ਤੁਰਦੇ ਫਿਰਦੇ ਕੰਪਿਊਟਰ

ਰਵਿੰਦਰ ਰਵੀ ਦੀਆਂ ਤਿੰਨ ਖ਼ੂਬਸੂਰਤ ਕਵਿਤਾਵਾਂ

Image by Gerd Altmann from Pixabay  

ਤੁਰਦੇ ਫਿਰਦੇ ਕੰਪਿਊਟਰ

ਨਾ ਇਹ ਆਸ਼ਕ, ਨਾ ਇਹ ਕਾਮੀਂ,

ਨਾ ਇਹ ਪੀਰ, ਪੈਗ਼ੰਬਰ।

ਇਕ *ਮ੍ਹੀਨੇ ਵਿੱਚ ਬਾਰਾਂ ਮ੍ਹੀਨੇ,

ਚੜ੍ਹਿਆ ਰਹੇ ਦਸੰਬਰ।

ਬੇਰੁੱਤੇ, ਅਹਿਸਾਸ ਤੋਂ ਸੱਖਣੇ,

ਰਿਸ਼ਤੇ ਸਿਫਰੇ, ਅੱਧੇ, ਪੌਣੇ।

ਇਕ ਦੂਜੇ ਤੇ ਚੜ੍ਹ ਚੜ੍ਹ ਉੱਤਰਨ,

ਬਿਜਲੀ ਦੇ ਖਿਡੌਣੇ।

ਹੋਰ ਕਿਸੇ ਦੀ ਸੋਚ ਨੂੰ ਸੋਚਣ,

ਆਪਣੇ ਪੰਨੇਂ ਕੋਰੇ।

ਨਾਲ ਮਖੌਟੇ, ਮਿਲੇ ਮਖੌਟਾ,

ਖ਼ੁਦ ਹੀ ਖ਼ੁਦ ਤੋਂ ਦੌੜੇ।

ਹੋਂਦ-ਵਿਹੂਣੇ ਬੁੱਤ ਤੁਰਦੇ ਨੇ,

ਭੀੜਾਂ ਦੇ ਭਟਕਾਏ।

ਨਿਰੇ ਵਿਹਾਰਕ ਪੁਤਲੇ ਜਾਪਣ,

ਖ਼ੁਦ ਨੂੰ ਸਮਝ ਨਾਂ ਪਾਏ।

ਕੰਪਿਊਟਰ ਦੀ ਸੱਭਿਅਤਾ ਹੈ ਇਹ,

ਆਪਣੀ ਖੇਡ, ਖਿਡਾਵੇ।

ਰੱਬ, ਸ਼ੈਤਾਨ ਵੀ ਇਸ ਦੇ ਚਾਕਰ,

ਕਾਲ ਵੀ ਬੱਝਾ ਇਸ ਦੇ ਪਾਵੇ।

ਤੁਰਦੇ ਫਿਰਦੇ ਕੰਪਿਊਟਰ ਨੇ,

ਏਸ ਸਦੀ ਦੇ ਇਹ ਇਨਸਾਨ।

ਬਟਣ ਦਬਾਇਆਂ ਹਿੱਲਦੇ ਰਹਿੰਦੇ,

ਭੁੱਲ ਗਈ ਸਭ ਪਹਿਚਾਣ।

ਨਾ ਇਹ ਜਾਗਣ, ਸੌਣ ਵੀ ਨਾ ਇਹ,

ਜਾਗੋ-ਸੋਤੇ ਵਿੱਚ ਮਸ਼ੀਨਾਂ।

ਲਟਕੀਆਂ ਆਪ ਖਲਾਅ ਦੇ ਅੰਦਰ,

ਖੁੱਸੀਆਂ ਸਭ ਜ਼ਮੀਨਾਂ।

---

ਸ਼ਬਦ-ਸੰਕੇਤ-*ਮ੍ਹੀਨੇ ਮਹੀਨੇ

Image by Anders Mejlvang from Pixabay  

ਆਪੋ ਆਪਣਾ ਬ੍ਰਹਮੰਡ

ਰੁੱਖਾਂ ਤੋਂ ਰੁੱਖ ਬੇਮੁੱਖ ਹੋਏ,

ਕੱਲੇ ਕੱਲੇ ਰਹਿੰਦੇ।

ਆਪਣਾ ਆਪ ਭੋਗਦੇ ਆਪੇ,

ਆਪਣੇ ਆਪ ਚ ਰਹਿੰਦੇ।

ਮਹਾਂਨਗਰ ਵੀ ਰੂਪ ਹੈ ਵਣ ਦਾ,

ਹਰ ਘਰ ਜਾਪੇ ਇਕ ਇਕਾਈ।

ਘਰ ਵੀ ਵੰਡਿਆ ਕਮਰਿਆਂ ਦੇ ਵਿੱਚ,

ਹਰ ਕਮਰਾ ਹੀ ਆਪ ਖੁਦਾਈ।

ਇੱਕੋ ਨਜ਼ਰ, ਤੇ ਇਕ ਨਜ਼ਾਰਾ ,

ਇਕ ਸੰਕਲਪ ਤੇ ਇਕ ਇਸ਼ਾਰਾ।

ਇਕ ਕਿਸ਼ਤੀ, ਮੰਝਧਾਰ ਤੇ ਸਾਗਰ,

ਇਕ ਹੀ ਆਪਣਾ ਆਪ ਕਿਨਾਰਾ।

ਇਕ ਹੀ ਜੀਵੇ, ਇਕ ਹੀ ਮੰਗੇ,

ਇਕ ਹੀ ਆਪਣੀ ਆਪ ਲੋਕਾਈ।

ਇਕ ਦਾ ਇਕ ਦੇ ਨਾਲ ਯਰਾਨਾ,

ਪਿੰਡ, ਪਿੰਡ, ਬ੍ਰਹਮੰਡ ਦੀ ਰੁਸ਼ਨਾਈ!!

Image by Izabela Rutkowska from Pixabay 

ਮੁਹੱਬਤ: ਜ਼ਿੰਦਗੀ ਦੀ ਪਾਰ ਗਾਥਾ

ਮੁਹੱਬਤ ਸੁਭਾਵਿਕ ਹੀ,

ਇਕ ਦੂਜੇ ਤੇ,

ਘਟਣ ਦਾ

ਅਹਿਸਾਸ ਹੈ!

ਮੁਹੱਬਤ ਵਿੱਚ,

ਮਹਿਕ, ਰੌਸ਼ਨੀ ਬਣ ਜਾਂਦੀ ਹੈ

ਤੇ ਰੌਸ਼ਨੀ ਗੀਤ!

ਸੂਰਜ ਦੀਆਂ ਕਿਰਨਾਂ ਦੀ ਸਰਗਮ,

ਚੰਨ, ਤਾਰੇ, ਨਖਯੱਤਰ ਵਿਖਾਉਂਦੀ ਹੈ!

ਨਿ੍ਰਤ ਕਰਦੀ ਆਬਸ਼ਾਰ,

ਨਦੀ ਗੁਣਗੁਣਾਉਂਦੀ ਹੈ!

ਮੁਹੱਬਤ,

ਪਿੰਡ, ਬ੍ਰਹਿਮੰਡ ਦੀ,

ਮਾਂ ਵੀ ਹੈ

ਤੇ ਮਹਿਬੂਬ ਵੀ!!!

ਮੁਹੱਬਤ,

ਜ਼ਿੰਦਗੀ ਦੀ

ਪਾਰ ਗਾਥਾ ਹੈ!!!

contact-

Ravinder Ravi

116-3530 Kalum Street,

Terrace,B.C.,Canada

V8G 2P2

Telephone- 250 635 4455

Email- ravinderravi37@gmail.com

ਇਹ ਵੀ ਪਸੰਦ ਕਰੋਗੇ -

ਕੇਲੇ, ਮੇਲੀਆਂ ਦੇ ਪੂਰ ਲੰਘਦੇ ਖਾਲੀ ਹੁੰਦੇ ਨਾ ਸਜੇ ਹੋਏ ਮੇਲੇ.

 

 

 


Post a Comment

0 Comments