ਚੱਲ ਦਿਲਾ ਉਸ ਧਰਤ ਪਿਆਰੀ, ਤਾਈਂ ਸਿਜਦਾ ਕਰ ਆਈਏ

ਲਖਵਿੰਦਰ ਸਿੰਘ ਬਾਜਵਾ 

ਗੀਤ

ਚੱਲ ਦਿਲਾ ਉਸ ਧਰਤ ਪਿਆਰੀ, ਤਾਈਂ ਸਿਜਦਾ ਕਰ ਆਈਏ,

ਜਿੱਥੇ ਗੁਰ ਪਰਿਵਾਰ ਸਮਾਇਆ, ਓਥੇ ਮਸਤਕ ਧਰ ਆਈਏ।

 

ਚੱਲ ਚਾਂਦਨੀ ਚੌਂਕ ਨੂੰ ਜਿੱਥੇ, ਵੱਡਾ ਸਾਕਾ ਹੋਇਆ।

ਤੇਗ ਬਹਾਦਰ ਹਿੰਦ ਦੀ ਚਾਦਰ, ਬੀਜ ਧਰਮ ਦਾ ਬੋਇਆ।

ਜਿੱਥੇ ਦੁਨੀਆ ਭਰੇ ਹਾਜ਼ਰੀ, ਚੱਲ ਆਪਾਂ ਵੀ ਭਰ ਆਈਏ।

ਚੱਲ ਦਿਲਾ ਉਸ ਧਰਤ ਪਿਆਰੀ, ਤਾਈਂ ਸਿਜਦਾ ਕਰ ਆਈਏ,

 

ਚੱਲ ਚਮਕੌਰ ਦਸਮ ਨੇ ਜਿੱਥੋਂ, ਨਵੀਂ ਤੋਰ ਕੇ ਰੀਤੀ,

ਹੱਥੀਂ ਤੋਰੇ ਜੰਗ ਨੂੰ ਪੁੱਤਰ , ਪਾਟੀ ਕਿਸਮਤ ਸੀਤੀ।

ਯਾਦਾਂ ਦਾ ਉਹ ਤਲਖ ਸਮੁੰਦਰ, ਆਪਾਂ ਵੀ ਬਿੰਦ ਤਰ ਆਈਏ।

ਚੱਲ ਦਿਲਾ ਉਸ ਧਰਤ ਪਿਆਰੀ, ਤਾਈਂ ਸਿਜਦਾ ਕਰ ਆਈਏ,

 

ਮਾਛੀਵਾੜੇ ਦੀ ਧਰਤੀ ਤੇ, ਰੋੜ ਵਿਛਾ ਕੇ ਥੱਲੇ।

ਦੋ ਪਲ ਸੌਂ ਕੇ ਅਨੁਭਵ ਕਰੀਏ, ਸਮੇਂ ਓਸ ਨੂੰ ਕੱਲੇ।

ਇੱਕ ਦੋ ਕੰਡੇ ਯਾਦ ਉਹਦੀ ਦੇ, ਖੋਭ ਦਿਲੇ ਤੇ ਜਰ ਆਈਏ।

ਚੱਲ ਦਿਲਾ ਉਸ ਧਰਤ ਪਿਆਰੀ, ਤਾਈਂ ਸਿਜਦਾ ਕਰ ਆਈਏ,

 

ਅੱਖਾਂ ਦੇ ਵਿੱਚ ਹੰਝੂ ਭਰ ਕੇ, ਕਦਮਾ ਵਿੱਚ ਰਵਾਨੀ।

ਚੱਲ ਸਰਹੰਦ ਗਏ ਕਰ ਜਿੱਥੇ, ਲਾਲ ਅਜਬ ਕੁਰਬਾਨੀ।

ਜੋਰਾਵਰ ਤੇ ਫਤਿਹ ਸਿੰਘ ਦੀ, ਮੌਤ ਖਿਆਲੀਂ ਮਰ ਆਈਏ।

ਚੱਲ ਦਿਲਾ ਉਸ ਧਰਤ ਪਿਆਰੀ, ਤਾਈਂ ਸਿਜਦਾ ਕਰ ਆਈਏ,

 

ਗੁਜਰੀ ਤੇ ਜੋ ਗੁਜਰੀ ਤੱਕੀਏ, ਠੰਡੇ ਬੁਰਜ ਵਿੱਚ ਬਹਿ ਕੇ।

ਅਨੁਭਵ ਕਰੀਏ ਜਰਾ ਜਿਸਮ ਤੇ, ਪੋਹ ਦੀ ਠਾਰੀ ਸਹਿ ਕੇ।

ਤਿਪ ਤਿਪ ਚੋਂਦੇ ਰੁੱਖ ਤੱਕ ਨੈਣੋ, ਝਰਨੇ ਵਾਂਗੂੰ ਝਰ ਆਈਏ।

ਚੱਲ ਦਿਲਾ ਉਸ ਧਰਤ ਪਿਆਰੀ, ਤਾਈਂ ਸਿਜਦਾ ਕਰ ਆਈਏ,

 

ਜਾ ਕੇ ਕਿਲੇ ਅਨੰਦਪੁਰ ਉੱਤੇ, ਜੇ ਦੰਡਵਤ ਨਾ ਕੀਤੀ।

ਬਾਜਾਂ ਵਾਲੇ ਸੰਗ ਬਾਜਵਾ, ਕਾਹਦੀ ਫੇਰ ਪ੍ਰੀਤੀ।

ਉਹਦੀ ਸਿੱਖਿਆ ਦੀ ਭਰ ਝੋਲੀ, ਵਾਪਸ ਆਪਣੇ ਘਰ ਆਈਏ।

ਚੱਲ ਦਿਲਾ ਉਸ ਧਰਤ ਪਿਆਰੀ, ਤਾਈਂ ਸਿਜਦਾ ਕਰ ਆਈਏ।

ਸੰਪਰਕ -

ਲਖਵਿੰਦਰ ਸਿੰਘ ਬਾਜਵਾ

ਪਿੰਡ ਜਗਜੀਤ ਨਗਰ (ਹਰੀਪੁਰਾ)

ਜ਼ਿਲ੍ਹਾ ਸਿਰਸਾ, ਹਰਿਆਣਾ

ਮੋਬਾਈਲ-9416734506

9729608492

ਇਹ ਵੀ ਪੜ੍ਹੋ -

ਨ ਲਫ਼ਜ਼ ਕੋਈ ਬਨਾ ਮੇਰੇ ਦਿਲ ਕਾ ਆਈਨਾ ਤਮਾਮ ਉਮਰ ਕਿਤਾਬੋਂ ਕਾ ਕਾਰੋਬਾਰ ਕੀਆ

Post a Comment

0 Comments