ਨਿਰਮਲ ਦੱਤ ਦੇ ਨਵੇਂ ਦੋਹੇ

ਨਿਰਮਲ ਦੱਤ 
ਸ਼ਬਦ ਚਾਨਣੀ---ਨਿਰਮਲ ਦੱਤ

ਦੋਹੇ

ਸਤਰਾਂ ਦੀ ਉਲਝਣ ਜਿਹੀ, ਰੰਗਾਂ ਦਾ ਸੰਤਾਪ,

ਸੱਤ-ਸ਼ਿਵ-ਸੁੰਦਰ ਚੁੱਪ ਨੇ, ਹਰ ਮੂਰਤ ਵਿਰਲਾਪ.

 

ਸ਼ਬਦਾਂ ਦੀ 'ਨ੍ਹੇਰੀ ਵਗੇ, ਫ਼ਿਕਰੇ ਬਣੇਂ ਤੂਫ਼ਾਨ,

ਪਤਾ ਨਹੀਂ ਕੀ ਦੱਸ ਰਹੇ ਅਨਪੜ੍ਹ ਜਿਹੇ ਵਿਦਵਾਨ.

 

'ਨ੍ਹੇਰਾ ਹੀ ਬੱਸ ਜਾਣਦਾ ਧੁੱਪ ਦੇ ਦਿਲ ਦੇ ਰਾਜ਼,

ਜਿੱਦਾਂ ਚੁੱਪ ਦੀ ਦਾਸਤਾਂ ਦੱਸਦੀ ਹੈ ਆਵਾਜ਼.

 

ਬੇ-ਹੋਸ਼ਾਂ ਦੀ ਫੌਜ ਹੈ, ਕੱਲੀ-ਕਾਰੀ ਹੋਸ਼,

ਬੰਦ ਬੂਹਿਆਂ ਦਾ ਮਕਰ ਹੈ, ਦਸਤਕ ਦਾ ਨਹੀਂ ਦੋਸ਼.

 

ਚਾਨਣ ਵਿੱਚ ਤਾਰੇ ਲੁਕੇ, 'ਨ੍ਹੇਰੇ ਵਿੱਚ ਫੁੱਲ-ਬਾਗ਼,

ਸਭ ਕੁਛ ਤੇਰੇ ਕੋਲ਼ ਹੈ, ਜੇ ਜਾਵੇਂ ਤੂੰ ਜਾਗ.

 

ਜੂਠੀ ਥਾਲ਼ੀ 'ਨ੍ਹੇਰ ਦੀ ਮਾਂਜ ਰਹੀ ਹੈ ਧੁੱਪ,

ਔਰਤ ਦੀ ਇਹ ਚਾਕਰੀ, ਹੁਣ ਵੀ ਸਾਰੇ ਚੁੱਪ.

 

ਕਾਟੋ ਇਮਲੀ ਟੁੱਕਦੀ, ਤੋਤਾ ਖਾਵੇ ਬੇਰ,

ਭੁੱਖ, ਭੀਖ ਮਾਨਵ ਲਈ ਹਾਲੇ ਕਿੰਨੀਂ ਦੇਰ?

 

'ਨ੍ਹੇਰੀ ਜਿਹੀ ਇੱਕ ਚਾਨਣੀਂ, ਕਵਿਤਾ ਵਰਗਾ ਸ਼ੋਰ,

ਚੋਰੀ ਸੱਚੇ ਸਾਥ ਤੋਂ ਦੇਹਾਂ ਲੱਭਣ ਹੋਰ.

 

ਕਾਮੀਂ ਸੱਭਿਆਚਾਰ ਨੂੰ ਦਿਸਦੀ ਨਹੀਂ ਤੌਹੀਨ,

ਗੋਰੇ, ਸੱਜਰੇ ਮਾਸ ਦੀ ਸੱਭਿਅਤਾ ਵੀ ਸ਼ੌਕੀਨ.

 

ਸਦਾਚਾਰ-ਬਿਨ ਧਰਮ ਨੇ, ਬਿਨ-ਇਨਸਾਫ਼ੋਂ ਰਾਜ,

ਲੁੱਚੇ ਪੂਜੇ ਜਾ ਰਹੇ, ਮੂਰਖ ਪਹਿਨਣ ਤਾਜ.

 

ਬੇ-ਹੁਨਰਾਂ ਦੀ 'ਵਾਹ-ਬਈ' ਬੇ-ਅਕਲੇ ਜਿਹੇ ਗਾਓਣ,

ਸਹਿਤ, ਕਲਾ, ਤੇ ਫ਼ਲਸਫ਼ੇ ਬੈਠੇ ਸੋਗ ਮਨਾਓਣ.

 

ਤੁਰ ਗਏ ਤਾਰੇ ਆਸ ਦੇ ਖਾਲੀ ਹੈ ਅਸਮਾਨ,

ਸੂਰਜ ਇੱਕ ਉਮੀਦ ਦਾ ਹੁਣ ਅਪਣਾ ਮਹਿਮਾਨ.

 

ਚਿੜੀਆਂ ਦੇ ਹਾਸੇ ਗਏ, ਤੇ ਮੋਰਾਂ ਦੇ ਨਾਚ,

ਕੀ-ਕੀ ਖੋਜਣ ਵਾਲ਼ਿਓ, ਧਰਤੀ ਰਹੀ ਗੁਆਚ.

 

ਆਨੰਦਿਤ ਤਰਤੀਬ ਹੈ ਰਚਨਾ ਅਪਣੀ ਮਾਂ,

ਜੋ ਵੀ ਬੇਤਰਤੀਬ ਹੈ ਸਭ ਬੰਦੇ ਦੇ ਨਾਂ.

 

ਬਿਨਾਂ-ਪਾਰ ਦੇ ਸੁੱਖ ਵਿੱਚ ਬਿਨਾਂ-ਪਾਰ ਹੈ ਦੁੱਖ,

ਸਿਰਫ਼-ਸਿਰਫ਼ ਆਨੰਦ ਤੱਕ ਸੀਮਤ ਰੱਖੀਂ ਭੁੱਖ.

 

ਇੱਕ ਅਦਭੁਤ ਤਰਤੀਬ ਹੈ ਰਚਨਾ, ਮੇਰੇ ਮੀਤ!

ਖਾਲ਼ੀ ਜਿਹੀ ਖ਼ਲਾਅ ਬਣੇਂ ਜੀਵਨ, ਚੁੰਮਣ, ਗੀਤ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

ਇਹ ਵੀ ਪਸੰਦ ਕਰੋਗੇ -

ਇਸ਼ਕ ਦੀ ਸੁੱਚੀ ਬਾਣੀ


 

Post a Comment

0 Comments