ਨਦੀ ਭਰ-ਭਰ ਵਗਦੀ ਏ, ਜੀਹਨੇ ਮੈਂਨੂੰ ਸਾਂਭ ਰੱਖਿਐ ਮੈਂਨੂੰ ਰੱਬ ਜਿਹੀ ਲੱਗਦੀ ਏ.

You, my anchor, you, my stay,

You are my God as they say.

ਸ਼ਬਦ ਚਾਨਣੀ---ਨਿਰਮਲ ਦੱਤ

ਟੱਪੇ

ਸਾਦੀ ਕੁੜਤੀ 'ਚ ਫੱਬਦੀ ਏਂ,

ਹੱਸ-ਹੱਸ ਕੰਮ ਕਰਦੀ

ਕਿੰਨੀਂ ਸੋਹਣੀ-ਸੋਹਣੀ ਲੱਗਦੀ ਏਂ!

 

ਜਾਂਦਾ ਅੰਬਰਾਂ ਨੂੰ ਰਾਹ ਕੋਈ ਨਾ,

ਸਹੁੰਆਂ ਖਾ-ਖਾ ਗੱਲ ਕਰਦੀ

ਤੇਰੀ ਗੱਲ ਦਾ ਵਸਾਹ ਕੋਈ ਨਾ.

 

ਨਦੀ ਭਰ-ਭਰ ਵਗਦੀ ਏ,

ਜੀਹਨੇ ਮੈਂਨੂੰ ਸਾਂਭ ਰੱਖਿਐ

ਮੈਂਨੂੰ ਰੱਬ ਜਿਹੀ ਲੱਗਦੀ ਏ.

 

ਰੱਖ ਹੱਥ ਵਿੱਚ ਤੀਰਾਂ ਨੂੰ,

ਦੁੱਖ ਸਹਿ ਕੇ ਕਿਵੇਂ ਹੱਸਣਾ

ਇਹ ਵੱਲ ਹੈ ਫ਼ਕੀਰਾਂ ਨੂੰ.

 

ਤੇਰੇ ਨੈਣਾਂ ਉੱਤੇ ਪਰਦੇ ਨੇ,

ਥੋੜ੍ਹੇ ਤੈਨੂੰ ਦੇਣ ਦੁਖੜੇ

ਬਹੁਤੇ ਪਿਆਰ ਹੀ ਕਰਦੇ ਨੇ.

ਨਜ਼ਮਾਂ

ਸੁਣ ਕੁੜੀਏ ਮੁਟਿਆਰੇ!

ਵਗਦੇ ਪਾਣੀ ਉੱਤੇ ਨੱਚਦੇ

ਛੋਟੇ, ਛੋਟੇ ਪਾਰੇ.

 

ਗਿੱਲੀ ਕੁੜਤੀ ਵਾਲ਼ੀ ਤੱਕ ਕੇ

ਹੋਸ਼ ਗੁਆਵਣ ਸਾਰੇ.

 

ਸੁੱਥਣ 'ਤੇ ਫੁੱਲਾਂ ਦੀਆਂ ਸਤਰਾਂ

ਰਾਗਾਂ ਦੇ ਗਲਿਆਰੇ.

 

ਸਿਰ ਤੋਂ ਢਲ਼ਕੀ ਚੁੰਨੀ ਦੇ ਵਿੱਚ

ਜਗਦੇ, ਬੁਝਦੇ ਤਾਰੇ.

 

ਵਾਲ ਜਿਵੇਂ ਘਨਘੋਰ ਘਟਾਵਾਂ

ਲੱਗਦੇ ਬਹੁਤ ਪਿਆਰੇ.

 

ਨੈਣ ਜਿਵੇਂ ਨਸ਼ਿਆਏ ਸੂਰਜ

ਜਾਦੂ ਨਾਲ ਸੁਆਰੇ.

 

ਬੁੱਲ੍ਹਾਂ 'ਤੇ ਮਿੱਠੀ ਜਿਹੀ ਹਾਸੀ

ਦਿਲ ਵਿੱਚ ਹੰਝੂ ਖਾਰੇ.

 

ਬੋਲ ਤੇਰੇ, ਗੀਤਾਂ ਦੇ ਮੁਖੜੇ

ਸੁਣ ਕੁੜੀਏ ਮੁਟਿਆਰੇ!

 

ਜੋਗੀ ਬਣ, ਬਣ ਲੱਭਦੇ ਫਿਰਦੇ

ਤੈਨੂੰ ਤਖ਼ਤਹਜ਼ਾਰੇ.

 

ਦਰ ਤੇਰੇ 'ਤੇ ਆ ਕੇ ਮੁੱਕਦੇ

ਰਾਹ, ਰਾਹੀਆਂ ਦੇ ਸਾਰੇ.

ਇੱਕ ਦਰਵੇਸ਼ ਗਲ਼ੀ ਵਿੱਚ ਫਿਰਦਾ

ਕੱਟ, ਕੱਟ ਕੇ ਸੂਰਜ ਦੀਆਂ ਚਿੱਪਰਾਂ

ਰੌਸ਼ਨ ਕਰੇ ਚੁਬਾਰੇ.

 

ਸੁੱਟ, ਸੁੱਟ ਕੇ ਅੰਬਰ 'ਤੇ ਢੀਮਾਂ

ਤੋੜ ਲਏ ਨੇ ਤਾਰੇ.

 

ਪੀ ਲਏ ਹੁਸਨ ਸ਼ਰਾਬਾਂ ਵਰਗੇ

ਖਾ ਲਏ ਜਿਸਮ ਕਰਾਰੇ.

 

ਫਿਰ ਵੀ ਰੂਹ ਵਿੱਚ ਧੂੰਆਂ, ਧੂੰਆਂ

ਧੁਖਦੇ ਰਹਿਣ ਅੰਗਾਰੇ.

 

ਮੰਡੀਆਂ ਦੇ ਵਿੱਚ ਮੇਲੇ ਲੱਗਦੇ

ਸੁੰਨੇਂ ਠਾਕਰਦੁਆਰੇ.

 

ਵਲ਼ੀ, ਔਲੀਏ ਸ਼ਾਹ ਦੇ ਗੋਲੇ

ਵਿਕ ਗਏ ਬੇ-ਮੁੱਲ ਸਾਰੇ.

 

ਕਿਸ ਮੁਰਸ਼ਦ ਦਾ ਦਰ ਖੜਕਾਈਏ

ਜਿਹੜਾ ਸੱਚ ਨਿਤਾਰੇ?

 

ਕਿਸ ਪੁਸਤਕ 'ਚੋਂ ਲੱਭੀਏ ਮੰਤਰ

ਜਿਹੜਾ ਦਿਲ ਨੂੰ ਠਾਰੇ?

 

ਇੱਕ ਦਰਵੇਸ਼ ਗਲ਼ੀ ਵਿੱਚ ਫਿਰਦਾ

ਬੋਲੇ ਬੋਲ ਨਿਆਰੇ:

 

ਕਹਿੰਦਾ ਜਿਹੜੇ ਟਿਕ ਗਏ ਅੰਦਰ

ਓਹਨਾ ਬਾਹਰ ਸੁਆਰੇ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060


 ਇਹ ਵੀ ਪੜ੍ਹੋ -

ਰਾਹ ਕਿਵੇਂ ਲੱਭਾਂ ਮੈਂ ਘਣੇ ਜੰਗਲ ਦੇ ਪਾਰ ਟੁਰ ਗਈ ਕਿੱਧਰ ਟਨਾਣੇਆਂ ਦੀ ਕਤਾਰ

 

Post a Comment

0 Comments