ਬੇਰੀਆਂ, ਨਿੱਤ ਸੋਹਣੀ ਧੁੱਪ ਚੜ੍ਹਦੀ ਲੰਘ ਜਾਂਦੀਆਂ ਨੇ ਕਾਲ਼ੀਆਂ ਹਨੇਰੀਆਂ.

Dark storms come and go,

Bright sunshine stays with you, bro!

ਸ਼ਬਦ ਚਾਨਣੀ---ਨਿਰਮਲ ਦੱਤ

ਟੱਪੇ

ਬੇਰੀਆਂ,

ਨਿੱਤ ਸੋਹਣੀ ਧੁੱਪ ਚੜ੍ਹਦੀ

ਲੰਘ ਜਾਂਦੀਆਂ ਨੇ ਕਾਲ਼ੀਆਂ ਹਨੇਰੀਆਂ.

 

ਕਾਸੇ,

ਡੁੱਬ, ਡੁੱਬ ਫੇਰ ਤੈਰਦੇ

ਖਾਰੇ ਹੰਝੂਆਂ 'ਚੋਂ ਮਿੱਠੇ-ਮਿੱਠੇ ਹਾਸੇ.

 

ਛਾਵਾਂ,

ਤੇਰੇ ਨਾਲ ਮਹਿਕ ਗਈਆਂ

ਰਾਤ ਚਾਨਣੀ 'ਚ ਨਰਮ ਹਵਾਵਾਂ.

 

ਮਾਇਆ,

ਰੋਂਦੇ-ਰੋਂਦੇ ਫੁੱਲ ਹੱਸ ਪਏ

ਜਦੋਂ ਪੈਰ ਤੂੰ ਬਾਗ਼ ਵਿੱਚ ਪਾਇਆ.

ਗ਼ਜ਼ਲ

ਅੱਜ ਵੀ ਇੰਤਜ਼ਾਰ ਕਰਦਾ ਹਾਂ,

ਪਿਆਰ ਕਰਦਾ ਸੀ, ਪਿਆਰ ਕਰਦਾ ਹਾਂ.

 

ਮੈਂ ਇਕੱਲਾ ਹੀ ਬੇ-ਅਰਾਮ ਨਹੀਂ

ਮੈਂ ਵੀ ਤਾਂ ਬੇ-ਕਰਾਰ ਕਰਦਾ ਹਾਂ.

 

ਅਕਲ ਆਉਂਦੀ ਹੈ ਗ਼ਲਤੀਆਂ ਤੋਂ ਬਾਅਦ,

ਗ਼ਲਤੀਆਂ ਵਾਰ-ਵਾਰ ਕਰਦਾ ਹਾਂ.

 

ਮਨ ਮੇਰਾ ਬੇ-ਗਿਆਨ ਅਰਜਨ ਹੈ,

ਰੋਜ਼ ਮਨ ਨੂੰ ਤਿਆਰ ਕਰਦਾ ਹਾਂ.

 

ਬਹੁਤ ਉਦਾਸ ਹੈ ਰੁੱਤ ਇਹ ਪੀਲ਼ੀ-ਪੀਲ਼ੀ

ਗਾ ਕੇ ਇਸਦਾ ਸ਼ਿੰਗਾਰ ਕਰਦਾ ਹਾਂ.

 

ਮੰਗ ਕੇ ਮੌਤ ਕੋਲ਼ੋਂ ਇੱਕ-ਇੱਕ ਪਲ,

ਜ਼ਿੰਦਗ਼ੀ ਦਾ ਦੀਦਾਰ ਕਰਦਾ ਹਾਂ.

ਕਾਲ਼ੇ ਮੈਂਢੇ ਕੱਪੜੇ

ਇਹ ਮੇਰੀ ਕਾਲ਼ੀ ਜਿਹੀ ਕੰਬਲੀ

ਮੇਰਾ ਕਾਲ਼ਾ ਵੇਸ

ਇਹ ਤਾਂ ਇੱਕ ਨਾਟਕ ਹੈ,

ਇਹ ਅਦਾਕਾਰਾਂ ਦੇ ਇਸ ਸ਼ਹਿਰ ਦਾ

ਇੱਕ ਫੈਸ਼ਨ ਹੈ.

ਜਾਹ,

ਕਿਸੇ ਸੱਚੇ ਦਰਵੇਸ਼ ਦੇ ਬੂਹੇ 'ਤੇ ਜਾਹ!

ਮੈਂ ਤਾਂ ਇੱਕ ਤਿਣਕਾ ਹਾਂ

ਆਪਣੇ ਮਨ ਦੇ ਤੂਫ਼ਾਨਾਂ ਅੰਦਰ.

ਮੈਂ ਭਲਾ ਕਿੰਝ ਜਾਣ ਸਕਦਾ ਹਾਂ

ਤੇਰੇ ਨੈਣਾਂ '

ਜਗਦੇ, ਬੁਝਦੇ ਭੇਤ?

ਮੈਂ ਭਲਾ ਕਿਸ ਤਰ੍ਹਾਂ ਸੁਝਾ ਸਕਦਾਂ

ਤੇਰੇ ਮੱਥੇ 'ਤੇ ਲਿਖੇ

ਚੁੱਪ ਸਵਾਲਾਂ ਦੇ ਜਵਾਬ?

ਮੈਂ ਭਲਾ ਕਿੰਝ ਦੱਸ ਸਕਦਾ ਹਾਂ

ਕਿੰਨੀ ਕਰਨੀ ਹੈ

ਕਿਨਾਰੇ 'ਤੇ ਜਹਾਜ਼ਾਂ ਦੀ ਉਡੀਕ?

ਮੈਂ ਭਲਾ ਕਿੰਝ ਲੱਭ ਸਕਦਾ ਹਾਂ

ਰੁੱਸ ਕੇ ਤੁਰ ਗਏ

ਸੂਰਜ ਦਾ ਪਤਾ?

ਵੇਖ, ਆਵਾਰਾ ਜਿਹੇ ਬੱਦਲ ਤੋਂ

ਐਵੇਂ ਬਰਸਾਤ ਦਾ ਤੂੰ ਭਰਮ ਨਾ ਪਾਲ,

ਵੇਖ, ਇੱਕ ਬੇਸੁਰੇ ਜਿਹੇ ਮੌਸਮ ਤੋਂ

ਐਵੇਂ ਤੂੰ ਆਸ ਨਾ ਲਾ ਗੀਤਾਂ ਦੀ........!

ਸੁਪਨਾ ਤੇ ਸੱਚ

ਜਦੋਂ ਮੈਂ ਬਾਲ ਸਾਂ

ਮੈਂ ਸੋਚਦਾ ਸਾਂ

ਕਿ ਜਿਸਨੇ ਆਦਮੀਂ ਲਈ ਅੱਗ ਚੁਰਾਈ ਸੀ

ਉਸ ਨੇ ਕੁਝ ਨਹੀਂ ਕੀਤਾ,

ਜਦੋਂ ਮੈਂ ਜੁਆਨ ਹੋਵਾਂਗਾ

ਤਾਂ ਮੈਂ ਇਹ ਅੱਗ ਚੁਰਾਉਣੀ ਨਹੀਂ

ਸਗੋਂ ਖੋਹ ਕੇ ਲਿਆਵਾਂਗਾ;

ਹੁਣ ਜਦੋਂ ਮੈਂ ਜੁਆਨ ਹਾਂ

ਤੇ ਜਦ ਫਿਰ ਆਦਮੀਂ ਲਈ

ਅੱਗ ਚੋਰੀ ਕਰਨ ਦੀ

ਕੁਝ ਲੋਕ

ਕੋਸ਼ਿਸ਼ ਕਰ ਰਹੇ ਨੇ   

ਮੈਂ

ਬੜਾ ਹੈਰਾਨ ਹੋ ਕੇ ਵੇਖਦਾ ਹਾਂ

ਕਿ ਮੈਂ

ਸਮੇਂ ਦੀ ਝੀਲ ਵਿੱਚ

ਪੱਤਿਆਂ ਦੇ ਉੱਤੇ ਤੈਰਦੇ ਹੋਏ

ਬੌਣਿਆਂ ਦੀ ਫੌਜ ਵਿੱਚ ਹਾਂ

ਤੇ ਸਾਡਾ

ਤਿਤਲੀਆਂ ਨਾਲ਼ ਯੁੱਧ ਜਾਰੀ ਹੈ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060



Contact –

Nirmal Datt

# 3060, 47-D,

Chandigarh.

Mobile-98760-13060

 ਇਹ ਵੀ ਪਸੰਦ ਕਰੋਗੇ -

ਹਰ ਤਰਫ ਧੂੰਆਂ ਧੂੰਆਂ ਕਹੀਂ ਤੋ ਪਨਾਹ ਮਿਲੇ ਝੁਲਸੇ ਹੇਂ ਫੂਲ ਸ਼ਾਖੂੰ ਪੈ ਜਲਤੀ ਫਿਜ਼ਾ ਮਿਲੇ

 

 

 

Post a Comment

0 Comments