ਲਿਖੀਂ ਚੁੰਮਣਾ 'ਤੇ ਨਾਂ ਨਾ ਚਾਹੇ ਮੇਰਾ ਅੱਖਾਂ 'ਚ ਥੋੜ੍ਹੀ ਥਾਂ ਰੱਖ ਲਈਂ.

For kisses keep me out of race,

In your eyes do give me some space.

ਸ਼ਬਦ ਚਾਨਣੀ---ਨਿਰਮਲ ਦੱਤ

ਟੱਪੇ

ਲਿਖੀਂ ਚੁੰਮਣਾ 'ਤੇ ਨਾਂ ਨਾ ਚਾਹੇ ਮੇਰਾ

ਅੱਖਾਂ 'ਚ ਥੋੜ੍ਹੀ ਥਾਂ ਰੱਖ ਲਈਂ.

 

ਹੈ ਸੀ ਦੂਰੀਆਂ 'ਚ ਸਾਰੀ ਰੰਗਕਾਰੀ

ਮੇਲ ਹੋਇਆ ਰੰਗ ਉੱਡ ਗਏ.

 

ਉੱਤੇ ਲਿਖ ਕੇ ਠੰਡਾ-ਮਿੱਠਾ ਪਾਣੀ

ਇਹ ਕੌਣ ਤੱਤੀ ਰੇਤ ਵੰਡਦਾ?

 

ਮੈਂਨੂੰ ਮਿਲ ਜੇ ਦਿਲਾਂ ਦਾ ਜਾਨੀ

ਲੈ ਹੱਥ 'ਤੇ ਲਕੀਰ ਲਿਖ ਦੇ.

 

ਕੋਈ ਆ ਗਿਆ ਵਿਹੜੇ ਵਿੱਚ ਮੇਰੇ

ਸੁਪਨੇ ਦਾ ਸੱਚ ਬਣ ਕੇ.

 

ਮੈਂਨੰ ਪੀਤੀ ਦਾ ਨਸ਼ਾ ਹੋ ਜਾਵੇ

ਸੁਣ ਕੇ ਦੋ ਬੋਲ ਤੇਰੇ.

ਗ਼ਜ਼ਲ

ਕਿਰਨਾਂ ਨੇ ਜੋ ਰੰਗ ਵਿਛਾਏ,

ਤੇਰੀ ਖੁਸ਼ਬੂ ਲੈ ਕੇ ਆਏ.

 

ਮੈਖਾਨਾ ਹੈ, ਮਦਰਾ ਵੀ ਹੈ,

ਪੀ ਵੀ ਰਹੇ ਹਾਂ, ਫਿਰ ਤਿਰਹਾਏ.

 

ਮਸਤੀ ਦੀ ਦੇਹਲ਼ੀ ਤੱਕ ਲੈ ਗਏ,

ਹੰਝੂਆਂ ਨੇ ਜੋ ਪ੍ਰਸ਼ਨ ਉਠਾਏ.  

 

ਦਿਨ ਦੇ ਦਿਲ ਦੇ ਸਾਰੇ ਸੰਸੇ,

ਕਾਲ਼ੀ-ਕਾਲ਼ੀ ਰਾਤ ਮਿਟਾਏ.

 

ਸੂਰਜ ਦੇ ਕਾਲ਼ੇ ਪਰਛਾਵੇਂ

ਆ ਕੇ ਇੱਕ ਜੁਗਨੂੰ ਰੁਸ਼ਨਾਏ.

 

ਅਕਲਾਂ ਦੇ ਬੁਝਦੇ ਨੈਣਾਂ ਵਿੱਚ

ਟੀਸ ਦਿਲਾਂ ਦੀ ਦੀਪ ਜਗਾਏ.

 

ਦਿਲ ਵਿੱਚ ਰੌਸ਼ਨ ਹੋ ਜਾਂਦਾ ਹੈ 

ਸੱਚ, ਜੋ ਸੋਚ ਨੂੰ ਦਿਸ ਨਾ ਪਾਏ.

 

ਬੁੱਧੂ ਹੈ, ਜੋ ਘਰ ਛੱਡਦਾ ਹੈ,

ਬੁੱਧ ਹੋਵੇ ਜੋ, ਘਰ ਨੂੰ ਆਏ.

ਚੁੱਪ

ਉਂਝ ਤਾਂ ਚੁੱਪ ਬਹੁਤ ਚੰਗੀ ਹੈ;

 

ਚੁੱਪ ਚੰਗੀ ਹੈ ਉਨ੍ਹਾਂ ਬੋਲਾਂ ਤੋਂ

ਜੋ ਕਿ ਬੱਸ ਰੇਤ-ਕਿਣਕਿਆਂ ਵਾਂਗੂੰ

ਕੰਨ ਦੇ ਪਰਦੇ 'ਤੇ

ਲੜਦੇ ਨੇ ਕੀੜੀਆਂ ਬਣ ਕੇ.

 

ਚੁੱਪ ਚੰਗੀ ਹੈ ਉਨ੍ਹਾਂ ਬੋਲਾਂ ਤੋਂ

ਜੋ ਕਿ ਬੱਸ ਮੈਲ਼ੇ ਅਤੇ ਮੁਸ਼ਕੇ ਹੋਏ ਅਰਥਾਂ ਨੂੰ

ਵੇਚਦੇ ਫਿਰਦੇ ਨੇ ਰੰਡੀਆਂ ਦੀ ਤਰ੍ਹਾਂ.

 

ਉਂਝ ਤਾਂ ਚੁੱਪ ਬਹੁਤ ਚੰਗੀ ਹੈ;

 

ਪਰ ਚੁੱਪ ਕਦੇ ਤੋੜਨੀ ਵੀ ਪੈਂਦੀ ਹੈ:

ਰੂਹ ਦੇ ਜ਼ਖ਼ਮਾਂ ਲਈ

ਗੀਤਾਂ ਦੇ ਮੱਲ੍ਹਮ ਦੀ ਤਰ੍ਹਾਂ,

ਯੁੱਧ-ਭੂਮੀਂ 'ਚ ਘਿਰੇ

ਸਹਿਮੇਂ ਹੋਏ ਯੋਧੇ ਲਈ

ਸਾਂਵਲੇ ਦੇ ਬੋਲਾਂ ਵਾਂਗ.

ਖ਼ਾਬਾਂ ਦਾ ਮੌਸਮ

ਤੈਨੂੰ ਇਹ ਐਵੇਂ ਲੱਗਦਾ ਹੈ

ਕਿ ਖ਼ਾਬਾਂ ਦਾ ਮੌਸਮ

ਕਦ ਦਾ ਗੁਜ਼ਰ ਗਿਆ ਹੈ;

 

ਮੰਨਦਾ ਹਾਂ ਮੈਂ

ਮੌਸਮ ਆਉਂਦੇ ਜਾਂਦੇ ਰਹਿੰਦੇ,

ਪਰ ਖ਼ਾਬਾਂ ਦਾ ਮੌਸਮ

ਇੱਕ ਐਸਾ ਮੌਸਮ ਹੈ

ਜਿਸਦੀ ਉਮਰ ਸਦੀਵੀਂ ਹੋਵੇ;

 

ਕਦੇ-ਕਦੇ ਬੱਸ ਇੰਝ ਹੁੰਦਾ ਹੈ

ਅਪਣੇ ਅੰਦਰਲਾ ਕੋਈ ਬਰਫ਼ੀਲਾ ਮੌਸਮ

ਕਾਲ਼ਾ-ਕਾਲ਼ਾ

ਭਿੱਜਿਆ-ਭਿੱਜਿਆ

ਅੱਖਾਂ ਉੱਤੇ,

ਮਨ ਦੇ ਉੱਤੇ,

ਰੂਹ ਦੇ ਉੱਤੇ ਛਾ ਜਾਂਦਾ ਹੈ

ਤੇ ਖ਼ਾਬਾਂ ਦਾ ਸੁੰਦਰ ਮੌਸਮ

ਉਸਦੀ ਜ਼ੱਦ ਵਿਚ ਆ ਜਾਂਦਾ ਹੈ;

 

ਮੈਂ ਸੁਣਿਆਂ ਹੈ

ਹਰ ਅੰਦਰਲੇ

ਬਰਫ਼ੀਲੇ, ਕਾਲ਼ੇ, ਭਿੱਜੇ ਮੌਸਮ ਪਿੱਛੇ ਵੀ

ਇੱਕ ਮਘਦਾ ਸੂਰਜ ਹੁੰਦਾ ਹੈ:

ਵੇਖੀਂ ਤੂੰ

ਤੇ ਮੈਂਨੂੰ ਦੱਸੀਂ   

ਕੀ ਇਹ ਸੱਚ ਹੈ ?

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060



Contact –

Nirmal Datt

# 3060, 47-D,

Chandigarh.

Mobile-98760-13060

ਇਹ ਵੀ ਪਸੰਦ ਕਰੋਗੇ -

ਕਿਉਂ ਉਸਕੋ ਬਨਾਏਂ ਰਹਿਨਮਾ ਹਮ ਮੰਜ਼ਲ ਕੀ ਜਿਸੇ ਖਬਰ ਨਹੀਂ ਹੈ

 

 

  

 

     

 

Post a Comment

0 Comments