ਸਾਈ, ਨਦੀਆਂ ਪੀ ਕੇ ਵੀ ਮੇਰੀ ਪਿਆਸ ਫਿਰੇ ਤਿਰਹਾਈ.

Stream after stream, though, I do take,

Yet my thirst I can never slake.

ਸ਼ਬਦ ਚਾਨਣੀ---ਨਿਰਮਲ ਦੱਤ

ਟੱਪੇ

ਫੀਤਾ,

ਰਾਤੀਂ ਦਰਿਆ ਰੋ ਪਿਆ

ਕਹਿੰਦਾ ਨਦੀ ਨੇ ਯਾਦ ਨਹੀਂ ਕੀਤਾ.

 

ਤਾਰਾਂ,

ਭੱਜ ਕੇ ਗਲ਼ ਲੱਗ ਜੀਂ

ਜਦੋਂ 'ਵਾਜ ਕਦੇ ਮੈਂ ਮਾਰਾਂ.

 

ਸਾਈ,

ਨਦੀਆਂ ਪੀ ਕੇ ਵੀ

ਮੇਰੀ ਪਿਆਸ ਫਿਰੇ ਤਿਰਹਾਈ.

 

ਹੀਰਾਂ,

ਫੁੱਲ ਖ਼ੁਸ਼ਬੂ ਲੱਭਦੇ

ਰੰਗ ਲੱਭਦੀਆਂ ਪਈਆਂ ਤਸਵੀਰਾਂ.

ਗ਼ਜ਼ਲ

ਸਾਡੀ ਲੰਘਣੀ ਨਹੀਂ ਥੋੜੇ ਜਿੰਨੇਂ ਲਾਰਿਆਂ ਬਿਨਾਂ,

ਤਾਹੀਂਓਂ ਲਿਖਦੇ ਹਾਂ ਖ਼ਤ ਡੁੱਬੇ ਤਾਰਿਆਂ ਦੇ ਨਾਂ.

 

ਜ਼ੋਰ ਲਹਿਰਾਂ ਦਾ ਹੈ ਐਨਾਂ ਅਜੇ ਲੱਗਦੇ ਨਹੀਂ ਪੈਰ,

ਰੱਖੋ ਆਸ ਇਹ ਸੁਨੇਹਾ ਹੈ ਕਿਨਾਰਿਆਂ ਦੇ ਨਾਂ.

 

ਜਿਹੜੇ 'ਨ੍ਹੇਰੀਆਂ ਨੂੰ ਰੋਕਦਿਆਂ ਲੈ ਗਏ ਵਿਦਾਈ,

ਆਓ ਲਿਖੀਏ ਦਿਲਾਂ 'ਤੇ ਓਹਨਾਂ ਪਿਆਰਿਆਂ ਦੇ ਨਾਂ.

 

ਆਓ ਭੇਜੀਏ ਹਵਾ ਦੇ ਹੱਥ ਬਾਗ਼ੀ ਜਿਹੇ ਬੋਲ,

ਚੁੱਪ ਮਿੱਤਰਾਂ ਦੇ ਘੂਰਦੇ ਇਸ਼ਾਰਿਆਂ ਦੇ ਨਾਂ.

 

ਜਿਹੜੇ ਕਾਵਾਂ ਤੇ ਹਵਾਵਾਂ ਹੱਥੋਂ ਹੋਏ ਨੇ ਖੁਆਰ,

ਆਓ ਭੇਜੀਏ ਪਿਆਰ ਓਹਨਾ ਸਾਰਿਆਂ ਦੇ ਨਾਂ.

 

ਲਿਖੋ ਰਾਤ ਦੇ ਮੱਥੇ 'ਤੇ ਕੋਈ ਸੂਰਜੀ ਸਲਾਮ,

'ਨ੍ਹੇਰੇ ਰਾਹਾਂ ਵਿੱਚ ਖੋ ਰਹੇ ਵਿਚਾਰਿਆਂ ਦੇ ਨਾਂ.

ਨਜ਼ਮਾਂ

ਬੋਧ

ਸ਼ਹਿਰ ਹੈ

ਤੇਜ਼ ਧੁੱਪ ਹੈ

ਟੈਲੀਫ਼ੋਨ ਦੇ ਖੰਭੇ ਦੀ ਸਿੱਧੀ ਛਾਂ '

ਬੱਸ ਦੇ ਆਉਣ ਤੱਕ ਰੁਕਿਆ ਹਾਂ;

 

ਸੜਕ ਦੇ ਦੂਜੇ ਪਾਸੇ

ਦੋ ਬੁੱਢੇ ਭਿਖਾਰੀ-

ਅਦਨ ਦੇ ਬਾਗ਼ 'ਚੋਂ ਕੱਢੇ ਹੋਏ ਆਦਮ ਤੇ ਹੱਵਾ-

ਬੜੀ ਹੀ ਬੇਵਸੀ ਵਿੱਚ

ਬੈਠੇ ਗਾ ਰਹੇ ਨੇਂ

ਕੋਈ ਭੁੱਖ ਦੀ ਰਿਚਾ

ਕੋਈ ਦਰਦ ਦੀ ਆਇਤ;

 

ਅਚਾਨਕ ਸੋਚਦਾ ਹਾਂ

ਕਿ ਇਸ ਪਲ

ਟੈਲੀਫ਼ੋਨ ਦੇ ਖੰਭੇ ਦੀ ਛਾਂ ਵਿੱਚ

ਕੀ ਮੈਂਨੂੰ ਵੀ ਭਲਾ

ਉਹ ਬੋਧ ਹੋ ਸਕਦੈ

ਸਿਧਾਰਥ ਨੂੰ ਜੋ ਹੋਇਆ ਸੀ

ਗਯਾ ਵਿੱਚ, ਬਿਰਖ ਦੇ ਹੇਠਾਂ ?

ਬੱਦਲ

ਇਹ ਬੱਦਲ ਕੁਝ ਹੋਰ ਤਰ੍ਹਾਂ ਦਾ

ਇਸ ਬੱਦਲ ਤੋਂ ਡਰ ਲੱਗਦਾ ਹੈ;

 

ਇਹ ਬੱਦਲ ਉਹ ਬੱਦਲ ਨਹੀਂ ਹੈ

ਜਿਸ ਦੀ ਰੂਹ ਵਿੱਚ

ਸੱਤ ਰੰਗਾਂ ਦਾ ਸੁਪਨਾ ਵਸਦਾ;

 

ਇਹ ਬੱਦਲ ਉਹ ਬੱਦਲ ਨਹੀਂ ਹੈ

ਜੋ ਬੇਵਸ, ਬੇਪੱਤ ਹੁੰਦੀ ਹੋਈ ਸ਼ਾਮ ਲਈ

ਪਹਿਰਨ ਬਣਦਾ ਹੈ;

 

ਇਹ ਬੱਦਲ ਉਹ ਬੱਦਲ ਨਹੀਂ ਹੈ

ਜਿਸਦੇ ਇੱਕ ਇਸ਼ਾਰੇ ਉੱਤੇ

ਬੁੱਢੇ ਬੋਹੜ ਦਾ ਸੁੰਨਾ ਵਿਹੜਾ

ਪੀਂਘਾਂ ਤੇ ਗੀਤਾਂ ਦਾ ਇੱਕ ਝੁਰਮਟ ਬਣ ਜਾਵੇ;

 

ਇਹ ਬੱਦਲ ਉਹ ਬੱਦਲ ਨਹੀਂ ਹੈ

ਜਿਹੜਾ ਦੂਰ ਦੇਸ਼ ਤੋਂ ਚੱਲ ਕੇ

ਝੀਲਾਂ ਅਤੇ ਪਹਾੜਾਂ ਉੱਤੋਂ

ਨਗਰਾਂ ਅਤੇ ਉਜਾੜਾਂ ਉੱਤੋਂ

ਉੱਡਦਾ ਹੋਇਆ

ਪੀੜ-ਪੀੜ ਹੋਈ ਬਿਰਹਨ ਲਈ

ਸੁੱਖ ਦਾ ਇੱਕ ਸੰਦੇਸ਼ ਲਿਆਵੇ;

 

ਇਸ ਬੱਦਲ ਨੂੰ

ਮੋਰਾਂ ਦੀ ਤੇ ਨਿਰਤਾਂ ਦੀ

ਕੋਈ ਸਮਝ ਨਹੀਂ ਹੈ;

 

ਇਸ ਬੱਦਲ ਤੋਂ ਡਰ ਲਗਦਾ ਹੈ;

 

ਇਸ ਬੱਦਲ ਤੋਂ ਬਚਣ ਲਈ

ਇੱਕ ਘਰ ਚਾਹੀਦੈ,

ਘਰ ਦੇ ਅੰਦਰ ਨਿੱਘ ਚਾਹੀਦੈ;

 

ਇਸ ਬੱਦਲ ਤੋਂ ਡਰ ਲਗਦਾ ਹੈ,

ਇਹ ਬੱਦਲ ਕੁਝ ਹੋਰ ਤਰ੍ਹਾਂ ਦਾ..........!

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060



Contact –

Nirmal Datt

# 3060, 47-D,

Chandigarh.

Mobile-98760-13060

ਇਹ ਵੀ ਪਸੰਦ ਕਰੋਗੇ -

 ਮਰਲ਼ਾ ਥਾਂ 'ਤੇ

 

 

Post a Comment

1 Comments

  1. ਬੋਹਤ ਵਧੀਆ ਕਲਾਮ l ਸ਼ੁੱਭ ਕਾਮਨਾਵਾਂ ਨਿਰਮਲ ਦੱਤ ਅਤੇ ਆਪ ਜੀ ਲਈ l

    ReplyDelete

ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.