ਬੱਲੀਆਂ, ਸ਼ੱਕ 'ਚ ਯਕੀਨ ਖੋ ਗਏ ਸੋਚਾਂ ਰੋਂਦੀਆਂ ਨਾ ਜਾਵਣ ਝੱਲੀਆਂ.

As all the Convictions skeptic grow,

The wailing Reason drowns in woe.

ਸ਼ਬਦ ਚਾਨਣੀ---ਨਿਰਮਲ ਦੱਤ

ਟੱਪੇ

ਗਾਣੇ,

ਅੱਖਾਂ ਕੋਲ਼ੋਂ ਦਿਲ ਪੁੱਛਦਾ

ਕਿੱਥੇ ਖੋ ਗਏ ਯਾਰ ਪੁਰਾਣੇ.

 

ਹਾਰੇ,

ਲੱਭ-ਲੱਭ ਰਾਹ ਥੱਕ ਗਏ

ਬੈਠੇ ਰੋਂਦੇ ਨੇ ਫ਼ਲਸਫ਼ੇ ਸਾਰੇ.

 

ਤਾਰੇ,

ਵਿੱਛੜੇ ਯਾਰ ਮਿਲੇ

ਰਾਹ ਖੁੱਲ੍ਹਗੇ ਸੁਰਗ ਦੇ ਸਾਰੇ.

 

ਬੱਲੀਆਂ,

ਸ਼ੱਕ 'ਚ ਯਕੀਨ ਖੋ ਗਏ

ਸੋਚਾਂ ਰੋਂਦੀਆਂ ਨਾ ਜਾਵਣ ਝੱਲੀਆਂ.

ਗ਼ਜ਼ਲ

ਕੱਲ੍ਹ ਤੱਕ ਤੇਰੀ ਪ੍ਰੀਤ ਰਹੇ ਹਾਂ,

ਅਸੀਂ ਵੀ ਤੇਰੇ ਮੀਤ ਰਹੇ ਹਾਂ.

 

ਬਿਨ ਤੇਰੇ ਬੱਸ ਸ਼ੋਰ ਬਣੇ ਹਾਂ,

ਨਾਲ਼ ਤੇਰੇ ਸੰਗੀਤ ਰਹੇ ਹਾਂ.

 

ਕੀ ਹੋਇਆ ਜੇ ਹੌਕਾ ਹੋ ਗਏ,

ਥੋੜ੍ਹਾ ਚਿਰ ਤਾਂ ਗੀਤ ਰਹੇ ਹਾਂ.

 

ਹੋ ਕੇ ਗਿਰਵੀ ਗ਼ੈਰਾਂ ਕੋਲ਼ੇ,

ਤੇਰੀ ਹੀ ਮਿਲਕੀਤ ਰਹੇ ਹਾਂ.

 

ਯਾਦ ਤੇਰੀ ਦਾ ਵੇਖ ਕ੍ਰਿਸ਼ਮਾਂ,

ਲੋਆਂ ਵਿੱਚ ਵੀ ਸੀਤ ਰਹੇ ਹਾਂ.

 

ਸੂਲ਼ਾਂ ਬਦਲੇ ਮਹਿਕ ਲੁਟਾਈ,

ਫੁੱਲਾਂ ਵਾਲ਼ੀ ਰੀਤ ਰਹੇ ਹਾਂ.

 

ਰੁੱਤ-ਰੁੱਤ ਬਣਕੇ ਲੰਘ ਰਹੇ ਹਾਂ,

ਪਲ-ਪਲ ਹੋ ਕੇ ਬੀਤ ਰਹੇ ਹਾਂ.

ਸਮਝ

ਇੱਕ ਕਵਿਤਾ ਮੇਰੇ ਦਿਲ 'ਚੋਂ ਨਿੱਕਲੇ

ਰੋਵੇ ਤੇ ਕੁਰਲਾਵੇ,

ਇਸ ਕਵਿਤਾ ਨੂੰ ਵੱਢ-ਵੱਢ ਖਾਵਣ

ਕਈ ਹੌਕੇ, ਕਈ ਹਾਵੇ,

ਲੋਰੀ ਦੇ ਬੋਲਾਂ 'ਚੋਂ ਇਸ ਨੂੰ

ਸੇਕ ਚਿਤਾ ਦਾ ਆਵੇ,

ਇਸ ਜੀਵਨ ਦਾ ਕੂੜ ਤਮਾਸ਼ਾ

ਇਸ ਨੂੰ ਸਮਝ ਨਾ ਆਵੇ;

 

ਇੱਕ ਕਵਿਤਾ ਮੇਰੇ ਮੱਥੇ ਵਿੱਚੋਂ

ਕਿਰਨ-ਕਿਰਨ ਬਣ ਆਵੇ

ਦਿਲ ਦੀ ਕਵਿਤਾ ਨੂੰ, ਇਹ ਕਵਿਤਾ

ਚੁੰਮ-ਚੁੰਮ ਚੁੱਪ ਕਰਾਵੇ,

ਗੋਦੀ ਵਿੱਚ ਬਿਠਾ ਕੇ ਇਸ ਨੂੰ

ਮਾਂ ਵਾਂਗੂੰ ਸਮਝਾਵੇ:

ਜਸ਼ਨਾਂ ਵਿੱਚ ਬਦਲਦੇ ਰਹਿੰਦੇ

ਸਭ ਹੌਕੇ, ਸਭ ਹਾਵੇ,

ਸੇਕ ਚਿਤਾ ਦਾ ਕੁਝ ਚਿਰ ਪਿੱਛੋਂ

ਫ਼ਿਰ ਲੋਰੀ ਬਣ ਜਾਵੇ,

ਜੀਵਨ ਦਾ ਇਹ ਖੇਲ੍ਹ ਨਿਰਾਲਾ

ਸਭ ਦਾ ਦਿਲ ਪਰਚਾਵੇ;

 

ਇਹ ਗੱਲ ਸੁਣ ਕੇ ਦਿਲ ਦੀ ਕਵਿਤਾ

ਅਪਣੇ ਤੇ ਸ਼ਰਮਾਵੇ

ਤੇ ਮੱਥੇ ਦੀ ਕਵਿਤਾ ਦੇ ਗਲ਼

ਲੱਗ-ਲੱਗ ਕੇ ਮੁਸਕਾਵੇ;

 

ਇੱਕ ਕਵਿਤਾ ਮੇਰੇ ਦਿਲ 'ਚੋਂ ਨਿੱਕਲੇ

ਰੋਵੇ ਤੇ ਕੁਰਲਾਵੇ,

ਇੱਕ ਕਵਿਤਾ ਮੇਰੇ ਮੱਥੇ ਵਿੱਚੋਂ

ਕਿਰਨ-ਕਿਰਨ ਬਣ ਆਵੇ..............!

ਅਜੇ ਉਹ ਗੱਲ ਨਹੀਂ ਹੈ

ਅਜੇ ਉਹ ਗੱਲ ਨਹੀਂ ਹੈ 

ਕਿ ਤੇਰੇ ਜਾਣ ਤੋਂ ਬਾਅਦ

ਮੈਨੂੰ ਲੱਗੇ ਕਿ ਤੂੰ ਗਈ ਹੀ ਨਹੀਂ

ਬੱਸ ਕਿਤੇ ਕੋਲ਼-ਕੋਲ਼ ਹੈਂ ਮੇਰੇ.

 

ਅਜੇ ਉਹ ਗੱਲ ਨਹੀਂ ਹੈ 

ਕਿ ਤੇਰੇ ਜਾਣ ਤੋਂ ਬਾਅਦ

ਬੈਠ ਕੇ ਚੁੱਪ ਕਿਸੇ ਕੋਨੇ ਵਿੱਚ

ਤੇਰੇ ਬੋਲਾਂ ਨੂੰ ਯਾਦ ਕਰਦਾ ਰਹਾਂ.

 

ਅਜੇ ਉਹ ਗੱਲ ਨਹੀਂ ਹੈ 

ਕਿ ਮੈਨੂੰ ਇਹ ਲੱਗੇ

ਦਿਨ ਤੇਰੇ ਆਉਣ ਨਾਲ਼ ਚੜ੍ਹਦਾ ਹੈ

ਤੇ ਤੇਰੇ ਜਾਣ ਨਾਲ਼  ਛੁਪ ਜਾਂਦੈ.

 

ਅਜੇ ਉਹ ਗੱਲ ਨਹੀਂ ਹੈ 

ਕਿ ਮੈਨੂੰ ਇਹ ਲੱਗੇ

ਕਿ ਤੇਰਾ ਦਰ ਅਤੇ ਤੇਰੀ ਦੇਹਲ਼ੀ

ਮੇਰਾ ਕਾਅਬਾ ਨੇ, ਮੇਰੀ ਕਾਸ਼ੀ ਨੇ.

 

ਅਜੇ ਉਹ ਗੱਲ ਨਹੀਂ ਹੈ 

ਕਿ ਬੱਸ ਲੱਭਦਾ ਫਿਰਾਂ

ਫ਼ੁੱਲ 'ਚੋਂ ਖੁਸ਼ਬੂ ਤੇਰੀ

ਤੇ ਚੰਨ 'ਚੋਂ ਚੇਹਰਾ ਤੇਰਾ.

 

ਅਜੇ ਉਹ ਗੱਲ ਨਹੀਂ ਹੈ 

ਕਿ ਪਿੰਡ ਦੇ ਮੈਲ਼ੇ ਬੋਲ

ਤੈਨੂੰ ਸੱਦਣ ਤਾਂ ਮੇਰਾ ਨਾਂ ਲੈ ਕੇ

ਮੈਨੂੰ ਸੱਦਣ ਤਾਂ ਤੇਰਾ ਨਾਂ ਲੈ ਕੇ.

 

ਜਦੋਂ ਉਹ ਗੱਲ ਬਣੀ

ਰੇਤ ਦੇ ਵਿਸਥਾਰ '

ਮਹਿਕੀ ਹੋਈ ਖਜੂਰ ਜਿਹੀ,

ਜਦੋਂ ਉਹ ਗੱਲ ਬਣੀ

ਚਾਨਣੀ ਰਾਤ ਦੇ ਪਿੰਡੇ ਨੂੰ

ਪੱਛਦੇ ਗੀਤ ਜਿਹੀ,

ਜਦੋਂ ਉਹ ਗੱਲ ਬਣੀ

ਬੰਸਰੀ ਦੇ ਸੁਰ ਵਰਗੀ,

ਜਦੋਂ ਉਹ ਗੱਲ ਬਣੀ

ਵੰਝਲੀ ਦੇ ਰੁਦਨ ਜਿਹੀ,

ਤੂੰ ਤੇ ਮੈਂ

ਹੋਸ਼ ਦੇ ਕਿਨਾਰਿਆਂ ਤੋਂ ਹੋ ਕੇ ਵਿਦਾ

ਨਸ਼ੀਲੇ ਸੁਪਨਿਆਂ ਦੇ ਸਾਥ ਵਿੱਚ ਰਹਾਂਗੇ ਸਦਾ;

ਅਜੇ ਉਹ ਗੱਲ ਨਹੀਂ ਹੈ,

ਅਜੇ ਉਹ ਗੱਲ ਨਹੀਂ ਹੈ.........................!

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060



Contact –

Nirmal Datt

# 3060, 47-D,

Chandigarh.

Mobile-98760-13060

ਇਹ ਵੀ ਪਸੰਦ ਕਰੋਗੇ -

ਜੋਗਿੰਦਰ ਪਾਂਧੀ ਦੀਆਂ ਉਰਦੂ ਗ਼ਜ਼ਲਾਂ

 

  

Post a Comment

0 Comments