ਰਵਿੰਦਰ ਰਵੀ ਦੀਆਂ ਕਵਿਤਾਵਾਂ

ਖਾਮੋਸ਼ ਸੂਰਜ ਦੀ ਦਾਸਤਾਨ

ਮੈਂ ਹੁਣ,

ਬੋਲਾਂ ਵਿੱਚ ਨਹੀਂ,

ਬਿੰਬਾਂ ਤੇ ਪ੍ਰਤੀਕਾਂ ਵਿੱਚ ਰਹਿੰਦਾ ਹਾਂ!!!

ਖ਼ਾਮੋਸ਼ੀ ਮੇਰੀ ਭਾਸ਼ਾ ਹੈ ......

ਸੈਨਤਾਂ,

ਇਸ਼ਾਰਿਆਂ ਦੇ ਨਾਲ,

ਪਰਤ ਦਰ ਪਰਤ,

ਖੁੱਲ੍ਹਦੀ ਹੈ!!!

ਮੇਰੀ ਨਦੀ,

ਮੇਰੇ ਚੋਂ ਹੀ ਨਿਕਲਦੀ,

ਮੇਰੇ ਚ ਹੀ ਡੁੱਲ੍ਹਦੀ ਹੈ!!!

ਸਮੁੰਦਰ ਵੀ ਮੈਂ ਹੀ ਹਾਂ

ਤੇ ਆਕਾਸ਼ ਵੀ!!!

ਸੂਰਜ ਵੀ ਏਥੇ ਕਿਤੇ ਹੀ ਰਹਿੰਦਾ ਹੈ,

ਆਦਿ-ਕਾਲ ਤੋਂ,

ਦ੍ਰਿਸ਼, ਦ੍ਰਿਸ਼ਟੀ ਤੇ ਦਰਸ਼ਨ ਬਣ ਰਿਹਾ,

ਮੇਰੇ ਵਾਂਗ ਹੀ,

ਖਾਮੋਸ਼ ਰਹਿੰਦਾ ਹੈ!!!

ਬ੍ਰਹਮੰਡ ਬਾਣੀ

ਸਾਡੇ ਪੈਰੀਂ ਕੈਸਾ ਚੱਕਰ!

ਖੜ੍ਹੇ ਵੀ ਤੁਰਦੇ ਰਹਿਣਾ!!!

ਕੰਧਾਂ ਦੇ ਵਿੱਚ ਬੰਦ ਹੋਂਦ ਨੇ,

ਸੋਚਾਂ ਦੇ ਵਿੱਚ ਵਹਿਣਾ!

ਪਿੰਡ ਨੂੰ ਜਾਗ ਲੱਗੀ ਬ੍ਰਹਮੰਡ ਦੀ,

ਤਿੰਨ ਕਾਲਾਂ ਵਿੱਚ ਰਹਿਣਾ!!!

ਆਪੇ ਸਾਗਰ, ਆਪ ਹੀ ਮੰਥਨ,

ਆਪੇ ਨਸ਼ਾ, ਆਪ ਹੀ ਲੈਣਾ।

ਆਪਣੇ ਆਪ ਚ ਜਗਣਾ, ਬੁਝਣਾ,

ਆਪਣੇ ਆਪ ਚ ਰਹਿਣਾ।

ਆਪਣੇ ਸ਼ਬਦ ਤੇ ਅਨੁਭਵ ਆਪਣਾ,

ਆਪਣੀ ਬਾਣੀ ਕਹਿਣਾ।

ਆਪਣੇ ਆਪ ਦਾ ਜਸ਼ਨ ਮਨਾਉਣਾ,

ਆਪਣੇ ਆਪ ਨੂੰ ਸਹਿਣਾ!!!

ਮਹਾਂ ਭਾਰਤ ਤੋਂ ਬਾਹਰਲੇ ਪਾਤਰ

ਭਰੀ ਮੀਟਿੰਗ ਵਿੱਚ,

ਇਕੱਲਾ ਬੈਠਾ, ਮੈਂ

ਕੋਰੇ ਕਾਗ਼ਜ਼ ਤੇ

ਕਾਂ ਕੋਕੜੇ ਵਾਹ ਰਿਹਾ ਹਾਂ!

ਕੁਝ ਚਿਹਰੇ ਬਣਾ,

ਕੁਝ ਢਾਹ ਰਿਹਾ ਹਾਂ!

ਇੰਜ ਹੀ ਹੁੰਦਾ ਹੈ ਮੇਰੇ ਨਾਲ,

ਭੀੜ ਵਿੱਚ ਤੁਰੇ ਜਾਂਦਿਆਂ, ਮੈਂ

ਭੀੜ ਤੋਂ,

ਨਿੱਖੜ ਕੇ ਖੜੋ ਜਾਂਦਾ ਹਾਂ!

ਸ਼ੋਰ ਵਿੱਚ,

ਸ਼ੋਰ ਤੋਂ ਉੱਚੀ,

ਨਿਵੇਕਲੀ ਇਕ ਸੁਰ ਹੋ ਜਾਂਦਾ ਹਾਂ!

ਪਤਨੀ ਨਾਲ,

ਇੱਕੋ ਮੰਜੇ ਤੇ ਸੁੱਤਿਆਂ,

ਇਕ ਵੱਖਰਾ ਜਹਾਨ ਬਣ ਜਾਂਦਾ ਹਾਂ!

ਘਟਾ ਟੋਪ ਆਕਾਸ਼ ਵਾਂਗ,

ਬਰਸ ਪੈਂਦਾ ਹਾਂ ਆਪਣੇ ਆਪ ਤੇ,

ਇੱਕੋ ਸਮੇਂ,

ਛਤਰੀ ਵਾਂਗ ਤਣ ਜਾਂਦਾ ਹਾਂ!!!

*ਭੂਤ ਪੂਰਵ ਪ੍ਰੇਮਿਕਾਵਾਂ

ਦੀਆਂ ਯਾਦਾਂ ਦੇ ਚੱਕ੍ਰਵਯੂਹ ਵਿੱਚ ਘਿਰਿਆ,

ਨਾ ਮੈਂ ਅਰਜੁਨ,

ਨਾ ਅਭਿਮਨਯੂ!!!

ਸ਼ਬਦ ਸੰਕੇਤ -

* ਭੂਤਪੂਰਵ :ਭੂਤਕਾਲ ਦੀਆਂ , Past

contact-

Ravinder Ravi

116-3530 Kalum Street,

Terrace,B.C.,Canada

V8G 2P2

Telephone- 250 635 4455

Email- ravinderravi37@gmail.com

ਇਹ ਵੀ ਪੜ੍ਹੋ -

ਨਿਰਮਲ ਦੱਤ ਦੇ ਨਵੇਂ ਦੋਹੇ ਅਤੇ ਟੱਪੇ

  

Post a Comment

0 Comments