ਸਬਜ਼ੀ ਵਾਲ਼ੀ/ ਰਾਧੇਲਾਲ ਬਿਜਘਾਵਨੇ

ਅਨੁਵਾਦ ਦੇ ਰੰਗ -ਗੁਰਮਾਨ ਸੈਣੀ

ਸਬਜ਼ੀ ਵਾਲ਼ੀ/ ਰਾਧੇਲਾਲ ਬਿਜਘਾਵਨੇ

ਸਬਜ਼ੀ ਵਾਲ਼ੀ ਔਰਤ

ਸਬਜ਼ੀ ਵਿੱਚ ਵੇਚਦੀ ਹੈ

ਆਪਣੀ ਚਾਹਤਾਂ ਤੇ ਦੁਸ਼ਵਾਰੀਆਂ

 

ਵੇਚਦੀ ਹੈ...

ਇੱਛਾਵਾਂ, ਆਸ਼ਾਵਾਂ, ਨੀਂਦ, ਸੁਪਨੇ

ਸਬਜ਼ੀ ਬਾਜ਼ਾਰ ਵਿੱਚ।

 

ਸਬਜ਼ੀ ਵੇਚਣ ਵਾਲੀ ਔਰਤ ਦਾ ਚਿਹਰਾ

ਹੌਲੀ ਹੌਲੀ ਉਤਰ ਆਉਂਦਾ ਹੈ ਸਬਜ਼ੀ ਵਿੱਚ

ਜਿਹੜਾ ਬੈਂਗਣ ਵਿੱਚ ਬੈਂਗਣੀ

ਟਮਾਟਰ ਵਿੱਚ ਲਾਲ, ਗੋਭੀ 'ਚ ਸਫ਼ੇਦ

ਮੇਥੀ- ਪਾਲਕ ਵਿੱਚ ਹਰਾ

ਤੇ ਮਿਰਚ ਵਿੱਚ ਤਿੱਖਾ ਲਾਲ ਹੁੰਦਾ ਹੈ।

 

ਸਬਜ਼ੀ ਵਿੱਚ...

ਕਾਮਿਆਂ ਤੇ ਸਬਜ਼ੀ ਵਾਲ਼ੀ ਦਾ

ਖੂਨ ਪਸੀਨਾ ਵਹਿੰਦਾ ਹੈ, ਵਿਕਦਾ ਹੈ।

 

ਸਬਜ਼ੀ ਵਿੱਚ ...

ਲੋਕ ਆਪਣਾ ਸਵਾਦ ਖਰੀਦਦੇ ਹਨ।

ਤੋਲਦੇ ਹਨ ਤੱਕੜੀ ਤੇ

ਬਾਜ਼ਾਰ ਦਾ ਚਰਿੱਤਰ, ਚਿਹਰਾ- ਮੋਹਰਾ।

 

ਸਬਜ਼ੀ ਵਾਲ਼ੀ ਸਬਜ਼ੀ ਵਿੱਚ

ਆਪਣੀ ਹਾਸੀ, ਖ਼ੁਸ਼ੀ ਤੇ ਚਰਿੱਤਰ ਵੇਚਦੀ ਹੈ

ਅਤੇ ਉਦਾਸੀ, ਨਿਰਾਸ਼ਾ ਤੇ ਹਤਾਸ਼ਾ

ਬੇਹੀ ਸਬਜ਼ੀ ਵਿੱਚ ਬਚਾ ਕੇ ਰੱਖ ਲੈਂਦੀ ਹੈ।

 

ਸਬਜ਼ੀ ਵਿੱਚ

ਸਬਜ਼ੀ ਵਾਲ਼ੀ ਦੇ ਘਰ ਦੀ ਚਿੰਤਾ ਹੁੰਦੀ ਹੈ

ਉਹ ਤੰਗੀਆਂ ਦੀ ਫਟੀ ਹੋਈ ਸਾੜੀ

ਰਾਤ ਦੇ ਹਨ੍ਹੇਰੇ ਵਿੱਚ ਗੰਢਦੀ ਹੈ

ਤੇ ਭੁੱਖ ਦਾ ਚੁੱਲ੍ਹਾ ਬਾਲ ਕੇ

ਪਤੀ ਦੀਆਂ ਗੁੱਸੇ ਭਰੀਆਂ ਸ਼ੰਕਾਵਾਂ

ਸਮੇਂ ਦੀ ਹਾਂਡੀ ਵਿੱਚ ਉਬਾਲਦੀ ਹੈ।

 

ਸਬਜ਼ੀ ਵਿੱਚ...

ਸਬਜ਼ੀ ਵਾਲ਼ੀ ਦੇ ਚਰਿੱਤਰ ਦੀਆਂ

ਸਭ ਸ਼ੰਕਾਵਾਂ ਛੁਪੀਆਂ ਹੁੰਦੀਆਂ ਹਨ

ਜਿਨ੍ਹਾਂ ਨੂੰ ਉਹ

ਚੁਪਚਾਪ ਵੇਚਦੀ ਹੈ ਸਬਜ਼ੀ ਦੇ ਨਾਲ।

 

ਤਮਾਮ ਲੋਕ ਸਬਜ਼ੀ ਨਾਲ

ਸਬਜ਼ੀ ਵਾਲ਼ੀ ਦਾ ਰੂਪ, ਹੁਸਨ

ਤੇ ਚਰਿੱਤਰ ਖਰੀਦਦੇ ਹਨ।

 

ਸਬਜ਼ੀ ਬਾਜ਼ਾਰ ਵਿੱਚ ਸਬਜ਼ੀ ਵਾਲ਼ੀ

ਸਮਾਜ, ਸਭਿਆਚਾਰ ਦੇ ਬਾਜ਼ਾਰ ਦਾ

ਚਰਿੱਤਰ ਤੇ ਆਚਰਨ ਨਾਪ ਕੇ

ਤੱਕੜੀ ਤੇ ਤੋਲਦੀ ਹੈ।

 

ਸਬਜ਼ੀ ਦੇ ਨਾਲ

ਸਬਜ਼ੀ ਵਾਲ਼ੀ ਦੀਆਂ

ਇੱਛਾਵਾਂ, ਸ਼ੰਕੇ, ਸੰਭਾਵਨਾਵਾਂ

ਕੱਟੀਆਂ ਤੇ ਤੁੜਕੀਆਂ ਜਾਂਦੀਆਂ ਹਨ

ਤੇ ਭੋਜਨ ਦੀ ਥਾਲੀ ਵਿੱਚ ਸਵਾਦ ਨਾਲ

ਪਰੋਸੀਆਂ ਤੇ ਖਾਈਆਂ ਜਾਂਦੀਆਂ ਹਨ।

 

ਸਮਾਜ, ਸਭਿਆਚਾਰ ਅਤੇ ਦੇਸ਼ ਦੇ

ਸਬਜ਼ੀ ਬਾਜਾਰ ਵਿੱਚ

ਸਬਜ਼ੀ ਵਾਲ਼ੀ ...

ਹਾਜ਼ਰ ਹੋ ਕੇ ਵੀ ਗੈਰਹਾਜ਼ਰ ਹੁੰਦੀ ਹੈ

ਉਹ ਉੱਪਰੋਂ ਹੱਸਦੀ ਹੈ ਅੰਦਰੋਂ ਰੋਂਦੀ ਹੈ।

ਹਿੰਦੀ ਮੂਲ : ਰਾਧੇਲਾਲ ਬਿਜਘਾਵਨੇ

ਪੰਜਾਬੀ ਅਨੁਵਾਦ :

ਗੁਰਮਾਨ ਸੈਣੀ

ਰਾਬਤਾ : 9256346906

ਇਹ ਵੀ ਪਸੰਦ ਕਰੋਗੇ -

ਉਮੀਦਾਂ ਦੀ ਇਬਾਰਤ/ ਸੇਵਾ ਰਾਮ ਤ੍ਰਿਪਾਠੀ



Post a Comment

0 Comments