲਾਂ


 

     

 

 

 

 


Post a Comment

0 Comments