ਨਿਰਮਲ ਦੱਤ ਦੇ ਨਵੇਂ ਦੋਹੇ ਅਤੇ ਟੱਪੇ

ਸ਼ਬਦ ਚਾਨਣੀ---ਨਿਰਮਲ ਦੱਤ

ਨਵੇਂ ਦੋਹੇ

ਭੜਕ ਗਈ ਹੈ ਭੁੱਖ ਤੇਰੀ, ਦੱਸ ਕੋਈ ਕੀ ਕਹੇ,

ਰੁੱਤਾਂ ਬੇ-ਰੁੱਤ ਹੋ ਰਹੀਆਂ, ਮੌਸਮ ਬਿਗੜ ਰਹੇ.

 

ਜੇ ਤੂੰ ਭੜਕੀ ਭੁੱਖ ਦਾ ਕਰਨਾ ਨਹੀਂ ਧਿਆਨ,

ਡੁੱਬ ਜਾਣਾਂ ਇਸ ਧਰਤ ਨੇ, ਡਿੱਗ ਪੈਣਾਂ ਅਸਮਾਨ. 

 

ਜਦ ਤੂੰ ਲਾਲਚ ਤੋਰਿਆ, ਡਰ ਵੀ ਨਾਲ ਗਿਆ,

ਚੱਲ ਹੁਣ ਥੋੜ੍ਹਾ ਹੱਸ ਤੂੰ, ਚੱਲ ਹੁਣ ਥੋੜ੍ਹਾ ਗਾ.

 

ਕਾਜ਼ੀ ਬੇ-ਈਮਾਨ ਹੈ, ਸਭ ਬਦਕਾਰ ਗਵਾਹ,

ਸੱਤ-ਰੰਗੀ ਇੱਕ ਪੀਂਘ ਦਾ ਸੋਕੇ ਨਾਲ਼ ਨਿਕਾਹ.

 

ਫੁੱਲ ਰੰਗਾਂ ਨੂੰ ਕਹਿ ਰਹੇ ਸਭ ਕੁਝ ਨਹੀਂ ਹੈ ਠੀਕ,

ਕਿੱਥੇ ਗਈਆਂ ਤਿਤਲੀਆਂ, ਲੰਮੀਂ ਹੋਈ ਉਡੀਕ.

 

ਭੀੜ ਤਮਾਸ਼ਾ ਵੇਖਦੀ, ਰੌਲ਼ਾ ਪਵੇ ਬੜਾ,

ਦੋ ਮੁਸ਼ਟੰਡੇ ਆਪਣੇ ਰੱਬ ਨੇ ਰਹੇ ਲੜਾ.

 

ਭੀੜ ਜੈਕਾਰੇ ਮਾਰਦੀ ਹੋਵੇ ਲਹੂ-ਲੁਹਾਣ,

ਤੇ ਮੁਸ਼ਟੰਡੇ ਸਾਜ਼ਿਸ਼ੀ ਗੱਦੀਆਂ 'ਤੇ ਆ ਜਾਣ.

 

ਦਿਲ ਧਰਤੀ ਦਾ ਬਿੰਨ੍ਹ ਰਹੀ ਜ਼ਾਲਮ ਦੀ ਤਲਵਾਰ,

ਗੁੰਮ-ਸੁੰਮ ਬੈਠ ਦੇਖਦੇ ਗਿਰਵੀ-ਪਏ ਅਵਤਾਰ. 

 

ਠਰਦੀ-ਠਰਦੀ ਧੁੱਪ ਦਵੇਂ, ਸੜਦੀ ਚੰਨ ਦੀ ਰਾਤ,

ਯਾਰੀ ਹੈ ਕਿ ਦੁਸ਼ਮਣੀਂ, ਸਜਾ ਹੈ ਕਿ ਸੌਗਾਤ?

 

ਸਦਾਚਾਰ ਦੀ ਕਬਰ ਦੇ ਬੁਝੇ ਚਰਾਗ਼ਾਂ ਨਾਲ਼,

ਸੁਲਝੇ ਉੱਤਰ ਲੱਭ ਰਹੇ ਉਲਝੇ ਜਿਹੇ ਸਵਾਲ.

 

ਢਲ਼ ਚੱਲਿਆ ਹੈਂ, ਦੋਸਤਾ, ਦਰ-ਦਰ ਅਲਖ ਜਗਾ,

ਹੁਣ ਤਾਂ ਅਪਣੇ-ਆਪ ਨੂੰ ਅਪਣੇ ਨਾਲ਼ ਮਿਲਾ.

 

ਅਣਕਹਿ ਸਦੀਆਂ ਬੀਤੀਆਂ, ਅੱਗੇ ਸਮਾਂ ਅਪਾਰ,

ਇਹੀ ਪਲ ਹੈ ਜ਼ਿੰਦਗੀ, ਇਹ ਜੀਵਨ ਦਾ ਸਾਰ. 

 

ਜਦ ਤੱਕ ਮੰਨੀਂ ਭੁੱਖ ਦੀ, ਰੱਜ, ਰੱਜ ਹੋਏ ਖ਼ੁਆਰ,

ਭੁੱਖ ਜਦ ਮੰਨਣ ਲੱਗ ਪਈ, ਚਾਰੇ-ਪਹਿਰ ਖ਼ੁਮਾਰ.

 

ਡੱਫਲੀ ਇੱਕ ਦਰਵੇਸ਼ ਦੀ, ਜਾਂ ਨਾਚੀ ਦੇ ਪੈਰ,

ਓਹੀਓ ਘੁੰਗਰੂ ਵੰਡ ਰਹੇ ਅੰਮ੍ਰਿਤ ਵੀ ਤੇ ਜ਼ਹਿਰ.

ਨਵੇਂ ਟੱਪੇ

ਸੋਹਣਾ ਲੱਗਦੈਂ ਬੜਾ ਦਿਲਦਾਰਾ,

ਸਹਿਮਿਆਂ 'ਚ ਆਸ ਵੰਡਦਾ.

 

ਕੀਤੀ ਭੰਗ ਜੇ ਤਪੱਸਿਆ ਸਾਡੀ,

ਭੱਜੇ ਨੂੰ ਰਾਹ ਨੀ ਲੱਭੂ ਹਾਕਮਾਂ.

 

ਵਾਅਦੇ ਵੰਡਦੇ ਰੇਸ਼ਮੀਂ ਬਾਣੇ,

ਸੱਚ ਕੋਲੋਂ ਚੁੰਨੀ ਨਾ ਸਰੀ.

 

ਨਾਂ ਹੱਥ 'ਤੇ ਲਿਖਾਂ ਜਦ ਤੇਰਾ,

ਗੱਲ੍ਹਾਂ ਵਿਚੋਂ ਸੇਕ ਨਿੱਕਲੇ.

 

ਤੇਰੇ ਬੋਲਾਂ ਦਾ ਕਰਾਂ ਕੀ ਯਾਰਾ,

ਅੱਖਾਂ ਤਾਂ ਕੁਛ ਹੋਰ ਕਹਿੰਦੀਆਂ.

 

ਮੰਗਾਂ ਨੀਂਦ ਤੋਂ ਹਮੇਸ਼ਾ ਮਿੱਤਰਾ,

ਤੇਰਾ-ਮੇਰਾ ਇੱਕ ਸੁਪਨਾ.

 

ਸਾਡੀ ਰੂਹ 'ਤੇ ਹਮੇਸ਼ਾ ਹੱਕ ਤੇਰਾ,

ਨੀ ਮਿੱਟੀਏ ਪੰਜਾਬ ਦੀਏ.

 

ਚੱਲੀ ਚਿੱਟੀ ਜਿਹੀ ਤੇਜ਼ ਹਨੇਰੀ,

ਖ਼ਾਬਾਂ ਦੇ ਸਾਰੇ ਰੰਗ ਉੱਡਗੇ.

 

ਜਦੋਂ ਰੋਈ ਤਾਂ ਡੁਬੋਤੇ ਤਾਰੇ,

ਹੱਸੀ ਜਦੋਂ ਚੰਨ ਚੜ੍ਹਿਆ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060



Contact –

Nirmal Datt

# 3060, 47-D,

Chandigarh.

Mobile-98760-13060

ਇਹ ਵੀ ਪੜ੍ਹੋ -

ਬਾਰੀ, ਸਿੱਕਿਆਂ ਦਾ ਹੁਕਮ ਚੱਲੇ ਗੋਰੇ ਰੰਗ ਦੀ ਚੱਲੇ ਸਰਦਾਰੀ.


 

 

 

 

 

 

 

Post a Comment

0 Comments