ਇਸ਼ਕ ਦੀ ਸੁੱਚੀ ਬਾਣੀ

ਰਵਿੰਦਰ ਰਵੀ ਦੀਆਂ ਤਿੰਨ ਖ਼ੂਬਸੂਰਤ ਕਵਿਤਾਵਾਂ

ਇਸ਼ਕ ਦੀ ਸੁੱਚੀ ਬਾਣੀ

ਖ਼ਾਮੋਸ਼ੀ ਨੂੰ ਸਮਝ ਨਾ ਪਾਈ,

ਗੁੰਗੀ ਹੋ ਗਈ ਬੋਲੀ।

ਦਿਲ ਦੇ ਬੋਲ ਸ਼ਬਦ ਨਾ ਬਣਦੇ,

ਪਰਤ ਪਰਤ ਅਸੀਂ ਫੋਲੀ।

ਪੱਤੀ ਪੱਤੀ ਫੁੱਲ ਬਿਖਰ ਗਏ,

ਮਹਿਕ ਨਾ ਪਕੜੀ ਜਾਏ।

ਅੱਖਰ ਅੱਖਰ ਸ਼ਬਦ ਕਿਰ ਗਏ,

ਭਾਵ ਪਕੜ ਨਾ ਪਾਏ।

ਤਿੱਖੀ ਸੋਚ ਤੇ ਰੌਸ਼ਨ ਦ੍ਰਿਸ਼ਟੀ,

ਕਿਸ ਦਰ ਅਲਖ ਜਗਾਏ?

ਤੰਗ ਦਰਵਾਜ਼ੇ ਇਸ ਭਾਸ਼ਾ ਦੇ,

ਸ਼ਬਦ ਮੇਚ ਨਾ ਆਏ।

ਆਪਣੇ ਜੇਡੇ ਆਪ ਹੀ ਆਪਾਂ,

ਆਪਣੇ ਸ਼ਬਦ ਬਣਾਈਏ।

ਆਪ ਸਿਰਜੀਏ ਭਾਸ਼ਾ ਆਪਣੀ,

ਚਿੰਤਨ ਨੂੰ ਰੁਸ਼ਨਾਈਏ।

ਪੰਖ ਅਤੇ ਪਰਵਾਜ਼ ਦਾ ਰਿਸ਼ਤਾ,

ਪੌਣਾ ਸੰਗ ਅਸ਼ਨਾਈ।

ਅੰਬਰ ਵੀ ਹੁਣ ਸੌੜਾ ਜਾਪੇ,

ਆਪਣੀ ਜੋਤ ਜਗਾਈ।

ਆਪਣੇ ਵਾਂਗ ਖ਼ਾਮੋਸ਼ੀ ਬੋਲੇ,

ਇਸ਼ਕ ਦੀ ਸੁੱਚੀ ਬਾਣੀ।

ਦੋ ਖ਼ਾਮੋਸ਼ੀਆਂ ਇਕ ਹੋਵਣ, ਤਾਂ

ਪੂਰਨ ਆਦਿ-ਕਹਾਣੀ।

ਪ੍ਰਕਰਮਾਂ

ਸੱਜਣਾ ਜੀ! ਅਸੀਂ ਫੇਰ ਤਿਹਾਏ!

ਹਰ ਪਲ ਬੀਤੇ, ਬੀਤ ਬੀਤ ਕੇ

ਤੇਹ ਆਪਣੀ ਦੁਹਰਾਏ।

ਤੇਹ ਦੀ ਤ੍ਰਿਪਤੀ ਜੇ ਹੋ ਜਾਵੇ,

ਕੁਲ ਜ਼ਿੰਦਗੀ ਰੁਕ ਜਾਏ।

ਤੇਹ ਵਿੱਚ ਅਮਲ, ਅਮਲ ਵਿੱਚ ਤੇਹ ਹੈ,

ਤੇਹ ਤ੍ਰਿਪਤੀ ਭਰਮਾਏ।

ਸੱਜਣਾ ਜੀ! ਅਸੀਂ ਫੇਰ ਤਿਹਾਏ!

ਆਪਣੀ ਧੁਰੀ ਦੁਆਲੇ ਘੁੰਮ ਘੁੰਮ

ਪਵੇ ਨਾ ਧਰਤੀ ਮਾਂਦੀ।

ਬੀਤੇ ਰਾਹ ਤੇ ਜਿਉਂ ਜਿਉਂ ਜ਼ਿੰਦਗੀ

ਸੱਜਰੇ ਕਦਮ ਟਿਕਾਂਦੀ,

ਤਿਉਂ ਤਿਉਂ ਆਪਣੀ ਪ੍ਰਕਰਮਾਂ ਦੇ

ਅਰਥ ਵੀ ਬਦਲੀ ਜਾਏ।

ਸੱਜਣਾ ਜੀ! ਅਸੀਂ ਫੇਰ ਤਿਹਾਏ!

ਦਿਹੁੰ ਰਾਤ ਦੋਏ ਕਰਮ ਚ ਬੱਝੇ

ਆਵਣ ਵਾਰੋ ਵਾਰੀ।

ਬਿਣਸ ਬਿਣਸ ਕੇ, ਵਿਗਸ ਵਿਗਸ ਕੇ

ਬਣਾਸਪਤਿ ਨਾ ਹਾਰੀ।

ਨਿਸਦਿਨ ਸੂਰਜ-ਰੇਖਾ ਭੋਂ ਚੋਂ

ਭੇਦ ਨਵਾਂ ਕੋਈ ਪਾਏ।

ਸੱਜਣਾ ਜੀ! ਅਸੀਂ ਫੇਰ ਤਿਹਾਏ!

ਇਸ ਬਿੰਦੂ ਤੋਂ ਦੋਵੇਂ ਰੇਖਾਂ

ਜਿਉਂ ਜਿਉਂ ਵਧਦੀਆਂ ਪਈਆਂ,

ਤਿਉਂ ਤਿਉਂ ਏਸ ਕੋਨ ਦੀਆਂ ਨਜ਼ਰਾਂ

ਚੌੜੀਆਂ ਹੁੰਦੀਆਂ ਗਈਆਂ।

ਇਸ ਵਿਸ਼ਵਾਸ ਦੀਆਂ ਬਾਹਾਂ ਵਿੱਚ

ਸੱਭੇ ਯੁੱਗ ਸਮਾਏ।

ਸੱਜਣਾ ਜੀ! ਅਸੀਂ ਫੇਰ ਤਿਹਾਏ!

ਮੁਹੱਬਤ: ਪਰਿਭਾਸ਼ਾ ਦੀ ਤਲਾਸ਼ ਵਿੱਚ

ਮੁਹੱਬਤ:

ਬਾਦਾਮ ਤੇ ਗਿਰੀ ਵਰਗੀ ਹੁੰਦੀ ਹੈ

ਬਾਹਰੋਂ ਸਖ਼ਤ, ਵਿੱਚੋਂ ਖਰੀ

ਮੁਹੱਬਤ:

ਧੁੱਪ ਵਿੱਚ ਟਮਾਟਰ ਵਾਂਗ ਹੁੰਦੀ ਹੈ

ਬਾਹਰੋਂ ਨਰਮ, ਅੰਦਰੋਂ ਗਰਮ

ਮੁਹੱਬਤ:

ਫੁੱਲ ਵਰਗੀ ਹੁੰਦੀ ਹੈ

ਨਜ਼ਰ ਨੂੰ ਨਿਓਂਦਾ, ਹੋਂਦ ਨੂੰ ਵਾਸ਼ਨਾ

ਮੁਹੱਬਤ:

ਦਰਿਆ ਵਰਗੀ ਹੁੰਦੀ ਹੈ

ਗਲੇਸ਼ੀਅਰ ਤੋਂ ਸਮੁੰਦਰ ਤੱਕ ਲਗਾਤਾਰ ਫੈਲਦੀ

ਮੁਹੱਬਤ:

ਆਕਾਸ਼ ਵਰਗੀ ਹੁੰਦੀ ਹੈ

ਪਿੰਡ ਵਿੱਚ ਬ੍ਰਹਮੰਡ ਦਾ ਅਹਿਸਾਸ

ਮੁਹੱਬਤ:

ਮੈਂਵਰਗੀ ਹੁੰਦੀ ਹੈ

ਤੂੰਦਾ ਮੈਂਵਿੱਚ ਪ੍ਰਕਾਸ਼

ਮੁਹੱਬਤ:

ਸ਼ਬਦ ਤੇ ਅਰਥ ਵਰਗੀ ਹੁੰਦੀ ਹੈ

ਸਮਾਂ ਬਣ, ਸਮੇਂ ਨੂੰ ਅੰਕਦੀ

ਮੁਹੱਬਤ:

ਬਾਂਸੁਰੀ ਵੀ ਹੈ ਤੇ ਸੁਰ ਵੀ

ਇਹ ਸਾਹ ਵਿੱਚ ਸਾਹ ਦੇ ਇਕ ਹੋਣ ਦੀ ਕਥਾ ਹੈ

ਮੁਹੱਬਤ:

ਏਕੇਵਰਗੀ ਹੁੰਦੀ ਹੈ

ਜਿਸ ਵਿੱਚੋਂ ਮੈਂ, ਤੂੰ, ਈਸ਼ਵਰ, ਸ੍ਰਿਸ਼ਟੀ, ਕੱਥ ਮਿੱਥ, ਸਭ ਨਜ਼ਰ ਆਉਂਦੇ ਹਨ

ਮੁਹੱਬਤ:

ਇਕ ਪਹੇਲੀ ਵਰਗੀ ਹੁੰਦੀ ਹੈ

ਤੂਫ਼ਾਨ ਤੋਂ ਬਾਅਦ ਖ਼ਾਮੋਸ਼ੀ ਤੇ ਖ਼ਾਮੋਸ਼ੀ ਤੋਂ ਬਾਅਦ ਤੂਫ਼ਾਨ ਦੀ

ਮੁਹੱਬਤ:

ਸੁਰ ਵੀ ਹੈ ਤੇ ਸਾਜ਼ ਵੀ

ਮਰਦ, ਔਰਤ: ਬਰਾਬਰ ਦਾ ਆਨੰਦ

contact-

Ravinder Ravi

116-3530 Kalum Street,

Terrace,B.C.,Canada

V8G 2P2

Telephone- 250 635 4455

Email- ravinderravi37@gmail.com

ਇਹ ਵੀ ਪਸੰਦ ਕਰੋਗੇ -

ਬੱਲੀਆਂ, ਸ਼ੱਕ 'ਚ ਯਕੀਨ ਖੋ ਗਏ ਸੋਚਾਂ ਰੋਂਦੀਆਂ ਨਾ ਜਾਵਣ ਝੱਲੀਆਂ.

 

Post a Comment

0 Comments