ਕੌਮਾਂਤਰੀ ਮਾਂ ਬੋਲੀ ਦਿਵਸ ਸਬੰਧੀ ਬਲਵਿੰਦਰ ਸਿੰਘ ਭੁੱਲਰ ਦਾ ਵਿਸ਼ੇਸ਼ ਲੇਖ

ਹੁਣ ਵੱਡੇ ਪੱਧਰ 'ਤੇ ਪਾਕਿਸਤਾਨ ਵਿੱਚ ਪੰਜਾਬੀ ਨੂੰ ਰਾਸ਼ਟਰੀ ਭਾਸ਼ਾ ਬਣਾਉਣ ਦੀ ਮੰਗ ਜੋਰ ਫੜ ਰਹੀ ਹੈ।ਪਾਕਿਸਤਾਨ ਵਿੱਚ ਪੰਜਾਬੀ ਦੀ ਤਰੱਕੀ ਅਤੇ ਉੱਥੋਂ ਦੇ ਸਾਹਿਤਕਾਰਾਂ ਦਾ ਪੰਜਾਬੀ ਪ੍ਰਤੀ ਮੋਹ ਵੀ ਇਸ ਤੱਥ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਸ ਦੇਸ਼ ਦੇ ਉਰਦੂ ਸਾਹਿਤਕਾਰ ਵੀ ਦੋ ਭਾਸ਼ਾਈ ਸਾਹਿਤਕਾਰ ਬਣ ਗਏ ਹਨ। ਉਹਨਾਂ ਉਰਦੂ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਸਾਹਿਤ ਰਚਨਾ ਕੀਤੀ ਤੇ ਕਰ ਰਹੇ ਹਨ। ਫੈਜ ਅਹਿਮਦ ਫੈਜ, ਅਹਿਮਦ ਨਦੀਮ ਕਾਸਮੀ, ਮੁਨੀਰ ਨਿਆਜ, ਅਫਸਲ ਅਹਿਸਨ ਰੰਧਾਵਾ, ਜਫ਼ਰ ਇਕਬਾਲ ਵਰਗੇ ਉੱਚਕੋਟੀ ਦੇ ਪਾਕਿਸਤਾਨੀ ਸਾਹਿਤਕਾਰਾਂ ਨੇ ਪੰਜਾਬੀ 'ਤੇ ਕਲਮ ਚਲਾ ਕੇ ਫ਼ਖਰ ਮਹਿਸੂਸ ਕੀਤਾ

ਪਾਕਿਸਤਾਨ ਚ ਮਾਂ ਬੋਲੀ ਪੰਜਾਬੀ ਦਾ ਵਿਕਾਸ ਤਸੱਲੀਬਖ਼ਸ਼

ਗੁਰਮੁਖੀ ਤੇ ਸ਼ਾਹਮੁਖੀ ਲਿੱਪੀ ਚ ਸਾਹਿਤ ਦੀ ਅਦਲਾ ਬਦਲੀ ਦੀ ਲੋੜ
ਬਲਵਿੰਦਰ ਸਿੰਘ ਭੁੱਲਰ 

ਸਾਡੀ ਮਾਂ ਬੋਲੀ ਪੰਜਾਬੀ ਦੁਨੀਆਂ ਦੀ ਸਭ ਤੋਂ ਅਮੀਰ ਭਾਸ਼ਾ ਹੈ। ਦੁਨੀਆਂ ਭਰ ਵਿੱਚ ਇਸਦਾ ਵਿਕਾਸ ਹੋ ਰਿਹਾ ਹੈ।  ਭਾਰਤ ਤੋਂ ਵੱਖ ਹੋਏ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਪੰਜਾਬੀ ਦਾ ਚੰਗਾ ਉੱਚ ਪੱਧਰ ਦਾ ਸਾਹਿਤ ਰਚਿਆ ਜਾ ਰਿਹਾ ਹੈ। ਪਾਕਿਸਤਾਨ ਵਿੱਚ ਇੱਕ ਤਰ੍ਹਾਂ ਪੰਜਾਬੀ ਦੀ ਲਹਿਰ ਚੱਲ ਰਹੀ ਹੈ, ਇਸੇ ਕਰਕੇ ਉੱਥੇ ਪੰਜਾਬੀ ਨੂੰ ਰਾਸ਼ਟਰੀ ਭਾਸ਼ਾ ਪ੍ਰਵਾਨ ਕਰਨ ਦੀ ਮੰਗ ਉੱਠ ਪਈ ਹੈ। ਭਾਰਤ ਵਿੱਚ ਵੀ ਪੰਜਾਬੀ ਸਾਹਿਤ ਤਰੱਕੀ ਦੇ ਰਸਤੇ ਤੁਰਿਆ ਹੋਇਆ ਹੈ। ਦੋਵਾਂ ਦੇਸਾਂ ਦਾ ਪਿਛੋਕੜ ਇੱਕ ਹੋਣ ਸਦਕਾ ਦੋਵਾਂ ਦੇਸ਼ਾਂ ਦੇ ਪੰਜਾਬੀ ਸਾਹਿਤ ਚ ਬਹੁਤ ਸਾਰੀਆਂ ਸਮਾਨਤਾਵਾਂ ਹਨ; ਪੀੜ ਸਾਂਝੀ ਹੈ, ਚੀਸ ਸਾਂਝੀ ਹੈ, ਦੁੱਖ ਸੁਖ ਸਾਂਝੇ ਹਨ। ਪਰ ਲਿੱਪੀ ਵਿੱਚ ਅੰਤਰ ਹੋਣ ਸਦਕਾ ਸਾਹਿਤਕ ਸਾਂਝ ਵਿੱਚ ਅੜਿੱਕਾ ਬਣਦਾ ਹੈ, ਭਾਰਤੀ ਪੰਜਾਬੀ ਲਿੱਪੀ ਗੁਰਮੁਖੀ ਹੈ ਜਦ ਕਿ ਪਾਕਿਸਤਾਨੀ ਲਿੱਪੀ ਸ਼ਾਹਮੁਖੀ ਹੈ।

ਦਾਦਿਆਂ ਪੜਦਾਦਿਆਂ ਤੋਂ ਸੁਣੀਆਂ ਗੱਲਾਂ ਦੇ ਆਧਾਰ 'ਤੇ ਸਾਡੇ ਮਨਾਂ ਵਿੱਚ ਇਹ ਵਿਚਾਰ ਘਰ ਕਰ ਗਏ ਸਨ, ਕਿ ਪਾਕਿਸਤਾਨ ਦੇ ਮੁਸਲਮਾਨ ਧਰਮ ਨਾਲ ਸਬੰਧਤ ਲੋਕਾਂ ਦੀ ਭਾਸ਼ਾ, ਬੋਲੀ ਉਰਦੂ ਹੈ ਅਤੇ ਉੱਥੇ ਪੰਜਾਬੀ ਦਾ ਨਾ ਕਦੇ ਵਿਕਾਸ ਹੋ ਸਕਦਾ ਹੈ ਅਤੇ ਨਾ ਹੀ ਇਸਦੀ ਤਰੱਕੀ ਦੀ ਕੋਈ ਲਹਿਰ ਬਣ ਸਕਦੀ ਹੈ। ਪਰ ਭਾਰਤ ਪਾਕਿ ਵੰਡ ਉਪਰੰਤ ਉੱਥੋਂ ਦੇ ਬੁੱਧੀਜੀਵੀਆਂ ਤੇ ਆਮ ਲੋਕਾਂ ਨੇ ਇਹ ਮਿੱਥ ਤੋੜ ਸੁੱਟੀ ਹੈ। ਵੰਡਾਰੇ ਤੋਂ ਬਾਅਦ ਸਾਲ 1951 ਵਿੱਚ ਹੋਈ ਮਰਦਮਸ਼ੁਮਾਰੀ ਸਮੇਂ ਪਾਕਿਸਤਾਨੀ ਪੰਜਾਬ ਦੇ ਤਾਂ ਭਾਵੇਂ 94 ਫੀਸਦੀ ਲੋਕਾਂ ਨੇ ਪੰਜਾਬੀ ਨੂੰ ਮਾਤਭਾਸ਼ਾ ਵਜੋਂ ਸਵੀਕਾਰ ਕਰ ਲਿਆ ਸੀ ਪਰ ਸਮੁੱਚੇ ਦੇਸ਼ ਪੱਧਰ ਤੇ ਇਹ ਬਹੁਤ ਪਿੱਛੇ ਰਹਿ ਗਈ ਸੀ। ਲਹਿੰਦੇ ਪੰਜਾਬ ਦੇ ਲੋਕ ਪੰਜਾਬੀ ਬੜੇ ਮਾਣ ਨਾਲ ਪ੍ਰਵਾਨ ਕਰਦੇ ਹਨ, ਉਹ ਇਸ ਭਾਸ਼ਾ ਨਾਲ ਆਪਣੀ ਆਤਮ ਪਛਾਣ ਬਣਾਉਂਦੇ ਹਨ ਅਤੇ ਆਤਮ ਸਨਮਾਨ ਹਾਸਲ ਕਰਦੇ ਹਨ। ਜਦੋਂ ਪੂਰਬੀ ਤੇ ਪੱਛਮੀ ਪਾਕਿਸਤਾਨ ਇਕੱਠੇ ਸਨ ਤਾਂ ਸਮੁੱਚੇ ਦੇਸ਼ ਵਿੱਚ ਪੰਜਾਬੀਆਂ ਦੀ ਗਿਣਤੀ ਸਿਰਫ਼ 28 ਫੀਸਦੀ ਸੀ। ਜਦ ਪੂਰਬੀ ਪਾਕਿਸਤਾਨ ਦਾ ਵੱਖਰਾ ਬੰਗਲਾ ਦੇਸ਼ਹੋਂਦ ਵਿੱਚ ਆ ਗਿਆ, ਉਸਦਾ ਭਾਵੇਂ ਪਾਕਿਸਤਾਨ ਨੂੰ ਤਾਂ ਗਹਿਰਾ ਦੁੱਖ ਹੋਇਆ ਪਰ ਅਜਿਹਾ ਹੋਣ ਨਾਲ ਪਾਕਿਸਤਾਨ ਚ ਪੰਜਾਬੀ ਨੂੰ ਵੱਡਾ ਫਾਇਦਾ ਪੁੱਜਿਆ। ਅੱਜ ਦੇ ਸਮੁੱਚੇ ਪਾਕਿਸਤਾਨ ਵਿੱਚ ਪੰਜਾਬੀਆਂ ਦੀ ਗਿਣਤੀ 64 ਫੀਸਦੀ ਹੈ। ਇਹ ਵੱਖਰੀ ਗੱਲ ਹੈ ਕਿ ਸਦੀਆਂ ਤੋਂ ਮੁਸਲਮਾਨ ਧਰਮ ਦੇ ਲੋਕਾਂ ਦੀ ਜ਼ੁਬਾਨ ਫਾਰਸ਼ੀ ਤੇ ਉਰਦੂ ਰਹੀ ਹੈ। ਮੁਗ਼ਲ ਕਾਲ ਚ ਵੀ ਫਾਰਸੀ ਤੇ ਉਰਦੂ ਹੀ ਭਾਰੂ ਸੀ, ਇਹੋ ਕਾਰਨ ਹੈ ਕਿ ਅੱਜ ਵੀ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਪਾਕਿਸਤਾਨ ਦੀ ਰਾਸ਼ਟਰੀ ਭਾਸ਼ਾ ਉਰਦੂ ਹੀ ਹੈ।

ਵੰਡ ਉਪਰੰਤ ਪੰਜਾਬੀ ਦੇ ਹੋਏ ਵੱਡੇ ਵਿਕਾਸ ਦਾ ਪਰਤੱਖ ਸਬੂਤ ਸਾਲ 1972 ਦੀ ਮਰਦਸ਼ੁਮਾਰੀ ਵੀ ਮੰਨੀ ਜਾ ਸਕਦੀ ਹੈ। ਉਸ ਸਮੇਂ ਪਾਕਿਸਤਾਨ ਦੀ ਕੁੱਲ ਕਰੀਬ ਸਾਢੇ 6 ਕਰੋੜ ਅਬਾਦੀ ਚੋਂ 4 ਕਰੋੜ 16 ਲੱਖ ਲੋਕਾਂ ਨੇ ਆਪਣੀ ਮਾਤਭਾਸ਼ਾ ਪੰਜਾਬੀ ਲਿਖਵਾਈ ਸੀ। ਇਸਤੋਂ ਇਲਾਵਾ ਪਾਕਿਸਤਾਨ ਵਿੱਚ ਸਿੰਧੀ, ਬਲੋਚੀ ਤੇ ਪਸਤੋ ਵੀ ਬੋਲੀ ਜਾਂਦੀ ਹੈ। ਇਸ ਹਿਸਾਬ ਨਾਲ ਉਰਦੂ ਭਾਸ਼ਾ ਦਾ ਹਾਲ ਬਹੁਤਾ ਚੰਗਾ ਨਹੀਂ ਹੈ ਪਰ ਇਹ ਪੰਜਾਬੀ ਨਾਲ ਵਿਤਕਰਾ ਹੀ ਕਿਹਾ ਜਾ ਸਕਦਾ ਹੈ ਕਿ ਉੱਥੇ ਹੱਕ ਹੋਣ ਦੇ ਬਾਵਜੂਦ ਇਸਨੂੰ ਰਾਸ਼ਟਰੀ ਭਾਸ਼ਾ ਸਵੀਕਾਰ ਨਹੀਂ ਕੀਤਾ ਗਿਆ। ਹੁਣ ਵੱਡੇ ਪੱਧਰ 'ਤੇ ਪਾਕਿਸਤਾਨ ਵਿੱਚ ਪੰਜਾਬੀ ਨੂੰ ਰਾਸ਼ਟਰੀ ਭਾਸ਼ਾ ਬਣਾਉਣ ਦੀ ਮੰਗ ਜੋਰ ਫੜ ਰਹੀ ਹੈ।

ਪਾਕਿਸਤਾਨ ਵਿੱਚ ਪੰਜਾਬੀ ਦੀ ਤਰੱਕੀ ਅਤੇ ਉੱਥੋਂ ਦੇ ਸਾਹਿਤਕਾਰਾਂ ਦਾ ਪੰਜਾਬੀ ਪ੍ਰਤੀ ਮੋਹ ਵੀ ਇਸ ਤੱਥ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਸ ਦੇਸ਼ ਦੇ ਉਰਦੂ ਸਾਹਿਤਕਾਰ ਵੀ ਦੋ ਭਾਸ਼ਾਈ ਸਾਹਿਤਕਾਰ ਬਣ ਗਏ ਹਨ। ਉਹਨਾਂ ਉਰਦੂ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਸਾਹਿਤ ਰਚਨਾ ਕੀਤੀ ਤੇ ਕਰ ਰਹੇ ਹਨ। ਫੈਜ ਅਹਿਮਦ ਫੈਜ, ਅਹਿਮਦ ਨਦੀਮ ਕਾਸਮੀ, ਮੁਨੀਰ ਨਿਆਜ, ਅਫਸਲ ਅਹਿਸਨ ਰੰਧਾਵਾ, ਜਫ਼ਰ ਇਕਬਾਲ ਵਰਗੇ ਉੱਚਕੋਟੀ ਦੇ ਪਾਕਿਸਤਾਨੀ ਸਾਹਿਤਕਾਰਾਂ ਨੇ ਪੰਜਾਬੀ 'ਤੇ ਕਲਮ ਚਲਾ ਕੇ ਫ਼ਖਰ ਮਹਿਸੂਸ ਕੀਤਾ। ਪੰਜਾਬੀ ਪ੍ਰਤੀ ਮੋਹ ਦਾ ਇੱਕ ਹੋਰ ਪਰਤੱਖ ਸਬੂਤ ਵੰਡ ਤੋਂ ਬਾਅਦ ਮੁਸਲਮਾਨ ਧਰਮ ਗ੍ਰਹਿਣ ਕਰਕੇ ਵਸੇ ਲੋਕਾਂ ਦੇ ਨਾਵਾਂ ਤੋਂ ਵੀ ਮਿਲਦਾ ਹੈ; ਜਿਹਨਾਂ ਆਪਣੇ ਨਾਵਾਂ ਨਾਲ ਰੰਧਾਵਾ, ਬਾਜਵਾ, ਢਿੱਲੋਂ, ਭੁੱਲਰ, ਚੀਮੇ, ਸਿੱਧੂ, ਚੱਠੇ ਆਦਿ ਲਗਾਇਆ ਹੋਇਆ ਹੈ।

ਜੇ ਪਾਕਿਸਤਾਨ ਦੀਆਂ ਪੰਜਾਬੀ ਸਾਹਿਤਕਾਰ ਔਰਤਾਂ ਦੀ ਗੱਲ ਕਰੀਏ ਤਾਂ ਉਹ ਵੀ ਇਸ ਖੇਤਰ ਵਿੱਚ ਪਿੱਛੇ ਨਹੀਂ ਰਹੀਆਂ। ਪੰਜਾਬੀ ਵਿੱਚ ਸਾਹਿਤ ਰਚਨ ਵਾਲੀਆਂ ਮੁਢਲੀਆਂ ਤਿੰਨ ਕੁ ਔਰਤਾਂ ਵਿੱਚ ਸ਼ਾਮਲ ਇਸ ਧਰਤੀ 'ਤੇ ਕਰੀਬ ਪੌਣੇ ਦੋ ਸੌ ਸਾਲ ਪਹਿਲਾਂ ਜਨਮੀ ਪੀਰੋ ਪ੍ਰੇਮਣ ਆਪਣੀ ਚੜ੍ਹਦੀ ਜਵਾਨੀ ਚ ਗੁਲਾਬ ਦਾਸੀ ਸੰਪਰਦਾਇ ਦੇ ਮੁਖੀ ਗੁਲਾਬ ਦਾਸ ਦੀ ਚੇਲੀ ਬਣ ਗਈ ਸੀ ਅਤੇ ਉੱਥੋਂ ਦੇ ਚੱਠਿਆਂ ਵਾਲੀ ਪਿੰਡ ਦੇ ਡੇਰੇ ਵਿੱਚ ਰਹਿ ਕੇ ਪੰਜਾਬੀ ਸਾਹਿਤ ਰਚਦੀ ਰਹੀ ਹੈ। ਭਾਰਤ ਪਾਕਿ ਵੰਡ ਉਪਰੰਤ ਹੋਰ ਅਨੇਕਾਂ ਔਰਤਾਂ ਨੇ ਰਚਨਾਕਾਰੀ ਤੇ ਹੱਥ ਅਜਮਾਈ ਕੀਤੀ। ਕਹਾਣੀਕਾਰ ਰੁਮਾਨੀ ਨੇ ਪੁਸਤਕ ਇੱਕ ਓਪਰੀ ਕੁੜੀਸਾਹਿਤ ਦੀ ਝੋਲੀ ਪਾਈ ਜਿਸਨੂੰ ਰਾਈਟਰਜ ਗਿਲਡ ਇਨਾਮ ਮਿਲਿਆ। ਨਜਰ ਫਾਤਿਮਾ ਦੀ ਕਹਾਣੀਆਂ ਦੀ ਕਿਤਾਬ ਕਾਗਜ ਦੀ ਜੰਜੀਰਵੀ ਬਹੁਤ ਸਲਾਹੀ ਗਈ। ਸ਼ਾਇਰਾ ਹਾਜਰਾ ਮਸਕੂਰ ਨਾਸਰੀ ਦੀ ਬਰਖਾ ਰੁੱਤ’, ਸਾਹੀਨ ਨਾਜਰੀ ਦੀ ਹਿਜਰ ਦੀ ਰੁੱਤਪਾਠਕਾਂ ਨੇ ਬਹੁਤ ਪਸੰਦ ਕੀਤੀ। ਸਫ਼ਰਤ ਸੁਲਤਾਨਾ ਤੇ ਰਸੀਦਾ ਸਲੀਮ ਦੀ ਸ਼ਾਇਰੀ ਤੇ ਫਰਖੰਦਾ ਲੋਦੀ ਦੀਆਂ ਕਹਾਣੀਆਂ ਵੀ ਸਲਾਹੀਆਂ ਗਈਆਂ। ਇਸਤੋਂ ਇਲਾਵਾ ਰੱਜੀ ਜਾਹੀਦ, ਨਸਰੀਨ ਭੱਟੀ, ਤਹਸੀਨ ਜਮਾਲ ਤੋਂ ਬਾਅਦ ਦੂਜੀ ਪੀੜ੍ਹੀ ਦੀਆਂ ਲੇਖਕਾਵਾਂ ਕਵਿੱਤਰੀ ਫਾਤਿਮਾ ਭੁੱਟੋ ਤੇ ਸਹਿਬਾਨੋ, ਨਾਵਲਕਾਰ ਸੁਰੱਈਆ ਤੇ ਰਜੀਆ ਭੱਟ ਸਮੇਤ ਸ਼ੈਲਾ ਅਬਦੁੱਲਾ, ਕਾਮਿਲਾ ਸੱਸੀ, ਸਹੀਨ ਜਾਬਰੀ, ਆਇਸ ਤਰਕ, ਨਫੀਸਾ ਹਾਜੀ ਆਦਿ ਚੰਗਾ ਸਾਹਿਤ ਰਚ ਕੇ ਮਾਣ ਹਾਸਲ ਕਰ ਰਹੀਆਂ ਹਨ।

ਇਸ ਤੱਥ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਪਾਕਿਸਤਾਨ ਦੇ ਹਰ ਸ਼ਾਇਰ ਤੇ ਸਾਹਿਤਕਾਰ ਨੇ ਭਾਰਤ ਪਾਕਿ ਵੰਡ ਤੋਂ ਪਹਿਲਾਂ ਦੇ ਮੋਹ ਹਿਤਕਾਰ, ਸਾਂਝ, ਵੰਡ ਸਮੇਂ ਦੀ ਕਤਲੋਗਾਰਤ ਤੇ ਬਾਅਦ ਵਿੱਚ ਵਿਛੋੜੇ ਦੇ ਦੁੱਖ ਨੂੰ ਦਿਲ ਦੀ  ਡੂੰਘਾਈ ਚੋਂ ਚਿਤਰਨ ਕੀਤਾ ਹੈ। ਅਫਜ਼ਲ ਅਹਿਸਨ ਰੰਧਾਵਾ ਦੇ ਨਾਵਲ ਦੀਵਾ ਤੇ ਦਰਿਆ’, ਸਲੀਮ ਖਾਨ ਗਿੰਮੀ ਦੇ ਨਾਵਲ ਸਾਂਝਰਾਹੀਂ ਦੋਵਾਂ ਦੇਸਾਂ ਦੇ ਪੰਜਾਬੀਆਂ ਦੀ ਸਾਂਝ ਤੇ ਦੁੱਖਾਂ ਨੂੰ ਬਾਖੂਬੀ ਪ੍ਰਗਟ ਕੀਤਾ ਗਿਆ ਹੈ। ਫੈਜ ਅਹਿਮਦ ਫੈਜ ਤੇ ਇਕਬਾਲ ਵਰਗੇ ਵੱਡੇ ਸ਼ਾਇਰਾਂ ਨੇ ਵੀ ਪੰਜਾਬੀ ਰਚਨਾਕਾਰੀ ਨਾਲ ਪੰਜਾਬੀਆਂ ਦੇ ਦਿਲਾਂ ਨੂੰ ਟੁੰਬਿਆ ਹੈ। ਅਸਲ ਵਿੱਚ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਲੇਖਕਾਂ ਦਾ ਵੰਡ ਤੋਂ ਪਹਿਲਾਂ ਤੇ ਬਾਅਦ ਦੀ ਸਾਂਝ ਤੇ ਦੁੱਖ ਮਹੱਤਵਪੂਰਨ ਵਿਸ਼ਾ ਰਿਹਾ ਹੈ ਅਤੇ ਅੱਜ ਵੀ ਹੈ। ਦੋਵਾਂ ਦੇਸਾਂ ਦੇ ਲੱਗਭੱਗ ਹਰ ਪੰਜਾਬੀ ਲੇਖਕ ਨੇ ਇਸ ਵਿਸ਼ੇ ਨੂੰ ਛੋਹਿਆ ਹੈ।

ਇਸ ਵਿੱਚ ਵੀ ਕੋਈ ਅਤਿਕਥਨੀ ਨਹੀਂ ਕਿ ਪੰਜਾਬੀ ਭਾਸ਼ਾ ਬੋਲੀ ਦਾ ਜਨਮ ਹੀ ਮੌਜੂਦਾ ਪਾਕਿਸਤਾਨ ਦੀ ਸ਼ਰਜ਼ਮੀਨ 'ਤੇ ਹੋਇਆ ਹੈ। ਕਈ ਸਦੀਆਂ ਪਹਿਲਾਂ ਨਾਥ ਜੋਗੀ ਕਾਲ ਸਮੇਂ ਪ੍ਰਸਿੱਧ ਜੋਗੀ ਗੋਰਖ ਨਾਥ ਦੀਆਂ ਪੰਜਾਬੀ ਵਿੱਚ ਰਚੀਆਂ ਲਿਖਤਾਂ ਮਿਲਦੀਆਂ ਹਨ, ਜਿਵੇਂ ਸੋਨਾ ਲਿਊ ਰਸ ਸੋਨਾ ਲਿਊ ਮੇਰੀ ਜਾਤ ਸੁਨਾਰੀ ਰੇਜਾਂ ਨਦੀ ਢਿਗ ਅਤੇ ਬਿਰਖ, ਨਾਰੀ ਸੰਗ ਪੁਰਖਾ, ਅਲਪ ਜੀਣ ਦੀ ਆਸਾਆਦਿ। ਗੋਰਖ ਨਾਥ ਦੇ ਸਮੇਂ ਤੋਂ ਪਹਿਲਾਂ ਦੀ ਕੋਈ ਪੰਜਾਬੀ ਲਿਖਤ ਨਹੀਂ ਮਿਲਦੀ। ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਮੁਖੀ ਵਿੱਚ ਬਾਣੀ ਉਚਾਰਣ ਕੀਤੀ ਹੈ ਅਤੇ ਬਾਬਾ ਨਾਨਕ ਦਾ ਜਨਮ ਵੀ ਮੌਜੂਦਾ ਪਾਕਿਸਤਾਨ ਦੀ ਧਰਤੀ 'ਤੇ ਹੀ ਹੋਇਆ ਹੈ। ਉਸਤੋਂ ਬਾਅਦ ਵੀ ਦੇਖਿਆ ਜਾਵੇ ਤਾਂ ਮੌਜੂਦਾ ਪਾਕਿਸਤਾਨ ਵਾਲੀ ਧਰਤੀ ਤੇ ਬਾਬਾ ਫਰੀਦ, ਵਾਰਿਸ ਸ਼ਾਹ, ਸ਼ਾਹ ਅਨਾਇਤ, ਬੁਲ੍ਹੇ ਸ਼ਾਹ, ਸੁਲਤਾਨ ਬਾਹੂ, ਹਾਫਿਜ ਬਰਖੁਰਦਾਰ, ਹਾਸ਼ਮ, ਅਹਿਮਦ ਯਾਰ, ਸ਼ਾਹ ਹੁਸੈਨ, ਕਰੀਮ ਬਖ਼ਸ, ਨੂਰ ਮੁਹੰਮਦ ਆਦਿ ਅਨੇਕਾਂ ਉੱਚਕੋਟੀ ਦੇ ਸਾਹਿਤਕਾਰ ਹੋਏ ਹਨ ਜਿਹਨਾਂ ਇਸ ਭਾਸ਼ਾ ਵਿੱਚ ਸਾਹਿਤ ਰਚਿਆ ਹੈ। ਦੇਸ਼ ਦੀ ਵੰਡ ਹੋਇਆਂ ਵੀ ਭਾਵੇ ਕਰੀਬ ਸੱਤ ਦਹਾਕੇ ਹੋ ਗਏ ਹਨ ਪਰ ਮੌਜੂਦਾ ਸਾਹਿਤਕਾਰ ਵੀ ਅਣਵੰਡੇ ਪੰਜਾਬ ਬਾਰੇ ਸਾਹਿਤ ਰਚ ਰਹੇ ਹਨ। ਭਾਵੇਂ ਉਹਨਾਂ ਉਹ ਸਮਾਂ ਤਾਂ ਨਹੀਂ ਵੇਖਿਆ ਪਰ ਉਹਨਾਂ ਦੀ ਸਾਂਝੇ ਪੰਜਾਬ ਦੀ ਕਲਪਨਾ ਹੈ, ਸਾਂਝੀ ਧਰਤੀ ਦੀ ਕਲਪਨਾ ਹੈ, ਭਾਈਚਾਰਕ ਸਾਂਝ ਦੀ ਕਲਪਨਾ ਹੈ ਤੇ ਮੁੜ ਮੋਹ ਪੈਦਾ ਕਰਨ ਦੀ ਇੱਛਾ ਹੈ। ਉਹਨਾਂ ਦੇ ਮਨਾਂ ਅੰਦਰ ਪੀੜ ਹੈ ਦਰਦ ਹੈ। ਅਜਿਹਾ ਦੋਵਾਂ ਦੇਸ਼ਾਂ ਵਿੱਚ ਹੀ ਹੋ ਰਿਹਾ ਹੈ।

ਭਾਰਤ ਪਾਕਿ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਵਿਕਾਸ ਦੇ ਲਗਾਤਾਰ ਉਪਰਾਲੇ ਹੋ ਰਹੇ ਹਨ। ਜੇ ਸਰਕਾਰ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਸ੍ਰੀ ਨਨਕਾਣਾ ਸਾਹਿਬ ਵਿਖੇ ਬਾਬਾ ਨਾਨਕ ਦੇ ਨਾਂ 'ਤੇ ਪੰਜਾਬੀ ਯੂਨੀਵਰਸਿਟੀ ਸਥਾਪਤ ਕੀਤੀ ਗਈ ਹੈ। ਜਿੱਥੇ ਪੰਜਾਬੀ ਭਾਸ਼ਾ ਲਈ ਉੱਚ ਪੱਧਰੀ ਖੋਜ ਹੋਵੇਗੀ। ਵੱਖਰਾ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਖੋਲ੍ਹਿਆ ਗਿਆ ਹੈ। ਟੈਲੀਵਿਯਨ ਤੇ ਰੇਡੀਓ ਉੱਤੇ ਪੰਜਾਬੀ ਪ੍ਰੋਗਰਾਮ ਪ੍ਰਸ਼ਾਰਿਤ ਕੀਤੇ ਜਾ ਰਹੇ ਹਨ। ਗੈਰ ਸਰਕਾਰੀ ਤੌਰ 'ਤੇ ਮਜਲਿਸ ਸ਼ਾਹ ਹੁਸੈਨ ਲਾਹੌਰ, ਮਜਲਿਸ ਵਾਰਿਸ ਸ਼ਾਹ ਗੁਜਰਾਂਵਾਲਾ, ਪੰਜਾਬੀ ਅਦਬੀ ਸੰਗਤ ਕਰਾਚੀ ਆਦਿ ਸੰਸਥਾਵਾਂ ਉਪਰਾਲੇ ਕਰ ਰਹੀਆਂ ਹਨ। ਇਸਤੋਂ ਇਲਾਵਾ 1951 ਵਿੱਚ ਪੰਜਾਬੀ ਦਰਬਾਰ, 1953 ਵਿੱਚ ਪੰਜਾਬੀ ਲਿਟਰੇਰੀ ਲੀਗ, 1956 ਵਿੱਚ ਪੰਜਾਬੀ ਅਦਬੀ ਅਕਾਦਮੀ ਲਾਹੌਰ, 1957 ਵਿੱਚ ਪੰਜਾਬੀ ਮਜਲਿਸ  ਹੋਂਦ ਵਿੱਚ ਆਈਆਂ, ਜੋ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਪੰਜਾਬੀ ਆਰਟਸ ਕੌਂਸਲ ਇਸਲਾਮਾਬਾਦ ਨੇ ਪੰਜਾਬੀ ਲੋਕ ਸਾਹਿਤ ਦੀ ਖੋਜ ਲਈ ਇੱਕ ਵੱਖਰੀ ਸ਼ਾਖ ਗਠਿਤ ਕੀਤੀ ਹੋਈ ਹੈ। ਪੰਜਾਬੀ ਅਦਬ ਅਕਾਦਮੀ ਲਾਹੌਰ ਵੱਲੋਂ ਤਾਂ ਕਰੀਬ ਸੌ ਪੰਜਾਬੀ ਪੁਸਤਕਾਂ ਛਪਵਾਈਆਂ ਜਾ ਚੁੱਕੀਆਂ ਹਨ। ਇਸਨੂੰ ਵੀ ਲੋਕਾਂ ਦਾ ਪੰਜਾਬੀ ਪ੍ਰਤੀ ਮੋਹ ਹੀ ਕਿਹਾ ਜਾ ਸਕਦਾ ਹੈ ਕਿ ਲੋਕਾਂ ਦੀ ਇੱਛਾ ਨੂੰ ਮੁੱਖ ਰਖਦਿਆਂ ਪਾਕਿਸਤਾਨ ਵਿੱਚ 1951 ਵਿੱਚ ਪੰਜਾਬੀ ਅਖ਼ਬਾਰ ਪੰਜਾਬੀਤੇ 1953 ਵਿੱਚ ਪਾਕਿ ਪੰਜਾਬੀਪ੍ਰਕਾਸਿਤ ਕਰਨਾ ਸੁਰੂ ਕੀਤਾ। ਇਸੇ ਤਰ੍ਹਾਂ 1958 ਵਿੱਚ ਪੰਜਾਬੀ ਮੈਗਜੀਨ ਪੰਜ ਦਰਿਆਅਤੇ 1960 ਵਿੱਚ ਪੰਜਾਬੀ ਅਦਬਸੁਰੂ ਹੋਇਆ।

ਮੌਜੂਦਾ ਸਮੇਂ ਵਿੱਚ ਪਾਕਿਸਤਾਨ ਦੀ ਸ਼ਰਜ਼ਮੀਨ ਤੇ ਅਬਦੁਲ ਮਜੀਦ ਭੱਟੀ, ਹਨੀਫ਼ ਚੌਧਰੀ, ਬਾਬਾ ਨਾਜਮੀ, ਆਗਾ ਅਸਰਫ਼, ਮੌਲਾ ਜਫ਼ਰ, ਗਫੂਰ ਕੁਰੈਸੀ, ਸ਼ਰੀਫ ਕੁੰਜਾਰੀ ਆਦਿ ਪੰਜਾਬੀ ਸਾਹਿਤ ਰਚ ਰਹੇ ਹਨ। ਇਹ ਸਪਸ਼ਟ ਹੈ ਕਿ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ, ਬੋਲੀ, ਸਾਹਿਤ ਦੇ ਵਿਕਾਸ ਲਈ ਹੋ ਰਹੇ ਯਤਨ ਤਸੱਲੀਬਖਸ਼ ਹਨ। ਜੇਕਰ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਸਾਹਿਤ ਨੂੰ ਇੱਕ ਦੂਜੀ ਲਿੱਪੀ ਵਿੱਚ ਤਬਦੀਲ ਕਰਨ ਦੇ ਉਪਰਾਲੇ ਕੀਤੇ ਜਾਣ ਤਾਂ ਪੰਜਾਬੀ ਦੋਵਾਂ ਦੇਸ਼ਾਂ ਵਿੱਚ ਹੀ ਹੋਰ ਤਰੱਕੀ ਕਰ ਸਕਦੀ ਹੈ।

ਸੰਪਰਕ –

ਭੁੱਲਰ ਹਾਊਸ, ਗਲੀ ਨੰ:12,

ਭਾਈ ਮਤੀ ਦਾਸ ਨਗਰ,

ਬਠਿੰਡਾ

ਮੋਬਾਈਲ-098882 75913

ਇਹ ਵੀ ਪੜ੍ਹੋ -

ਫਾਰਸੀ ਅਤੇ ਗੁਰਮੁਖੀ ਲਿੱਪੀ ਵਿੱਚ ਜੋਗਿੰਦਰ ਪਾਂਧੀ ਦੀਆਂ ਗ਼ਜ਼ਲਾਂ



 

 

Post a Comment

0 Comments