ਬਾਰੀ, ਸਿੱਕਿਆਂ ਦਾ ਹੁਕਮ ਚੱਲੇ ਗੋਰੇ ਰੰਗ ਦੀ ਚੱਲੇ ਸਰਦਾਰੀ.

Everyone does what coins say,

And fair complexion holds its sway.

 ਸ਼ਬਦ ਚਾਨਣੀ---ਨਿਰਮਲ ਦੱਤ

ਟੱਪੇ

ਮਾਵਾਂ,

ਦੁਖਦੇ ਦਿਲ 'ਚੋਂ ਕਿਤੋਂ

ਸਾਨੂੰ ਲੱਭੀਆਂ ਫੇਰ ਦੁਆਵਾਂ.

 

ਦਾਣੇ,

'ਨ੍ਹੇਰਿਆਂ ਦਾ ਜ਼ੋਰ ਹੋ ਗਿਆ

ਤਾਂਹੀਓਂ ਟੁੱਟ ਗਏ ਧੁੱਪਾਂ ਦੇ ਟਾਹਣੇ.

 

ਬਾਰੀ,

ਸਿੱਕਿਆਂ ਦਾ ਹੁਕਮ ਚੱਲੇ

ਗੋਰੇ ਰੰਗ ਦੀ ਚੱਲੇ ਸਰਦਾਰੀ.

 

ਮਾਇਆ,

ਪੱਖੀ ਲੈਕੇ ਰਾਤ ਬਹਿ ਗਈ

ਜਦੋਂ ਦਿਨ ਨੂੰ ਪਸੀਨਾ ਆਇਆ.

ਕੁਝ ਸ਼ਿਅਰ

ਕਾਹਤੋਂ ਫੁੱਲ ਨੇ ਉਦਾਸ, ਕਾਹਦਾ ਕੰਡਿਆਂ ਨੂੰ ਚਾਅ,

ਮੈਨੂੰ ਕੁਝ ਨਹੀਂ ਪਤਾ, ਮੈਨੂੰ ਕੁਝ ਨਹੀਂ ਪਤਾ.

 

ਮੇਰੀ ਦੀਦ ਲਈ ਬਨੇਰੇ ਉੱਤੇ ਬੈਠੀਆਂ ਬਹਾਰਾਂ,

ਬੈਠੀ ਸੱਤ-ਰੰਗੀ ਪੀਂਘ ਮਹਿੰਦੀ ਸ਼ਗਨਾਂ ਦੀ ਲਾ.

 

ਮੈਂ ਬੁਲੰਦੀਆਂ ਦਾ ਕੈਦੀ, ਮੈਂ ਗੁਫ਼ਾਵਾਂ ਦਾ ਗ਼ੁਲਾਮ,

ਤੂੰ ਇਹ ਸੱਪ-ਰੰਗੀ ਸੂਫ਼ ਕਿਸੇ ਹੋਰ ਨੂੰ ਵਿਖਾ.

 

ਮੇਰੇ ਕੰਨਾਂ ਵਿੱਚ ਕੂਕਦੀ ਹੈ ਚੁੱਪ ਦੀ ਅਵਾਜ਼,

ਤੂੰ ਇਹ ਚਰਖ਼ੇ ਦੀ ਘੂਕ ਕਿਸੇ ਹੋਰ ਨੂੰ ਸੁਣਾ.

 

ਫੇਰ ਮੁੰਦੀਆਂ ਤੇ ਮੱਛੀਆਂ ਦੇ ਪੈਣਗੇ ਬਖੇੜੇ,

ਕਿਸੇ ਰਾਹ-ਭੁੱਲੇ ਰਾਹੀ ਨੂੰ ਨਾ ਨੈਣਾਂ 'ਚ ਵਸਾ.

 

ਐਵੇਂ ਤਪਦਿਆਂ ਥਲਾਂ 'ਚ ਪਿੱਛੋਂ ਹੋਵੇਂਗੀ ਖੁਆਰ,

ਇਹਨਾਂ ਰੂਪ ਦੇ ਸੌਦਾਗਰਾਂ ਨੂੰ ਮੀਤ ਨਾ ਬਣਾ.

 

ਤੇਰਾ ਫੁੱਲਾਂ ਉੱਤੇ ਹੱਥ, ਤੇਰੀ ਤਾਰਿਆਂ 'ਤੇ ਅੱਖ,

ਐਦਾਂ ਮਿਟਣੀ ਨਹੀਂ ਭੁੱਖ, ਜ਼ਰਾ ਦਿਲ ਨੂੰ ਟਿਕਾਅ.

 

ਵੇਖੀਂ ਮਸਾਂ-ਮਸਾਂ ਰੋਕੇ ਕਿਤੇ ਡੁੱਲ੍ਹ ਹੀ ਨਾ ਪੈਣ,

ਮੈਨੂੰ ਹੋਰ ਨਾ ਬੁਲਾ, ਮੈਨੂੰ ਹੋਰ ਨਾ ਬੁਲਾ.

ਨਜ਼ਮਾਂ

ਬਸੰਤ

ਪਿਘਲ ਗਏ ਡਰ ਬਰਫ਼ਾਂ ਵਰਗੇ

ਫੁੱਲ ਬਣ ਕੇ ਖਿੜ ਪਏ ਅਕੀਦੇ.

ਸੁਬਹਾ ਸਵੇਰੇ

ਸੂਹੀ-ਸੂਹੀ ਪਗੜੀ ਬੰਨ੍ਹ ਕੇ

ਓਹ ਆਓਂਦਾ ਹੈ

ਜਿਸ ਦੀ ਕੋਈ ਰੀਸ ਨਹੀਂ ਹੈ.

ਰਾਤੀਂ ਉਜਲੇ ਅੰਬਰਾਂ ਦੇ ਵਿੱਚ

ਤਾਰੇ ਮਿਲਕੇ ਗਾਓਣ ਕਬਾਲੀ

ਤੇ ਇੱਕ ਚਾਂਦੀ-ਬਦਨ ਨਰਤਕੀ ਮੁਜਰਾ ਕਰਦੀ.

ਖੇਤਾਂ ਵਿੱਚ ਗੀਤਾਂ ਦੀਆਂ ਫ਼ਸਲਾਂ

ਬਾਗ਼ਾਂ ਵਿੱਚ ਰਾਗਾਂ ਦੀ ਸਰਗਮ

ਬਿਰਖਾਂ 'ਤੇ ਨਜ਼ਮਾਂ ਦੇ ਝੁਰਮਟ

ਕੋਇਲਾਂ ਦੇ ਨਾਜ਼ਕ ਕੰਠਾਂ 'ਚੋਂ

ਮਹਿਕੇ ਹੋਏ ਰੰਗ ਝਰਦੇ ਨੇ.

ਵਗਦੇ ਰਾਹਾਂ ਦੇ ਸੁੱਕੇ, ਪਿਆਸੇ ਬੁੱਲ੍ਹਾਂ ਲਈ

ਠੰਡੇ ਘੜਿਆਂ ਵਿੱਚੋਂ ਛਲਕਣ ਮਿੱਠੇ ਵਾਅਦੇ.

ਰਾਤੀਂ ਸੌਵਾਂ

ਖ਼ਾਬਾਂ ਵਿੱਚ ਵਜਦਾਂ ਦੀ ਮਸਤੀ

ਦਿਨੇ ਜਾਗਦਾਂ

ਨਗ਼ਮੇਂ ਰਹਿਣ ਖ਼ਿਆਲਾਂ ਅੰਦਰ.

ਹਰ ਕਿਸਮਤ ਦੇ ਮੱਥੇ ਉੱਤੇ

ਆਸ ਲਿਖੀ ਹੈ

ਹਰ ਇੱਕ ਮੰਜ਼ਿਲ

ਰੰਗ-ਬਰੰਗੇ ਪਹਿਰਨ ਦੇ ਵਿੱਚ ਸਜੀ-ਸਜਾਈ

ਦੇਹਲ਼ੀ ਉੱਤੇ ਬਹਿ ਕੇ

ਕਰਦੀ ਰਹੇ ਉਡੀਕਾਂ.

ਕਲਮਾਂ ਦੀ ਕਾਲ਼ੀ ਮਾਯੂਸੀ

ਚੰਨ-ਰਿਸ਼ਮਾਂ ਦੇ ਸੁਪਨੇ ਬੁਣਦੀ

ਤਲਵਾਰਾਂ ਦੀ ਜ਼ਖ਼ਮੀਂ ਹਿੰਸਾ

ਸੌਖੇ-ਸੌਖੇ ਸਾਹ ਲੈਂਦੀ ਹੈ

ਅਪਣੇ ਉੱਤੇ ਸ਼ਰਮਾਂਦੀ ਹੈ.

ਪੱਕਾ ਇਲਾਜ

ਮਨ ਦੇ ਵਰਕੇ 'ਤੇ ਪਏ

ਦੁਖਦੀਆਂ ਯਾਦਾਂ ਦੇ ਨਿਸ਼ਾਨ,

ਅੱਜ ਦੀ ਲੱਜ਼ਤ '

ਕਿਧਰੋਂ ਘੁਲ਼ ਰਹੇ ਬੇਕਾਰ ਗਿਲੇ,

ਆਓਂਦੇ ਹੋਏ ਕੱਲ੍ਹ ਦੇ

ਮੱਥੇ 'ਤੇ ਲਿਖੇ ਕਲਪਿਤ ਡਰ,

ਇਹ ਮੇਰੀ ਜਾਨ ਦੇ ਦੁਸ਼ਮਨ

ਇਹ ਮੇਰੇ ਪਾਗ਼ਲਪਨ,

ਹੈ ਮੇਰੇ ਕੋਲ਼

ਇਨ੍ਹਾਂ ਸਾਰਿਆਂ ਦਾ ਪੱਕਾ ਇਲਾਜ:

ਮੇਰੀ ਭੋਲ਼ੀ ਜਿਹੀ ਬੱਚੀ ਦੀ

ਪਿਆਰੀ ਮੁਸਕਾਨ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060



Contact –

Nirmal Datt

# 3060, 47-D,

Chandigarh.

Mobile-98760-13060

ਇਹ ਵੀ ਪੜ੍ਹੋ -

ਫਿਰ ਜੀਅ ਉਠੀ ਧਰਤੀ

 

 

 

 

Post a Comment

0 Comments