‘ਜਾਗੋ’ ਪੰਜਾਬ ਦਾ ਬਹੁਤ ਪੁਰਾਣਾ ਲੋਕ ਬੋਲ
ਹੈ। ਭਾਵੇਂ ਕਿ ਜਾਗੋ ਦੇ ਅਰਥ ਨੀਂਦ ’ਚੋਂ ਜਾਗਣ ਤੋਂ ਹੀ ਹਨ ਪਰ ਇਥੇ ਵਿਆਹ ਵੇਲੇ ਕੱਢੀ
ਜਾਂਦੀ ਰਸਮ ‘ਜਾਗੋ’
ਵੇਲੇ ਬੋਲੇ ਜਾਂਦੇ ਉਨ੍ਹਾਂ ਲੋਕ ਬੋਲਾਂ ਦੇ ਅਰਥ ਜਾਗਰੂਕ ਹੋਣ ਤੋਂ ਲਏ
ਗਏ ਹਨ। ਪੰਜਾਬੀ ਸੱਭਿਆਚਾਰ ’ਚ ਵਿਆਹ ਵੇਲੇ ਕੱਢੀ ਜਾਂਦੀ ‘ਜਾਗੋ’ ਦਾ ਇੱਕ ਅਹਿਮ ਸਥਾਨ ਹੈ। ਵਿਆਹ ਭਾਵੇਂ
ਲੜਕੇ ਦਾ ਹੋਵੇ ਜਾਂ ਲੜਕੀ ਦਾ ਭਾਵ ਦੋਨਾਂ ਦੇ ਵਿਆਹ ਸਮੇਂ ਜਾਗੋ ਕੱਢੀ ਜਾਂਦੀ ਹੈ। ਵਿਆਹ ਤੋਂ ਪਹਿਲੀ
ਰਾਤ ਜਾਗੋ ਕੱਢਣ ਦਾ ਰਿਵਾਜ ਸਾਡੇ ਸਭਿਆਚਾਰ ਦਾ ਅਟੁੱਟ ਹਿੱਸਾ ਹੈ।ਸਾਡੀ ਵਸੋਂ ਦਾ ਵੱਡਾ ਹਿੱਸਾ ਇਸਤਰੀਆਂ ਵੀ ਹਨ ਪਰ ਇਸ ਦੇ ਬਾਵਜੂਦ ਔਰਤ ਸ਼੍ਰੇਣੀ ਨੂੰ ਮਰਦ ਨੇ ਹਮੇਸ਼ਾ ਦਬਾਕੇ
ਰੱਖਿਆ ਹੈ। ਉਨ੍ਹਾਂ ਦੱਬੇ ਕੁਚਲੇ ਪਲਾਂ ’ਚੋਂ ਬਾਹਰ ਨਿਕਲਣ ਲਈ ਜਾਗੋ ਦੀ ਰਸਮ ਦਾ ਰਿਵਾਜ ਪਿਆ ਹੋਵੇਗਾ ਕਿ ਇਸ ਰਸਮ ਰਾਹੀਂ ਔਰਤ ਸ਼੍ਰੇਣੀ
ਆਪਣੇ ਦੱਬੇ ਕੁਚਲੇ ਭਾਵਾਂ ਚੋਂ ਕੁਝ ਚਿਰ ਲਈ ਮੁਕਤ ਹੁੰਦਿਆ ਖੁਸ਼ ਪ੍ਰਤੀਤ ਨਜਰ ਆਉਂਦੀ ਹੈ। ਇਤਿਹਾਸਕ
ਪੱਖੋ ਅਗਰ ਦੇਖਿਆ ਜਾਵੇ ਤਾਂ ਜਾਗੋ ਵੀ ਇੱਕ ਲਹਿਰ ਦੀ ਤਰਾਂ ਹੈ। ਜਿਹੜੀ ਕਿ ਅਹਿਮ ਨਾਹਰੇ ਵਜੋਂ ਵਰਤੀ
ਜਾਂਦੀ ਹੈ। ਆਪਣੀ ਭੜਾਸ ਕੱਢਣ, ਆਪ ਜਾਗਣ ਤੇ ਹੋਰਨਾਂ ਨੂੰ ਜਾਗੋ ਦਾ ਨਾਹਰਾ ਦੇਣ ਦਾ ਇਹ ਮਾਧਿਅਮ ਬਹੁਤ ਕਾਰਗਰ ਸਿੱਧ ਹੋਇਆ ਹੈ।ਦਰਅਸਲ
ਜਾਗੋ ਕੱਢਣ ਦੀ ਰਸਮ ਦਾ ਬਹੁਤਾ ਸੰਬੰਧ ਨਾਰੀ ਨਾਲ ਹੀ ਹੈ।ਜਿਸਦੀ ਅਗਵਾਈ ਵਿਆਂਦੜ ਦੇ ਨਾਨਕਿਆਂ ਵੱਲੋਂ
ਮਾਮੀ ਕਰਦੀ ਹੈ। ਜਾਗੋ ਕੱਢਣ ਦੀ ਰਸਮ ਨਾਨਕੇ ਪਰਿਵਾਰ ਦੀਆਂ ਔਰਤਾਂ ਵੱਲੋਂ ਬਹੁਤ ਹੀ ਚਾਵਾਂ ਨਾਲ ਨਿਭਾਈ
ਜਾਂਦੀ ਹੈ।ਇਸ ਰਸਮ ਨੂੰ ਨਿਭਾਉਣ ਲਈ ਨਾਨਕਾ ਪਰਿਵਾਰ ਦਾ ਰੋਲ ਮੋਹਰੀ ਹੁੰਦਾ ਹੈ।ਜਸਵਿੰਦਰ ਸਿੰਘ ਕਾਈਨੌਰ
ਵਿਆਹ ਤੋਂ ਇੱਕ ਦਿਨ ਪਹਿਲੇ ਵਾਲੇ
ਦਿਲ ਨੂੰ ਮੇਲ ਦਾ ਦਿਨ ਕਿਹਾ ਜਾਦਾ ਹੈ।ਮੇਲ ਵਾਲੇ ਦਿਨ ਦੀ ਰਾਤ ਨੂੰ ਖਾਣੇ ਤੋਂ ਬਾਅਦ ਵਿਆਹ ਦਾ ਕੱਪੜਾ
ਤੇ ਗਹਿਣਾ ਆਦਿ ਜੋੜ ਲਿਆ ਜਾਂਦਾ ਹੈ। ਕੱਪੜਿਆਂ ਅਤੇ ਗਹਿਣੀਆਂ ਆਦਿ ਦੇ ਸੈੱਟ ਮਿਲਾਕੇ ਰੱਖਣ ਨੂੰ ਦੇਰ
ਰਾਤ ਹੋ ਜਾਂਦੀ ਹੈ , ਕਦੀ—ਕਦੀ ਇਸ ਤੋਂ ਵੀ ਜ਼ਿਆਦਾ ਸਮਾਂ ਲੱਗ ਜਾਂਦਾ ਹੈ। ਉਹ ਕੰਮ ਸਮੇਟਣ ਤੋਂ ਬਾਅਦ ਨਾਨਕਾ ਪਰਿਵਾਰ ਵੱਲੋਂ
ਖੁਸ਼ੀ ਵਿੱਚ ਜਾਗੋ ਕੱਢੀ ਜਾਂਦੀ ਹੈ। ਵਿਆਂਦੜ ਦੀਆਂ ਮਾਮੀਆਂ ਵਲੋਂ ਆਟੇ ਦੇ ਸੱਤ ਦੀਵੇ ਬਣਾਏ ਜਾਂਦੇ
ਹਨ। ਉਨ੍ਹਾਂ ਵਿੱਚ ਰੂੰਈਂ ਦੀਆਂ ਬੱਤੀਆਂ ਵੱਟ ਕੇ ਪਾਈਆਂ ਜਾਂਦੀਆਂ ਹਨ। ਉਨ੍ਹਾਂ ਦੀਵਿਆਂ ਨੂੰ ਪਿੱਤਲ
ਦੀ ਗਾਗਰ ਜਾਂ ਵਲਟੋਹੀ ਉਤੇ ਰੱਖਕੇ ਸਰੋਂ ਦਾ ਤੇਲ ਪਾਕੇ ਜਗਾਇਆ ਜਾਂਦਾ ਹੈ।ਗਾਗਰ ਉਤੇ ਜਗਾਏ ਉਸ ਦੀਵਿਆਂ
ਨੂੰ ਜਾਗੋ ਕਿਹਾ ਜਾਂਦਾ ਹੈ।ਪਹਿਲਾਂ ਜਦੋਂ ਬਿਜਲੀ ਨਹੀਂ ਹੁੰਦੀ ਸੀ ਉਦੋਂ ਚਾਨਣ ਲਈ ਦੀਵੇ ਹੀ ਵਰਤੇ ਜਾਂਦੇ ਸਨ। ਘਰ ਵਿੱਚ
ਵਰਤੇ ਜਾਣ ਵਾਲੇ ਇੱਕ ਜਾਂ ਦੋ ਦੀਵੇ ਹੁੰਦੇ ਸਨ। ਇਸ ਲਈ ਜਾਗੋ ਕੱਢਣ ਵੇਲੇ ਔਰਤਾਂ ਘਰ ਵਿੱਚ ਹੀ ਆਟੇ
ਦੇ ਦੀਵੇ ਤਿਆਰ ਕਰ ਲੈਂਦੀਆਂ ਸਨ।image by-Manjit studio Gidderbaha
ਵਿਆਂਦੜ ਦੀ ਮਾਮੀ ਫਿਰ ਉਸ ਜਾਗੋ ਨੂੰ
ਆਪਣੇ ਸਿਰ’ਤੇ ਰੱਖ ਕੇ ਉਸ ਪਿੰਡ—ਸ਼ਹਿਰ ਦੇ ਮੁਹੱਲੇ ਵੱਲ ਨੂੰ ਤੁਰ ਪੈਂਦੀ ਹੈ। ਕੋਈ ਆਪਣੇ ਗਲ਼ ਵਿਚ ਢੋਲਕੀ ਪਾ ਲੈਂਦੀ ਹੈ। ਕੋਈ
ਸੰਮਾਂ ਵਾਲੀ ਡਾਂਗ ਨੂੰ ਘੁੰਗਰੂ ਬੰਨ ਕੇ ਚੁੱਕ ਲੈਂਦੀ ਹੈ। ਸਾਡੇ ਲੋਕ ਸਾਹਿਤ’ਚ ਸਭ ਤੋਂ ਵਧੇਰੇ ਗਿਣਤੀ ਲੋਕ ਬੋਲਾਂ ਦੀ ਹੈ ਕਿਉਂਕਿ ਇਹ ਅਚੇਤ ਮਨ ਦਾ ਆਪ—ਮੁਹਾਰਾ ਸੰਗੀਤਕ ਪ੍ਰਗਟਾਵਾ ਹੁੰਦੇ ਹਨ। ਲੋਕ ਸਾਹਿਤ ’ਚੋ ਉਪਜੀ ਉਨ੍ਹਾਂ ਲੋਕ ਬੋਲੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ।ਬਾਕੀ ਨਾਨਕਾ ਮੇਲ ਵੀ ਪਿੱਛੇ—ਪਿੱਛੇ ਤੁਰ ਪੈਂਦਾ ਹੈ। ਜਾਗੋ ਕੱਢਣ ਵੇਲੇ ਨਾਨਕੀਆਂ ਖਾਸ ਕਰਕੇ ਮਾਮੀਆਂ ਨੇ ਸੂਫ਼ ਦੇ ਕਾਲੇ ਘੱਗਰੇ
ਪਹਿਨੇ ਹੁੰਦੇ ਹਨ। ਫਿਰ ਜਾਗੋ ਅੱਗੇ—ਅੱਗੇ ਚਲਦੀ ਜਾਂਦੀ ਹੈ। ਨਾਨਕਾ—ਮੇਲ ਦੇ ਨਾਲ—ਨਾਲ ਦਾਦਕਾ ਮੈਂਬਰ ਅਤੇ ਹੋਰ ਸੰਬੰਧੀ
ਵੀ ਤੁਰ ਪੈਂਦੇ ਹਨ। ਇਸ ਤਰ੍ਹਾਂ ਜਿਸ ਘਰ ਜਾਗੋ ਜਾਂਦੀ ਹੈ, ਉਹ ਘਰ ਵਾਲੇ ਸਰ੍ਹੋਂ ਦਾ ਤੇਲ ਦੀਵਿਆਂ ਵਿੱਚ ਪਾਉਂਦੇ ਹਨ ਅਤੇ ਕੁਝ ਪੈਸੇ ਆਦਿ ਵੀ ਸ਼ਗਨ ਵਜੋਂ
ਦਿੰਦੇ ਹਨ।ਲੋਕ ਬੋਲੀਆਂ ਦਾ ਦੌਰ ਚੱਲਦਾ ਰਹਿੰਦਾ ਹੈ।ਨਾਨਕਾ ਮੇਲ ਦੀਆਂ ਔਰਤਾ ਬੋਲੀਆਂ ਪਾਉਦੀਆਂ ਹਨ।
ਅਤੇ ਬਾਕੀ ਔਰਤਾਂ ਉਸ ਬੋਲੀ ਦੇ ਆਖਰੀ ਬੋਲਾਂ ਨੂੰ ਉੱਚੀ ਅਵਾਜ਼ ’ਚ ਚੁੱਕਣ ਲਈ ਸਮੂਹਿਕ ਰੂਪ ’ਚ ਸਾਥ ਦਿੰਦੀਆਂ ਹਨ।ਖੁਸ਼ੀ ਦੇ ਉਨ੍ਹਾਂ ਪਲਾਂ ਨੂੰ ਮਾਣਦੀਆਂ ਦਾਦਕੀਆਂ ਵੀ ਉਨ੍ਹਾਂ ਦਾ ਪੂਰਾ ਸਾਥ
ਦਿੰਦੀਆਂ ਹਨ।ਨਾਨਕੀਆਂ—ਦਾਦਕੀਆਂ ਇੱਕ—ਦੂਜੇ ਸਾਹਮਣੇ ਖੜ੍ਹਕੇ ਬੋਲੀਆਂ ਪਾਉਂਦੀਆਂ ਹਨ। ਜਾਗੋ ਕੱਢਣ ਵੇਲੇ ਨਾਨਕਿਆਂ ਵੱਲੋਂ ਪਾਈਆਂ ਜਾਂਦੀਆਂ
ਬੋਲੀਆਂ ਦੇ ਬੋਲ ਕੁੱਝ ਇਸ ਤਰ੍ਹਾਂ ਦੇ ਹੁੰਦੇ ਨੇ :—image by-Jaswinder Kainaur
1. ਉਠੋ ਜਾਗ ਬਈ, ਹੁਣ ਜਾਗੋ ਆਈ ਐ
ਸ਼ਾਵਾ ਬਈ, ਹੁਣ ਜਾਗੋ ਆਈ ਐ
ਲਾੜੇ ਦੀ ਭੂਆ ਜਾਗ ਬਈ, ਹੁਣ ਜਾਗੋ ਆਈ ਐ
ਚੁੱਪ ਕਰੋ ਜੀ, ਅਸੀਂ ਮਸਾਂ ਸੁਲਾਈ ਐ
ਅੜੀ ਕਰੂਗੀ, ਐਵੇਂ ਲੜੂਗੀ, ਲੋਰੀ ਦੇਕੇ ਪਾਈ ਐ
ਜੀ ਹੁਣ ਜਾਗੋ ਆਈ ਐ
2. ਲਾੜੇ ਦੀ ਭੂਆ ਚੱਕ ਲਿਆ, ਬਜਾਰ ਵਿੱਚੋਂ ਚਾਂਦੀ
ਨੀ ਤੇਰੇ ਨਾਲੋਂ ਬਾਂਦਰੀ ਚੰਗੀ, ਜਿਹੜੀ ਨਿੱਤ ਮੁਕਲਾਵੇ ਜਾਂਦੀ
3. ਲੰਬੜਾ ਜ਼ੋਰੋ ਜਗਾ ਲੈ ਵੇ, ਹੁਣ ਜਾਗੋ ਆਈ ਐ
ਬੱਲੇ ਬਈ ਹੁਣ ਜਾਗੋ ਆਈ ਐ,
ਲੰਬੜਾ ਜ਼ੋਰੋ ਜਗਾ ਲੈ ਵੇ ਹੁਣ ਜਾਗੋ
ਆਈ ਐ
ਜਾਗੋ 'ਚ ਤੇਲ ਪਾ ਦਿਓ ਬਈ ਹੁਣ ਜਾਗੋ ਆਈ ਐ
ਜਾਗੋ ਕੱਢਣ ਦੀ ਰਸਮ ਵੇਲੇ ਮੁਹੱਲੇ
ਦੇ ਬਹੁਤੇ ਲੋਕੀਂ ਸੁੱਤੇ ਪਏ ਹੁੰਦੇ ਹਨ।ਜਾਗੋ ਕੱਢਣ ਦੀ ਉਸ ਰਸਮ ਨੂੰ ਸੁੱਤੇ ਪਏ ਲੋਕੀਂ ਉਠ—ਉਠਕੇ ਦੇਖਦੇ ਹਨ। ਜਾਗੋ—ਪਾਰਟੀ ਖਿੜ—ਖਿੜ ਹੱਸਦੀ,
ਗਾਉਂਦੀ, ਨੱਚਦੀ—ਟੱਪਦੀ ਅੱਗੇ ਵਧਦੀ ਰਹਿੰਦੀ ਹੈ।ਦਰ—ਅਸਲ ਜਾਗੋ ਕੱਢਣ ਦੀ ਰਸਮ ਵਿਆਹ ਵਾਲੇ ਖੁਸ਼ੀ ਦੇ ਮਾਹੌਲ ਨੂੰ ਚਾਰ ਚੰਨ ਲਾ ਦਿੰਦੀ ਹੈ। ਇਹ ਰਸਮ
ਜਿੱਥੇ ਖੁਸ਼ੀ ਦੇ ਪਲਾਂ ’ਚ ਵਾਧਾ ਕਰਦੀ ਹੈ ਉਥੇ ਵਿਦਿਆ ਦੇ ਸਾਧਨ ਵਜੋਂ ਵੀ ਕੰਮ ਕਰਦੀ ਹੋਈ ਪ੍ਰਤੀਤ ਹੁੰਦੀ ਹੈ।ਜਾਗੋ ਕੱਢਣ
ਦਾ ਨਜ਼ਾਰਾ ਵੱਖਰਾ ਹੀ ਹੁੰਦਾ ਹੈ। ਉਸ ਵੱਖਰੇ ਨਜ਼ਾਰੇ ਨਾਲ ਵਿਆਹ ਦੀਆਂ ਰੌਣਕਾਂ ਹੋਰ ਵੀ ਵਧ ਜਾਂਦੀਆਂ
ਹਨ। ਮੌਜੂਦਾ ਸਮੇਂ ਵਿੱਚ ਕੁੱਝ ਇਸ ਤਰ੍ਹਾਂ ਦੇਖਣ ਨੂੰ ਮਿਲਦਾ ਹੈ ਕਿ ਜਾਗੋ ਟੋਲੀ ਵਲੋਂ ਸਜ—ਧਜਕੇ ਮੁਹੱਲੇ ਵਿੱਚ ਘੁੰਮ—ਘੁੰਮ ਕੇ ਗੀਤ, ਗਿੱਧਾ ਤੇ ਭੰਗੜਾ ਇਉਂ ਪਾਇਆ ਜਾਂਦਾ
ਹੈ ਜਿਵੇਂ ਕਿ ਆਲ ਇੰਡੀਆ ਰੇਡੀਓ ਜਾਂ ਦੂਰਦਰਸ਼ਨ ਵਾਲਿਆਂ ਨੇ ਰਿਕਾਰਡਿੰਗ ਕਰਨੀ ਹੋਵੇ। ਇਸ ਤਰ੍ਹਾਂ
ਜਾਗੋ ਕੱਢਦੇ—ਕੱਢਦੇ ਕਾਫੀ ਸਮਾਂ ਲੱਗ ਜਾਂਦਾ ਹੈੇ।
ਜਾਗੋ ਕੱਢਣ ਵਾਲੀ ਟੀਮ ਕਈ ਵਾਰੀ ਹੱਦੋਂ ਬਾਹਰ ਵੀ ਹੋ ਜਾਂਦੀ ਹੈ। ਜੇਕਰ ਗਰਮੀਆਂ ਦਾ ਮੌਸਮ ਹੋਵੇ ਤੇ
ਕੋਈ ਵਿਅਕਤੀ ਬਾਹਰ ਗਲੀ ਜਾਂ ਵਿਹੜੇ ਵਿੱਚ ਸੁੱਤਾ ਪਿਆ ਹੋਵੇ ਤਾਂ ਜਾਗੋ ਪਾਰਟੀ ਉਸ ਦਾ ਮੰਜਾ ਹੀ ਮੂਧਾ
ਮਾਰ ਦਿੰਦੀ ਹੈ। ਰਾਤ ਨੂੰ ਸੁੱਤਾ ਬੰਦਾ ਉੱਭੜ—ਬਾਹਾ ਉਠਦਾ ਦੇਖਦਾ ਹੈ ਕਿ ਉਹ ਥੱਲੇ ਤੇ ਮੰਜਾ ਉਸਦੇ ਉੱਪਰ ਹੈ। ਕੱਚੇ ਮਕਾਨਾਂ ਦੀਆਂ ਛੱਤਾਂ ਦੇ
ਪਰਨਾਲੇ ਵੀ ਜਾਗੋ ਪਾਰਟੀ ਵਾਲੇ ਤੋੜ ਦਿੰਦੇ ਹਨ। ਪਹਿਲਾਂ ਨਾਨਕੇ ਮੇਲ ਨੂੰ ਇਹ ਸਭ ਕੁੱਝ ਮਾਫ ਹੁੰਦਾ
ਸੀ। ਲੋਕ ਅਜਿਹੀਆਂ ਸ਼ਰਾਰਤਾਂ ਦਾ ਗੁੱਸਾ ਨਹੀਂ ਸੀ ਮਨਾਉਂਦੇ ਪਰ ਹੁਣ ਸਮਾਂ ਬਦਲ ਗਿਆ ਹੈ। ਕਈ ਵਾਰੀ
ਤਾਂ ਤੂੰ—ਤੂੰ, ਮੈਂ—ਮੈਂ ਤੱਕ ਦੀ ਨੌਬਤ ਆ ਜਾਂਦੀ ਹੈ।
ਉਸ ਮਹੌਲ ਨੂੰ ਠੀਕ ਕਰਨ ਦੇ ਲਈ ਫਿਰ ਸਿਆਣੇ ਬਜ਼ੁਰਗ ਰੋਲ ਨਿਭਾਉਂਦੇ ਹਨ।image by-Jaswinder Kainaur
ਮੋਬਾਇਲ 9888842244
ਇਹ ਵੀ ਪੜ੍ਹੋ -
ਅਦਾਲਤੀ ਖੱਜਲ ਖੁਆਰੀਆਂ ਨੂੰ ਬਿਆਨ ਕਰਦੀ ਵਿਕੇਸ਼ ਨਿਝਾਵਨ ਦੀ ਬੇਹੱਦ ਭਾਵੁਕ ਕਰ ਦੇਣ ਵਾਲੀ ਇੱਕ ਹਿੰਦੀ ਕਹਾਣੀ
4 Comments
ਬਹੁਤ ਖੂਬ ਸਾਡੇ ਸੱਭਿਆਚਾਰ ਵਿੱਚ ਆ ਰਹੇ ਬਦਲਾਅ ਨੂੰ ਖੂਬਸੂਰਤੀ ਨਾਲ ਬਿਆਨ ਕੀਤਾ ਲੇਖਕ ਜਸਵਿੰਦਰ ਜੀ ਨੇ
ReplyDeleteGood & nice to next generation.
ReplyDeleteGood sir
ReplyDeleteVery good sir to about our culture, I salute you. 🙏
ReplyDeleteਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.