ਰੰਗ ਮੌਸਮ ਦੇ ਰਾਗ ਸਮੇਂ ਦੇ, ਫਸਲ ਸਮੇਂ ਸਿਰ ਹੋਵੇ

ਕਵਿਤਾ
/ਲਖਵਿੰਦਰ ਸਿੰਘ ਬਾਜਵਾ 

ਰੰਗ ਮੌਸਮ ਦੇ ਰਾਗ ਸਮੇਂ ਦੇ, ਫਸਲ ਸਮੇਂ ਸਿਰ ਹੋਵੇ।

ਕਾਵਿ ਸਮੇਂ ਸਿਰ ਜੇ ਨਾ ਹੋਵੇ, ਉਹ ਵੀ ਯਾਰ ਨਾ ਸੋਹਵੇ।

    - - - - 

ਕਵਿਤਾ ਉਹ ਕਿੰਨੀ ਸੁੰਦਰ ਹੈ,

ਕੁੱਜੇ ਵਿੱਚ ਬੰਦ ਸਮੁੰਦਰ ਹੈ।

ਇਹ ਵੇਗ ਸੁਚੱਜੇ ਵਹਿੰਦੀ ਏ,

ਜਿਓਂ ਨਦੀ ਪਹਾੜੋਂ ਲਹਿੰਦੀ ਏ।

ਫੁੱਲਾਂ ਤੇ ਜੀਕਣ ਭੌਰਾ ਏ,

ਖੁਸ਼ਬੂਆਂ ਸੰਗ ਲਟਬੌਰਾ ਏ।

ਝੋਕਾ ਸਮੀਰ ਸੁਹਾਣੀ ਦਾ,

ਇੱਕ ਹਾਨਣ ਦਾ ਇੱਕ ਹਾਣੀ ਦਾ।

ਜਾਂ ਸਾਵਣ ਦੀ ਬਦਲੋਟੀ ਏ,

ਕਿਣ ਮਿਣ ਦੀ ਨਰਮ ਚਕੌਟੀ ਏ।

ਸ਼ਬਨਮ ਦੇ ਮੋਤੀ ਘਾਹਵਾਂ ਤੇ,

ਜਿਓਂ ਪ੍ਰੀਤ  ਪਰੁੱਚੀ ਭਾਵਾਂ ਤੇ।

ਇਹ ਮਹਿਕ ਮਕਈ ਗੰਨੇ ਦੀ,

ਜਾਂ ਬਾਸਮਤੀ ਦੇ ਬੰਨੇ ਦੀ।

ਇਹ ਕਲੀ ਤਰੇਲਾਂ ਧੋਤੀ ਦੀ,

ਜਾਂ ਝਲਕ ਅਮੁੱਲੇ ਮੋਤੀ ਦੀ।

ਇਹ ਪਰੀ ਅਕਾਸ਼ੋਂ ਆਈ ਏ,

ਕੁਝ ਸੁਫਨ ਪਲਾਂ ਦੀ ਜਾਈ ਏ।

ਹੈ ਵਸਲਾਂ ਦੇ ਅਹਿਸਾਸ ਜਿਹੀ,

ਕੁਝ ਦੂਰ ਜਿਹੀ ਕੁਝ ਪਾਸ ਜਿਹੀ।

ਕੋਇਲ ਦੀ ਮਿੱਠੀ ਕੂਕ ਜਿਹੀ,

ਚਿੜੀਆਂ ਦੀ ਪਿਆਰੀ ਚੂਕ ਜਿਹੀ।

ਰੇਸ਼ਮ ਦੇ ਉਸ ਅਹਿਸਾਸ ਜਿਹੀ,

ਇਹ ਕਵਿਤਾ ਹੈ ਮਧੂਮਾਸ ਜਿਹੀ।

ਇਹ ਰੋਜ ਦਿਹਾੜੇ ਆਉਂਦੀ ਹੈ,

ਤੇ ਲਿਖਣ ਲਈ ਉਕਸਾਉਂਦੀ ਹੈ।

ਪਰ ਮੈਂ ਲਿਖਣੋ ਘਬਰਾਉਂਦਾ ਹਾਂ,

ਹਰ ਦਿਨ ਵਾਪਸ ਪਰਤਾਉਂਦਾ ਹਾਂ।

ਇਹ ਨਾਜੁਕ ਫੁੱਲ ਗੁਲਾਬ ਜਿਹੀ,

ਪੈਂਦੀ ਪਰ ਤਰੇਲ ਤੇਜ਼ਾਬ ਜਿਹੀ।

ਮੌਸਮ ਇਹਦੇ ਅਨੁਕੂਲ ਨਹੀ, 

ਏਸੇ ਲਈ ਲਿਖਣ ਅਸੂਲ ਨਹੀ।

ਰੁੱਤ ਮਾਨਵਤਾ ਦੀ ਆਵੇਗੀ,       

ਤੇ ਖਿਜ਼ਾਂ ਡਰਾਉਣੀ ਜਾਵੇਗੀ।     

ਫਿਰ ਆਈ ਲਿਖ ਲਿਆਵਾਂਗਾ,

ਤੇ ਸਭ ਨੂੰ ਬੋਲ ਸੁਣਾਵਾਂਗਾ।

ਪਰ ਹਾਲੇ ਝਾ ਕਰ ਜਾਂਦੀ ਏ,

ਬੇ ਸ਼ਰਮਾ ਤੋਂ ਸ਼ਰਮਾਂਦੀ ਏ।

ਜਦ ਰੁੱਤ ਗਮੀ ਦੀ ਜਾਵੇਗੀ,

ਫਿਰ ਬਾਜਵਿਆ ਜਦ ਆਵੇਗੀ।

ਤਦ ਇਸ ਦੇ ਨਕਸ਼ ਉਤਾਰਾਂਗਾ,

ਕਾਗਜ਼ ਦਾ ਸੀਨਾ ਠਾਰਾਂਗਾ।

ਹਾਲੇ ਮੌਸਮ ਅਨੁਕੂਲ ਨਹੀ,

ਏਸੇ ਲਈ ਲਿਖਣ ਅਸੂਲ ਨਹੀ।

ਇਹ ਨਾਜ਼ੁਕ ਪੱਤੀਆਂ ਵਾਲੀ ਹੈ,

ਪੌਣਾ ਵਿੱਚ ਗਰਮੀ ਬਾਹਲੀ ਹੈ।

ਅੱਗ ਕਲਮ ਅਜੇ ਵਰਸਾਂਦੀ ਹੈ,

ਹਿੱਕ ਕਾਗਜ਼ ਦੀ ਜਲ ਜਾਂਦੀ ਹੈ।

ਕਾਨੀ ਦੀ ਸਾਂਗ ਬਣਾਵਾਂਗੇ,

ਇਹ ਜੁੱਗ ਜਦੋਂ ਪਲਟਾਵਾਂਗੇ।

ਨਫ਼ਰਤ ਦੇ ਝਾੜ ਉਖਾੜਾਂਗੇ,

ਸੂਲਾਂ ਦੇ ਝਾਫੇ ਸਾੜਾਂਗੇ।

ਜਦ ਪਿਆਰ ਬਗੀਚੇ ਲਾਵਾਂਗੇ,

ਏਹ ਕਵਿਤਾ ਓਦੋਂ ਗਾਵਾਂਗੇ।

ਸੰਪਰਕ -

ਲਖਵਿੰਦਰ ਸਿੰਘ ਬਾਜਵਾ

ਪਿੰਡ ਜਗਜੀਤ ਨਗਰ (ਹਰੀਪੁਰਾ)

ਜ਼ਿਲ੍ਹਾ ਸਿਰਸਾ, ਹਰਿਆਣਾ

ਮੋਬਾਈਲ-9416734506

9729608492   


ਇਹ ਵੀ ਪਸੰਦ ਕਰੋਗੇ - 

ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਵਿੱਚ ਮੁਸਲਸਲ ਗ਼ਜ਼ਲ / ਅੰਮ੍ਰਿਤਪਾਲ ਸਿੰਘ ਸ਼ੈਦਾ     

Post a Comment

0 Comments