ਲਖਵਿੰਦਰ ਸਿੰਘ ਬਾਜਵਾ ਦੇ ਗੀਤ
ਗੀਤimage credit:wikipedia.org
ਮੱਲਾਂ ਮਾਰਨ ਵਿੱਚ ਮੈਦਾਨਾਂ,
ਰੱਖਣ ਸਦਾ ਤਲੀ ਤੇ ਜਾਨਾਂ,
ਪਿੱਠ ਨਾ ਕਦੇ ਵਖਾਉਂਦੇ ਨੇ,
ਵਤਨਾਂ ਲਈ ਪੰਜਾਬੀ ਜਾਨਾਂ ਘੋਲ ਘੁਮਾਉਂਦੇ ਨੇ।
ਵੈਰੀ ਕਰੇ ਸ਼ੈਤਾਨੀ ਉਹਨੂੰ ਮਜਾ ਚਖਾ ਦੇਂਦੇ,
ਉਨੀਆਂ ਦੀ ਇੱਕੀ ਉਹ ਓਸੇ ਵੇਲੇ ਪਾ ਦੇਂਦੇ,
ਜਾਨ ਕਰਨ ਕੁਰਬਾਨ ਜਰਾ ਨਾ ਉਹ ਘਬਰਾਉਂਦੇ ਨੇ,
ਵਤਨਾਂ ਲਈ ਪੰਜਾਬੀ ਜਾਨਾਂ ਘੋਲ ਘੁਮਾਉਂਦੇ ਨੇ,
ਹੱਥੀਂ ਪਕੜ ਸੰਗੀਨਾਂ ਤਾਣ ਛਾਤੀਆਂ ਖੜ ਜਾਂਦੇ,
ਤੱਕ ਪਰਬਤ ਜਿਹਾ ਜੇਰਾ ਵੈਰੀ ਖੁੱਡੀਂ ਵੜ ਜਾਂਦੇ,
ਏਸੇ ਕਰਕੇ ਇਹ ਸਾਰੇ ਸਰਦਾਰ ਕਹਾਉਂਦੇ ਨੇ,
ਵਤਨਾਂ ਲਈ ਪੰਜਾਬੀ ਜਾਨਾਂ ਘੋਲ ਘੁਮਾਉਂਦੇ ਨੇ।
ਗੁੜਤੀ ਦਿੱਤੀ ਅਣਖੀ ਸੀ ਪੁੱਤਰਾਂ ਦੇ ਦਾਨੀ ਨੇ,
ਰੰਗ ਕੇਸਰੀ ਚਾੜ੍ਹ ਦਿੱਤਾ ਉਹਦੀ ਕੁਰਬਾਨੀ ਨੇ,
ਸਿਰ ਕੱਟ ਜਾਵੇ ਬੇਸ਼ੱਕ ਐਪਰ ਨਹੀ ਝੁਕਾਉਂਦੇ ਨੇ,
ਵਤਨਾਂ ਲਈ ਪੰਜਾਬੀ ਜਾਨਾਂ ਘੋਲ ਘੁਮਾਉਂਦੇ ਨੇ,
ਚਰਖੜੀਆਂ ਤੇ ਚੜ੍ਹ ਕੇ ਤਨ ਚਿਰਵਾ ਕੇ ਆਰਿਆਂ ਤੋਂ,
ਸਿਦਕ ਸਬੂਰੀ ਸਿੱਖੀ ਬਲਦੇ ਹੋਏ ਸ਼ਰਾਰਿਆਂ ਤੋਂ,
ਦੇਸ਼ ਕੌਮ ਦਾ ਜਿੱਤਾਂ ਜਿੱਤ ਕੇ ਮਾਣ ਵਧਾਉਂਦੇ ਨੇ,
ਵਤਨਾਂ ਲਈ ਪੰਜਾਬੀ ਜਾਨਾਂ ਘੋਲ ਘੁਮਾਉਂਦੇ ਨੇ।
ਜਾਚ ਸਿਖਾ ਗਿਆ ਕੋਈ ਸਵਾ ਲੱਖ ਸੰਗ ਲੜਨੇ ਦੀ,
ਸੀਸ ਤਲੀ ਤੇ ਰੱਖ ਕੇ ਇਸ਼ਕ ਜਮਾਤੇ ਚੜ੍ਹਨੇ ਦੀ,
ਸਿਰ ਦੇ ਦੇਂਦੇ ਬਾਜਵਿਆ ਨਾ ਜਰਾ ਝੁਕਾਉਂਦੇ ਨੇ,
ਵਤਨਾਂ ਲਈ ਪੰਜਾਬੀ ਜਾਨਾਂ ਘੋਲ ਘੁਮਾਉਂਦੇ ਨੇ।
(2) ਗੀਤ
ਮੈਂ ਵੀ ਕਰਾਂ ਸਤਿਕਾਰ, ਉਹ ਵੀ ਕਰਦੀ ਪਿਆਰ।
ਉਹਦੀ ਛਾਂ ਨਿਰੀ ਪਿੱਪਲੀ ਦੀ ਛਾਂ ਵਰਗੀ।
ਮੇਰੀ ਸੱਸ ਸਈਓ ਨਿਰੀ ਮੇਰੀ ਮਾਂ ਵਰਗੀ।
ਜਦੋਂ ਪੇਕਿਆਂ ਨੂੰ ਜਾਵਾਂ ਤੋਰਦੀ ਉਹ ਹੱਸ ਕੇ।
ਜਦੋਂ ਪੇਕਿਆਂ ਤੋਂ ਆਵਾਂ ਮਿਲਦੀ ਉਹ ਨੱਸ ਕੇ।
ਉਹਦੀ ਨਾਂਹ ਹੁੰਦੀ ਸਈਓ ਸਦਾ ਹਾਂ ਵਰਗੀ।
ਮੇਰੀ ਸੱਸ ---
ਮੇਰੀ ਹਰ ਇੱਕ ਲੋੜ ਦਾ
ਖਿਆਲ ਰੱਖਦੀ।
ਕਰੇ ਜਦੋਂ ਵੀ ਉਹ ਗੱਲ ਕਰੇ ਮੇਰੇ ਪੱਖ ਦੀ।
ਉਹ ਤਾਂ ਤਨੋ ਮਨੋ ਨਿੱਤਰੇ ਸਰਾਂ ਵਰਗੀ।
ਮੇਰੀ ਸੱਸ ---
ਮੇਰਾ ਹਰ ਇੱਕ ਕੰਮ ਨਾਲ਼ ਰਲ ਕੇ ਕਰਾਵੇ।
ਜੇ ਭੁੱਲ ਮੈਥੋਂ ਹੋਵੇ ਨਾਲ ਪਿਆਰ ਸਮਝਾਵੇ।
ਉਹਦੀ ਖੁਸ਼ਬੋ ਹੈ ਨਿੱਘੇ ਨਿੱਘੇ ਸਾਂਹ ਵਰਗੀ।
ਮੇਰੀ ਸੱਸ ---
ਦੇਵੇ ਪਿਆਰ ਦਾ ਦਿਲਾਸਾ ਗਮ ਚਿੰਤਾ ਸਤਾਵੇ।
ਕੋਈ ਦੁੱਖ ਸੁਖ ਆਵੇ ਝੱਟ ਸੀਨੇ ਨਾਲ ਲਾਵੇ।
ਉਹ ਤਾਂ ਬਾਜਵਾ ਮੇਰੇ ਲਈ ਜਿੰਦ ਜਾਂ ਵਰਗੀ।
ਮੇਰੀ ਸੱਸ ---
image credit: wikimedia.org |
(3) ਗੀਤ
ਵਿਰਸਾ ਪੁਰਾਣਾ ਨਹੀਓਂ ਭੁੱਲਦਾ ਭੁਲਾਇਆ, ਵੇਖਾਂ ਯਾਦਾਂ ਦੇ
ਝਰੋਖੇ ਚੋਂ ਨੁਹਾਰ।
ਮਨਾਂ ਦੀ ਅਮੀਰੀ ਜਦੋਂ ਮੱਥਿਓਂ ਡਲਕਦੀ ਸੀ,
ਸੱਚਾ ਸੁੱਚਾ ਸਭ ਦਾ
ਵਿਹਾਰ।
ਹਾਸੇ ਕਿਲਕਾਰੀਆਂ ਦਾ ਬੀਤ ਗਿਆ ਜੁੱਗ, ਹੁਣ ਚਿੰਤਾਵਾਂ
ਫਿਕਰਾਂ ਨੇ ਘੇਰਿਆ
ਸੱਧਰਾਂ ਨਾ ਉੱਗੀਆਂ ਨੇ ਮਨ ਦੀ ਬਗੀਚੀ ਵਿੱਚ, ਹੰਝੂਆਂ ਦਾ ਬੀਜ
ਬੜਾ ਕੇਰਿਆ।
ਹੁਣ ਤਾਂ ਹਵਾਵਾਂ ਵਿੱਚ ਘੁਲੀਆਂ ਉਦਾਸੀਆਂ,
ਤੇ ਸੋਗੀ ਸੋਗੀ ਆਉਂਦੀ ਏ ਬਹਾਰ।
ਵਿਰਸਾ ---
ਚੱਟ ਜਾਂਦੀ ਪੈੜ ਹਵਾ ਟਿੱਬਿਆਂ ਦੇ ਉਤੋਂ ਜਿਵੇਂ, ਏਦਾਂ ਪਾਣੀ ਸਮਿਆਂ
ਨੇ ਫੇਰਿਆ।
ਉਣੀ ਗਈ ਇੱਕ ਫੁਲਕਾਰੀ ਵੀ ਨਾ ਵਿਰਸੇ ਦੀ, ਸੂਤ ਬੜਾ ਯਾਦਾਂ ਦਾ
ਅਟੇਰਿਆ।
ਅੱਜ ਹੁੰਦੇ ਸੁੰਦੇ ਕੀਤੀ ਵੱਡੇ ਵੱਡੇ ਫਿਕਰਾਂ ਨੇ, ਦੋਸਤੋ ਇਹ ਦੁਨੀਆਂ
ਬੀਮਾਰ।
ਵਿਰਸਾ ---
ਖੁੱਲ੍ਹੀਆਂ ਜੂਹਾਂ ਦੇ ਵਿਚ ਖੁੱਲ੍ਹੇ ਦਿਲਾਂ ਵਾਲੇ ਲੋਕ, ਹਾਸਿਆਂ ਦਾ ਕੰਗਣਾ
ਖਲੇਰਦੇ।
ਦਿਲਾਂ ਦੀਆਂ ਸਾਂਝਾ ਵਾਲੇ ਗਾ ਗਾ ਕੇ ਢੋਲੇ ਮਾਹੀਏ, ਮੁੱਖ ਧੋੰਦੇ ਧੋਂਦੇ
ਸੱਜਰੀ ਸਵੇਰ ਦੇ।
ਬਲਦਾਂ ਦੇ ਗਲੀਂ ਜਦੋਂ ਅੰਮ੍ਰਿਤ ਵੇਲੇ ਛਿੜੇ, ਟੱਲੀਆਂ ਹਮੇਲਾਂ ਦੀ
ਗੁੰਜਾਰ।
ਵਿਰਸਾ ---
ਤੀਆਂ ਗਿੱਧੇ ਕਿਕਲੀ ਤੇ ਭੰਗੜੇ ਦੇ ਰੰਗ, ਉਤੇ ਚਿਹਰਿਆਂ ਉਮੰਗ
ਸੀ ਬਖੇਰਦੇ।
ਸਿੱਧੀ ਸਾਦੀ ਸੱਚੀ ਗੱਲ ਮੂੰਹ ਤੇ ਕਰਨ ਜਿਹੜੇ, ਜਾਣਦੇ ਨਾ ਮਹਿਣੇ
ਹੇਰ ਫੇਰ ਦੇ।
ਉਹਨਾ ਦਿਆਂ ਕਦਮਾਂ ਚ ਰੁਲਦੀਆਂ ਬਾਦਸ਼ਾਹੀਆਂ, ਲੱਖ ਅੱਜ ਆਖੀਏ
ਗਵਾਰ।
ਵਿਰਸਾ ---
ਕੱਚਿਆਂ ਘਰਾਂ 'ਚੋਂ ਜਦੋਂ ਤਾਜੇ ਫੇਰੇ ਪੋਚਿਆਂ ਦੀ, ਸੋਂਧੀ ਸੋਂਧੀ ਮਹਿਕ
ਸੀ ਲੁਭਾਂਵਦੀ।
ਪੰਛੀਆਂ ਦਾ ਰਾਗ ਜਦੋਂ ਸੁਣੀਂਦਾ ਬਨੇਰਿਆਂ ਤੋਂ, ਕੁਦਰਤ ਰਾਸ ਸੀ
ਰਚਾਂਵਦੀ।
ਆਹਲਣੇ ਬਣਾਉਣ ਜਦੋਂ ਚਿੜੀਆਂ ਸਬਾਤ ਵਿੱਚ, ਵੱਸਦਾ ਸੀ ਘਰੇ
ਕਰਤਾਰ।
ਵਿਰਸਾ ---
ਪਿੱਪਲਾਂ ਤੇ ਬੋਹੜਾਂ ਥੱਲੇ ਰੋਜ ਮੇਲੇ ਲੱਗਦੇ ਜਾਂ, ਖੁਸ਼ੀ ਦੀ ਹਨੇਰੀ
ਝੁੱਲ ਜਾਂਵਦੀ।
ਖੂਹਾਂ ਦੀਆਂ ਰੌਣਕਾਂ ਤੇ ਰੱਬ ਵੀ ਸੀ ਰੀਝ ਜਾਂਦਾ, ਕਾਇਨਾਤ ਵੱਜਦ ਚ
ਆਂਵਦੀ।
ਢਾਕਾਂ ਉਤੇ ਘੜੇ ਰੱਖ ਗਾਂਵਦੀ ਗੁਟਕਦੀ ਜਾਂ, ਕੁੜੀਆਂ ਦੀ ਲੰਘਦੀ
ਕਤਾਰ।
ਵਿਰਸਾ ---
ਸੂਈਆਂ ਤੇ ਚਰਮਖਾਂ ਨੂੰ ਵੇਚਦੀ ਗੁਲੇਲੀ ਜਦੋਂ, ਗਲੀ ਚ ਦੁਪਹਿਰੇ
ਪਾਉਂਦੀ ਫੇਰੀਆਂ।
ਕੋਈ ਵਣਜਾਰਾ ਵੰਗਾਂ
ਵੇਚਦਾ ਉਮੰਗਾਂ ਨਾਲ, ਆਉਣ ਮੁਟਿਆਰਾਂ
ਬਿਨਾ ਦੇਰੀਆਂ।
ਤੋੜ ਤੋੜ ਕੱਚ ਦੀਆਂ ਚੂੜੀਆਂ ਦੇ ਟੋਟੇ ਕੋਈ, ਕੱਢਦੀ ਪਿਆਰ
ਮੁਟਿਆਰ।
ਵਿਰਸਾ ---
ਝੁਰਮਟ ਪੈਂਦੇ ਸ਼ਾਮੀ ਹੱਟੀਆਂ ਤੇ ਭੱਠੀਆਂ ਤੇ, ਆਉਂਦੀਆਂ ਸੀ ਚਰ ਕੇ
ਲਵੇਰੀਆਂ।
ਬਾਜਵੇ ਨੂੰ ਉਹਨਾ ਯਾਦਾਂ ਵਿੱਚੋ ਵੀ ਮਿਠਾਸ ਆਈ, ਲੱਗੇ ਜਿੱਦਾਂ
ਚੂਪੀਆਂ ਗਨੇਰੀਆਂ।
ਪਿਪਲੀ ਦੇ ਪੱਤਿਆਂ ਚੋਂ ਨਿਕਲੇ ਸੰਗੀਤ ਸੁਰ, ਪੀਘਾਂ ਜਦੋਂ
ਲੈਂਦੀਆਂ ਹੁਲਾਰ।
ਵਿਰਸਾ ---
(4) ਗੀਤ
ਚਾਨਣ ਦੇ ਵਣਜਾਰੇ ਆਏ, ਚਾਨਣ ਦੇ ਵਣਜਾਰੇ।
ਗਲੀ ਗਲੀ ਵਿੱਚ ਹੋਕਾ ਦੇਂਦੇ, ਚੁੱਕ ਰਿਸ਼ਮਾਂ ਦੇ ਖਾਰੇ।
ਚਾਨਣ ਲੈ ਲਓ ਚਾਨਣ ਲੈ ਲਓ, ਭਰ ਕੇ ਲੈ ਜਾਓ ਪੱਲਾ।
ਹੋਕਾ ਦੇਂਦੇ ਫਿਰਦੇ ਘਰ ਘਰ, ਚਾਨਣ ਮਿਲੇ ਸਵੱਲਾ।
ਚਾਨਣ ਨੂੰ ਪਰ ਸਮਝਣ ਲੋਕੀਂ, ਭੱਠ ਭਖਦੇ ਅੰਗਿਆਰੇ।
ਚਾਨਣ ਦੇ ਵਣਜਾਰੇ ਆਏ, ਚਾਨਣ ਦੇ ਵਣਜਾਰੇ।
ਏਸ ਸ਼ਹਿਰ ਵਿੱਚ ਵੱਸਦੇ ਐਪਰ, ਕੁਝ ਰਾਹਜਨ ਕੁਝ ਅੰਨ੍ਹੇ,
ਰਾਹਜਨ ਸਦਾ ਫੈਲਾਉਣ ਹਨੇਰਾ,ਅੰਨ੍ਹੇ ਪਾਉਣ ਕੀ ਨੰਨੇ।
ਸ਼ਾਤਰ ਕੁੱਤਿਆਂ ਨੂੰ ਸ਼ਿਸ਼ਕਾਰਨ, ਰੋਕਾਂ ਪਾਉਣ ਨਕਾਰੇ।
ਚਾਨਣ ਦੇ ਵਣਜਾਰੇ ਫਿਰਦੇ, ਚਾਨਣ ਦੇ ਵਣਜਾਰੇ।
ਇਹ ਅੰਨ੍ਹੇ ਅਸਲੋਂ ਨਹੀ ਅੰਨ੍ਹੇ, ਨੈਣ ਜਹਾਲਤ ਜਾਲਾ।
ਗਿਆਨ ਅੰਞਣ ਬਿਨ ਇਹਨਾ ਨੂੰ, ਸਭ ਦਿਸਦਾ ਕਾਲਾ ਕਾਲਾ।
ਗਿਆਨ ਅੰਞਣ ਜੋ ਵੰਡਣ ਆਏ, ਇਹ ਸਮਝਣ ਦੁਪਿਆਰੇ।
ਚਾਨਣ ਦੇ ਵਣਜਾਰੇ ਫਿਰਦੇ, ਚਾਨਣ ਦੇ ਵਣਜਾਰੇ।
ਚਾਨਣ ਬਾਰੇ ਉਹ ਕੀ ਜਾਨਣ, ਜੋ ਜੰਮੇਂ ਵਿੱਚ ਨੇਰ੍ਹੇ।
ਚਾਨਣ ਦਾ ਕੀ ਵਣਜ ਕਮਾਵਣ, ਅੰਧਕੂਪ ਵਿੱਚ ਘੇਰੇ।
ਰਾਜੇ ਦੀ ਕਿਸਮਤ ਵਿੱਚ ਦੀਵੇ, ਸਮਝਣ ਹਿੰਮਤ ਹਾਰੇ।
ਚਾਨਣ ਦੇ ਵਣਜਾਰੇ ਆਏ, ਚਾਨਣ ਦੇ ਵਣਜਾਰੇ।
ਚਾਨਣ ਦਾ ਇਹ ਰਾਜ ਨਾ ਜਾਨਣ, ਨੇਰ੍ਹੇ ਲਈ ਪ੍ਰੇਰੇ।
ਥਾਂ ਥਾਂ ਵਹਿਮ ਭਰਮ ਦੇ ਟੋਏ, ਆਉਣ ਨਾ ਦੇਣ ਅਗੇਰੇ।
ਸਾਡੇ ਚਾਨਣ ਕਿਹੜੇ ਕੰਮ ਦੈ, ਆਖਣ ਕਰਮਾਂ ਮਾਰੇ।
ਚਾਨਣ ਦੇ ਵਣਜਾਰੇ ਰੁਲਦੇ, ਚਾਨਣ ਦੇ ਵਣਜਾਰੇ।
ਚਾਨਣ ਵੰਡਣਾ ਬੜਾ ਔਖੇਰਾ,ਸੀਸ ਤਲੀ ਤੇ ਧਰਨਾ।
ਤਨ ਦਾ ਖੂਨ ਬਾਲ ਕੇ, ਪੈਂਦਾ ਇਹ ਜੱਗ ਰੋਸ਼ਨ ਕਰਨਾ।
ਚਾਨਣ ਦੇ ਪਾਂਧੀ ਨੂੰ ਲੰਘਣੇ ਪੈਂਦੇ ਪਰਬਤ ਭਾਰੇ।
ਚਾਨਣ ਦੇ ਵਣਜਾਰੇ ਆਏ ਚਾਨਣ ਦੇ ਵਣਜਾਰੇ।
ਭਾਵੇਂ ਮੂਰਖ ਲੋਕਾਂ ਵਲੋਂ, ਥਾਂ ਥਾਂ ਗਏ ਨਕਾਰੇ।
ਚਾਨਣ ਦੇ ਵਣਜਾਰੇ ਐਪਰ, ਅਜੇ ਤੀਕ ਨਾ ਹਾਰੇ।
ਧੁੰਦ ਕੂੜ ਦੀ ਵਿੱਚ ਬਾਜਵਾ, ਵਿਰਲਾ ਸੱਚ ਨਿਤਾਰੇ।
ਚਾਨਣ ਦੇ ਵਣਜਾਰੇ ਆਏ, ਚਾਨਣ ਦੇ ਵਣਜਾਰੇ।
(5) ਗੀਤ
ਇਸ਼ਕ ਮਿਜਾਜੀ ਵਲੋਂ ਸੱਜਣਾ, ਮੂੰਹ ਕਵਿਤਾ ਦਾ ਮੋੜ।
ਹੁਣ ਜਗਦੇ ਹਰਫ਼ਾਂ ਦੀ ਅੜਿਆ, ਇਸ ਜੀਵਨ ਨੂੰ ਲੋੜ।
ਚਾਰ ਚੁਫੇਰ ਜਹਾਲਤ ਦਾ ਤੱਕ, ਵਧਦਾ ਜਾਏ ਹਨੇਰਾ।
ਵਿੱਚ ਵਿਚਾਰਾਂ ਵੰਡੀਆਂ ਪਾਈਆਂ, ਇਹ ਤੇਰਾ ਔਹ ਮੇਰਾ।
ਚੋਂਭੜ ਮਾਰ ਕਲਮ ਦੀ ਐਸੀ, ਤਲਖ ਦੀਵਾਰਾਂ ਤੋੜ।
ਹੁਣ ਜਗਦੇ ਹਰਫ਼ਾਂ ਦੀ ਅੜਿਆ ---
ਜਾਤੀ ਵਾਦ ਜਨੂੰਨੀ ਹਿੰਸਾ, ਗਹਿਰੇ ਪੈਰ ਪਸਾਰੇ।
ਫੇਰ ਏਕਤਾ ਦੇ ਅੰਗਾਂ 'ਚੋਂ,
ਛੁੱਟੇ ਖੂਨ
ਫੁਹਾਰੇ।
ਸੁੰਗੜ ਗਏ ਵੀਚਾਰ ਮਨਾਂ ਵਿੱਚ, ਪੈਂਦਾ ਜਾਵੇ ਬੋੜ।
ਹੁਣ ਜਗਦੇ ਹਰਫ਼ਾਂ ਦੀ ਅੜਿਆ ---
ਜਿੰਨ ਸਵਾਰਥ ਦਾ ਹੋਇਆ ਅੱਜ, ਪੁਰਸ਼ਾਰਥ ਤੇ ਭਾਰੂ।
ਆਦਮ ਦੇ ਪੁੱਤਰਾਂ ਨੇ ਛੋਹਿਆ, ਰਾਗ ਵੇਖ ਲੈ ਮਾਰੂ।
ਤਿੜਕ ਰਹੇ ਰਿਸ਼ਤਿਆਂ ਦੇ ਸ਼ੀਸ਼ੇ, ਨਾਲ ਸਿਆਹੀ ਜੋੜ।
ਹੁਣ ਜਗਦੇ ਹਰਫ਼ਾਂ ਦੀ ਅੜਿਆ ---
ਢਹਿ ਚੱਲੇ ਇਖਲਾਕ ਮੁਨਾਰੇ, ਤਹਿਜ਼ੀਬਾਂ ਰੁਲ ਰਹੀਆਂ।
ਬਦ ਇਖਲਾਕੀ ਤੇ ਬਦ ਅਮਨੀ, ਮੁੜ ਕੇ ਚਾਂਭਲ ਗਈਆਂ।
ਸੁੱਤੇ ਗਫਲਤ ਨੀਂਦੇ ਲੋਕੀਂ ਫੜ ਕੇ ਫੇਰ ਝੰਜੋੜ।
ਹੁਣ ਜਗਦੇ ਹਰਫ਼ਾਂ ਦੀ ਅੜਿਆ ---
ਆ ਲਿਖੀਏ ਕੁਝ ਰੌਸ਼ਨ ਅੱਖਰ, ਨੇਰ੍ਹੇ ਮਨ ਰੁਸ਼ਨਾਈਏ।
ਜੋ ਖਾਂਦੇ ਘੁਣ ਵਾਂਗ ਮਨੁਖਤਾ, ਐਸੇ ਹਰਫ਼ ਨਾ ਵਾਹੀਏ।
ਬਣ ਕੇ ਫੇਰ ਬਾਜਵਾ ਜਿਹੜੇ, ਕਦੇ ਨਾ ਰੜਕਣ ਰੋੜ।
ਹੁਣ ਜਗਦੇ ਹਰਫ਼ਾਂ ਦੀ ਅੜਿਆ, ਇਸ ਜੀਵਨ ਨੂੰ ਲੋੜ
(6) ਗੀਤ
ਸੁੱਚੇ ਹਾਸਿਆਂ ਦੇ ਅਣਮੁਲੇ ਮੋਤੀ ਛੱਡ ਘਰੇ ਤਾਕ ਝਾਕ ਕਰੀਦੀ ਨਹੀਂ
ਬਾਹਰ।
ਵੇ ਹਾਣੀਆਂ ਚੰਗੀ ਹੁੰਦੀ ਘਰ ਵਾਲੀ ਨਾਰ।
ਚੰਗੀ ਹੁੰਦੀ ਘਰ ਵਾਲੀ ਨਾਰ।
ਮੇਰੇ ਹਾਣੀਆਂ ਚੰਗੀ ਹੁੰਦੀ ਘਰ ਵਾਲੀ ਨਾਰ
ਹਾਸਾ ਨਾ ਮੁਥਾਜ ਹੈ ਅਮੀਰੀਆਂ ਦਾ ਸੱਜਣਾ ਵੇ ਹੁਸਨ ਮੁਥਾਜ ਨਾ ਸ਼ਿੰਗਾਰ ਦਾ।
ਵਿਕਦੇ ਨਾ ਹਾਸੇ ਕਦੇ ਸੋਹਣਿਆਂ ਬਜ਼ਾਰ ਵਿੱਚ , ਰੱਬੀ ਰੂਪ ਇਹ ਵੀ
ਸੰਸਾਰ ਦਾ।
ਕੋਠਿਆਂ ਤੇ ਜਾ ਕੇ ਜਿਹੜੇ ਹਾਸੇ ਤੂੰ ਖਰੀਦਦਾ ਏਂ ਉਹ ਤਾਂ ਹੁੰਦੇ
ਜ਼ਹਿਰ ਦਾ ਵਪਾਰ।
ਵੇ ਹਾਣੀਆਂ ਚੰਗੀ ਹੁੰਦੀ ਘਰ ਵਾਲੀ ਨਾਰ।
ਹਾਸੇ ਹਾਸੇ ਵਿੱਚ ਨਹੀਂ ਬਣਾਈਦਾ ਮੜਾਸਾ, ਹੱਸ ਖੇਡ ਲਈਏ ਚਿੱਤ
ਪਰਚਾ ਵੇ।
ਫਿਕਰਾਂ ਦੀ ਲੋਈ ਲਾਹ ਕੇ ਰੱਖ ਲੈ ਸਰ੍ਹਾਣੇ, ਭਰ ਸਾਹਾਂ 'ਚ ਸੁਨਹਿਰੀ ਜਿਹੇ
ਚਾ ਵੇ
ਧੰਦਿਆਂ ਦੀ ਫਾਹੀ ਨੂੰ ਉਤਾਰ ਜਰਾ ਗਲੋਂ ਪਾ ਦੇ ਹਾਸਿਆਂ ਦਾ ਗਲ ਰਾਣੀ
ਹਾਰ।
ਵੇ ਹਾਣੀਆਂ ਚੰਗੀ
ਹੁੰਦੀ ਘਰ ਵਾਲੀ ਨਾਰ।
ਚਿੱਟਿਆਂ ਦੰਦਾਂ ਦਾ ਹਾਸਾ ਹੁੰਦਾ ਏ ਅਮੁੱਲਾ ਪਰ ਹੋਵੇ ਜਿਹੜਾ ਮਨ
ਵਾਲੇ ਮੀਤ ਦਾ।
ਖੰਜਰੀ ਦੇ ਵਾਂਗ ਜਦੋਂ ਛਣਕਣ ਹਾਸੇ ਲੈ ਕੇ ਵੰਗਾਂ ਵਾਲਾ ਸੁਰ ਸੰਗੀਤ
ਦਾ।
ਬੋਲ ਵੇ ਪਿਆਰ ਵਾਲੇ ਬਣ ਗੀਤ ਬਾਜਵਾ ਫਿਜ਼ਾ ਤਾਈਂ ਦੇਂਦੇ ਨੇ ਨਿਖਾਰ।
ਮੇਰੇ ਸੋਹਣਿਆਂ ਚੰਗੀ ਹੁੰਦੀ ਘਰ ਦੀ ਹੀ ਨਾਰ।
(7) ਗੀਤ
ਘੁੰਡ ਵੀ ਗਏ ਤੇ ਕਲਿਪ ਵੀ ਨਹੀ ਲੱਭਦੇ, ਜ਼ੁਲਫਾਂ ਬਣਾ ਲਈਆਂ
ਪੋਨੀਆਂ।
ਜਿਨ੍ਹਾਂ ਅੱਖਾਂ ਵਿੱਚ ਕਦੇ ਹੁੰਦੀ ਸੀ ਹਯਾ, ਅੱਜ ਸੇਲ੍ਹੀਆਂ ਕਰਾ ਕੇ ਬਹਿ ਗਈ ਘੋਨੀਆਂ।
ਲਾ ਕੇ ਬਣਾਉਟੀ ਲਾਲੀ ਵੇਖ ਲਓ ਪੰਜਾਬਣਾ ਨੇ, ਲਾਹ ਦਿੱਤੇ ਅਸਲੀ ਸ਼ਿੰਗਾਰ।
ਉਏ ਸੋਹਣਿਓਂ ਫੈਸ਼ਨਾ ਨੇ ਮੱਤ ਦਿੱਤੀ ਮਾਰ।
ਗੋਡਿਆਂ ਤੋਂ ਜੀਨਾ ਪਾੜ ਕੁੜਤੀ ਧੁੰਨੀ ਤੋਂ ਉੱਚੀ, ਫਸ ਗਏ ਵਿਚਾਲੇ ਨੱਢੇ ਨੱਢੀਆਂ।
ਅੱਖਾਂ ਉਤੇ ਐਨਕਾਂ ਚੜ੍ਹਾਈਆਂ ਰੇਮੰਡ ਦੀਆਂ, ਸ਼ਰਮਾਂ ਦਾ ਚਸ਼ਮਾ ਉਤਾਰ
ਓ ਸੋਹਣਿਓ ਫੈਸ਼ਨਾ ਨੇ ਮੱਤ ਦਿੱਤੀ ਮਾਰ।
ਦਿਨੋ ਦਿਨ ਘਟੀ ਜਾਵੇ ਕਪੜਾ ਸਰੀਰ ਉੱਤੋਂ, ਅੰਗ ਅਸ਼ਲੀਲ ਬੋਲੀ ਬੋਲਦੇ।
ਦੁੱਧ ਤੇ ਮਲਾਈਆਂ ਵਾਲਾ ਅਸਲੀ ਹੁਸਨ ਹੁਣ, ਬਿਊਟੀ ਪਾਰਲਰਾਂ ਵਿੱਚੋਂ ਟੋਲਦੇ।
ਅੱਖਾਂ ਉਤੇ ਚਸ਼ਮਾ ਤੇ ਹੱਥ ਚ ਮੋਬਾਈਲ ਮਹਿੰਗਾ, ਹੇਠਾਂ ਹੋਵੇ ਲਗਜ਼ਰੀ ਕਾਰ।
ਓ ਸੋਹਣਿਓ ਫੈਸ਼ਨਾ ਨੇ ਮੱਤ ਦਿੱਤੀ ਮਾਰ।
ਪਾਲਸ਼ਾਂ ਚੜ੍ਹਾ ਕੇ ਕੁਝ ਘੰਟਿਆਂ ਦੇ ਲਈ, ਵੇਖੋ ਹੁਸਨ ਖਰੀਦਿਆ ਲਿਆ ਲੱਖ ਦਾ।
ਲੱਖਾਂ ਲਾਇਆ ਲਹਿੰਗਿਆਂ ਤੇ ਚੋਲੀਆਂ ਦੇ ਉੱਤੇ, ਇੱਕੋ ਦਿਨ ਬਾਅਦ ਹੋਇਆ ਸਭ ਕੱਖ ਦਾ।
ਨਵਾਂ ਨੌਂ ਦਿਨ ਤੇ ਪੁਰਾਣਾ ਹੁੰਦਾ ਸੌ ਦਿਨ, ਕਰਦੇ ਨਾ ਬਾਜਵਾ ਵਿਚਾਰ।
ਓ ਸੋਹਣਿਓ ਫੈਸ਼ਨਾ ਨੇ ਮੱਤ ਦਿੱਤੀ ਮਾਰ।
(8) ਗੀਤ
ਬੜਾ ਚਿਰ ਹੋਇਆ ਤੇਰੀ ਦੀਦ ਨੂੰ ਤਰਸਦੇ ਹਾਂ ਛੇਤੀ ਆ ਕੇ ਅੱਖੀਆਂ ਨੂੰ
ਠਾਰ।
ਵੇ ਪਰਦੇਸੀ ਮਾਹੀਆ ਫੇਰਾ ਮੁੜ ਵਤਨਾ ਨੂੰ ਮਾਰ, ਵੇ ਪਰਦੇਸੀ ਮਾਹੀਆ ---
ਔਸੀਆਂ ਵੀ ਪਾਈਆਂ ਬੜੇ ਕਾਗ ਵੀ ਉਡਾਏ ਨਾਲੇ ਸੁੱਖਣਾ ਹਜਾਰਾਂ ਅਸੀਂ
ਸੁੱਖੀਆਂ।
ਪਰ ਤੂੰ ਨਾ ਆਇਆ ਸਾਨੂੰ ਏਨਾ ਤੜਪਾ ਕੇ ਅੱਖਾਂ ਅਜੇ ਵੀ ਦਰਸ ਦੀਆਂ
ਭੁੱਖੀਆਂ।
ਲੰਘੀਆਂ ਨੇ ਰੁੱਤਾਂ ਬੜੇ ਬਦਲੇ ਜ਼ਮਾਨੇ ਸਾਡੀ ਅਜੇ ਵੀ ਨਾ ਸੁਣੀ ਤੂੰ
ਪੁਕਾਰ।
ਵੇ ਪਰਦੇਸੀ ਮਾਹੀਆ ---
ਘੜੀ ਮੁੜੀ ਅੱਖਾਂ ਵਿਚੋਂ ਅੱਥਰੂ ਪਈ ਪੂੰਝਾਂ ਲੈ ਕੇ ਤੇਰੀਆਂ ਮੈਂ
ਯਾਦਾਂ ਦਾ ਰੁਮਾਲ ਵੇ।
ਕੋਸੇ ਕੋਸੇ ਹੰਝੂਆਂ ਦੇ ਨਾਲ ਮੁੱਖ ਧੋਵਾਂ ਆਵੇ ਤੇਰਾ ਜਦੋਂ ਮਨ 'ਚ ਖਿਆਲ ਵੇ।
ਤੂੰ ਕੀ ਜਾਣੇ ਦਰਦ ਵਿਛੋੜਿਆਂ ਦੀ ਪੀੜ ਜਿੰਦ ਨਿੱਕੀ ਜਿੰਨੀ ਦੁੱਖ ਨੇ
ਹਜ਼ਾਰ।
ਵੇ ਪਰਦੇਸੀ ਮਾਹੀਆ ---
ਚੰਨ ਕੋਲੋਂ ਪੁੱਛਾਂ ਕਿਤੇ ਤਾਰਿਆਂ ਤੋਂ ਪੁੱਛਾਂ ਦੱਸ ਕੋਈ ਵੀ ਨਾ
ਪਾਵੇ ਤੇਰੇ ਆਉਣ ਦੀ।
ਉੱਡਦੇ ਪੰਖੇਰੂਆਂ ਨੂੰ ਦਿੱਤੇ ਮੈਂ ਸੁਨੇਹੇ ਬੜੀ ਕੀਤੀ ਮੈਂ ਮਿੰਨਤ
ਜਾਂਦੀ ਪੌਣ ਦੀ।
ਬੱਦਲਾਂ ਨੂੰ ਬਾਜਵੇ ਨੇ ਪੁੱਛਿਆ ਬਥੇਰਾ ਕਿਤੇ ਵੇਖਿਆ ਜੇ ਮੇਰਾ
ਦਿਲਦਾਰ।
ਵੇ ਪਰਦੇਸੀ ਮਾਹੀਆ ---
(9) ਗੀਤ
ਮੈਂ ਵੀ ਮਜਬੂਰ ਸਈਓ ਉਹ ਵੀ ਮਜਬੂਰ ਨੀ।
ਕੀ ਪਤਾ ਸਾਥੋਂ ਕਿਹੜਾ ਹੋ ਗਿਆ ਕਸੂਰ ਨੀ।
ਅਜ ਨੀ ਮੈਂ ਉਹਦੇ ਕੋਲੋਂ ਚਲੀ ਜਾਣਾ ਦੂਰ।
ਜਿਨੂੰ ਕਰ ਵੀ ਨਾ ਸਕੀ ਕਦੇ ਨਾਂਹ ਅੜੀਓ।
ਮਹਿੰਦੀ ਨਾਲ ਲਿਖ ਦਿਓ ਗੋਰਿਆਂ ਹਥਾਂ ਦੇ ਉਤੇ ਵਿਛੜੇ ਸਜਣ ਦਾ ਨਾਂ
ਅੜੀਓ।
ਸ਼ਗਨਾ ਦੀ ਮਹਿੰਦੀ ਕਿਤੇ ਤਲੀਆਂ ਨਾ ਸਾੜ ਸੁੱਟੇ,
ਚਿਤ ਨਹੀਓਂ ਕਰਦਾ ਲਗਾਉਣ ਨੂੰ,
ਦਿਲ ਵਿੱਚ ਬਲ ਬਲ ਉਠਦੇ ਅਲੂੰਬੇ ਚਿਤ ਕਰੇ ਇਕ ਪਲ ਨਾ ਜਿਊਣ ਨੂੰ,
ਹੋਈ ਮੇਰੀ ਰੰਗਲੀ ਨੀ ਦੁਨੀਆ ਵੀਰਾਨ ਕਿਹੜੇ ਹੌਸਲੇ ਮੈਂ ਡੋਲੀ ਚ ਬਹਾਂ
ਕੁੜੀਓ।
ਮਹਿੰਦੀ ਨਾਲ ---
ਬਾਪ ਦੀਆਂ ਘੂਰਾਂ ਅਤੇ ਅੰਮੀ ਦੀਆਂ ਝਿੜਕਾਂ ਨੂੰ ਅੜੀਓ ਮੈਂ ਕਦੇ ਨਾ
ਸਹਾਰਦੀ,
ਵਾਸਤਾ ਦਿਤਾ ਨੀ ਜਦ ਬਾਬਲੇ ਨੇ ਪਗ ਵਾਲਾ ਫੇਰ ਦਿਲ ਕਿਵੇਂ ਨਾ ਮੈਂ
ਹਾਰਦੀ,
ਟੁੱਟ ਗਈ ਇਸ਼ਕ ਵਾਲੀ ਡੋਰ ਵਿਚਕਾਰੋਂ ਕਿਹੜੇ ਚੰਦਰੇ ਵਕਤ ਹੋਈ ਹਾਂ
ਕੁੜੀਓ।
ਮਹਿੰਦੀ ਨਾਲ ---
ਜਾਂਦੀ ਹੋਈ ਹਥ ਕਢ ਕਰ ਜਾਂ ਸਲਾਮ ਦੂਰ ਭੀੜ ਚੋਂ ਖਲੋਤੇ ਸੋਹਣੇ ਯਾਰ
ਨੂੰ,
ਆਪਣੀ ਮਾਸ਼ੂਕ ਦੀ ਤਲੀ ਤੋਂ ਪੜ੍ਹ ਨਾਮ ਸ਼ਾਇਦ ਹੋ ਜੇ ਕੋਈ ਤਸਲੀ ਦਿਲਦਾਰ
ਨੂੰ,
ਸਾਡੀ ਮਜਬੂਰੀ ਨੂੰ ਉਹ ਸਕੇ ਜੇ ਸਮਝ ਸਾਡੀ ਦਿਲ ਚ ਬਣਾਈ ਰਖੇ ਥਾਂ
ਕੁੜੀਓ।
ਮਹਿੰਦੀ ਨਾਲ ---
ਫਸ ਜਾਂਦੀ ਗੁਡੀ ਵਿੱਚ ਕੰਡਿਆਂ ਦੇ ਜਾ ਕੇ ਜਦੋਂ ਟੁੱਟ ਜਾਏ ਪਤੰਗ
ਵਾਲੀ ਡੋਰ ਨੀ,
ਹੁਣ ਮੈਂ ਤਾਂ ਬੈਠ ਸਾਰੀ ਜਿੰਦਗੀ ਹੈ ਖਾਣਾ ਟੁੱਕ ਯਾਦਾਂ ਦਾ ਹਮੇਸ਼ਾਂ
ਭੋਰ ਭੋਰ ਨੀ,
ਆਖੇ ਬੇ ਵਫਾ ਨਾ ਮੈਨੂੰ ਬਾਜਵੇ ਨੂੰ ਕਹਿਓ ਇਹਦੇ ਵਿੱਚ ਮੇਰਾ ਕੋਈ ਨਾ
ਗੁਨਾਹ ਕੁੜੀਓ।
ਮਹਿੰਦੀ ਵਾਲੇ ---
(10) ਗੀਤ
ਤੂੰ ਤੁਰ ਗਿਆ ਪਰਦੇਸ ਵੇ ਸੱਜਣਾ ਮੈਂ ਹਉਕੇ ਪਈ ਲੈਂਦੀ ਵੇ।
ਬਲ ਬਲ ਪੈਂਦੀ ਸੱਜਣਾ ਇਹ ਤਲੀਆਂ ਤੇ ਲੱਗੀ ਮਹਿੰਦੀ ਵੇ।
ਹਾੜ ਮਹੀਨੇ ਵਰਖਾ ਬਾਝੋਂ ਜਿਓਂ ਬੂਟਾ ਕੁਮਲਾਇਆ।
ਦੀਦ ਤੇਰੇ ਬਿਨ ਹੁਸਨ ਮੇਰਾ ਹੈ ਮੁਦਤਾਂ ਦਾ ਤਰਿਹਾਇਆ।
ਸਵਾਂਤ ਬੂੰਦ ਬਣ ਆ ਜਾ ਅੜਿਆ ਆਖਾਂ ਉਠਦੀ ਬਹਿੰਦੀ ਵੇ।
ਬਲ ਬਲ ਪੈਂਦੀ ਸੱਜਣਾ ਇਹ ---
ਜਦ ਸ਼ੀਸ਼ੇ ਚੋਂ ਮੁੱਖੜਾ ਵੇਖਾਂ ਤੇਰੀ ਯਾਦ ਸਤਾਵੇ,
ਐਸਾ ਜੋਬਨ ਕਿਹੜੇ ਕੰਮ ਜੋ ਸਿਸਕਦਿਆਂ ਲੰਘ ਜਾਵੇ,
ਗਿੱਲੇ ਗੋਹੇ ਦੇ ਵਾਂਗਰ ਮੈਂ ਹਰ ਦਮ ਧੁਖਦੀ ਰਹਿੰਦੀ ਵੇ।
ਬਲ ਬਲ ਪੈਂਦੀ ਸੱਜਣਾ ਇਹ ---
ਯਾਦ ਬਣੀ ਦਰਿਆ ਦੀਆਂ ਛੱਲਾਂ ਮੈਂ ਗੋਤੇ ਪਈ ਖਾਵਾਂ,
ਦੂਰ ਕਿਨਾਰਾ ਦਿਸਦਾ ਮੈਨੂੰ ਮੈਂ ਕਿਸ ਪਾਸੇ ਜਾਵਾਂ,
ਬਿਨ ਮਾਂਝੀ ਦੀ ਬੇੜੀ ਵਾਂਗੂੰ ਮੈਂ ਵਹਿਣਾ ਵਿੱਚ ਵਹਿੰਦੀ ਵੇ।
ਬਲ ਬਲ ਪੈਂਦੀ ਸੱਜਣਾ ਇਹ ---
ਪਿਆਰ ਤੇਰੇ ਦੀਆਂ ਤੰਦਾਂ ਦਾ ਮੈਂ ਉਣਿਆਂ ਪਲੰਘ ਰੰਗੀਲਾ,
ਸੱਧਰਾਂ ਦੀ ਮੈਂ ਸੇਜ ਵਿਛਾਈ ਨਾ ਚੱਲਦਾ ਕੋਈ ਹੀਲਾ,
ਗਮ ਦੀ ਚਾਦਰ ਲੈ ਕੇ ਉਤੇ ਰੋਜ ਸ਼ਾਮ ਨੂੰ ਪੈਂਦੀ ਵੇ।
ਬਲ ਬਲ ਪੈਂਦੀ ਸੱਜਣਾ ਇਹ ---
ਤਾਰੇ ਗਿਣ ਗਿਣ ਰਾਤ ਲੰਘਾਵਾਂ ਦਿਨੇ ਔਸੀਆਂ ਪਾਵਾਂ,
ਹੰਝੂਆਂ ਦੇ ਪਾਣੀ ਵਿੱਚ ਘੁਲ ਘੁਲ ਡੁਲ੍ਹ ਡੁਲ੍ਹ ਮੁਕਦੀ ਜਾਵਾਂ,
ਤੇਰੇ ਬਾਝੋਂ ਬਾਜਵਿਆ ਮੈਂ ਸੌ ਸੌ ਦੁੱਖੜੇ ਸਹਿੰਦੀ ਵੇ।
ਬਲ ਬਲ ਪੈਂਦੀ ਸੱਜਣਾ ਇਹ ---
(11) ਗੀਤ
ਏਸ ਗਲੀ ਵਿੱਚ ਨਾ ਕੋਈ ਦਿਲਾਂ ਦਾ ਖਰੀਦਦਾਰ,
ਲਈਏ ਬਹਿ ਕੇ ਭਾਅ ਵੇ ਮੁਕਾ ਵਣਜਾਰਿਆ।
ਹਉਕੇ ਹਾਵਾਂ ਮਿਲ ਜਾਣ ਬਿਨਾ ਮੰਗਿਆਂ ਤੋਂ ਸਾਨੂੰ ,
ਦੇ ਦੇ ਕੁਝ ਖੁਸ਼ੀਆਂ ਤੇ ਚਾਅ ਵਣਜਾਰਿਆ।
ਖ਼ੁਸ਼ੀ ਖੇੜੇ ਸੱਧਰਾਂ ਤੇ ਚਾਵਾਂ ਵਾਲੀ ਪੂੰਜੀ ਸਾਰੀ,
ਲੈ ਗਿਆ ਚੁਰਾ ਕੇ ਕੋਈ ਚੋਰ ਵੇ ।
ਸੁਪਨੇ ਵਹੀਣੇ ਨੈਣ ਝਾਕਦੇ ਖਲਾਅ ਵਿੱਚ,
ਜੀਵਿਆ ਨਾ ਜਾਂਦਾ ਹੁਣ ਹੋਰ ਵੇ।
ਲੱਭਦੀ ਜਾਂ ਸੁਪਨੇ ਗਵਾਚੇ ਮੈਂ ਫਜਾਵਾਂ ਵਿੱਚੋਂ
ਲੂਹ ਜਾਂਦੀ ਤੱਤੀ ਤੱਤੀ ਭਾਹ ਵਣਜਾਰਿਆ।
ਹਉਕੇ---
ਖੋਲ੍ਹ ਖਾਂ ਪਟਾਰੀ ਜਰਾ ਜਿੰਦਗੀ ਦੇ ਰੰਗਾਂ ਵਾਲੀ,
ਚੁਣਾਂ ਮੈਂ ਵੀ ਮੇਚਦਾ ਕੋਈ ਰੰਗ ਵੇ।
ਅੱਖਾਂ ਵਿੱਚ ਕਜਲਾ ਤੇ ਮਾਂਗ ਚ ਸੰਧੂਰ ਭਰ,
ਜਿਸ ਰੁੱਤੇ ਸੱਜਦੀ ਏ ਵੰਗ ਵੇ।
ਸੁੱਚੜੀ ਚਮੇਲੀ ਜਿਹੇ ਇਸ਼ਕੇ ਦੇ ਪੱਤਣਾਂ ਨੂੰ,
ਦੱਸ ਜਰਾ ਜਾਂਦਾ ਕਿਹੜਾ ਰਾਹ ਵਣਜਾਰਿਆ।
ਹਉਕੇ---
ਘੁੱਟ ਕੁ ਚੁਆਵੇ ਜੋ ਝਨਾ ਦਾ ਪਾਣੀ ਮੂੰਹ ਸਾਡੇ,
ਦੇਵਾਂ ਉਹਨੂੰ ਪਿਆਰ ਨਜਰਾਨਾ ਵੇ।
ਲਟ ਲਟ ਬਲ ਰਹੀ ਹੁਸਨਾਂ ਦੀ ਲਾਟ ਉੱਤੇ,
ਮਿਟ ਜਾਵੇ ਕੋਈ ਪਰਵਾਨਾ ਵੇ।
ਜਾਨ ਹੀਲ ਜਾਨੀ ਬਣ ਆਵੇ ਕਾਲੇ ਬਾਗ ਵਿੱਚ,
ਮੂੰਹ ਉਤੇ ਮਲ ਕੇ ਸੁਆਹ ਵਣਜਾਰਿਆ।
ਹਉਕੇ---
ਹਿਜਰਾਂ ਦੇ ਥਲਾਂ 'ਚ ਜੇ ਮੀਂਹ ਵਰ੍ਹੇ ਵਸਲਾਂ ਦਾ,
ਆਸ ਵਾਲੇ ਫੁੱਟਣ ਅੰਗੂਰ ਵੇ।
ਗਮਾਂ ਵਾਲੀ ਲੀਰੋ ਲੀਰ ਕੁੜਤੀ ਹੰਡਾਈ ਬੜੀ,
ਜਿੰਦ ਮੰਗੇ ਨਿੱਘੜਾ ਸਮੂਰ ਵੇ।
ਬਾਜਵਾ ਜੋ ਮੱਠੀ ਮੱਠੀ ਖ਼ੁਸ਼ੀ ਦੀ ਸਰੋਦ ਕਰੇ,
ਵੰਗ ਕੋਈ ਰੰਗਲੀ ਵੀ ਚੜ੍ਹਾ ਵਣਜਾਰਿਆ।
ਹਉਕੇ---
(12) ਗੀਤ
ਰਾਤ ਹਨੇਰੀ ਵਿਚ ਉਡੀਕਾਂ ਦੀਦੇ ਹੋਏ ਹੈਰਾਨ
ਸਜਣ ਤੂੰ ਆਇਆ ਨਾ।
ਆਸ ਮੇਰੀ ਵਾਂਗਰ ਅਸਮਾਨੋਂ ਤਾਰੇ ਟੁੱਟ ਟੁੱਟ ਜਾਣ
ਸਜਣ ਤੂੰ ਆਇਆ ਨਾ।
ਰਾਤ ਹਨੇਰੀ ਚਮਕਣ ਤਾਰੇ ਜਗਮਗ ਜਗਮਗ ਕਰਨ ਇਸ਼ਾਰੇ,
ਜਿਓਂ ਗੋਰੀ ਦੀ ਗਾਨੀ ਵਿੱਚੋਂ ਖਿਲਰੇ ਮੋਤੀ ਟੁੱਟ ਕੇ ਸਾਰੇ,
ਉਮਰ ਮੈਰੀ ਅਣਜਾਣ ਸਜਣ ਤੂੰ ਆਇਆ ਨਾ।
ਆਸ ਮੇਰੀ ---
ਚੰਨ ਡੁੱਬਿਆ ਸਾਗਰ ਦੇ ਥੱਲੇ ਤਾਰੇ ਰਲ ਮਿਲ ਢੂੰਡਣ ਚੱਲੇ,
ਇਕ ਦੂਜੇ ਸੰਗ ਕਰਨ ਸਲਾਹਵਾਂ ਫਿਰ ਵੀ ਜਾਪਣ ਕੱਲੇ ਕੱਲੇ,
ਕੌਣ ਮਿਲਾਵੇ ਹਾਣ ਸਜਣ ਤੂੰ ਆਇਆ ਨਾ।
ਆਸ ਮੇਰੀ ---
ਰਾਤ ਗਮਾਂ ਦੀ ਬੋਲੀ ਕਾਲੀ ਬੁਰੀ ਉਡੀਕ ਵਿਛੋੜੇ ਵਾਲੀ,
ਤਾਰੇ ਗਿਣ ਗਿਣ ਵਕਤ ਨਾ ਬੀਤਣ ਰੋ ਰੋ ਦੀਦੇ ਹੋਏ ਖਾਲੀ,
ਲੱਗਾ ਬਿਰਹੋਂ ਬਾਣ ਸਜਣ ਤੂੰ ਆਇਆ ਨਾ।
ਆਸ ਮੇਰੀ ---
ਭੁਰ ਭੁਰ ਕਿੰਗਰੇ ਡਿਗਣ ਦਿਲ ਦੇ, ਕੌਲ ਕਰਨ ਪਰ ਆਣ ਨਾ ਮਿਲਦੇ,
ਵਿਚ ਵੇਲਣੀ ਵਾਂਗ ਕਪਾਹ ਦੇ ਯਾਰ ਮੇਰੇ ਅਰਮਾਨ ਨੇ ਵਿਲਦੇ
ਕੀਕਰ ਕਰਸਾਂ ਮਾਣ ਸਜਣ ਤੂੰ ਆਇਆ ਨਾ।
ਆਸ ਮੇਰੀ ਵਾਂਗਰ ਅਸਮਾਨੋਂ ਤਾਰੇ, ਟੁੱਟ ਟੁੱਟ ਜਾਣ ਸਜਣ ਤੂੰ ਆਇਆ ਨਾ।
(13) ਗੀਤ
ਵੰਗਾਂ ਦੀ ਰੁੱਤ ਆਈ ਵੇ ਮਾਹੀਆ ਵੰਗਾਂ ਦੀ ਰੁੱਤ ਆਈ।
ਹਾਣ ਦੀਆਂ ਛਣਕਾ ਕੇ ਲੰਘਣ ਸੱਖਣੀ ਮੇਰੀ ਕਲਾਈ।
ਵੰਗਾਂ ਦੀ ਰੁੱਤ ਆਈ ਵੇ ਮਾਹੀਆ ---
ਅੰਬਰ ਥੱਲੇ ਕਾਲੇ ਬੱਦਲਾਂ ਕੈਸਾ ਸ਼ੋਰ ਮਚਾਇਆ,
ਅੰਬੀ ਦੀ ਟਹਿਣੀ ਬਹਿ ਕੋਇਲ ਗੀਤ ਵਸਲ ਦਾ ਗਾਇਆ,
ਵੇਖ ਗਰਜਦੇ ਕਾਲੇ ਬਦਲ ਮੋਰਾਂ ਰੁਣ ਝੁਣ ਲਾਈ।
ਵੰਗਾਂ ਦੀ ਰੁੱਤ ਆਈ ਵੇ ਮਾਹੀਆ ---
ਤੀਆਂ ਖੇਡਣ ਚੱਲੀਆਂ ਪਿੰਡ ਦੀਆਂ ਸਭ ਕੁੜੀਆਂ ਮੁਟਿਆਰਾਂ,
ਖੁਸ਼ੀਆਂ ਵਿੱਚ ਦਿਲ ਲਏ ਉਛਾਲੇ ਜਿਓਂ ਹਿਰਨਾਂ ਦੀਆਂ ਡਾਰਾਂ,
ਗਿੱਧੇ ਨੂੰ ਜਦ ਚੜ੍ਹੇ ਜਵਾਨੀ ਵੰਗਾਂ ਦੇਣ ਦੁਹਾਈ।
ਵੰਗਾਂ ਦੀ ਰੁੱਤ ਆਈ ਵੇ ਮਾਹੀਆ ---
ਸੋਹਲ ਵੀਣੀਆਂ ਤੇ ਜਦ ਪੈਂਦਾ ਵੰਗਾਂ ਦਾ ਛਣਕਾਰਾ,
ਅੱਡੀ ਵੱਜੇ ਝਾਂਜਰ ਛਣਕੇ ਨੱਚੇ ਆਲਮ ਸਾਰਾ,
ਵੇਖ ਕਲਾਈਆਂ ਸੱਖਣੀਆਂ ਵੇ ਮੈਂ ਬਹੁਤਾ ਸ਼ਰਮਾਈ।
ਵੰਗਾਂ ਦੀ ਰੁੱਤ ਆਈ ਵੇ ਮਾਹੀਆ ---
ਲਾਲ ਪੀਲੀਆਂ ਹਰੀਆਂ ਵੰਗਾਂ ਲੈ ਵਣਜਾਰਾ ਆਇਆ,
ਆਣ ਆਣ ਮੁਟਿਆਰਾਂ ਓਸ ਦੁਆਲੇ ਝੁਰਮਟ ਪਾਇਆ,
ਮੈਨੂੰ ਵੀ ਚੜ੍ਹਵਾਦੇ ਮਾਹੀਆ ਤੂੰ ਦੇਰੀ ਕਿਓਂ ਲਾਈ।
ਵੰਗਾਂ ਦੀ ਰੁੱਤ ਆਈ ਵੇ ਮਾਹੀਆ ---
ਗਿੱਧੇ ਅੰਦਰ ਬੋਲੀ ਪਾਵਾਂ ਨਾਂ ਲੈ ਕੇ ਜਦ ਤੇਰਾ,
ਰਸ਼ਕ ਖਾਣ ਮੁਟਿਆਰਾਂ ਦਿਲ ਵਿੱਚ ਤੱਕ ਤੱਕ ਜੋਬਨ ਮੇਰਾ,
ਛੇੜ ਇਲਾਹੀ ਰਾਗ ਬਾਜਵਾ ਜਦ ਵੀਣੀ ਛਣਕਾਈ।
ਵੰਗਾਂ ਦੀ ਰੁੱਤ ਆਈ ਵੇ ਮਾਹੀਆ ਵੰਗਾਂ ਦੀ ਰੁੱਤ ਆਈ
(14) ਗੀਤ
ਹੋਣ ਆਟੇ ਦੀਆਂ ਚਿੜੀਆਂ ਗਰੀਬ ਦੀਆਂ ਧੀਆਂ
ਨਾ ਪਰਦੇ ਚ ਢੱਕ ਹੁੰਦੀਆਂ।
ਬਾਹਰ ਰੱਖੀਏ ਪੈਂਦੇ ਨੇ ਕਾਂ ਸੱਜਣੋ
ਅੰਦਰ ਵੀ ਨਾ ਡੱਕ ਹੁੰਦੀਆਂ।
ਹੁਸਨ ਲੁਕਾਇਆਂ ਨਹੀਂ ਲੁਕਦਾ ਬਈ ਇਹ ਤਾਂ ਹੁੰਦੈ ਦੇਣ ਰੱਬ ਦੀ।
ਪਰ ਮਾੜੇ ਦੀਆਂ ਕੰਜਕਾਂ ਤੇ ਸੱਜਣੋ ਰਹਿੰਦੀ ਏ ਨਿਗਾਹ ਸਾਰੇ ਜੱਗ ਦੀ।
ਪਾਲੇ ਸਦਾ ਹੀ ਗਰੀਬ ਮਜਬੂਰੀਆਂ ਨਾ ਅੱਖਾਂ ਉਤੇ ਚੱਕ ਹੁੰਦੀਆਂ।
ਬਾਹਰ ---
ਮਾੜੇ ਦੀ ਜੋਰੂ ਨੂੰ ਭਾਬੀ ਆਖਣੋਂ ਨਾ ਕਿਸੇ ਤਾਈਂ ਕੋਈ ਡੱਕਦਾ।
ਫੇਰ ਓਸੇ ਭਰਜਾਈ ਦੀਆਂ ਜਾਈਆਂ ਨੂੰ ਧੀਆਂ ਵਾਂਗ ਕਿਓਂ ਨਹੀ ਤੱਕਦਾ।
ਭੈੜੇ ਸੁਣ ਕੇ ਲੋਕਾਂ ਦੇ ਬੋਲ ਸੱਜਣੋ ਉਹ ਆਈਆਂ ਨੱਕੋ ਨੱਕ ਹੁੰਦੀਆਂ।
ਬਾਹਰ ---
ਆਉਂਦੀ ਸਭ ਦੀਆਂ ਧੀਆਂ ਤੇ ਜਵਾਨੀ ਇਹ ਨੇਮ ਸਾਰੇ ਸੰਸਾਰ ਦਾ।
ਜਿਹੜਾ ਦੂਸਰੇ ਦੀ ਧੀ ਭੈਣ ਤੱਕਦਾ ਉਹ ਘਰ ਝਾਤੀ ਕਿਓਂ ਨਹੀ ਮਾਰਦਾ।
ਚਾਹੁੰਦੇ ਬਾਜਵੇ ਇੱਜਤ ਪੈਰੀਂ ਰੋਲਣਾ ਜਿਓਂ ਗਲੀਆਂ ਦੇ ਕੱਖ ਹੁੰਦੀਆਂ।
ਬਾਹਰ ---
(15) ਗੀਤ
ਅੱਜ ਵੇਖੋ ਫੁੱਲ ਛੱਡ ਤਿਤਲੀ ਤੇ ਭੌਰਾਂ ਆ ਕੇ, ਮਹਿਕ ਦਾ ਕਟੋਰਾ ਸਾਥੋਂ ਮੰਗਿਆ।
ਸੰਦਲੀ ਹਵਾਵਾਂ ਤਾਹੀਓਂ ਝੁੱਲੀਆਂ ਫਿਜਾ 'ਚ, ਹੋਣੈ ਯਾਰ ਮੇਰਾ ਏਧਰੋਂ ਦੀ ਲੰਘਿਆ।
ਅੰਬਰਾਂ ਤੇ ਉੱਡੀ ਜਾਂਦੀ ਤੋਤਿਆਂ ਦੀ ਡਾਰ, ਜਦੋਂ ਗੋਤਾ ਜਿਹਾ ਮਾਰ ਬਹਿੰਦੀ ਰੁੱਖ ਤੇ।
ਦਿਲ ਗੋਤੇ ਖਾਣ ਲੱਗੇ ਪਿਆਰ ਦੇ ਤਲਾ ਚ, ਵੇਖ ਚੁੰਝ ਨਾਲ ਚੁੰਝ ਖਹਿੰਦੀ ਰੁੱਖ ਤੇ।
ਇਸ਼ਕ ਬਰੂਟੇ ਉਤੇ ਸੱਧਰਾਂ ਦਾ ਬੂਰ ਆਇਆ, ਕਿਹੜਾ ਖੰਘ ਭੇਦ ਭਰੀ ਖੰਘਿਆ।
ਸੰਦਲੀ ਹਵਾਵਾਂ ਤਾਹੀਓਂ ਝੁੱਲੀਆਂ ਫਿਜਾ 'ਚ, ਹੋਣੈ ਯਾਰ ਮੇਰਾ ਏਧਰੋਂ ਦੀ ਲੰਘਿਆ।
ਕਰਕੇ ਰਸ਼ਕ ਉਹਦੇ ਰੂਪ ਉਤੇ ਵੇਖਿਆ ਮੈਂ, ਬਦਲਾਂ ਦੇ ਸੀਨੇ ਲੱਗ ਅੱਗ ਗਈ।
ਸੀਟੀਆਂ ਵਜਾਈਆਂ ਫਰਵਾਂਹ ਦੇ ਬਰੂਟਿਆਂ ਨੇ, ਹਵਾ ਜਾਂ ਮੁਹੱਬਤਾਂ ਦੀ ਵਗ ਗਈ।
ਸ਼ਾਮ ਨੂੰ ਸ਼ਰੀਂਹ ਸ਼ਰਮਾਇਆ ਸ਼ੋਖ ਨੈਣਾਂ ਵਿੱਚੋਂ, ਵੇਖ ਉਹਦੇ ਜਲਵੇ ਨੂੰ ਸੰਗਿਆ।
ਸੰਦਲੀ ਹਵਾਵਾਂ ਤਾਹੀਓਂ ਝੁੱਲੀਆਂ ਫਿਜਾ 'ਚ, ਹੋਣੈ ਯਾਰ ਮੇਰਾ ਏਧਰੋਂ ਦੀ ਲੰਘਿਆ।
ਉਹਦੇ ਮੁੱਖੜੇ ਤੇ ਖਿੜੇ ਖੇੜਿਆਂ ਚੋਂ ਲੌਢੇ ਵੇਲੇ, ਝੌਲਾ ਜਿਹਾ ਪੈ ਗਿਆ ਬਹਾਰ ਦਾ।
ਰੁਖਸਾਰਾਂ ਉਤੇ ਲਾਲੀ ਕੌਂਧ ਗਈ ਸ਼ਰਮ ਵਾਲੀ, ਫੁੱਲ ਜਿਵੇਂ ਖਿੜਿਆ ਅਨਾਰ ਦਾ।
ਹੋਠਾਂ ਚੋਂ ਗੁਲਾਬੀ ਰੰਗ ਖਿੰਡਿਆ ਗੁਲਾਲ ਬਣ, ਤਨ ਮਨ ਗਿਆ ਮੇਰਾ ਰੰਗਿਆ।
ਸੰਦਲੀ ਹਵਾਵਾਂ ਤਾਹੀਓਂ ਝੁੱਲੀਆਂ ਫਿਜਾ 'ਚ, ਹੋਣੈ ਯਾਰ ਮੇਰਾ ਏਧਰੋਂ ਦੀ ਲੰਘਿਆ।
ਚੜ੍ਹ ਗਈ ਖੁਮਾਰੀ ਵੇਖ ਪੋਸਤ ਦੇ ਫੁੱਲਾਂ ਜਿਹੇ, ਨੈਣਾ ਵਿੱਚੋਂ ਨਸ਼ਾ ਜਦੋਂ ਡੁੱਲ੍ਹਿਆ।
ਲੰਘ ਗਿਆ ਬਾਜਵਾ ਪਿਆਰ ਦੀ ਦਹਲੀਜ , ਬੂਹਾ ਡਿੱਠਾ ਜਾਂ ਮੁਹੱਬਤਾਂ ਦਾ ਖੁੱਲ੍ਹਿਆ।
ਜਾਪੇ ਕਿਸੇ ਆਖਿਆ ਸ਼ਮਾ ਦੀ ਲਾਟ ਵੇਖ, ਹੁਣ ਮੁੜ ਕਿਵੇਂ ਜਾਏਂਗਾ ਪਤੰਗਿਆ।
ਸੰਦਲੀ ਹਵਾਵਾਂ ਤਾਹੀਓਂ ਝੁੱਲੀਆਂ ਫਿਜਾ 'ਚ, ਹੋਣੈ ਯਾਰ ਮੇਰਾ ਏਧਰੋਂ ਦੀ ਲੰਘਿਆ।
ਸੰਪਰਕ -
ਲਖਵਿੰਦਰ ਸਿੰਘ ਬਾਜਵਾ
ਪਿੰਡ ਜਗਜੀਤ ਨਗਰ (ਹਰੀਪੁਰਾ)
ਜ਼ਿਲ੍ਹਾ ਸਿਰਸਾ, ਹਰਿਆਣਾ
ਮੋਬਾਈਲ-9416734506
9729608492
ਇਹ ਵੀ ਪਸੰਦ ਕਰੋਗੇ -
ਮੇਰੇ ਘਰ ਵਿੱਚ ਬੋਲ ਤੇਰੇ, ਸੁਣਦਾਂ ਤਾਂ ਇਹ ਲੱਗਦੈ, ਜਿਵੇਂ ਰੱਬ ਕਿਤੇ ਕੋਲ਼ ਮੇਰੇ.
1 Comments
ਬਹੁਤ ਵਧੀਆ ਗੀਤ ਜੀ ,ਬਹੁਤ ਹੀ ਮਿਆਰੀ,ਸੱਭਿਆਚਾਰਕ।ਬਹੁਤ ਬਹੁਤ ਮੁਬਾਰਕਾਂ ਜੀ।
ReplyDeleteਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.