ਸਾਡਾ ਅਪਣਾ ਖੇਤ ਹੈ

ਵਿਨੋਦ ਅਨੀਕੇਤ ਦੀ ਇੱਕ ਗ਼ਜ਼ਲ

ਸਾਡਾ ਅਪਣਾ ਖੇਤ ਹੈ ਅੱਗ ਲਗਾਵਾਂਗੇ।

ਕੀੜੇ, ਪੰਛੀ, ਬੰਦਿਆਂ ਤਾਈਂ ਮਚਾਵਾਂਗੇ।।

 

ਗੁਰੂਆਂ ਦੀ ਧਰਤੀ ਸਾਡੀ ਕੀ ਲੱਗਦੀ ਹੈ?

ਵੱਟ ਵੇਚ ਕੇ ਭੱਜ ਕਨੇਡਾ ਜਾਵਾਂਗੇ।‌

 

ਸੱਤ-ਬਗਾਨੇ ਰਾਜ ਕਰਨਗੇ ਸਾਡੇ 'ਤੇ।

ਅਸੀਂ ਤਾਂ ਬੱਸ ਓਇ-ਤੋਏ ਅਖਵਾਵਾਂਗੇ।।

 

ਸਿੱਧਾਂਤਾਂ 'ਤੇ ਪਹਿਰਾ ਦੇਣਾ ਔਖਾ ਹੈ।

ਫੇਸਬੁੱਕ ਤੇ ਚੱਤੋ ਪਹਿਰ ਲੰਘਾਵਾਂਗੇ।।

 

ਰੱਖ ਕੜਾਹੀ ਅੰਦਰ, ਕਮਲਾ ਨਾ ਬਣ ਤੂੰ।

ਤੜਕੇ ਉੱਠ ਕੇ ਤੱਤਾ ਕਰ ਕਰ ਖਾਵਾਂਗੇ।।

 

ਅਕਲਾਂ ਬਾਝੋਂ ਖੂਹ ਤਾਂ ਖ਼ਾਲੀ ਕਰ ਬੈਠੇ।

ਵਿੱਚ ਪੰਜਾਬੇ " ਆਬ-ਆਬ" ਕੁਰਲਾਵਾਂਗੇ।।

 

ਵੱਡਾ ਬਣਦੈ, ਸਾਨੂੰ ਮੱਤਾਂ ਦਿੰਦਾ ਹੈ।

'ਅਨੀਕੇਤ' ਨੂੰ ਪਹਿਲਾਂ ਸੋਧਾ ਲਾਵਾਂਗੇ।।

ਸੰਪਰਕ –

ਵਿਨੋਦ ਅਨੀਕੇਤ

ਬੀ -IX/ 63

ਗਣੇਸ਼ ਮੰਦਰ ਚੌਕ

ਕਿਲ੍ਹਾ ਮੁਹੱਲਾ

ਬਰਨਾਲਾ – 148101

ਇਹ ਵੀ ਪੜ੍ਹੋ- 

 ਨਦੀ ਭਰ-ਭਰ ਵਗਦੀ ਏ, ਜੀਹਨੇ ਮੈਂਨੂੰ ਸਾਂਭ ਰੱਖਿਐ ਮੈਂਨੂੰ ਰੱਬ ਜਿਹੀ ਲੱਗਦੀ ਏ.

Post a Comment

0 Comments