ਫੇਰੇ, ਜਿੱਥੇ ਤੱਕ ਮਨ ਡੋਲਦਾ ਓਥੋਂ ਅੱਗੇ ਨੇ ਫ਼ਕੀਰਾਂ ਵਾਲ਼ੇ ਡੇਰੇ.

A step beyond the wavering mind,

Those blessed with knowing we can find.

ਸ਼ਬਦ ਚਾਨਣੀ---ਨਿਰਮਲ ਦੱਤ

ਟੱਪੇ

ਪਾਵੇ,

ਚਿੱਠੀਆਂ ਦੇ ਢੇਰ ਲੱਗ ਗਏ

ਖ਼ਤ ਤੇਰਾ ਨਾ ਕਦੇ ਵੀ ਆਵੇ.

 

ਫੇਰੇ,

ਜਿੱਥੇ ਤੱਕ ਮਨ ਡੋਲਦਾ

ਓਥੋਂ ਅੱਗੇ ਨੇ ਫ਼ਕੀਰਾਂ ਵਾਲ਼ੇ ਡੇਰੇ.

 

ਹੋਈ,

ਦਿਲ ਰੋਂਦਾ ਚੁੱਪ ਨਾ ਕਰੇ

ਭਾਵੇਂ ਅੱਖ ਨਾ ਕਦੇ ਤੇਰੀ ਰੋਈ.

 

ਤੇੜਾਂ,

ਨਜ਼ਮਾਂ ਨੂੰ ਰੂਪ ਚੜ੍ਹਜੇ

ਤੇਰੇ ਪਿਆਰ ਦੀ ਕਹਾਣੀ ਜਦੋਂ ਛੇੜਾਂ.

ਗ਼ਜ਼ਲ

ਕਦੇ ਖਿੜਿਆ ਵੀ ਕਰ, ਚੰਨਾਂ, ਚੇਤ ਦੀ ਤਰ੍ਹਾਂ,

ਐਵੇਂ ਲੱਗ ਨਾ ਉਜਾੜੇ ਗਏ ਖੇਤ ਦੀ ਤਰ੍ਹਾਂ.

 

ਸਾਰੇ ਜਾਣਦੇ ਨੇਂ ਤੇਰੇ-ਮੇਰੇ ਪਿਆਰ ਦੀ ਕਹਾਣੀ,

ਸਾਰੇ ਪਿੰਡ ਤੋਂ ਛੁਪਾਏ ਹੋਏ ਭੇਤ ਦੀ ਤਰ੍ਹਾਂ.

 

ਤੇਰੇ ਸੱਖਣੇ ਘੜੇ 'ਚ ਪਾਕੇ ਪਿਆਸ ਦੀ ਦੁਹਾਈ,

ਅਸੀਂ ਉੱਡ ਜਾਣਾ ਟਿੱਬਿਆਂ ਦੀ ਰੇਤ ਦੀ ਤਰ੍ਹਾਂ.

 

ਭੁੱਖ ਉਮਰਾਂ ਤੋਂ ਲੰਮੀਂ ਤਾਹੀਂਓਂ ਹੁੰਦੇ ਹਾਂ ਖੁਆਰ,

ਕਿਸੇ ਪਿੱਪਲੀ 'ਚ ਲਟਕੇ ਪ੍ਰੇਤ ਦੀ ਤਰ੍ਹਾਂ.

 

ਸੱਚ ਹਾਸੇ ਨੇ ਕਿ ਹੰਝੂ, ਖੜ੍ਹੇ ਲਾਉਂਦੇ ਹਾਂ ਹਿਸਾਬ,

ਐਨ੍ਹ ਬੰਨੇਂ ਉੱਤੇ ਲੁੱਟੀ ਗਈ ਜਨੇਤ ਦੀ ਤਰ੍ਹਾਂ.

 

ਕਈ ਘੋਲ਼ਦੇ ਕੰਨਾਂ ਦੇ ਵਿੱਚ ਲੱਪ-ਲੱਪ ਸ਼ਹਿਦ,

ਕਈ ਲੜਦੇ ਅੱਖਾਂ ਦੇ ਵਿੱਚ ਰੇਤ ਦੀ ਤਰ੍ਹਾਂ.

ਨਜ਼ਮਾਂ

ਮੇਰੇ ਪਾਪਾ

ਮੇਰੇ ਪਾਪਾ

ਕਦੇ-ਕਦੇ ਤਾਂ ਬੁੱਧ ਲੱਗਦੇ ਸਨ:

ਅਪਣੇ ਸਾਰੇ ਨਿੱਜੀ ਸੁਪਨੇ

ਅਪਣੀਆਂ ਸਭ ਖ਼ੁਦਗਰਜ਼ ਖ਼ਾਹਸ਼ਾਂ

ਪਿੱਛੇ ਕਿਧਰੇ

ਪਤਾ ਨਹੀਂ ਕਦ ਛੱਡ ਆਏ ਸਨ.

 

ਪਰ ਮੇਰੇ ਪਾਪਾ

ਕਦੇ-ਕਦੇ ਅਰਜਨ ਲੱਗਦੇ ਸਨ:

ਅਪਣੇ ਬੱਚਿਆਂ ਦੇ ਪਿਆਰੇ ਆਦਰਸ਼ਾਂ ਖਾਤਰ

ਅਪਣੇ ਬੱਚਿਆਂ ਦੇ ਹੱਕਾਂ ਦੀ ਰਾਖੀ ਦੇ ਲਈ

ਇੰਝ ਲੜਦੇ ਸਨ

ਇੰਝ ਲੜਦੇ ਸਨ

ਬੱਸ ਕਿਆ ਕਹਿਣੇ......!

ਮਾਂ ਬੋਲੀ

ਜਦੋਂ ਕਿੰਨੇ ਮਹੀਨੇ

ਹੋਰ ਭਾਸ਼ਾ ਬੋਲਦੇ ਤੇ ਸੁਣਦੇ ਹੋਏ

ਸਵਿਟਜ਼ਰਲੈਂਡ ਵਿੱਚ

ਦਰਿਆ ਲਿਮਿੱਤ ਦੇ ਕੰਢੇ ਸੈਰ ਕਰਦੇ

ਆਬਿਦਾ ਦੀ ਗਾਈ ਹੋਈ ਹੀਰ ਸੁਣੀਏਂ,

 

ਤੇ ਨਿਊਯੌਰਕ '

ਈਸਟ ਰਿਵਰ ਦੇ ਕੰਢੇ 'ਤੇ

ਸੁਣੀਏਂ ਮਾਨ ਦਾ ਛੱਲਾ,

ਯਮਲੇ ਜੱਟ ਦੀ ਜੁਗਨੀ,

 

ਜਾਂ ਫਿਰ ਧੁੱਪ-ਰੰਗੀ

ਬਰਫ਼ ਤੋਂ ਠੰਡੀ

ਨਿਊਜਰਜ਼ੀ ਦੀ ਘਾਟੀ ਵਿੱਚ

ਕਿਧਰੇ ਸੈਰ ਕਰਦੇ

ਜਦੋਂ ਇਹ ਮਿੱਠੇ-ਮਿੱਠੇ ਬੋਲ ਸੁਣੀਏਂ:

"ਤੁਹਾਡਾ ਹਾਲ ਕੀ ਹੈ ?"

 

ਤਾਂ ਖੂਹੇ ਗੇੜ ਕੇ ਨੈਣਾਂ ਦੇ

ਰੂਹ ਇਸ਼ਨਾਨ ਕਰਦੀ ਹੈ,

ਤੇ ਦਿਲ ਵਿੱਚ

ਕਿੰਨੇ ਰੰਗ ਖਿੜਦੇ ਨੇ

ਕਿੰਨੇ ਰਾਗ ਗਾਓਂਦੇ ਨੇ

ਜਾਂ ਕਿੰਨੇ ਨਿਰਤ ਛਿੜ ਪੈਂਦੇ ਨੇ

ਕੋਈ ਇਹ ਦੱਸ ਨਹੀਂ ਸਕਦਾ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060



Contact –

Nirmal Datt

# 3060, 47-D,

Chandigarh.

Mobile-98760-13060

ਇਹ ਵੀ ਪੜ੍ਹੋ -

ਕਵਿਤਾ / ਮਰਨ ਤੋਂ ਬਾਅਦ / ਉਦੈ ਪ੍ਰਕਾਸ਼

 

 

 

Post a Comment

0 Comments