ਲਖਵਿੰਦਰ ਸਿੰਘ ਬਾਜਵਾ ਦੀਆਂ ਮਾਂ ਬੋਲੀ ਨੂੰ ਸਮਰਮਿਤ ਖ਼ੂਬਸੂਰਤ ਕਾਵਿ ਰਚਨਾਵਾਂ
ਰੋਟੀ ਖਾਣੀ ਭੁੱਲ ਜਾਵੀਂ, ਪਰ ਮਾਂ ਬੋਲੀ ਨਾ ਭੁੱਲੀਂ
ਛੱਡ ਕੇ ਸ਼ਬਦ ਹੀਰਿਆਂ ਵਰਗੇ, ਨਾ ਕੌਡਾਂ ਸੰਗ ਤੁਲੀਂ।
ਪੰਜਾਬੀ ਪੈਂਤੀ
ਊੜਾ ਓਂਕਾਰ ਦਾ, ਜਿਸ ਅੱਖਰ ਘੱਲੇ।
ਪੜ੍ਹੇ ਪੰਜਾਬੀ ਪੁੱਤਰਾਂ, ਬਈ ਬੱਲੇ ਬੱਲੇ।
ਐੜਾ ਆਖੇ ਆਪਣੀ, ਜੋ ਬੋਲੀ ਪਿਆਰੀ।
ਲਿਪੀ ਗੁਰਮੁਖੀ ਵਿੱਚ ਹੀ, ਸ਼ੁੱਧ ਲਿਖੇ ਲਿਖਾਰੀ।
ਈੜੀ ਈਸ਼੍ਵਰ ਭੇਜ ਕੇ, ਨਾਨਕ ਤੇ ਬੁੱਲ੍ਹਾ।
ਵਿਹੜਾ ਕੀਤਾ ਏਸ ਦਾ, ਚੌਤਰਫੀਂ ਖੁਲ੍ਹਾ।
ਸੱਸਾ ਸਾਰੇ ਲੇਖਕਾਂ, ਫਿਰ ਕਲਮ ਚਲਾਏ।
ਰੰਗਾਂ ਰੰਗ ਬਗੀਚਿਆਂ, ਵਿੱਚ ਫੁੱਲ ਖਿੜਾਏ।
ਹਾਹਾ ਹਾਸਾ ਹੱਸਣਾ, ਇਹਨੇ ਸਿਖਲਾਇਆ।
ਜੀਵਨ ਚੜ੍ਹਦੀ ਕਲਾ ਦਾ, ਏਸੇ ਚੋਂ ਪਾਇਆ।
ਕੱਕਾ ਕੀਮਤ ਏਸ ਦੀ, ਜਿਨ੍ਹਾਂ ਨੇ ਜਾਣੀ।
ਖਾਣ ਬਣਾਈ ਗੁਣਾਂ ਦੀ, ਰਚ ਮਿੱਠੀ ਬਾਣੀ।
ਖੱਖਾ ਖ਼ੁਸ਼ ਖ਼ਤ ਏਸ ਦੇ, ਹਰਫਾਂ ਦੀ ਟੋਲੀ।
ਮੋਤੀ ਜੈਸੇ ਅੱਖਰਾਂ, ਹੱਟ ਹੁਸਨਾ ਖੋਲ੍ਹੀ।
ਗੱਗਾ ਗਾਵਣ ਏਸ ਦੇ, ਲੈਅ ਬੜੀ ਸੁਰੀਲੀ।
ਕੰਨਾਂ ਵਿੱਚ ਰਸ ਘੋਲਦੀ, ਤੇ ਜਾਵੇ ਕੀਲੀ।
ਘੱਘਾ ਘਰ ਘਰ ਜਾ ਕੇ, ਇਹ ਅਲਖ ਜਗਾਈਏ।
ਮਾਂ ਬੋਲੀ ਨੂੰ ਭੁੱਲ ਕੇ, ਨਾ ਕਸ਼ਟ ਉਠਾਈਏ।
ਙੰਙਾ ਲੰਙਾਂ ਜੀਵਣਾ, ਬਿਨ ਮਾਂ ਦੀ ਬੋਲੀ।
ਛੱਡ ਰਾਣੀ ਕਿਓਂ ਨੱਸੀਏ, ਯਾਰੋ ਵੱਲ ਗੋਲੀ।
ਚੱਚਾ ਚਰਚਾ ਏਸ ਦਾ, ਸਭ ਦੁਨੀਆਂ ਉੱਤੇ।
ਐਪਰ ਪੁੱਤਰ ਏਸ ਦੇ, ਕਿਓਂ ਜਾਪਣ ਸੁੱਤੇ।
ਛੱਛਾ ਛਾਇਆ ਰੁੱਖ ਦੀ, ਜਿਓਂ ਗਰਮੀ ਹਰਦੀ।
ਮਾਂ ਬੋਲੀ ਵੀ ਇਸ ਤਰਾਂ, ਮਨ ਸੀਤਲ ਕਰਦੀ।
ਜੱਜਾ ਜਾਚ ਸਿਖਾਲਦੀ, ਇਹ ਜੀਵਨ ਸੰਦੀ।
ਕੱਸ ਦਵੇ ਕਿਰਦਾਰ ਦੇ, ਧਨੁੱਖ ਦੀ ਤੰਦੀ।
ਝੱਝਾ ਝਾਤੀ ਮਾਰਿਓ, ਦੁਨੀਆਂ ਦੇ ਵੱਲੇ।
ਮਾਂ ਬੋਲੀ ਜੋ ਭੁੱਲ ਗਏ, ਉਹ ਕਿਸੇ ਨਾ ਝੱਲੇ।
ਞੰਞਾਂ ਅੰਞਣ ਖੋਲ੍ਹ ਕੇ, ਜੇ ਪੜ੍ਹੋ ਪੰਜਾਬੀ।
ਖੁੱਲ੍ਹੇ ਜਿੰਦਾ ਗਿਆਨ ਦਾ, ਫਿਰ ਜਾਣ ਸ਼ਤਾਬੀ।
ਟੈਂਕਾ ਟੱਪੋ ਲੀਕ ਨਾ, ਜੋ ਮਾਂ ਨੇ ਵਾਹੀ।
ਇੱਕ ਇੱਕ ਸ਼ਬਦ ਸਵਾਰ ਕੇ, ਦੇ ਸਿੱਖ ਸਿਖਾਈ।
ਠੱਠਾ ਠੱਪਾ ਲਾ ਕੇ, ਬਣ ਬਹੇਂ ਵਿਦੇਸੀ।
ਇਜ਼ਤ ਬਹੁਤਾ ਚਿਰ ਨਾ, ਕੋਈ ਭੋਗੇ ਭੇਸੀ।
ਡੱਡਾ ਡਗਾ ਲਗਾ ਕੇ, ਕੁੱਟ ਢੋਲ ਸ਼ਤਾਬੀ।
ਸਾਂਭਣ ਵਿਰਸਾ ਆਪਣਾ, ਜੇ ਜਾਗ ਪੰਜਾਬੀ।
ਢੱਢਾ ਢੇਰੀ ਢਾਹ ਕੇ, ਨਾ ਬਹੀਂ ਜਵਾਨਾ।
ਮਾਂ ਬੋਲੀ ਲਈ ਹੋਰ ਨਾ, ਹੁਣ ਕਰੀਂ ਬਹਾਨਾ।
ਣਾਣਾ ਤਾਣਾ ਉਲਝਣੋ, ਬਣ ਸ਼ੇਰ ਬਚਾਵੀਂ।
ਅੱਖਰ ਤੰਦਾਂ ਗੁਰਮੁਖੀ, ਹਰ ਘਰੇ ਕਤਾਵੀਂ।
ਤੱਤਾ ਤਾਲੋਂ ਖੁੰਝ ਨਾ, ਹੋ ਤਾਲ ਬੇਤਾਲਾ।
ਨਾਲ ਇਲਮ ਦੇ ਖੋਲ੍ਹ ਲੈ, ਅਕਲਾਂ ਦਾ ਤਾਲਾ।
ਥੱਥਾ ਥਾਲ ਸਵਾਰ ਲੈ, ਪਾ ਅੱਖਰ ਮੋਤੀ।
ਜਗਦੀ ਇਹਨਾ ਨਾਲ ਹੀ, ਜੀਵਨ ਦੀ ਜੋਤੀ।
ਦੱਦਾ ਦੇਵੀਂ ਦਾਨ ਤੂੰ, ਬੋਲੀ ਦਾ ਸੋਨਾ।
ਰਹੇ ਚਮਕਦਾ ਮਨਾ ਦਾ, ਜੇ ਕੋਨਾ ਕੋਨਾ।
ਧੱਧਾ ਧਨ ਕੋਈ ਹੋਰ ਨਾ, ਮਾਂ ਬੋਲੀ ਜੈਸਾ।
ਮਾਂ ਬੋਲੀ ਨੂੰ ਛੱਡ ਕੇ, ਕੀ ਕਰਨਾ ਪੈਸਾ।
ਨੱਨਾ ਨੱਕ ਅਸਾਡੜਾ, ਤਾਂ ਰਹਿੰਦਾ ਉੱਚਾ।
ਮਾਂ ਬੋਲੀ ਦਾ ਪਹਨੀਏਂ, ਜੇ ਜੇਵਰ ਸੁੱਚਾ।
ਪੱਪਾ ਪੰਜ ਦਰਿਆ ਦੀ, ਬੋਲੀ ਪੰਜਾਬੀ।
ਮਹਿਕ ਫਿਜਾ ਵਿੱਚ ਘੋਲਦੀ, ਜਿਓਂ ਫੁੱਲ ਗੁਲਾਬੀ।
ਫੱਫਾ ਫਿਰਦਾ ਬੋਲਦਾ, ਗਿਟ ਮਿਟ ਅੰਗਰੇਜ਼ੀ।
ਪਿੱਛਾ ਚੌੜ ਕਰਾ ਗਿਆ, ਗੈਰਾਂ ਦਾ ਹੇਜੀ।
ਬੱਬਾ ਬੋਲੀ ਆਪਣੀ, ਨੂੰ ਸਾਂਭ ਜਵਾਨਾ।
ਬੋਲੀ ਕਦੇ ਨਾ ਭੁੱਲਦਾ, ਜੋ ਬੰਦਾ ਦਾਨਾ।
ਭੱਭਾ ਭਰੀ ਮਿਠਾਸ ਦੀ, ਇਹ ਮਾਖਿਓ ਮਿੱਠੀ।
ਇਹਦੇ ਵਰਗੀ ਹੋਰ ਨਾ, ਕਿਧਰੇ ਕੋਈ ਡਿੱਠੀ।
ਮੱਮਾ ਮਾਣੇ ਜਿਨ੍ਹੇ ਨਾ, ਰੰਗ ਇਹਦੇ ਗੂਹੜੇ।
ਉਹਦੇ ਰਹੇ ਗਿਆਨ ਦੇ, ਸਭ ਦਾਅਵੇ ਕੂੜੇ।
ਯੱਯਾ ਯਾਰਾਂ ਬੋਲ ਕੇ, ਜੋ ਕੌਲ ਨਿਭਾਏ।
ਸੋਹਣੇ ਗੀਤ ਪ੍ਰੇਮ ਦੇ, ਇਹਦੇ ਵਿੱਚ ਗਾਏ।
ਰਾਰਾ ਰਾਗਾਂ ਵਿੱਚ ਜਾ, ਰਚ ਰਸ ਕੇ ਗਾਈ।
ਅਨਹਦ ਨਾਦੀ ਧੁਨਾ ਨੇ, ਮਸਤੀ ਬਿਖਰਾਈ।
ਲੱਲਾ ਲਾਲੀ ਸੁਭਾਹ ਦੀ, ਜਿਓਂ ਨੂਰ ਖਿਲਾਰੇ।
ਇੰਜ ਪੰਜਾਬੀ ਰਵੀ ਜਿਓਂ, ਮਾਰੇ ਝਲਕਾਰੇ।
ਵੱਵਾ ਵਾਂਗ ਸਮੀਰ ਦੇ, ਇਹ ਰਹਿੰਦੀ ਵਹਿੰਦੀ।
ਕੰਨਾਂ ਵਿੱਚ ਰਸ ਘੋਲਦੀ, ਜਦ ਕੰਨੀਂ ਪੈਂਦੀ।
ੜਾੜਾ ਮਾੜਾ ਕਰਨ ਉਹ, ਜੋ ਕਹਿਰ ਕਮਾਂਦੇ।
ਪੁੱਤਰ ਇਹਦੇ ਏਸ ਨੂੰ, ਨੇ ਭੁੱਲਦੇ ਜਾਂਦੇ।
ਜਾਗੋ ਵਿਰਸਾ ਸਾਂਭ ਲਓ, ਸਭ ਨੂੰ ਸਮਝਾਈਏ।
ਮਾਂ ਬੋਲੀ ਨੂੰ ਬਾਜਵਾ, ਮੁੜ ਤਖਤ ਬਹਾਈਏ।
ਮਾਂ ਬੋਲੀ ਦਾ ਪਿਆਰ
ਮਾਂ ਦਾ ਸ਼ੀਰ ਚੁੰਘ੍ਹਦਿਆਂ ਸਿੱਖੀ ਬੋਲ ਤੋਤਲੇ ਬੋਲੀ।
ਲੋਰੀਆਂ ਦਿੱਤੇ ਅਰਸ਼ ਹੁਲਾਰੇ
ਕੰਨੀਂ ਮਿਸ਼ਰੀ ਘੋਲੀ।
ਝਿੜਕਾਂ ਲਾਡ ਹਿਦਾਇਤਾਂ ਕੀਤੀ ਸੋਚ ਸਮੇਂ ਦੀ ਹਾਣੀ।
ਦੁੱਧ ਸ਼ਹਿਦ ਦੀਆਂ ਘੁੱਟਾਂ ਆਈਆਂ ਮਾਂ ਬੋਲੀ ਜਾਂ ਬੋਲੀ।
ਭੰਗੜਿਆਂ ਦੀ ਅਰਸ਼ ਪਰੀ ਤੇ ਗਿੱਧਿਆਂ ਸੰਦੀ ਰਾਣੀ।
ਗੀਤ ਸੰਗੀਤ ਪਰੁਚੀ ਦੁਨੀਆਂ ਇਹਦਾ
ਭਰਦੀ ਪਾਣੀ।
ਵੰਗਾਂ ਦੀ ਟੁਣਕਾਰ ਪੰਜਾਬੀ ਝਾਂਜਰ ਦਾ ਛਣਕਾਟਾ।
ਇਹਦੇ ਵਰਗੀ ਹੋਰ ਮਿਲੀ ਨਾ ਦਰ ਦਰ ਮਿੱਟੀ ਛਾਣੀ।
ਲੋਕ ਗੀਤ ਟੱਪੇ ਤੇ ਮਾਹੀਏ ਬੈਂਤ ਕਬਿੱਤ ਅੱਮੁਲੇ।
ਰੂਹਾਂ ਵੱਜਦ ਵਿੱਚ ਲਿਆਉਂਦੇ ਬੋਲ ਮੋਤੀਆਂ ਤੁੱਲੇ।
ਘੋੜੀ ਸਿੱਠਣੀ ਅਤੇ ਸੁਹਾਗਾਂ ਮਸਤੀ ਕੀਤੀ ਸਸਤੀ।
ਰੂਹਾਂ ਅੰਦਰ ਵੱਸਦੇ ਰਸ ਰਸ ਵਾਰਸ ਬਾਹੂ ਬੁੱਲ੍ਹੇ।
ਅਨਹਦ ਨਾਦ ਅਨੋਖਾ ਇਹਦਾ ਰੂਹ ਕਰਦਾ ਹਰ ਤਾਜੀ।
ਰੱਬੀ ਬਾਣੀ ਅਮ੍ਰਿਤ ਬਰਸੇ ਸੁਣ ਹੋਵਣ ਮਨ ਰਾਜੀ।
ਨਾਨਕ ਸ਼ੇਖ ਫਰੀਦਾਂ ਇਸ ਦੇ ਐਸੇ ਨਕਸ਼ ਨਿਖਾਰੇ।
ਨੂਰ ਇਲਾਹੀ ਬਣ ਕੇ ਹਰ ਇੱਕ ਮਸਤਕ ਵਿੱਚ ਬਿਰਾਜੀ।
ਪਰ ਅਫਸੋਸ ਕਿ ਇਸ ਦੇ ਪੁੱਤਰਾਂ ਰਾਣੀ ਕੀਤੀ ਗੋਲੀ।
ਮੇਮ ਵਲੈਤੀ ਪਿੱਛੇ ਲੱਗ ਕੇ ਮਾਂ ਘੱਟੇ ਵਿੱਚ ਰੋਲੀ।
ਆਉ ਇਹਨੂੰ ਪੱਟ ਪਹਿਨਾਈਏ ਗਲੋਂ ਲੁਹਾ ਕੇ ਲੀਰਾਂ।
ਬਾਜਵਿਆ ਮੁੜ ਤਖਤ ਬਹਾਈਏ ਇਹ ਸੋਹਣੀ ਮਾਂ ਬੋਲੀ।
ਰਾਜਨੀਤੀ ਦੀਆਂ ਗੋਟੀਆਂ
ਖਤਰੈ ਪੰਜਾਬੀ ਨੂੰ ਪੰਜਾਬੀ ਦੇ ਮਸੀਹਿਆਂ ਕੋਲੋਂ,
ਤੋੜ ਤੋੜ ਖਾਂਦੇ ਜੋ ਪੰਜਾਬੀ ਦੀਆਂ ਬੋਟੀਆਂ।
ਗੈਰ ਭਾਸ਼ਾ ਵੇਖੇ ਨੇ ਉਹ ਸਿਰ ਤੇ ਬਹਾਈ ਬੈਠੇ ,
ਖਾਂਦੇ ਨੇ ਪੰਜਾਬੀ ਸਿਰੋਂ ਰੱਜ ਰੱਜ ਰੋਟੀਆਂ।
ਉਤੋਂ ਉਤੋਂ ਵਫਾਦਾਰ ਹੋਣ ਦਾ ਭੁਲੇਖਾ ਪਾਉਣ ,
ਪਰ ਨੀਤਾਂ ਇਹਨਾ ਦੀਆਂ ਅੰਦਰੋਂ ਨੇ ਖੋਟੀਆਂ।
ਸੇਵਾ ਸੇਵਾ ਆਖ ਮੇਵਾ ਕਰਦੇ ਚੱਟਮ ਸਾਰਾ,
ਕਰ ਕੇ ਉਹ ਫਿੱਟ ਰਾਜਨੀਤੀ ਦੀਆਂ ਗੋਟੀਆਂ।
ਭਾਸ਼ਾ ਮਜ਼੍ਹਬ ਤੇ ਸਿਆਸਤ
ਰੱਜ ਕੇ ਰਲਾਈ ਖੋਟ ਬੇਈਮਾਨ ਹਾਕਮਾਂ ਨੇ
ਮਾਂ ਬੋਲੀ ਚੜ੍ਹੀ ਜਾਂ ਸਿਆਸੀ ਸੁਨਿਆਰਾਂ ਹੱਥ
ਚਾੜ੍ਹ ਵੱਖਵਾਦ ਦੇ ਖਰਾਦ ਉਤੇ ਛਾਂਗ ਦਿੱਤਾ
ਆ ਗਿਆ ਪੰਜਾਬ ਜਦ ਦੇਸ਼ ਦੇ ਗਦਾਰਾਂ ਹੱਥ
ਨਾਨਕ ਦੀ ਸੋਚ ਇਹਨਾ ਕੁੱਜੇ ਵਿੱਚ ਬੰਦ ਕੀਤੀ
ਖਾਲੀ ਕਰ ਦਿੱਤੇ ਲੋੜਵੰਦ ਨੇ ਹਜ਼ਾਰਾਂ ਹੱਥ
ਕਾਰਵਾਂ ਸਿਆਸਤ ਦਾ ਘੇਰੇ 'ਚ ਘੁਮਾਈ ਜਾਂਦੇ
ਜਦੋਂ ਦੀਆਂ ਆਈਆਂ ਸ਼ਾਹੂਕਾਰਾਂ ਦੇ ਮੁਹਾਰਾਂ ਹੱਥ
ਰਾਹਬਰਾਂ ਦੇ ਨੂਰ ਦੇ ਚੁਫੇਰੇ ਓਟ ਕਰ ਦਿੱਤੀ
ਜਿਹੜਾ ਕਦੇ ਫੈਲਦਾ ਸੀ ਕਹਿਣ ਕੂੰਟਾਂ ਚਾਰਾਂ ਹੱਥ
ਮਜ੍ਹਬੀ ਕਿਤਾਬਾਂ ਉਤੇ ਕਬਜ਼ੇ ਜਮਾਉਣ ਵਾਲੇ
ਆ ਕੇ ਜਨੂੰਨ 'ਚ ਉਲਾਰਦੇ ਹਜ਼ਾਰਾਂ
ਹੱਥ
ਮੀਨਾਕਾਰ ਫਿਕਰਾਂ 'ਚ ਡੁੱਬੇ ਹੋਏ ਵੇਖ
ਹਾਲ
ਦੇ ਦਿੱਤਾ ਹੀਰਾ ਜਾਂ ਤਰਾਸ਼ਣਾ ਲੋਹਾਰਾਂ ਹੱਥ
ਧਰਮ ਵਪਾਰ ਹੋਇਆ ਹੱਥ ਰੰਗੇ ਧੂਰਤਾਂ ਨੇ
ਜਦੋਂ ਦਾ ਹੈ ਆਇਆ ਭੁੱਖੇ ਲਾਲਚੀ ਮੱਕਾਰਾਂ ਹੱਥ
ਹਾਸੋਹੀਣੀ ਓਦੋਂ ਦੀ ਸਿਆਸਤ ਹੈ ਹੋਈ ਜਦੋਂ
ਆਈ ਚਾਬੀ ਸਤਾ ਦੀ ਛਿਨਾਰਾਂ ਤੇ ਨਚਾਰਾਂ ਹੱਥ
ਸੁੱਟ ਕੇ ਸੁਨਹਿਰੀ ਚੋਗਾ ਅੰਗਰੇਜ਼ੀ ਅੱਖਰਾਂ ਦਾ
ਪੈਂਤੀ ਹੈ ਵਿਕਾਈ ਰੱਦੀ ਵਾਲਿਆਂ ਗਵਾਰਾਂ ਹੱਥ
ਮਾਂ ਬੋਲੀ ਗਲੋਂ ਲਾਹ ਕੇ ਰੇਸ਼ਮੀ ਪੁਸ਼ਾਕ ਸੋਹਣੀ
ਖੁਦ ਹੀ ਫੜਾਈ ਹੈ ਵਿਦੇਸ਼ੀ ਭਾਸ਼ਾ ਕਾਰਾਂ ਹੱਥ
ਮਾਂ ਬੋਲੀ ਲੀਰਾਂ ਵਿੱਚ ਲਿਪਟੀ ਸੁੰਗੜ ਰਹੀ
ਕੁਝ ਬੁਧੀਜੀਵੀਆਂ ਵਿਚਾਰਿਆ ਲਾਚਾਰਾਂ ਹੱਥ
ਮੱਤ ਮਾਰੀ ਮਤ ਦੇਣ ਲੱਗਿਆਂ ਵੀ ਸੋਚਦੇ ਨਾ
ਆਪੇ ਦੇ ਲੈਂਦੇ ਜਾਣ ਬੁੱਝ ਵਿੱਚ ਖਾਰਾਂ ਹੱਥ
ਸਵਾਰਥੀ ਸਿਆਸੀਆਂ ਦੇ ਮੰਤਰਾਂ ਦੇ ਕੀਲੇ ਹੋਏ
ਖੜ੍ਹੇ ਹੋ ਜਾਂਦੇ ਪਿੱਛੇ ਵੀਹਾਂ ਚੋਂ ਸਤਾਰਾਂ ਹੱਥ
ਵੇਖ ਵੇਖ ਕਾਰੇ ਭੈੜੇ ਬਾਜਵਾ ਹੈਰਾਨ ਹਾਂ ਮੈਂ
ਦਿਨੇ ਰਾਤ ਸੋਚ ਸੋਚ ਮੱਥੇ ਉਤੇ ਮਾਰਾਂ ਹੱਥ।
ਪੰਜਾਬੀ ਮਾਂ ਬੋਲੀ
ਕੋਈ ਖੰਡ ਆਖੇ ਕੋਈ ਕਹੇ ਮਿਸ਼ਰੀ,
ਕੋਈ ਆਖਦਾ ਆਪ ਮਖ਼ੀਰ ਇਸਨੂੰ।
ਆਉਂਦੀ ਏਸ ਚੋਂ ਮਹਿਕ ਗੁਲਾਬ ਦੀ ਏ,
ਤਾਹੀਓਂ ਆਖਦੇ ਲੋਕ ਸਮੀਰ ਇਸ ਨੂੰ।
ਇਹਦੀ ਲੇਖਣੀ ਨਕਸ਼ ਉਤਾਰ ਦੇਂਦੀ,
ਪੜ੍ਹ ਕੇ ਆਖੀਏ ਸੱਚ ਤਸਵੀਰ ਇਸਨੂੰ।
ਲੱਖਾਂ ਲੋਕਾਂ ਦੇ ਮਨਾਂ ਤੇ ਰਾਜ ਇਹਦਾ,
ਕਰਨ ਸਿਜਦੇ ਪੀਰ ਫ਼ਕੀਰ ਇਸਨੂੰ।
ਵਰਦਾ ਨੂਰ ਪੰਜਾਬੀ ਦੇ ਮੁੱਖੜੇ ਤੇ,
ਇਹ ਹੈ ਰੋਸ਼ਨੀ ਖਾਸ਼ ਮਤਾਬੀਆਂ ਦੀ।
ਕੰਨਾਂ ਵਿੱਚ ਮਿਠਾਸ ਜਿਹੀ ਘੋਲ ਦੇਂਦੀ,
ਮਿੱਠੀ ਬੋਲੀ ਪੰਜਾਬੀ ਪੰਜਾਬੀਆਂ ਦੀ।
ਚਿੜੀ ਚੂਕਦੀ ਦੀ ਵਿੱਚੋਂ ਵਾਜ ਆਵੇ,
ਸੁਣਦਾ ਸ਼ੋਰ ਪ੍ਰਭਾਤੀ ਮਧਾਣੀਆਂ ਦਾ।
ਇਹਦਾ ਸ਼ਬਦ ਹਰ ਇੱਕ ਝਰਨਾਟ ਛੇੜੇ,
ਸੰਗ ਗੀਤ ਰਲਿਆ ਪੰਜਾਂ ਪਾਣੀਆਂ ਦਾ।
ਤਾਨ ਵੰਝਲੀ ਅਤੇ ਅਲਗੋਜਿਆ ਦੀ,
ਅਨਹਦ ਨਾਦ ਰਲਿਆ ਰੱਬੀ ਬਾਣੀਆਂ ਦਾ।
ਪਾਉਣ ਬੋਲੀਆਂ ਗੱਭਰੂ ਪਿੜਾਂ ਅੰਦਰ,
ਤਾਲ ਗਿੱਧਿਆਂ ਵਿੱਚ ਸੁਆਣੀਆਂ ਦਾ।
ਇਹ ਬੋਲੀ ਅਜ਼ਾਦ ਪਤੰਗਿਆਂ ਦੀ,
ਇਹਨੂੰ ਨਹੀਂ ਹੈ ਲੋੜ ਨਵਾਬੀਆਂ ਦੀ।
ਸੱਚ ਬੋਲਦੀ ਲਾਗ ਲਪੇਟ ਬਾਝੋਂ,
ਐਸੀ ਬੋਲੀ ਪੰਜਾਬੀ ਪੰਜਾਬੀਆਂ ਦੀ।
ਵਾਰਸ ਸ਼ਾਹ ਵਰਗੇ ਇਹਦੇ ਹੋਏ ਵਾਰਸ,
ਖੈਰ ਖਾਹ ਹੋਏ ਕਾਦਰ ਯਾਰ ਇਸਦੇ।
ਬੁੱਲ੍ਹਾ, ਸ਼ੇਖ ਫ਼ਰੀਦ, ਹੁਸੈਨ, ਬਾਹੂ,
ਨਕਸ਼ ਗਏ ਨੇ ਸੋਹਣੇ ਨਿਖਾਰ ਇਸਦੇ।
ਇਹਨੂੰ ਬਖਸ਼ਸ਼ ਹੈ ਪੀਰਾਂ ਪੈਗੰਬਰਾਂ ਦੀ,
ਰਹਿਮਤ ਹਾਰ ਸਨ ਨਾਨਕ ਨਰੰਕਾਰ ਇਸਦੇ।
ਮੋਹਣ ਸਿੰਘ, ਚਾਤ੍ਰਿਕ, ਭਾਈ ਵੀਰ ਸਿੰਘ ਨੇ,
ਗੁੰਦੇ ਸ਼ਬਦ ਲੈ ਕੇ ਸੋਹਣੇ ਹਾਰ ਇਸਦੇ।
ਟੁੰਬੇ ਹਰਫ ਜਾਂ ਕਲਮ ਦੀ ਨੋਕ ਯਾਰੋ,
ਸੋਚ ਕਰੇ ਪੈਦਾ ਇਨਕਲਾਬੀਆਂ ਦੀ।
ਸੁੱਤੇ ਹੋਏ ਜ਼ਜ਼ਬਾਤ ਜਗਾ ਦੇਂਦੀ,
ਸੋਹਣੀ ਬੋਲੀ ਪੰਜਾਬੀ ਪੰਜਾਬੀਆਂ ਦੀ।
ਲੈ ਕੇ ਲੋਰੀਆਂ ਅਸੀਂ ਜਵਾਨ ਹੋਏ,
ਸਾਡੀ ਅਣਖ ਟੁੰਬੀ ਵਾਰਾਂ ਏਹਦੀਆਂ ਨੇ।
ਏਹਦੇ ਘੋੜੀਆਂ ਅਤੇ ਸੁਹਾਗ ਸੋਹਣੇ,
ਦਿਲ ਟੁੰਬ ਗਈਆਂ ਤਾਰਾਂ ਏਹਦੀਆਂ ਨੇ।
ਲੋਕ ਗੀਤ ਤੇ ਬੋਲੀਆਂ ਰੰਗ ਬੰਨ੍ਹਣ,
ਸਿਫਤਾਂ ਹੋਣ ਹਜ਼ਾਰਾਂ ਏਹਦੀਆਂ ਨੇ।
ਇਹਦੇ ਗੀਤ ਪਿਆਰ ਦੇ ਮਸਤ ਕਰਦੇ,
ਸਾਨੂੰ ਹਰ ਵੇਲੇ ਸਾਰਾਂ ਏਹਦੀਆਂ ਨੇ।
ਟਕੇ ਜਿਹਾ ਜਵਾਬ ਵੀ ਦੇ ਦੇਂਦੀ,
ਮੰਨੇ ਈਨ ਨਾ ਕਦੇ ਖਰਾਬੀਆਂ ਦੀ।
ਦੁਸ਼ਮਣ ਤਾਂਈ ਲਲਕਾਰਨਾ ਜਾਣਦੀ ਏ,
ਐਸੀ ਬੋਲੀ ਪੰਜਾਬੀ ਪੰਜਾਬੀਆਂ ਦੀ।
ਭੁੱਲ ਗਏ ਜੇ ਏਸ ਨੂੰ ਅਸੀਂ ਲੋਕੋ,
ਕਲ ਵਕਤ ਨੇ ਉੱਠ ਪੁਕਾਰਨਾ ਹੈ।
ਆਓ ਜਾ ਜਗਾਈਏ ਸੁੱਤਿਆਂ ਨੂੰ,
ਮਾਂ ਬੋਲੀ ਦਾ ਕਰਜ਼ ਉਤਾਰਨਾ ਹੈ।
ਸ਼ਰਧਾ ਨਾਲ ਹਰੇਕ ਦਾ ਸੀਸ ਨਿਵੇਂ,
ਅਸੀਂ ਏਸ ਨੂੰ ਏਨਾ ਸਤਕਾਰਨਾ ਹੈ।
ਗ਼ੈਰ ਬੋਲੀਆਂ ਨਾਲ ਵੀ ਪਿਆਰ ਕਰਨਾ,
ਐਪਰ ਏਸ ਨੂੰ ਹੋਰ ਨਿਖਾਰਨਾ ਹੈ।
ਲੈ ਕੇ ਬਾਜਵਾ ਏਸ ਬਗੀਚੜੇ ਚੋਂ,
ਲੜੀ ਗੁੰਦੀਏ ਫੁੱਲ ਗੁਲਾਬੀਆਂ ਦੀ।
ਆਉ ਏਸ ਨੂੰ ਹੋਰ ਅਮੀਰ ਕਰੀਏ,
ਸੋਹਣੀ ਬੋਲੀ ਪੰਜਾਬੀ ਪੰਜਾਬੀਆਂ ਦੀ।
ਮਾਂ ਬੋਲੀ
ਜਿਹੜਾ ਕਿਸੇ ਵੀ ਬੋਲੀ ਨੂੰ ਭੰਡਦਾ ਏ,ਕਰਦਾ ਆਪਣੀ ਵਾਲਾ
ਸਤਿਕਾਰ ਕੋਈ ਨਹੀ।
ਜਿਹੜਾ ਮਾਂ ਨੂੰ ਕਹਿੰਦਾ ਉੱਜਡ ਨਾਰੀ,ਐਸਾ ਜੱਗ ਤੇ ਜ਼ਹਿਨੀ
ਬੀਮਾਰ ਕੋਈ ਨਹੀ।
ਲਾਈ ਲੱਗ ਹੋ ਕੇ ਫਿਰਦਾ ਭਟਕਦਾ ਜੋ,ਸਮਝੋ ਓਸ ਤੋਂ ਵੱਡਾ
ਗਵਾਰ ਕੋਈ ਨਹੀ।
ਚਾਪਲੂਸੀਆ ਲਾਲਚੀ ਬੇ ਅਣਖਾ,ਅੰਦਰ ਉਸ ਦੇ ਗੈਰਤ ਦੀ ਤਾਰ ਕੋਈ ਨਹੀ।
ਜਿਨ੍ਹੇ ਮਾਂ ਦਾ ਚੁੰਘਿਆ ਸ਼ੀਰ ਨਾਹੀ,ਆਉਂਦੀ ਓਸ ਤੇ ਜੋਬਨ
ਬਹਾਰ ਕੋਈ ਨਹੀ।
ਮਾਤ ਭਾਸ਼ਾ ਨੂੰ ਜਿਹੜਾ ਭੁਲਾ ਦੇਂਦੈ,ਵੱਡਾ ਓਸ ਤੋਂ ਦੇਸ਼ ਗੱਦਾਰ ਕੋਈ ਨਹੀ।
ਮਾਂ ਬੋਲੀ ਦੇ ਸਿਰ ਤੇ ਜਿਊਣ ਕੌਮਾਂ,ਮਾਂ ਬੋਲੀ ਦੇ ਮਰੇ
ਤੋਂ ਮਰਦੀਆਂ ਨੇ ।
ਜਿਨ੍ਹਾ ਬਾਜਵਾ ਬੋਲੀ ਵਿਸਾਰ ਦਿੱਤੀ,ਪਿੱਲੀ ਇੱਟ ਵਾਂਗੂੰ
ਕੌਮਾਂ ਖਰਦੀਆਂ ਨੇ।
ਜਿਨ੍ਹੇ ਅਣਖ ਤੇ ਗੈਰਤ ਦੀ ਲਈ ਗੁੜਤੀ,ਪਾਣੀ ਉਹਦਾ
ਹਕੂਮਤਾਂ ਭਰਦੀਆਂ ਨੇ।
ਜਿਨ੍ਹਾ ਮਾਂ ਦੇ ਦੁੱਧ ਦੀ ਲਾਜ ਰੱਖੀ,ਭਵ ਸਾਗਰ ਬੈਤਰਣੀ
ਨੂੰ ਤਰਦੀਆਂ ਨੇ।
ਸਮਝੋ ਅੱਜ ਵੀ ਗਿਆ ਤੇ ਕਲ੍ਹ ਵੀ ਉਹ,ਜਿਸਦਾ ਆਪਣਾ ਠੋਸ
ਅਧਾਰ ਕੋਈ ਨਹੀ।
ਮਾਤ ਭਾਸ਼ਾ ----
ਛਾਤਰ ਕਹਿਣ ਵਿਸਾਰ ਕੇ ਮਾਂ ਬੋਲੀ, ਗੈਰ ਬੋਲੀ ਨੂੰ ਤੁਸੀਂ ਅਪਣਾਓ ਯਾਰੋ।
ਭੁੱਲ ਜਾਓ ਪੰਜਾਬੀ ਅਮੀਰ ਵਿਰਸਾ,ਹੋਰ ਸਭਿਆਚਾਰ ਅਪਣਾਓ ਯਾਰੋ।
ਜਾਪੇ ਆਖਦੈ ਆਪਣੀ ਮਾਂ ਛੱਡ ਕੇ,ਚਾਚੀ ਤਾਈ ਨੂੰ ਮਾਂ ਬਣਾਓ ਯਾਰੋ।
ਮੈਨੂੰ ਜਾਪਦੈ ਆਖਦੇ
ਬਾਜਵਾ ਜੀ,ਲਾਜ ਮਾਂ ਦੇ ਦੁੱਧ
ਨੂੰ ਲਾਓ ਯਾਰੋ।
ਗੈਰ ਬੋਲੀਆਂ ਦੇ ਪਿੱਛੇ ਰਹੇ ਭੌਂਦੇ,ਵਿਗੜ ਜਾਣੈ ਪਰ
ਹੋਣਾ ਸੁਧਾਰ ਕੋਈ ਨਹੀ।
ਮਾਤ ਭਾਸ਼ਾ -------
ਕਾਵਾਂ ਵਿੱਚ ਨਾ ਰਹੇ ਨਾ ਮੋਰ ਹੋਏ,ਜਿਨ੍ਹਾ ਆਪਣੀ ਜਰਾ
ਪਛਾਣ ਬਦਲੀ।
ਕੇਵਲ ਰਹੇ ਗੁਲਾਮੀਆਂ ਕਰਨ ਜੋਗੇ,ਮਾਣ ਮੱਤੀ ਹੈ ਜਿਨ੍ਹਾ ਸਿਆਣ ਬਦਲੀ।
ਖੱਟ ਕਾਲਖਾਂ ਗਏ ਜਹਾਨ ਉਤੋਂ ਵੱਟੇ ਕੋਲਿਆਂ ਹੀਰੇ ਦੀ ਖਾਣ ਬਦਲੀ।
ਭਟਕ ਗਏ ਅਕਾਸ਼ਾਂ ਵਿੱਚ ਬਾਜਵਾ ਉਹ,ਜਿਨ੍ਹਾ ਗੈਰਾਂ ਦੇ ਆਖੇ ਉਡਾਣ ਬਦਲੀ।
ਜਿਹੜਾ ਇੱਕ ਨਿਸ਼ਾਨਾ ਨਾ ਰੱਖਦਾ ਏ,ਰਹਿੰਦੀ ਓਸ ਨੂੰ ਮੰਜਲ ਦੀ ਸਾਰ ਕੋਈ ਨਹੀ।
ਮਾਤ ਭਾਸ਼ਾ ------
ਸਾਡੀ ਬੋਲੀ ਦੀ ਸ਼ਾਨ ਬੁਲੰਦ ਬਹੁਤੀ,ਹਰ ਸ਼ਬਦ ਵਿੱਚੋਂ
ਅਮ੍ਰਿਤ ਬਰਸਦਾ ਏ।
ਢੋਲੇ ਮਾਹੀਏ ਸੁਹਾਗ ਤੇ ਘੋੜੀਆਂ ਨੂੰ,ਕੌਣ ਨਹੀ ਜੋ ਸੁਣਨ
ਲਈ ਤਰਸਦਾ ਏ।
ਇਹਦੇ ਬੈਂਤ ਕਬਿੱਤ ਡਿਓਡ ਕਲੀਆਂ, ਦੋਹੜੇ ਕਾਫੀਆਂ ਸੁਣ ਮਨ ਹਰਸ਼ਦਾ ਏ।
ਕਾਦਰ,ਵਾਰਸ,ਹੁਸੈਨ,ਫ਼ਰੀਦ,ਦਾਦੂ,ਪੀਲੂ, ਫ਼ਜ਼ਲ ਬੁੱਲ੍ਹਾ ਸੁਣ ਮਨ ਸਰਸਦਾ ਏ।
ਜੀਵਨ ਜੋਤ ਲੈ ਕੇ ਜਿੱਥੋਂ ਜੱਗ ਰੌਸ਼ਨ,ਬਾਣੀ ਗੁਰੂਆਂ ਦੀ
ਬਿਨਾ ਉਧਾਰ ਕੋਈ ਨਹੀ।
ਜਿਹੜਾ ਫਿਰ ਵੀ ਪੰਜਾਬੀ ਨੂੰ ਛੱਡਦਾ ਏ,ਵੱਡਾ ਓਸ ਤੋਂ ਦੇਸ਼
ਗਦਾਰ ਕੋਈ ਨਹੀ।
ਭਾਸ਼ਾ ਲਿਪੀ ਦਾ ਖੇਲ
ਭਾਸ਼ਾ ਇੱਕ ਤੇ ਲਿਪੀਆਂ ਚਾਰ।
ਸ਼ਾਤਰ ਲੋਕਾਂ ਦੀ ਹੈ ਕਾਰ।
ਇਸ ਕਰਕੇ ਕਿ ਇੱਕ ਦੂਜੇ ਦੇ,
ਸਮਝ ਲੈਣ ਨਾ ਕਿਤੇ ਵਿਚਾਰ।
ਲਿਪੀ ਦੂਸਰੀ ਵਰਜਿਤ ਕੀਤੀ,
ਜਾਤਾਂ ਧਰਮਾ ਦੇ ਅਨੁਸਾਰ।
ਏਦਾਂ ਹੈ ਜਿਓਂ ਸੂਰਜ ਹੁੰਦਿਆਂ,
ਵੱਖ ਵੱਖ ਦੀਵੇ ਜਗਣ ਹਜ਼ਾਰ।
ਦੀਵਿਆਂ ਵਿੱਚ ਉਲਝਾਏ ਲੋਕੀਂ,
ਰੋਕਣ ਲਈ ਚਾਨਣ ਪ੍ਰਸਾਰ।
ਲਿਪੀਆਂ ਤੋਂ ਕਬਜੇ ਹਟਵਾਓ,
ਜਾਗੋ ਲੋਕੋ ਹੋ ਹੁਸ਼ਿਆਰ।
ਹਰ ਭਾਸ਼ਾ ਦੇ ਆਪਣੇ ਅੱਖਰ,
ਸਕਦੇ ਉਹਦਾ ਰੂਪ ਸ਼ਿੰਗਾਰ।
ਕੋਈ ਬੋਲੀ ਗੈਰ ਲਿਪੀ ਵਿੱਚ,
ਕਦੇ ਨਾ ਸਕਦੀ ਭਾਵ ਸਵਾਰ।
ਆਓ ਭਜਾਈਏ ਆਪ ਬਣੇ ਜੋ,
ਹਰ ਭਾਸ਼ਾ ਦੇ
ਠੇਕੇਦਾਰ।
ਨਾਮ ਗੁਰਮੁਖੀ ਚੁੱਭਦਾ ਹੈ ਤਾਂ,
ਨਾਮ ਪੰਜਾਬੀ ਧਰ ਲਓ ਯਾਰ।
ਬੋਲੀ ਲਿਪੀ ਨਾ ਐਪਰ ਛੱਡੋ,
ਕਿਹੜਾ ਮਾਂ ਨੂੰ ਦਏ ਵਿਸਾਰ।
ਚਾਨਣ ਨੂੰ ਚਾਨਣ ਤੋਂ ਬੰਧਨ,
ਚਾਨਣ ਨੂੰ ਚਾਨਣ ਤੋਂ ਖਾਰ ?
ਕਿਓਂ ਬਾਜਵਾ ਚਾਨਣ ਉੱਤੇ,
ਰਹਿਣ ਹਨੇਰੇ ਪਹਿਰੇਦਾਰ ?
ਵੱਡਾ ਓਸ ਤੋਂ ਦੇਸ਼ ਗੱਦਾਰ ਕੋਈ ਨਹੀ
ਹਰ ਭਾਸ਼ਾ ਦਾ ਸਤਿਕਾਰ ਕਰੋ।
ਪਰ ਮਾਂ ਬੋਲੀ ਨੂੰ ਪਿਆਰ ਕਰੋ।
-----
ਜਿਹੜਾ ਕਿਸੇ ਵੀ ਬੋਲੀ ਨੂੰ ਭੰਡਦਾ ਏ,
ਕਰਦਾ ਆਪਣੀ ਵਾਲਾ ਸਤਿਕਾਰ ਕੋਈ ਨਹੀ।
ਜਿਹੜਾ ਮਾਂ ਨੂੰ ਕਹਿੰਦਾ ਉੱਜਡ ਨਾਰੀ,
ਐਸਾ ਜੱਗ ਤੇ ਜ਼ਿਹਨੀ ਬੀਮਾਰ ਕੋਈ ਨਹੀ।
ਚਾਪਲੂਸ ਤੇ ਲਾਲਚੀ ਬੇ ਅਣਖਾ,
ਅੰਦਰ ਉਸ ਦੇ ਗੈਰਤ ਦੀ ਤਾਰ ਕੋਈ ਨਹੀ।
ਮਾਤ ਭਾਸ਼ਾ ਨੂੰ ਜਿਹੜਾ ਭੁਲਾ ਦੇਂਦੈ,
ਵੱਡਾ ਓਸ ਤੋਂ ਦੇਸ਼ ਗੱਦਾਰ ਕੋਈ ਨਹੀ।
ਮਾਂ ਬੋਲੀ ਦੇ ਸਿਰ ਤੇ ਜਿਊਣ ਕੌਮਾਂ,
ਮਾਂ ਬੋਲੀ ਦੇ ਮਰੇ ਤੋਂ ਮਾਰਦੀਆਂ ਨੇ।
ਜਿਨ੍ਹਾ ਬਾਜਵਾ ਬੋਲੀ ਵਿਸਾਰ ਦਿੱਤੀ,
ਪਿੱਲੀ ਇੱਟ ਦੇ ਵਾਂਗਰਾਂ ਖਰਦੀਆਂ ਨੇ।
ਸੰਪਰਕ -
ਲਖਵਿੰਦਰ ਸਿੰਘ ਬਾਜਵਾ
ਪਿੰਡ ਜਗਜੀਤ ਨਗਰ (ਹਰੀਪੁਰਾ)
ਜ਼ਿਲ੍ਹਾ ਸਿਰਸਾ, ਹਰਿਆਣਾ
ਮੋਬਾਈਲ-9416734506
ਇਹ ਵੀ ਪੜ੍ਹੋ -
ਕੌਮਾਂਤਰੀ ਮਾਂ ਬੋਲੀ ਦਿਵਸ ਸਬੰਧੀ ਬਲਵਿੰਦਰ ਸਿੰਘ ਭੁੱਲਰ ਦਾ ਵਿਸ਼ੇਸ਼ ਲੇਖ
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.