ਮੋਰਾਂ ਪੈਲਾਂ ਪਾਈਆਂ ਬੱਦਲ ਬਣ ਯਾਦਾਂ ਅੰਬਰਾਂ ਤੇ ਚੜ੍ਹ ਆਈਆਂ

ਪਰਮਜੀਤ ਕੌਰ ਰੀਤ ਦੀਆਂ ਚਾਰ ਕਾਵਿ ਰਚਨਾਵਾਂ

ਮਾਹੀਏ  / ਪਰਮਜੀਤ ਕੌਰ ਰੀਤ

ਮੋਰਾਂ ਪੈਲਾਂ ਪਾਈਆਂ

 ਬੱਦਲ ਬਣ ਯਾਦਾਂ

ਅੰਬਰਾਂ ਤੇ ਚੜ੍ਹ ਆਈਆਂ

 

ਚੂਰੀ ਕੁੱਟ-ਕੁੱਟ ਪੇੜੇ ਦੀ

ਖੈਰ ਮੰਗਣ ਧੀਆਂ

ਬਾਬੁਲ ਦੇ ਵੇਹੜੇ ਦੀ

 

ਕੁਝ ਜ਼ਖਮ ਹੀ ਅੱਲੇ ਨੇ

ਆ ਬਹਿੰਦੇ ਪਲਕੀਂ

ਕੁਝ ਅੱਥਰੂ ਝੱਲੇ ਨੇ

 

ਕੁੱਝ ਦਿਨ ਦਾ ਖੇੜਾ ਏ

ਤਾਗਿਆ ਕੈਂਠੇ ਦੇਆ

ਵੇ ਕਾਹਦਾ ਝੇੜਾ ਏ

 

ਗਾਉਂਦਾ ਐ ਵਣਜਾਰਾ

ਵੱਜਦਾ ਰਹਿੰਦਾ ਐ

ਦੁੱਖ-ਸੁਖ ਦਾ ਇਕਤਾਰਾ

 

ਸੱਚੇ ਬੋਲ ਫ਼ਕੀਰਾਂ ਦੇ

ਰੱਬ ਦੀ ਮਿਹਰ ਹੋਵੇ

ਦਿਨ ਫਿਰਦੇ ਲੀਰਾਂ ਦੇ

ਟੱਪੇ  / ਪਰਮਜੀਤ ਕੌਰ ਰੀਤ

ਤਾਰੇ

ਧੁੰਦ ਭਾਵੇਂ ਵਾਅ ਲਾਵੇ

ਪਰ  ਸੂਰਜ ਕਦੇ ਨਾ ਹਾਰੇ

 

ਜਾਲੇ

ਦਿਲ ਦੀਆਂ ਗੰਢਾਂ ਨੂੰ

ਨਾ ਰੱਖੀਏ ਮਾਰ ਕੇ ਤਾਲੇ

 

ਤੁਰਦੇ

ਪੁਲਾਂ ਹੇਠੋਂ ਨੀਰ ਲੰਘਦੇ

ਕਦੋਂ ਫੇਰ ਐ ਵਾਪਸ ਮੁੜਦੇ

 

ਪੱਖੀਆਂ

ਗੱਲ ਐ ਸੰਜੋਗਾਂ ਦੀ

ਕਿੱਥੇ ਸੁਰਮਾ ਤੇ ਕਿੱਥੇ ਅੱਖੀਆਂ

 

ਮੋਈ

ਦਿੱਤਾ ਕੀ ਤਵੀਤ ਘੋਲ ਕੇ

ਤੈਥੋਂ ਬਿਨਾਂ ਨਾ ਦਿਸਦਾ ਕੋਈ

 

ਚਾਈਂ

ਮਨ-ਆਈਆਂ ਕਰਕੇ

ਸਾਡੇ ਦਿਲ ਤੇ ਲੀਕ ਨਾ ਲਾਈਂ

ਗ਼ਜ਼ਲ / ਪਰਮਜੀਤ ਕੌਰ ਰੀਤ

ਆਪ ਮੁਹਾਰਾ ਹੋ ਗਿਐਂਆਪਣਾ ਖਿਆਲ ਰੱਖੀਂ

ਠੁੱਡੇ ਨਾ ਵੱਜਣ ਤੈਨੂੰ, ਏਦਾਂ ਦੀ ਚਾਲ ਰੱਖੀਂ

 

ਬਾਂਹਾਂ ਨੇ ਰਿਸ਼ਤੇ ਖੂਨ ਦੇ, ਟੁੱਟਿਆਂ ਦਾ ਦਰਦ ਡਾਢ੍ਹਾ

ਪੀੜਾਂ ਤੇਰੀਆਂ ਵੰਡਾਉਣ ਲਈ,  ਮੋਢਾ ਤੂੰ ਭਾਲ ਰਖੀਂ

 

ਮੋਇਆਂ ਤੋਂ ਬਾਅਦ ਕਾਵਾਂ ਨੂੰ, ਪਾਈਂ ਨਾ ਪਾਈਂ ਰੋਟੀ

ਜਿਉਂਦੇ ਜੀਅ ਮਾਪਿਆਂ ਨੂੰ, ਦੇਕੇ ਰੋਟੀ-ਦਾਲ ਰੱਖੀਂ

 

ਜਦੋਂ ਵੀ ਅਸੀਂ ਮਿਲੇ ਤਾਂ, ਸ਼ਿਕਵੇ-ਸ਼ਿਕਾਇਤਾਂ ਨਾਲ

ਮੈਂ ਵੀ ਸਵਾਲ ਰੱਖਾਂਗਾ, ਤੂੰ ਵੀ ਸਵਾਲ ਰੱਖੀਂ

 

ਦਿਲ ਨੂੰ ਮੈਂ ਕਰੜਾ ਕਰਕੇ, ਬੈਠਾਂਗਾ ਤੇਰੇ ਮੁਹਰੇ

ਸੱਚੀਆਂ ਕਹਿਣ-ਕਹਾਉਣ ਦੀ, ਤੂੰ ਵੀ ਮਜ਼ਾਲ ਰੱਖੀਂ

 

ਜਿੰਨਾ ਵੀ ਤੇਰੇ ਵੱਸ ''ਰੀਤ', ਸਾਂਭੀ ਜਾ ਰਿਸ਼ਤਿਆਂ ਨੂੰ

ਅਗਾਂਹ ਫੇਰ ਖ਼ੁਦਾ ਨੂੰ ਕਹਿ ਦੇਈਂ,  'ਹੁਣ ਤੂੰ ਸੰਭਾਲ ਰਖੀਂ '

ਗ਼ਜ਼ਲ / ਪਰਮਜੀਤ ਕੌਰ ਰੀਤ

ਨੀਹਾਂ ਦੀ ਫ਼ਿਕਰ ਕਿਸ ਨੂੰ, ਕਿਸ ਨੂੰ ਲਿਹਾਜ਼ ਕੋਈ

ਹਰ ਸੰਗ ਨੂੰ  ਇਹ ਹੀ ਲਗਦੈ, ਮੈਂ ਹੀ ਹਾਂ ਤਾਜ਼ ਕੋਈ

 

ਮੈਂ, ਮੇਰਾ,,, ਸਿਓਂਕ  ਵਾਂਗੂੰ ਖਾ ਜਾਂਦੇ ਜ਼ਿੰਦਗੀ ਨੂੰ

ਜੇਕਰ ਬਚਾਉਣਾ ਖ਼ੁਦ ਨੂੰ, ਕਰਲੈ ਇਲਾਜ਼ ਕੋਈ

 

ਮੈਂ ਧੁੱਪ, ਅੱਗ, ਵਰਖਾ, ਮੈਂ ਹਾਂ ਗੁਲਾਬੀ ਪੌਣਾਂ

ਕੋਈ ਤਾਂ ਮੈਥੋਂ ਖੁਸ਼ ਹੈ, ਫ਼ਿਰਦਾ ਨਰਾਜ਼ ਕੋਈ

 

ਜੋ ਸਰਦਲਾਂ ਤੂੰ ਪਿੱਛੇ ਛੱਡ ਕੇ ਗਿਆ ਸੀ, ਓਹਨਾਂ

ਪੈਂਦੇ  ਭੁਲੇਖੇ ਤੇਰੇ, ਆਵੇ ਜੇ ਆਵਾਜ਼ ਕੋਈ

 

ਉਹ ਤਾਂ ਨੀ ਓਹ ਰਿਹਾ ਜੇ, ਮੈਂ ਵੀ ਨਾ ਮੈਂ ਰਹਾਂ ਤਾਂ

ਕਿੱਦਾਂ ਨਿਭਣਗੇ  'ਰੀਤੇ'!  ਰਿਸ਼ਤੇ, ਰਿਵਾਜ਼ ਕੋਈ ?

ਪਰਮਜੀਤ ਕੌਰ ਰੀਤ (ਰੀਤ ਮੁਕਤਸਰੀ)

 ਸ੍ਰੀ ਗੰਗਾਨਗਰ , ਰਾਜਸਥਾਨ



ਇਹ ਵੀ ਪਸੰਦ ਕਰੋਗੇ -

ਨਿਰਮਲ ਦੱਤ ਦੇ ਨਵੇਂ ਦੋਹੇ


Post a Comment

0 Comments